ਅੱਜ ਪੰਜਾਬ ਦੀ ਜਵਾਨੀ ਨੂੰ ਸਭ ਤੋਂ ਵੱਧ ਖ਼ਤਰਾ ਹੈ ਸੜਕਾਂ 'ਤੇ ਭੂਤਰੇ ਫਿਰਦੇ ਅਵਾਰਾ ਪਸ਼ੂਆਂ ਵਰਗੇ ਗਾਇਕਾਂ ਤੋਂ। ਉੱਤੋਂ ਸੁੱਖ ਨਾਲ ਸਾਡੇ ਸੂਬੇ ਦੀਆਂ ਸਰਕਾਰਾਂ ਵੀ ਅਜਿਹਿਆਂ ਨੂੰ ਨੱਥ ਪਾਉਣ ਦੀ ਬਜਾਏ ਇੰਨ੍ਹਾਂ ਦੀ ਪਿੱਠ 'ਤੇ ਥਾਪੜਾ ਮਾਰਨ ਵਾਲਾ ਕੰਮ ਬਾਖੂਬੀ ਕਰ ਰਹੀਆਂ ਨੇ। ਹਮੇਸ਼ਾ ਵੱਡਿਆਂ ਤੋਂ ਜੋ ਸੁਣਿਆ, ਉਸਨੂੰ ਸੱਚ ਹੁੰਦੇ ਹੁਣ ਦੇਖ ਰਹੇ ਹਾਂ। ਸਿਆਣੇ ਕਹਿੰਦੇ ਸੀ ਕਿ ਆਪਣੇ ਮੁਲਕ ਦੀਆਂ ਸਰਕਾਰਾਂ ਨੌਜਵਾਨਾਂ ਦੇ ਹੱਥ ਡਿਗਰੀਆਂ, ਹਾਕੀਆਂ, ਮੇੈਡਲ, ਪੰਜਾਲੀਆਂ ਨਹੀਂ ਦੇਖਣਾ ਚਾਹੁੰਦੀਆਂ, ਸਗੋਂ ਪੰਜਾਬ ਦੇ ਗੱਭਰੂਆਂ ਹੱਥ ਟੀਕੇ, ਸਪਰੇਆਂ, ਫੰਦੇ ਦੇਖਣਾ ਪਸੰਦ ਕਰਦੀਆਂ ਨੇ, ਤਾਂ ਜੋ ਉਨ੍ਹਾਂ ਦੀਆਂ ਆਪਣੀਆਂ ਰੋਟੀਆਂ ਵਧੀਆ ਸਿਕਦੀਆਂ ਰਹਿਣ। ਅੱਜ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ। ਜਿਸ 'ਚ ਭਾਰਤ ਹੁਣ ਦਿਨੋਂ ਦਿਨ ਬਹੁਤ ਮਾੜੀ ਹਾਲਤ ਵੱਲ੍ਹ ਵਧ ਰਿਹਾ ਹੈ। ਪੰਜਾਬ 'ਚ ਵੀ ਦਿਨੋ ਦਿਨ ਕੇਸ ਵਧ ਰਹੇ ਨੇ। ਪੰਜਾਬ 'ਚ ਲੱਗਿਆ ਕਰਫਿਊ ਖੁੱਲ੍ਹਣ ਦਾ ਇੱਕ ਕਮਾਲ ਦਾ ਕਿੱਸਾ ਇਵੇਂ ਹੈ ਕਿ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਕਿਸੇ ਖੇਡ ਮੈਦਾਨ ਦਾ ਗੇਟ ਨਹੀਂ ਖੋਲ੍ਹਿਆ, ਬਲਕਿ ਸ਼ਰਾਬ ਦੇ ਠੇਕੇ ਨੂੰ ਲੱਗਿਆ ਜਿੰਦਾ ਖੋਲ੍ਹਿਆ ਤਾਂ ਜੋ ਘਰਾਂ 'ਚ ਬੈਠੇ (ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ) ਲੋਕ ਆਪਣੀ ਪ੍ਰੇਸ਼ਾਨੀ ਦੂਰ ਕਰ ਸਕਣ ਅਤੇ ਘਰਦਿਆਂ ਨਾਲ ਲੜ ਝਗੜ ਕੇ ਪੈਸੇ ਲਿਆ ਕੇ ਦਾਰੂ ਖਰੀਦ ਪੰਜਾਬ ਦੇ ਖਜ਼ਾਨੇ 'ਚ ਆਪਣਾ ਯੋਗਦਾਨ ਪਾ ਸਕਣ। ਮੈਨੂੰ ਬੜੀ ਹੈਰਾਨੀ ਹੋਈ ਕਿ ਸਰਕਾਰ ਦਾ ਇਹ ਫੈਸਲਾ ਕਿਹੋ ਜਿਹਾ ਫੈਸਲਾ ਸੀ। ਕੀ ਮਾਨਸਿਕ ਪ੍ਰੇਸ਼ਾਨੀ ਦੂਰ ਕਰਨ ਦਾ ਇਹੋ ਇੱਕੋ ਇੱਕ ਰਸਤਾ ਸੀ ?
ਮੈਨੂੰ ਲਗਦਾ ਕਿ ਜੇ ਖੇਡ ਮੈਦਾਨ ਖੋਲ੍ਹੇ ਜਾਣ ਦਾ ਫੈਸਲਾ ਸਰਕਾਰ ਵੱਲੋਂ ਲਿਆ ਜਾਂਦਾ ਤਾਂ ਸ਼ਾਇਦ ਸਾਡੀ ਜਵਾਨੀ ਦਾ ਕੁਝ ਫਾਇਦਾ ਹੋ ਗਿਆ ਹੁੰਦਾ। ਕਿਉਂਕਿ, ਫੇਰ ਸ਼ਾਇਦ ਕਿਸੇ ਮਾਪੇ ਦਾ ਪੁੱਤ "ਪੱਬਜੀ" ਖੇਡ ਕੇ ਉਨ੍ਹਾਂ ਦੇ ਖਾਤੇ 'ਚੋਂ 16 ਲੱਖ ਰੁਪਏ ਨਾ ਉਡਾ ਪਾਉਂਦਾ। ਫੇਰ ਸ਼ਾਇਦ ਆਹ ਗੀਤਾਂ ਵਿਚਲਾ ਨਕਲੀ ਸ਼ੇਰ ਤੀਏ ਦਿਨ ਯੂਟਿਊਬ 'ਤੇ ਇੱਕੋ ਤਰਜ ਵਾਲਾ ਠਾਹ-ਠਾਹ ਦਾ ਗੀਤ ਜਿਹਾ ਕੱਢ ਕੇ 24 ਘੰਟਿਆਂ 'ਚ ਮਿਲੀਅਨ ਵਿਊ ਨਾ ਲੈ ਪਾਉਂਦਾ। ਪਰ ਨਹੀਂ। ਇੰਝ ਨਹੀਂ ਹੋਇਆ। ਸਗੋਂ ਜੋ ਕੁਝ ਕੁ ਸੌੜੀ ਸੋਚ ਰੱਖਣ ਵਾਲੇ ਸਿਆਸਤਦਾਨ ਚਾਹੁੰਦੇ ਨੇ, ਉਹੋ ਕੁਝ ਬਾਖੂਬੀ ਢੰਗ ਨਾਲ ਹੋਈ ਜਾ ਰਿਹੈ। ਜਿੰਨ੍ਹਾਂ ਦਾ ਮੁੱਖ ਅਜੰਡਾ ਪੰਜਾਬ ਦੀ ਜਵਾਨੀ ਨੂੰ ਖੇਡਾਂ ਮੈਦਾਨਾਂ 'ਚ ਹਾਕੀਆਂ, ਫੁਟਬਾਲਾਂ, ਕਬੱਡੀ ਪਾਉਂਦਿਆਂ ਦੇਖਣਾ ਨਹੀਂ, ਸਗੋਂ ਨਚਾਰਾਂ ਤੇ ਗਵਾਰਾਂ ਦੇ ਇਸ਼ਾਰਿਆਂ 'ਤੇ ਨਚਾਉਣਾ ਹੈ।
ਨਚਾਰਾਂ ਦੀ ਗੱਲ ਚੱਲ ਹੀ ਪਈ ਐ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਏ ਗੀਤਾਂ ਦੀ ਗੱਲ ਵੀ ਕਰ ਹੀ ਲੈਂਦੇ ਹਾਂ। ਪਿਛਲੇ ਦਿਨੀਂ ਆਪਣੇ ਆਪ ਨੂੰ ਯੂਥ ਦੇ ਦਿਲਾਂ ਦੀ ਧੜਕਣ ਅਖਵਾਉਣ ਵਾਲੇ ਮੂਸੇਵਾਲੇ ਦਾ ਇੱਕ ਗੀਤ ਆਉਂਦਾ 'ਸੰਜੂ' ਜਿਸ 'ਚ ਉਹ ਖੁਦ ਨੂੰ ਸ਼ਰੇਆਮ ਸੰਜੇ ਦੱਤ ਦੀ ਕਾਪੀ ਦੱਸ ਰਿਹਾ। ਗੀਤ 'ਚ ਸਿਰੇ ਦਾ ਫੁਕਰਪੁਣਾ ਸਾਫ ਝਲਕ ਰਿਹੈ। ਪੁਲਿਸ ਨਾਲ ਯਾਰਾਨਾ ਤੇ ਸਰਕਾਰਾਂ ਤੋਂ ਬੇਖੌਫ਼ ਇਹ ਮੁੰਡਾ ਸ਼ਰੇਆਮ ਪੰਜਾਬ ਪੁਲਿਸ ਤੇ ਸਾਡੇ ਸਿਸਟਮ ਨੂੰ ਥਾਪੀਆਂ ਮਾਰਨ ਲਈ ਸਾਡੀ ਜਵਾਨੀ ਨੂੰ ਉਕਸਾ ਰਿਹੈ। ਫੇਰ ਸਰਕਾਰਾਂ ਕਹਿੰਦੀਆਂ ਕਿ ਪੁਲਿਸ ਦੀ ਰਿਸਪੈਕਟ ਘਟ ਗਈ। ਫੇਰ ਆਮ ਨੌਜਵਾਨਾਂ ਵੱਲੋਂ ਪੁਲਿਸ ਨਾਲ ਦੋ ਹੱਥ ਕਰਨ ਵਰਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ। ਪਰ ਕਦੇ ਕਿਸੇ ਨੇ ਇਹ ਸੋਚਿਆ ਕਿ ਪੰਜਾਬ ਦੀ ਜਵਾਨੀ 'ਚ ਇਹ ਜ਼ੁਅੱਰਤ ਆਉਂਦੀ ਕਿਵੇਂ ਆ? ਕਿਉਂਕਿ, ਜਦੋਂ ਮੂਸੇਵਾਲੇ ਵਰਗੇ ਬੇਖ਼ੌਫ਼ ਅਤੇ ਲਾਪਰਵਾਹ ਸਿੰਗਰਾਂ ਨੂੰ ਪੁਲਿਸ ਖੁਦ ਥਾਪੀ ਦਿੰਦੀ ਹੈ ਤੇ ਫੇਰ ਉਸੇ ਦਾ ਗਾਣਾ ਸੁਣ ਕੇ ਮੁੰਡੀਹਰ ਪੁਲਿਸ ਨਾਲ ਜੱਫਾ ਨਾ ਲਾਵੇ ਤਾਂ ਇਹ ਹੋ ਹੀ ਨਹੀਂ ਸਕਦਾ। ਫੇਰ ਜਾ ਕੇ ਪਤਾ ਲੱਗਦੈ ਕਿ ਇੱਕ ਗੀਤ ਦਾ ਜਵਾਨੀ 'ਤੇ ਕੀ ਅਸਰ ਪੈਂਦਾ। ਇਹ ਸਭ ਮੈਂ ਇਕੱਲਾ ਨੀ ਕਹਿ ਰਿਹਾ। ਸਗੋਂ ਪੰਜਾਬ ਪੁਲਿਸ 'ਚ ਐਸ.ਪੀ ਤੇ ਓਲੰਪੀਅਨ, ਅਰਜੁਨਾ ਐਵਾਰਡੀ ਸ਼ੂਟਰ ਅਵਨੀਤ ਕੌਰ ਸਿੱਧੂ ਵੀ ਕਹਿ ਰਹੇ ਨੇ। ਲੰਘੇ ਦਿਨੀਂ ਮੈਡਮ ਸਿੱਧੂ ਦਾ ਇੱਕ ਬਿਆਨ ਆਉਂਦੈ ਕਿ ਸਿੱਧੂ ਆਪਣੇ ਗੀਤ 'ਸੰਜੂ' ਰਾਹੀਂ ਨੌਜਵਾਨਾਂ ਨੂੰ ਉਕਸਾ ਰਿਹਾ, ਜੋ ਕਿ ਉਸਦੀ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹਰਕਤ ਹੈ।
ਅਵਨੀਤ ਸਿੱਧੂ ਬਾਰੇ ਥੋੜ੍ਹਾ ਦੱਸ ਦੇਵਾਂ ਕਿ ਅਵਨੀਤ ਉਹ ਲੜਕੀ ਹੈ ਜਿਸਨੇ ਆਪਣਾ ਬਚਪਨ ਹੀ ਹਥਿਆਰਾਂ 'ਚ ਬਿਤਾਇਆ ਅਤੇ ਵੱਡੀ ਹੋਣ ਤੱਕ ਹਥਿਆਰਾਂ ਨਾਲ ਪਿਆਰ ਰੱਖਿਆ। ਇਸੇ ਹਥਿਆਰਾਂ ਨਾਲ ਅਵਨੀਤ ਨੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ, ਏਸ਼ੀਅਨ ਗੇਮਜ਼ ਦਾ ਮੈਡ ਹਾਸਲ ਕੀਤਾ। ਹੋਰ ਤੇ ਹੋਰ ਓਲੰਪੀਅਨ ਤੇ ਅਰਜੁਨਾ ਐਵਾਰਡੀ ਬਣਨ ਵਾਲੀ ਅਵਨੀਤ ਸਿੱਧੂ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਅਵਨੀਤ ਉਹ ਪੰਜਾਬਣ ਹੈ ਜਿਸਨੇ ਨਿਸ਼ਾਨੇਬਾਜ਼ੀ 'ਚੋਂ 400 'ਚੋਂ 400 ਸਕੋਰ ਬਣਾਏ ਨੇ। ਅਵਨੀਤ ਨੇ ਮੂਸੇਵਾਲੇ ਦੇ ਗੀਤ 'ਤੇ ਸਖਤ ਇਤਰਾਜ਼ ਜਤਾਇਆ ਹੈ। ਉਸਦਾ ਕਹਿਣਾ ਹੈ ਕਿ ਜੇ ਕਿਸੇ ਨੌਜਵਾਨ ਨੂੰ ਹਥਿਆਰ ਰੱਖਣ ਤੇ ਚਾਲਉਣ ਦਾ ਸ਼ੌਕ ਹੈ ਤਾਂ ਫੇਰ ਉਹ ਰਾਈਫਲ ਜਾਂ ਪਿਸਟਲ ਸ਼ੂਟਿੰਗ ਵਿੱਚ ਦੇਸ਼ ਦਾ ਨਾਂਅ ਚਮਕਾਵੇ, ਨਾ ਕਿ ਸਿੱਧੂ ਮੂਸੇਵਾਲੇ ਵਰਗੇ ਗੈਰ ਜ਼ਿੰਮੇਦਾਰ ਮੁੰਡੇ ਦੇ ਇੱਕ ਗੀਤ ਨੂੰ ਸੁਣ ਕੇ ਫੋਕੀ ਸ਼ਹੁਰਤ ਲਈ ਹਥਿਆਰ ਚਲਾਵੇ। ਮੈਂ ਖੁਦ ਮੈਡਮ ਨੂੰ ਫੋਨ ਕਰ ਉਨ੍ਹਾਂ ਦੀ ਇੰਟਰਵੀਊ ਕੀਤੀ। ਅਵਨੀਤ ਸਿੱਧੂ ਨੂੰ ਪੁੱਛੇ ਸਵਾਲਾਂ ਤੋਂ ਉਨ੍ਹਾਂ ਦਾ ਮੂਸੇਵਾਲੇ ਪ੍ਰਤੀ ਗੁੱਸਾ ਸਾਫ ਝਲਕ ਰਿਹਾ ਸੀ। ਉਨ੍ਹਾਂ ਨੇ ਵਾਰ-ਵਾਰ ਇੱਕੋ ਗੱਲ 'ਤੇ ਜ਼ੋਰ ਦਿੱਤਾ, ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਖੁਦ ਜ਼ਿੰਮੇਦਾਰ ਬਣਨ ਦੀ ਲੋੜ ਹੈ। ਉਨ੍ਹਾਂ ਮੂਸੇਵਾਲੇ ਦੇ ਗੀਤ ਦੇ ਬੋਲ "ਮਰਦਾਂ ਤੇ ਚਲਦੇ ਆ ਕੇਸ" ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਮੂਸੇਵਾਲੇ ਨੂੰ ਅਜਿਹੀ ਬਚਕਾਨੀ ਹਰਕਤ ਭਵਿੱਖ ਵਿਚ ਨਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਕਿਉਂਕਿ ਮੂਸੇਵਾਲੇ ਵਰਗੇ ਗਾਇਕਾਂ ਦੇ ਲੱਖਾਂ ਫਾਲੋਅਰ ਨੇ। ਵੈਸੇ, ਮੈਂ ਵੀ ਸੋਚਦਾ ਹੁੰਨਾ ਕਿ ਜੇ ਸਿੱਧੂ ਆਪਣੀ ਕਲਮ ਨੂੰ ਸਾਰਥਕ ਗੀਤਾਂ ਵੱਲ੍ਹ ਮੋੜ ਲਵੇ, ਤਾਂ ਵੀ ਉਸਨੂੰ ਨੌਜਵਾਨ ਪੀੜ੍ਹੀ ਸੁਣੇਗੀ ਹੀ। ਹਰ ਗੀਤ 'ਚ ਖੇਡਾਂ ਦਾ ਜ਼ਿਕਰ ਕਰਦਿਆ ਕਰੇ, ਵੀਡੀੳ ਬਣਾਉਣ ਵੇਲੇ ਮਿਲਖਾ ਸਿਉਂ, ਅਵਨਿਤ ਸਿੱਧੂ ਅਤੇ ਤੇਜਿੰਦਰ ਤੂਰ ਵਰਗੇ ਪੰਜਾਬ ਦੇ ਸ਼ੇਰਾਂ ਦੀਆਂ ਉਦਾਹਰਨਾਂ ਦੇ ਦਿਆ ਕਰੇ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਨੌਜਵਾਨ ਪੀੜ੍ਹੀ ਦੇ ਦਿਮਾਗ 'ਚੋਂ ਫੁਕਰਪੁਣੇ ਨਾਂਅ ਦੀ ਚੀਜ਼ ਹੀ ਲੱਥ ਜਾਊ। ਜਿਵੇਂ 'ਚੱਕ ਦੇ ਇੰਡੀਆ', 'ਭਾਗ ਮਿਲਖਾ ਭਾਗ", 'ਦੰਗਲ' ਵਰਗੀਆਂ ਫਿਲਮਾਂ ਦੇਖ ਕੇ ਨੌਜਵਾਨਾਂ 'ਚ ਖਿਡਾਰੀ ਬਣਨ ਦੇ ਸੁਪਨੇ ਆਉਣੇ ਸ਼ੁਰੂ ਹੋ ਗਏ ਸਨ। ਜੇ ਕਿਧਰੇ ਮੂਸੇਵਾਲਾ ਇਸ ਆਰਟੀਕਲ ਨੂੰ ਪੜ੍ਹਦਾ ਹੋਵੇ ਤਾਂ ਜਰੂਰ ਇਸ ਗੱਲ ਵੱਲ੍ਹ ਗੋਰ ਕਰੇ ਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ 'ਚ ਪਾਉਣ ਦਾ ਆਪਣਾ ਥੋੜ੍ਹਾ ਯੋਗਦਾਨ ਪਾਵੇ ਤੇ ਆਪਣੇ ਆਪ ਨੂੰ ਪੜ੍ਹੇ ਲਿਖੇ, ਸੁਹਿਰਦ ਅਤੇ ਸੂਝਵਾਨ ਲੋਕਾਂ ਦੀ ਲੌਬੀ 'ਚ ਸ਼ਾਮਲ ਕਰੇ। ਬਾਕੀ ਰਹੀ ਗੱਲ ਸਰਕਾਰਾਂ ਦੀ ਤਾਂ, ਉਨ੍ਹਾਂ ਨੂੰ ਕੁਝ ਕਹਿਣ ਦਾ ਮਨ ਜਿਹਾ ਨੀ ਕਰਦਾ। ਕਿਉਂਕਿ ਸੁਣਨੀ ਸੂਣਨੀ ਤਾਂ ਉਨ੍ਹਾਂ ਕਿਸੇ ਦੀ ਹੈ ਨੀ। ਬੱਸ ਆਪਣੀਆਂ ਵੋਟਾਂ ਬਣ ਜਾਣ, ਉਹੀ ਕਾਫੀ ਐ.. ਰੱਬ ਰਾਖਾ ਸਭ ਦਾ
ਓਲੰਪੀਅਨ ਸ਼ੂਟਰ ਨਾਲ ਏਸ ਮਸਲੇ 'ਤੇ ਕੀਤੀ ਇੰਟਰਵੀਊ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
https://www.youtube.com/watch?v=g9FTuxYJWmE&t=88s
-
ਯਾਦਵਿੰਦਰ ਸਿੰਘ ਤੂਰ, ਨਿਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.