ਕਣਕ ਦੀ ਐਲਰਜੀ : ਕਾਰਨ, ਲੱਛਣ ਤੇ ਬਚਾਅ...ਡਾ. ਅਮਨਦੀਪ ਸਿੰਘ ਟੱਲੇਵਾਲੀਆ
ਪੰਜਾਬ ਦੇ ਲੋਕਾਂ ਦਾ ਮੁੱਖ ਖਾਈਆ ਕਣਕ ਹੈ। ਕਣਕ ਤੋਂ ਬਣੀ ਰੋਟੀ, ਆਟੇ ਦੇ ਬਰੈੱਡ, ਬਿਸਕੁਟ ਆਦਿ ਲੋਕਾਂ ਦਾ ਮਨਪਸੰਦ ਭੋਜਨ ਹੈ ਪਰ ਅੱਜ ਪੰਜਾਬ ਵਿਚ ਹੀ ਨਹੀਂ ਪੂਰੇ ਸੰਸਾਰ ਵਿਚ ਇਕ ਬਿਮਾਰੀ ਬਹੁਤ ਵੱਡੇ ਰੂਪ ਵਿੱਚ ਫੈਲ ਰਹੀ ਹੈ ਉਹ ਹੈ ਕਣਕ ਤੋਂ ਬਣੀ ਚੀਜ਼ ਖਾਣ ਨਾਲ ਹੋਣ ਵਾਲੀ ਐਲਰਜ਼ੀ ਯਾਨੀ ਕਿ ਕਣਕ ਤੋਂ ਬਣੀ ਕਿਸੇ ਵੀ ਚੀਜ਼ ਨੂੰ ਹਜ਼ਮ ਨਾ ਕਰ ਸਕਣਾ।ਕੈਨੇਡਾ ਦੇ ਮਸ਼ਹੂਰ ਦਿਲ ਦੇ ਮਾਹਰ ਡਾਕਟਰ ਵਿਲੀਅਮ ਡੇਵਿਡ ਨੇ ਆਪਣੀ ਪ੍ਰਸਿੱਧ ਕਿਤਾਬ ਦਾ ਵੀਟ ਵੈਲੀ (the wheat belly)ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਕਰ ਦੁਨੀਆਂ ਦੇ ਲੋਕ ਕਣਕ ਖਾਣੀ ਛੱਡ ਦੇਣ ਤਾਂ ਮੈਂ ਗਾਰੰਟੀ ਦਿੰਦਾ ਹਾਂ ਕਿ ਕਣਕ ਦੀ ਐਲਰਜ਼ੀ ਤਾਂ ਦੂਰ ਨਾ ਤਾਂ ਕੋਈ ਸ਼ੂਗਰ ਤੋਂ ਪੀੜਤ ਹੋਵੇਗਾ ਅਤੇ ਨਾ ਹੀ ਕੋਈ ਦਿਲ ਦੇ ਰੋਗਾਂ ਤੋਂ। ਉਸ ਡਾਕਟਰ ਦਾ ਮੰਨਣਾ ਹੈ ਕਿ ਜਿਹੜੀ ਕਣਕ ਅਸੀਂ ਖਾ ਰਹੇ ਹਾਂ ਇਹ ਕਣਕ ਹੈ ਹੀ ਨਹੀਂ ।ਇਹ ਕਣਕ ਵਰਗਾ ਇੱਕ ਪਦਾਰਥ ਹੈ। ਸਾਡੇ ਬਜ਼ੁਰਗਾਂ ਦਾ ਵੀ ਇਹ ਮੰਨਣਾ ਹੈ ਕਿ ਪਿਛਲੇ ਸਮੇਂ ਵਿੱਚ ਜਿਹੜੀ ਕਣਕ ਅਸੀਂ ਖਾਂਦੇ ਸਾਂ ਦੇਸੀ ਕਣਕ ਹੁੰਦੀ ਸੀ, ਉਸ ਦਾ ਦਾਣਾ ਬਹੁਤ ਬਰੀਕ ਹੁੰਦਾ ਸੀ। ਹੁਣ ਯੂਨੀਵਰਸਿਟੀਆਂ ਵੱਲੋਂ ਮਾਨਤਾ ਪ੍ਰਾਪਤ ਹਾਈਬ੍ਰਿਡ ਕਣਕ ਸਿਰਫ ਐਲਰਜ਼ੀ ਹੀ ਨਹੀਂ ਕਰ ਰਹੀ ਸਗੋਂ ਦਿਲ ਦੇ ਰੋਗ ,ਸ਼ੂਗਰ ,ਕੈਂਸਰ ਬਲੱਡ ਪ੍ਰੈਸ਼ਰ ਆਦਿ ਵੀ ਪੈਦਾ ਕਰ ਰਹੀ ਹੈ।
