ਕੀ ਦਵਾਈਆਂ ਹੀ ਸਾਰੀਆਂ ਬਿਮਾਰੀਆਂ ਦਾ ਹੱਲ ਹਨ? .......ਡਾ. ਅਮਨਦੀਪ ਸਿੰਘ ਟੱਲੇਵਾਲੀਆ
ਅੱਜ ਦਾ ਮਨੁੱਖ ਭੱਜ-ਦੌੜ ਦੀ ਜ਼ਿੰਦਗੀ ਜੀਅ ਰਿਹਾ ਹੈ। ਮਨੁੱਖ ਕੋਲ ਕਿਸੇ ਦਾ ਦੁੱਖ-ਸੁੱਖ ਪੁੱਛਣ ਦੀ ਵਿਹਲ ਤਾਂ ਦੂਰ, ਅੱਜਕੱਲ੍ਹ ਕਿਸੇ ਕੋਲ ਆਪਣੇ ਦੁੱਖਾਂ-ਤਕਲੀਫ਼ਾਂ ਦਾ ਹੱਲ ਲੱਭਣ ਦਾ ਸਮਾਂ ਵੀ ਨਹੀਂ ਰਿਹਾ। ਇਹੀ ਕਾਰਨ ਹੈ ਕਿ ਪ੍ਰੇਸ਼ਾਨੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੇਸ਼ਾਨੀਆਂ 'ਚੋਂ ਹੀ ਬਿਮਾਰੀਆਂ ਦਾ ਜਨਮ ਹੋ ਰਿਹਾ ਹੈ। ਤਾਹੀਓਂ ਤਾਂ ਧੜਾਧੜ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਾਰਕੀਟ ਵਿਚ ਆਪਣੇ ਪੈਰ ਪਸਾਰ ਰਹੀਆਂ ਹਨ। ਕਿਸੇ ਡਾਕਟਰ ਕੋਲ ਜਾ ਕੇ ਵੇਖ ਲਵੋ, ਭੀੜਾਂ ਹੀ ਭੀੜਾਂ ਲੱਗੀਆਂ ਹੁੰਦੀਆਂ ਹਨ। ਨੰਬਰ ਨਹੀਂ ਆਉਂਦਾ।
ਕੀ ਕਾਰਨ ਹੈ ਕਿ ਸਾਡੇ ਲੋਕ ਦਵਾਈਆਂ ਦੀ ਅੰਨ੍ਹੀ ਦੁਰਵਰਤੋਂ ਕਰਨ ਲੱਗ ਪਏ ਹਨ। ਕਈ ਲੋਕ ਤਾਂ ਅਜਿਹੇ ਹਨ ਕਿ ਉਨ੍ਹਾਂ ਨੂੰ ਰੋਟੀ ਬੇਸ਼ੱਕ ਨਾ ਮਿਲੇ ਪਰ ਮੂੰਹ ਵਿਚ ਦਵਾਈ ਜਾਣੀ ਜ਼ਰੂਰੀ ਹੈ। ਸਾਡੇ ਲੋਕ ਗੋਲੀਆਂ-ਟੌਫੀਆਂ ਵਾਂਗ ਦਵਾਈਆਂ ਦੀ ਵਰਤੋਂ ਕਰਦੇ ਹਨ, ਜਿਵੇਂ ਰੋਟੀ ਖਾਣ ਤੋਂ ਪਿੱਛੋਂ ਟੌਫੀ ਪਾ ਕੇ ਮੂੰਹ ਮਿੱਠਾ ਕਰ ਲਿਆ ਜਾਂਦਾ ਹੈ, ਉਸੇ ਤਰ੍ਹਾਂ ਦਵਾਈਆਂ ਦੀਆਂ ਗੋਲੀਆਂ ਖਾ ਕੇ ਲੋਕ ਮੂੰਹ ਨੂੰ ਮਿੱਠਾ ਜਾਂ ਕੌੜਾ ਕਰ ਰਹੇ ਹਨ। ਦਵਾਈਆਂ ਖਾਣਾ ਮਾਡਰਨ ਮਨੁੱਖ ਦਾ ਸ਼ੌਕ ਵੀ ਬਣਦਾ ਜਾ ਰਿਹਾ ਹੈ। ਕਈ ਵਿਚਾਰੇ ਤਾਂ ਅਜਿਹੇ ਹਨ, ਜੋ ਜੰਮਣ ਤੋਂ ਮਰਨ ਤੱਕ ਪਲੇ ਹੀ ਦਵਾਈਆਂ 'ਤੇ ਹਨ। ਕਈਆਂ ਨੂੰ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਉਨ੍ਹਾਂ ਨੇ ਕੋਈ ਵੀ ਡਾਕਟਰ, ਵੈਦ, ਨੀਮ-ਹਕੀਮ ਨਹੀਂ ਛੱਡਿਆ ਹੁੰਦਾ, ਜਿਸ ਤੋਂ ਆਪਣਾ ਇਲਾਜ ਨਾ ਕਰਵਾਇਆ ਹੋਵੇ ਪਰ ਉਹ ਫਿਰ ਵੀ ਰੋਗੀ ਹੀ ਰਹਿੰਦੇ ਹਨ। ਕਾਰਨ ਸਪੱਸ਼ਟ ਹੈ ਕਿ ਲੋਕ ਦਵਾਈਆਂ ਖਾਣ ਵਿਚ ਜ਼ਿਆਦਾ ਵਿਸ਼ਵਾਸ ਰਖਦੇ ਹਨ ਪਰ ਉਨ੍ਹਾਂ ਕਾਰਨਾਂ ਨੂੰ ਨਹੀਂ ਸਮਝਦੇ, ਜਿਸਦੀ ਵਜ੍ਹਾ ਕਰਕੇ ਇਹ ਰੋਗ ਉਤਪੰਨ ਹੋ ਰਹੇ ਹਨ। ਉਦਾਹਰਣ ਦੇ ਤੌਰ 'ਤੇ ਇਕ ਰੋਗੀ, ਜਿਸਦਾ ਜਿਗਰ ਖ਼ਰਾਬ ਹੈ, ਉਹ ਸ਼ਰਾਬ, ਕੌਫੀ, ਚਾਹ ਦੀ ਵਰਤੋਂ ਵਧੇਰੇ ਕਰਦਾ ਹੈ। ਡਾਕਟਰਾਂ ਦੇ ਵਾਰ-ਵਾਰ ਕਹਿਣ 'ਤੇ ਵੀ ਉਹ ਪ੍ਰਹੇਜ਼ ਨਹੀਂ ਕਰਦਾ। ਅਜਿਹੇ ਬੰਦੇ ਨੂੰ ਦਵਾਈ ਕੀ ਤਾਰ ਸਕਦੀ ਹੈ? ਮਤਲਬ ਕਿ ਇਲਾਜ ਨਾਲੋਂ ਪ੍ਰਹੇਜ਼ ਜ਼ਰੂਰੀ ਹੈ। ਕਈ ਲੋਕ ਇਹ ਗੱਲ ਵੀ ਕਹਿੰਦੇ ਹਨ ਕਿ ਜੇਕਰ ਪ੍ਰਹੇਜ਼ ਹੀ ਕਰ ਲਿਆ ਤਾਂ ਦਵਾਈ ਦੀ ਕੀ ਲੋੜ ਹੈ? ਇਹ ਸੋਚਣਾ ਵੀ ਗਲਤ ਹੈ ਕਿਉਂਕਿ ਦਵਾਈਆਂ ਸਾਨੂੰ ਇਕ ਵਾਰ ਉਸ ਦੌਰ ਵਿਚੋਂ ਕੱਢ ਦਿੰਦੀਆਂ ਹਨ, ਜਿਥੇ ਜ਼ਿੰਦਗੀ ਜਾਣ ਦਾ ਖ਼ਤਰਾ ਹੁੰਦਾ ਹੈ ਪਰ ਉਹ ਦੌਰ ਮੁੜ-ਮੁੜ ਨਾ ਆਵੇ, ਇਸਦੇ ਲਈ ਪ੍ਰਹੇਜ਼ ਜ਼ਰੂਰੀ ਹੈ।
ਦੂਸਰਾ ਅੱਜਕੱਲ੍ਹ ਬਹੁਤੇ ਲੋਕੀਂ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ। ਉਹ ਦਵਾਈਆਂ ਦੀ ਵਰਤੋਂ ਨਸ਼ੇ ਵਾਂਗ ਕਰਦੇ ਹਨ। ਜਿੰਨਾ ਚਿਰ ਦਵਾਈ ਦਾ ਅਸਰ ਰਿਹਾ, ਚਿੱਤ ਠੀਕ, ਨਹੀਂ ਫਿਰ ਦੁਬਾਰਾ ਉਹੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ਰੋਗੀ ਹਰੇਕ ਡਾਕਟਰ ਨੂੰ ਆਪਣਾ ਦੁੱਖ ਰੋ-ਰੋ ਸੁਣਾਉਂਦੇ ਹਨ ਪਰ ਆਪਣੇ ਸੁਭਾਅ ਵਿਚ ਤਬਦੀਲੀ ਨਹੀਂ ਲਿਆਉਂਦੇ। ਉਹ ਸਿਰਫ਼ ਦਵਾਈ 'ਤੇ ਨਿਰਭਰ ਹੋ ਜਾਂਦੇ ਹਨ ਅਤੇ ਡਾਕਟਰ ਨੂੰ ਕਹਿੰਦੇ ਹਨ, ''ਡਾਕਟਰ ਸਾਹਿਬ ਮੈਨੂੰ ਅਜਿਹੀ ਦਵਾਈ ਦੇ ਦਿਓ, ਜਿਸ ਨਾਲ ਮੇਰਾ ਮਨ ਪੱਥਰ ਹੋ ਜਾਵੇ। ਮੈਨੂੰ ਕਿਸੇ ਗੱਲ ਦੀ ਚਿੰਤਾ ਨਾ ਰਹੇ।'' ਪਰ ਸਦਾ ਯਾਦ ਰੱਖੋ, ਚਿੰਤਾਮੁਕਤ ਕਰਨ ਵਾਲੀ ਕੋਈ ਦਵਾਈ ਨਹੀਂ ਹੁੰਦੀ। ਬੱਸ ਸਿਰਫ਼ ਨਜ਼ਰੀਆ ਬਦਲਣਾ ਪੈਂਦਾ ਹੈ। ਨਾਲੇ ਸਿਆਣੇ ਕਹਿੰਦੇ ਹਨ ਕਿ ਨਜ਼ਰੀਆ ਬਦਲੋ, ਨਜ਼ਾਰੇ ਬਦਲ ਜਾਣਗੇ।
ਇਹ ਤਾਂ ਸਾਡੀ ਆਪਣੀ ਸੋਚ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਢੰਗ ਨਾਲ ਜਿਉਣਾ ਹੈ। ਦੁੱਖ-ਸੁੱਖ ਤਾਂ ਮਨੁੱਖੀ ਜ਼ਿੰਦਗੀ ਦੇ ਇਕੋ ਸਿੱਕੇ ਦੇ ਦੋ ਪਹਿਲੂ ਹਨ। ਫ਼ਰਕ ਤਾਂ ਸਿਰਫ਼ ਇਹ ਹੈ ਕਿ ਕਈ ਇਨਸਾਨ ਥੋੜ੍ਹਾ ਜਿਹਾ ਦੁੱਖ ਦੇਖ ਕੇ ਹੀ ਹਥਿਆਰ ਸੁੱਟ ਦਿੰਦੇ ਹਨ। ਕਈ ਲੱਖਾਂ ਮਾਰਾਂ ਝੱਲਣ ਦੇ ਬਾਵਜੂਦ ਵੀ ਅਡੋਲ ਰਹਿੰਦੇ ਹਨ। ਇਸ ਤਰ੍ਹਾਂ ਹਰੇਕ ਬਿਮਾਰੀ ਦਾ ਹੱਲ ਦਵਾਈ ਨਹੀਂ ਹੁੰਦੀ। ਕਈ ਲੋਕਾਂ ਨੂੰ ਸਿਰਫ਼ ਮਾਨਸਿਕ ਹੁਲਾਰੇ ਦੀ ਲੋੜ ਹੁੰਦੀ ਹੈ। ਕਈ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਵਿਚ ਅਸਮਰੱਥ ਹੁੰਦੇ ਹਨ। ਉਹ ਵਿਚੇ ਵਿਚ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹੌਲੀ-ਹੌਲੀ ਉਹ ਨਸ਼ੇ ਵਾਲੀਆਂ ਦਵਾਈਆਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਪਰ ਜੇਕਰ ਉਹ ਇਨਸਾਨ ਮਿਹਨਤ ਨਾਲ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰੇ ਜਾਂ ਉਨ੍ਹਾਂ ਕਾਰਨਾਂ ਦੀ ਘੋਖ ਕਰੇ, ਜਿਸ ਕਰਕੇ ਉਸਦੀ ਸਥਿਤੀ ਨਿੱਘਰ ਰਹੀ ਹੈ, ਫਿਰ ਉਹ ਆਪਣੀ ਬਿਮਾਰੀ 'ਤੇ ਖ਼ੁਦ ਹੀ ਕਾਬੂ ਪਾ ਸਕਦਾ ਹੈ ਨਾ ਕਿ ਨਸ਼ੇ ਦੀਆਂ ਗੋਲੀਆਂ ਖਾ ਕੇ ਘੂਕ ਸੌਂ ਜਾਣ ਨਾਲ ਟੈਨਸ਼ਨ ਦੂਰ ਹੁੰਦੀ ਹੈ। ਟੈਨਸ਼ਨ ਤਾਂ ਦੂਰ ਕਰੇ ਤੋਂ ਦੂਰ ਹੁੰਦੀ ਹੈ। ਥੋੜ੍ਹਾ ਜਿਹਾ ਮਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਰਾਦੇ ਪੱਕੇ ਰੱਖੋ, ਬਿਮਾਰੀਆਂ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ। ਬਿਮਾਰੀ ਤਾਂ ਚੋਰ ਹੁੰਦੀ ਹੈ। ਅਗਰ ਅਸੀਂ ਚੋਰ ਨੂੰ ਦੇਖ ਕੇ ਘਬਰਾ ਗਏ ਤਾਂ ਉਹ ਸਾਡੇ 'ਤੇ ਹਾਵੀ ਹੋ ਜਾਵੇਗਾ। ਅਗਰ ਅਸੀਂ ਤਕੜੇ ਹਾਂ ਤਾਂ ਚੋਰ ਰੂਪੀ ਬਿਮਾਰੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਆਂਗੇ।
ਬਹੁਤ ਸਾਰੇ ਮਰੀਜ਼ ਉਹ ਹਨ, ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ। ਸਿਰਫ਼ ਜ਼ਰੂਰੀ ਤੱਤਾਂ ਦੀ ਘਾਟ ਹੈ, ਜਿਵੇਂ ਵਿਟਾਮਿਨ, ਮਿਨਰਲ ਵਗੈਰਾ। ਅਜਿਹੇ ਲੋਕ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੇ ਜ਼ਰੂਰੀ ਤੱਤਾਂ ਨੂੰ ਛੱਡ ਕੇ ਬਾਜ਼ਾਰੂ ਦਵਾਈਆਂ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਕਿਉਂਕਿ ਸਾਡੇ ਲੋਕ ਐਨੇ ਕੰਮ-ਚੋਰ ਹੋ ਗਏ ਕਿ ਆਪਣੀ ਸਿਹਤ ਦਾ ਖ਼ਿਆਲ ਵੀ ਨਹੀਂ ਰੱਖ ਸਕਦੇ। ਸਿਰਫ਼ ਪੱਕੀਆਂ ਪਕਾਈਆਂ ਭਾਲਦੇ ਨੇ। ਸਰੀਰ ਨੂੰ ਕਸ਼ਟ ਦੇਣਾ ਜ਼ਿੰਦਗੀ 'ਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਮਤਲਬ ਇਹ ਕਿ ਜੋ ਚੀਜ਼ਾਂ ਸਾਨੂੰ ਕੁਦਰਤੀ ਰੂਪ ਵਿਚ ਮੌਜੂਦ ਹਨ, ਉਹ ਵੀ ਅਸੀਂ ਦਵਾਈਆਂ ਵਿਚੋਂ ਭਾਲਦੇ ਹਾਂ। ਤਾਜ਼ੀ ਹਵਾ, ਤਾਜ਼ੇ ਪਾਣੀ ਦੀ ਵਰਤੋਂ ਅਸੀਂ ਨਹੀਂ ਕਰਦੇ। ਇਸੇ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ।
ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜੋ ਰੁੱਤਾਂ ਦੇ ਬਦਲਣ ਨਾਲ ਹੁੰਦੀਆਂ ਹਨ। ਅਜਿਹੀਆਂ ਬਿਮਾਰੀਆਂ ਮੌਸਮ ਦੇ ਤਬਦੀਲ ਹੋਣ ਨਾਲ ਆਪਣੇ ਆਪ ਚਲੀਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ 'ਤੇ ਜਦੋਂ ਮੌਸਮ ਬਦਲਦਾ ਹੈ ਤਾਂ ਉਬਾਸੀਆਂ ਆਉਣੀਆਂ, ਤੋੜ ਲੱਗਣੀ, ਸੁਸਤੀ ਪੈਣੀ, ਉਦਾਸੀ ਰਹਿਣੀ ਜਾਂ ਸਰੀਰਕ ਥਕਾਵਟ ਦਾ ਰਹਿਣਾ ਆਮ ਗੱਲ ਹੈ। ਅਜਿਹੀ ਸਥਿਤੀ ਵਿਚ ਦਵਾਈਆਂ ਦੀ ਵਰਤੋਂ ਕਰਨੀ ਕੋਈ ਸਿਆਣਪ ਵਾਲੀ ਗੱਲ ਨਹੀਂ।
ਜਿੰਨੇ ਰੋਗ ਦਵਾਈਆਂ ਦੀ ਦੁਰਵਰਤੋਂ ਕਰਨ ਨਾਲ ਵਧਦੇ ਹਨ, ਉਨਾਂ ਮਨੁੱਖ ਰੋਗੀ ਨਹੀਂ ਹੁੰਦਾ। ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਤੋਂ ਪਹਿਲਾਂ ਸੋਚੋ ਕਿ ਜਿਹੜੀ ਦਵਾਈ ਅਸੀਂ ਖਾ ਰਹੇ ਹਾਂ, ਇਹ ਸਾਡੀ ਜ਼ਿੰਦਗੀ ਵਿਚ ਤਕਲੀਫ਼ਾਂ ਦਾ ਵਾਧਾ ਤਾਂ ਨਹੀਂ ਕਰੇਗੀ। ਥੋੜ੍ਹਾ ਜਿਹਾ ਸਿਰ ਦੁਖਣ 'ਤੇ ਝੱਟ ਗੋਲੀ ਖਾ ਲੈਣੀ। ਥੋੜ੍ਹਾ ਜਿਹਾ ਪੇਟ ਖ਼ਰਾਬ ਹੋਣ 'ਤੇ ਝੱਟ ਈਨੋ ਘੋਲ ਕੇ ਪੀ ਲੈਣੀ ਕੋਈ ਵਧੀਆ ਗੱਲ ਨਹੀਂ, ਸਗੋਂ ਕੁਦਰਤੀ ਤਰੀਕਿਆਂ ਨਾਲ ਵੀ ਅਜਿਹੀਆਂ ਸਥਿਤੀਆਂ ਨੂੰ ਨਜਿੱਠਿਆ ਜਾ ਸਕਦਾ ਹੈ।
ਤੰਦਰੁਸਤ ਰਹਿਣ ਲਈ ਦਵਾਈਆਂ ਦੀ ਅੰਨ੍ਹੇਵਾਹ ਦੁਰਵਰਤੋਂ ਨਾ ਕਰੋ, ਸਗੋਂ ਉਨ੍ਹਾਂ ਕਾਰਨਾਂ ਨੂੰ ਜਾਣੋ, ਜਿਸ ਕਰਕੇ ਤੁਹਾਡੀਆਂ ਤਕਲੀਫ਼ਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ਬਿਮਾਰੀਆਂ ਨੂੰ ਆਪਣੀ ਜ਼ਿੰਦਗੀ ਦੇ ਖਾਣ-ਪੀਣ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਨੂੰ ਬਦਲ ਕੇ ਅਤੇ ਪ੍ਰਮਾਤਮਾ ਦਾ ਨਾਂਅ ਲੈ ਕੇ ਵੀ ਦੂਰ ਕੀਤਾ ਜਾ ਸਕਦਾ ਹੈ। ਗੁਰਬਾਣੀ ਦਾ ਕਥਨ ਹੈ 'ਸਰਬ ਰੋਗ ਕਾ ਅਉਖਦੁ ਨਾਮੁ' !
19 ਜੁਲਾਈ , 2020
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥੀ ਡਾਕਟਰ , ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.