ਕਣਕ ਵਿੱਚ ਗਲਾਇਡਨ (Gliadin) ਨਾਂਅ ਦਾ ਇੱਕ (ਜ਼ਹਿਰੀਲਾ) ਤੱਤ ਪਾਇਆ ਜਾਂਦਾ ਹੈ, ਜਿਸ ਨਾਲ ਐਲਰਜ਼ੀ ਦੇ ਰੋਗੀਆਂ ਦੀਆਂ ਅੰਤੜੀਆਂ ਸੋਜ਼ ਆ ਜਾਂਦੀ ਹੈ ਅਤੇ ਕਣਕ ਤੋਂ ਬਣੀ ਕੋਈ ਵੀ ਚੀਜ ਖਾਣ ਨਾਲ ਪੇਟ ਦਰਦ ਹੋਣ ਲੱਗ ਜਾਂਦਾ ਹੈ। ਖਾਧਾ ਪੀਤਾ ਹਜ਼ਮ ਨਹੀਂ ਆਉਂਦਾ ਜਾਂ ਰੋਗੀ ਜ਼ਿਆਦਾ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। ਕਿਸੇ ਕੰਮ ਨੂੰ ਦਿਲ ਨਹੀਂ ਕਰਦਾ, ਰੋਗੀ ਦਿਨੋ-ਦਿਨ ਕਮਜ਼ੋਰ ਹੁੰਦਾ ਜਾਂਦਾ ਹੈ, ਪੇਟ ਫੁੱਲਣ ਲੱਗ ਜਾਂਦਾ ਹੈ। ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਲੇਟੀ, ਮਿੱਟੀ, ਚਾਕ ਜਾਂ ਕੱਚੇ ਚਾਵਲ ਖਾਣ ਨੂੰ ਦਿਲ ਕਰਦਾ ਹੈ। ਕੈਲਸ਼ੀਅਮ ਦੀ ਮਾਤਰਾ ਘਟਣ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਕੱਦ ਛੋਟਾ ਰਹਿ ਜਾਂਦਾ ਹੈ।
ਇਹ ਰੋਗ ਜ਼ਿਆਦਾਤਰ ਉਨ੍ਹਾਂ ਲੋਕਾਂ ਵਿੱਚ ਹੁੰਦਾ ਹੈ, ਜੋ ਜ਼ਿਆਦਾ ਸਟੀਰਾਇਡ, ਐਂਟੀਬਾਇਟਕ ਜਾਂ ਦਰਦ ਨਿਵਾਰਕ ਗੋਲੀਆਂ, ਕੈਪਸੂਲ ਜਾਂ ਟੀਕਿਆਂ ਦੀ ਵਰਤੋਂ ਕਰਦੇ ਹਨ, ਜਿਸਦੇ ਕਾਰਨ ਸਾਡਾ ਇਮਊਨ ਸਿਸਟਮ (Immune System) ਕਮਜ਼ੋਰ ਪੈ ਜਾਂਦਾ ਹੈ, ਸਿੱਟੇ ਵਜੋਂ ਅੰਤੜੀਆਂ ਸੂਖ਼ਮ ਹੋ ਜਾਂਦੀਆਂ ਹਨ ਅਤੇ Gliadin ਨਾਮੀ ਤੱਤ ਹਜ਼ਮ ਹੋਣ ਤੋਂ ਇਨਕਾਰੀ ਹੋ ਜਾਂਦਾ ਹੈ।
ਜ਼ਹਿਰੀਲੀਆਂ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਵੀ ਇਸ ਐਲਰਜ਼ੀ ਦਾ ਮੁੱਖ ਕਾਰਨ ਹੈ। ਉਹ ਬੱਚੇ ਜਿਨ੍ਹਾਂ ਨੂੰ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ (ਕਿਉਂਕਿ ਮਾਂ ਦੇ ਦੁੱਧ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸੁਰੱਖਿਆ ਪ੍ਰਣਾਲੀ ਨੂੰ ਤਕੜਾ ਕਰਦੇ ਹਨ ) ਉਹ ਬੱਚੇ ਵੀ ਇਸ ਰੋਗ ਦਾ ਸ਼ਿਕਾਰ ਹੋ ਸਕਦੇ ਹਨ ।
ਉਹ ਮਾਵਾਂ ਜੋ ਗਰਭ ਦੌਰਾਨ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਦੀਆਂ ਹਨ ਜਾਂ ਗਰਭ ਦੌਰਾਨ ਚਿੰਤਾਗ੍ਰਸਤ ਰਹਿੰਦੀਆਂ ਹਨ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਵਿੱਚ ਅਲਰਜੀ ਦੀ ਸੰਭਾਵਨਾ ਵੱਧ ਜਾਂਦੀ ਹੈ ।
ਕਣਕ ਦੀ ਐਲਰਜ਼ੀ ਵਾਲੇ ਬਹੁਤੇ ਰੋਗੀਆਂ ਨੂੰ ਸਿਰਫ ਸਰੀਰ 'ਤੇ ਛਪਾਕੀ ਵਾਂਗ ਹਲਕੇ ਹਲਕੇ ਧੱਫੜ ਨਿਕਲ ਆਉਂਦੇ ਹਨ ਪਰ ਪਾਚਣ ਕਿਰਿਆ ਸਹੀ ਹੁੰਦੀ ਹੈ। ਹੈਮੋਗਲੋਬਿਨ ਚੈਕ ਕਰਵਾਉਣ ਤੇ ਹੈਮੋਗਲੋਬਿਨ ਘੱਟ ਹੁੰਦਾ ਹੈ।
ਕਣਕ ਦੀ ਐਲਰਜ਼ੀ ਵਾਲੇ ਰੋਗੀ ਅਗਰ ਕਣਕ ਤੋਂ ਬਣੀ ਕੋਈ ਚੀਜ਼ ਨਹੀਂ ਵੀ ਖਾਂਦੇ ਤਾਂ ਵੀ ਉਹਨਾਂ ਦੇ ਪੇਟ ਵਿੱਚ ਦਰਦ ਹੋਣ ਦੀ ਸੰਭਾਵਨਾ ਹੁੰਦੀ ਹੈ। ਖਾਸ ਕਰਕੇ ਬੱਚਿਆਂ ਵਿੱਚ ਪੇਟ ਦੇ ਦਰਦ ਦੀ ਸ਼ਿਕਾਇਤ ਆਮ ਵੇਖਣ ਨੂੰ ਮਿਲਦੀ ਹੈ ਕਿਉਂਕਿ ਬੱਚੇ ਸ਼ਰਾਰਤੀ ਹੁੰਦੇ ਹਨ ਅਤੇ ਉਹ ਜਦੋਂ ਨੱਚਦੇ-ਟੱਪਦੇ ਹਨ ਜਾਂ ਉੱਚੇ-ਨੀਵੇਂ ਛਲਾਂਗਾਂ ਲਗਾਉਂਦੇ ਹਨ, ਇਸ ਨਾਲ ਵੀ ਪੇਟ ਵਿੱਚ ਦਰਦ ਦੀ ਤਕਲੀਫ ਹੋ ਸਕਦੀ ਹੈ ਕਿਉਂਕਿ ਰੋਗੀ ਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ ਅਤੇ ਥੋੜ੍ਹੇ ਜਿਹੇ ਝਟਕੇ ਨਾਲ ਹੀ ਦਰਦ ਹੋਣ ਲੱਗ ਜਾਂਦਾ ਹੈ।
ਕਣਕ ਦੀ ਐਲਰਜ਼ੀ ਵਾਲੇ ਮਰੀਜ਼ ਨੂੰ ਬਹੁਤੇ ਡਾਕਟਰ ਪਨੀਰ, ਵੇਸਣ ਦੇ ਪਕੌੜੇ ਜਾਂ ਇਡਲੀ ਡੋਸਾ ਖਾਣ ਦੀ ਇਜਾਜ਼ਤ ਦੇ ਦੇਂਦੇ ਹਨ। ਅਗਰ ਤਾਂ ਪਨੀਰ ਘਰ ਦਾ ਬਣਿਆ ਹੈ ਤਾਂ ਕੁੱਝ ਹੱਦ ਤੱਕ ਠੀਕ ਹੈ ਪਰ ਗਰਮੀਆਂ ਦੇ ਦਿਨਾਂ ਵਿੱਚ ਪਨੀਰ ਵੀ ਖਰਾਬੀ ਕਰ ਦਿੰਦਾ ਹੈ । ਆਲੂ-ਗੋਭੀ ਜਾਂ ਪਾਲਕ ਪਕੌੜੇ ਜਾਂ ਇਡਲੀ ਡੋਸਾ ਘਰੇ ਤਿਆਰ ਕੀਤਾ ਹੋਵੇ ਤਾਂ ਵਧੀਆ ਗੱਲ ਹੈ ਪਰ ਬਾਜ਼ਾਰੂ ਚੀਜ਼ਾਂ ਘਟੀਆ ਤੇਲ ਜਾਂ ਘਿਓ ਵਿੱਚ ਤਲੀਆਂ ਹੋਣ ਕਰਕੇ ਵੀ ਪੇਟ ਖਰਾਬ ਹੋ ਸਕਦਾ ਹੈ। ਐਲਰਜ਼ੀ ਦੀ ਤਕਲੀਫ ਜ਼ਿਆਦਾਤਰ ਗਰਮੀਆਂ ਵਿੱਚ ਹੁੰਦੀ ਹੈ ਕਿਉਂਕਿ ਗਰਮੀਆਂ ਵਿੱਚ ਪੇਟ ਦੀ ਇਨਫੈਕਸ਼ਨ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਐਲਰਜ਼ੀ ਵਾਲੇ ਉਹ ਬੱਚੇ ਜਿੰਨ੍ਹਾਂ ਨੂੰ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ ਉਨ੍ਹਾਂ ਲਈ ਦੁੱਧ, ਕੇਲਾ ਅਤੇ ਅੰਬ ਵੀ ਨੁਕਸਾਨਦਾਇਕ ਹੁੰਦੇ ਹਨ।
ਇਹ ਰੋਗ ਜਮਾਂਦਰੂ ਵੀ ਹੋ ਸਕਦਾ ਹੈ। ਪੁਸ਼ਤ-ਦਰ-ਪੁਸ਼ਤ ਵੀ ਇਹ ਰੋਗ ਚੱਲ ਸਕਦਾ ਹੈ। ਕਈ ਰੋਗੀਆਂ ਵਿੱਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਸਿਰਫ ਖੂਨ ਦੀ ਜਾਂਚ ਕਰਨ 'ਤੇ ਹੀ ਪਤਾ ਚਲਦਾ ਹੈ, ਜਿਸ ਨੂੰ 'ਸਾਈਲੈਂਟ ਐਲਰਜ਼ੀ' ਵੀ ਕਿਹਾ ਜਾ ਸਕਦਾ ਹੈ। ਦੇਖਣ ਵਿੱਚ ਆਇਆ ਹੈ ਕਿ ਜੇਕਰ ਪਰਿਵਾਰ ਦੇ ਇੱਕ ਬੱਚੇ ਨੂੰ ਇਹ ਰੋਗ ਹੋਵੇ ਤਾਂ ਦੂਸਰਿਆਂ ਬੱਚਿਆਂ ਨੂੰ ਵੀ ਇਹ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ।
ਇਸਦੀ ਜਾਂਚ ਲਈ ਟਿਸ਼ੂ ਟਰਾਂਸਗਲੂਟਾਮੀਨੇਜ਼ (ਟੀ.ਟੀ.ਜੀ.) ਨਾਂਅ ਦਾ ਟੈਸਟ ਹੁੰਦਾ ਹੈ। ਇਸ ਤੋਂ ਇਲਾਵਾ ਪੇਟ ਦੀ ਐਂਡੋਸਕੋਪੀ ਕਰਕੇ ਹੀ ਇਸ ਬਿਮਾਰੀ ਨੂੰ ਫੜਿਆ ਜਾ ਸਕਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬੀ-ਪਾਜੇਟਿਵ ਅਤੇ ਓ-ਪਾਜੇਟਿਵ ਬਲੱਡ ਗਰੁੱਪ ਦੇ ਜ਼ਿਆਦਾਤਰ ਬੱਚੇ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਖਾਣਾ ਕੀ ਚਾਹੀਦਾ ਹੈ ਪੰਜਾਬ ਦੇ ਰਵਾਇਤੀ ਭੋਜਨ ਜਿਨ੍ਹਾਂ ਵਿੱਚ ਕੋਧਰਾ ,ਬਾਜਰਾ ,ਜੌਂ ,ਜਵਾਰ, ਛੋਲੇ ਮੱਕੀ ਇਹ ਸਾਨੂੰ ਆਪਣੇ ਖੇਤਾਂ ਵਿੱਚ ਉਗਾਉਣੇ ਪੈਣਗੇ ਤਾਂ ਕਿ ਆਉਣ ਵਾਲੀਆਂ ਨਸਲਾਂ
ਬਿਮਾਰੀਆਂ ਤੋਂ ਬਚ ਸਕਣ।ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਕਣਕ ਸਾਡਾ ਰਵਾਇਤੀ ਭੋਜਨ ਨਹੀਂ ਪਰ ਸਾਡੀ ਦੇਸੀ ਕਣਕ ਜਿਸ ਨੂੰ ਸਾਡੇ ਕੋਲੋਂ ਖੋਹਿਆ ਗਿਆ ਹੈ ਜਾਂ ਤਾਂ ਸਾਨੂੰ ਉਹ ਬੀਜ ਬੀਜਣਾ ਪਵੇਗਾ ਜਾਂ ਫਿਰ ਕਣਕ ਤੋਂ ਮੁਕੰਮਲ ਤੌਰ ‘ਤੇ ਖਹਿੜਾ ਛੁਡਾਉਣਾ ਪਵੇਗਾ ।
ਆਮ ਤੌਰ 'ਤੇ ਵੱਡੇ-ਵੱਡੇ ਡਾਕਟਰ, ਮਰੀਜ਼ ਨੂੰ ਅਤੇ ਉਸਦੇ ਪਰਿਵਾਰ ਨੂੰ ਉਦੋਂ ਨਿਰਾਸ਼ ਕਰ ਦਿੰਦੇ ਹਨ ਕਿ ਇਸ ਰੋਗੀ ਨੂੰ ਸਾਰੀ ਉਮਰ ਕਣਕ ਤੋਂ ਬਣੀ ਚੀਜ਼ (ਰੋਟੀ, ਬਿਸਕੁਟ ਆਦਿਕ) ਤੋਂ ਆਕੀ ਰਹਿਣਾ ਪਵੇਗਾ ਪਰ ਇਸ ਤਰਾਂ ਦੀ ਕੋਈ ਗੱਲ ਨਹੀਂ। ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਹਨ, ਜੋ ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਲੱਛਣਾਂ ਨੂੰ ਲੈ ਕੇ ਦਿੱਤੀਆਂ ਜਾਂਦੀਆਂ ਹਨ। ਹੋਮਿਓਪੈਥਿਕ ਦਵਾਈ ਸਰੀਰ ਦੇ ਇਮਊਨ ਸਿਸਟਮ ਨੂੰ ਤਕੜਾ ਕਰਕੇ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ ਤੇ ਫਿਰ ਇਕੱਲੀ ਕਣਕ ਦੀ ਹੀ ਨਹੀਂ, ਸਗੋਂ ਕਿਸੇ ਵੀ ਕਿਸਮ ਦੀ ਐਲਰਜ਼ੀ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੀ ਹੈ ਅਤੇ ਰੋਗੀ ਕਣਕ ਦੀ ਰੋਟੀ ਖਾਣ ਦੇ ਕਾਬਿਲ ਹੋ ਸਕਦਾ ਹੈ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.