- ਐੱਮ.ਬੀ. ਹਾਈ ਸਕੂਲ ਤੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਬਟਾਲਾ ਤੱਕ
ਬਟਾਲਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੇੜੇ ਸਥਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਸਦੀ ਤੋਂ ਪੁਰਾਣਾ ਸਕੂਲ ਹੈ। ਸ਼ੁਰੂਆਤ ਤੋਂ ਲੈ ਕੇ ਸੰਨ 1950 ਤੋਂ ਬਾਅਦ ਤੱਕ ਵੀ ਇਸ ਸਕੂਲ ਦਾ ਨਾਮ ਐੱਮ.ਬੀ. ਹਾਈ ਸਕੂਲ (ਮਿਊਂਸੀਪਲ ਬੋਰਡ ਹਾਈ ਸਕੂਲ) ਰਿਹਾ ਹੈ। ਇਹ ਸਕੂਲ ਉਸ ਸਮੇਂ ਨਗਰ ਕੌਂਸਲ ਬਟਾਲਾ ਵਲੋਂ ਚਲਾਇਆ ਜਾਂਦਾ ਸੀ।
ਐੱਸ.ਬੀ. ਹਾਈ ਸਕੂਲ ਬਰਤਾਨੀਆ ਹਕੂਮਤ ਵਲੋਂ ਬਟਾਲਾ ਸ਼ਹਿਰ ਵਿੱਚ 20ਵੀਂ ਸਦੀ ਦੇ ਪਹਿਲੇ ਦਹਾਕੇ ਸ਼ੁਰੂ ਕੀਤਾ ਗਿਆ ਸੀ। ਸਕੂਲ ਦੇ ਮੁੱਖ ਅਧਿਆਪਕਾਂ ਦੇ ਨਾਵਾਂ ਦੀ ਸੂਚੀ ਸੰਨ 1915 ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਸਕੂਲ ਦੇ ਪਹਿਲੇ ਮੁੱਖ ਅਧਿਆਪਕ ਵਜੋਂ ਸ਼੍ਰੀ ਖੇਮ ਚੰਦ ਦਾ ਨਾਮ ਦਰਜ ਹੈ।
ਦਸਵੀਂ ਜਮਾਤ ਦੇ ਇਮਤਿਹਾਨ ਵਿਚੋਂ ਮੋਹਰੀ ਰਹਿਣ ਵਾਲੇ ਵਿਦਿਅਆਰਥੀਆਂ ਦੀ ਸਨਮਾਨ ਪੱਟੀ ਵੀ ਸਕੂਲ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਸਾਲ 1915 ਵਿੱਚ ਬਟਾਲਾ ਦਾ ਹੋਣਹਾਰ ਵਿਦਿਆਰਥੀ ਤੇਜ਼ ਰਾਮ 385 ਅੰਕ ਲੈ ਕੇ ਦਸਵੀਂ ਜਮਾਤ ਵਿਚੋਂ ਪਹਿਲੇ ਸਥਾਨ ’ਤੇ ਰਿਹਾ ਸੀ। ਸਾਲ 1915 ਵਿੱਚ ਪਹਿਲੀ ਵਾਰ ਵਿਦਿਆਰਥੀਆਂ ਵਲੋਂ 10ਵੀਂ ਦੇ ਇਮਤਿਹਾਨ ਪਾਸ ਕਰਨ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਸਕੂਲ 1905 ਨੂੰ ਸ਼ੁਰੂ ਹੋਇਆ ਹੋਵੇਗਾ।
ਇਸ ਸਕੂਲ ਦੀ ਪੁਰਾਣੀ ਇਮਾਰਤ ਦੇ ਬਾਹਰਵਾਰ ਇੱਕ ਇਤਿਹਾਸਕ ਸਿੱਲ ਅਜੇ ਵੀ ਲੱਗੀ ਹੋਈ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ‘ਈਲੀਅਟ ਹਾਲ’ ਨੂੰ ਆਰ.ਐੱਸ.ਐੱਲ ਨਿਹਾਲ ਚੰਦ ਅਗਰਵਾਲ ਵਲੋਂ ਬਣਾਇਆ ਗਿਆ ਹੈ ਅਤੇ ਇਸਦਾ ਨੀਂਹ ਪੱਥਰ 6 ਫਰਵਰੀ 1913 ਨੂੰ ਉਸ ਸਮੇਂ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਮੇਜਰ ਏ.ਸੀ. ਈਲੀਅਟ ਨੇ ਰੱਖਿਆ ਸੀ। ਇਹ ਹਾਲ ਡਿਪਟੀ ਕਮਿਸ਼ਨਰ ਮੇਜਰ ਏ.ਸੀ. ਈਲੀਅਟ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਸ ਹਾਲ ਦਾ ਨਾਮ ‘ਈਲੀਅਟ ਹਾਲ’ ਹੈ।
ਸਕੂਲ ਦੀ ਪੁਰਾਣੀ ਇਮਾਰਤ ਅਜੇ ਵੀ ਬਰਕਰਾਰ ਹੈ ਅਤੇ ਪ੍ਰਿੰਸੀਪਲ ਦਾ ਦਫ਼ਤਰ ਅਜੇ ਵੀ ਪੁਰਾਣੀ ਇਮਾਰਤ ਵਿੱਚ ਚੱਲ ਰਿਹਾ ਹੈ। ਸਕੂਲ ਦਾ ਪੁਰਾਤਨ ਹਾਲ ਵੀ ਅਜੇ ਓਵੇਂ ਹੀ ਬਰਕਰਾਰ ਹੈ। ਭਾਂਵੇ ਕਿ ਪੁਰਾਣੀ ਇਮਾਰਤ ਦੀ ਮੁਰੰਮਤ ਕੀਤੀ ਗਈ ਹੈ ਪਰ ਇਸ ਦੀ ਦਿੱਖ ਅਜੇ ਵੀ ਓਸੇ ਤਰਾਂ ਹੈ।
ਬਟਵਾਰੇ ਤੋਂ ਪਹਿਲਾਂ ਬਟਾਲਾ ਦੇ ਇਸ ਸਕੂਲ ਵਿੱਚ ਸਿੱਖ, ਹਿੰਦੂ ਅਤੇ ਮੁਸਲਿਮ ਧਰਮਾਂ ਦੇ ਵਿਦਿਆਰਥੀ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੀ ਪੜ੍ਹਾਈ ਕਰਦੇ ਸਨ। ਸੰਨ 1990 ਦੇ ਦਹਾਕੇ ਤੱਕ ਵੀ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਏਨੀ ਜਿਆਦਾ ਹੁੰਦੀ ਸੀ ਕਿ ਸਵੇਰੇ ਅਤੇ ਸ਼ਾਮ ਨੂੰ ਦੋ ਗਰੁੱਪਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ।
ਭਾਰਤ-ਪਾਕਿ ਵੰਡ ਦਾ ਖਾਮਿਆਜ਼ਾ ਬਟਾਲਾ ਦੇ ਇਸ ਸਕੂਲ ਨੂੰ ਵੀ ਝੱਲਣਾ ਪਿਆ ਹੈ। ਦੇਸ਼ਾਂ ਦੀ ਵੰਡ ਦੇ ਨਾਲ ਇਸ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਵੀ ਵੰਡੇ ਗਏ। ਉਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਸਈਅਦ ਅਖਤਰ ਆਰਸ਼ਨ ਸਨ ਜੋ ਕਿ ਸੰਨ 1930 ਤੋਂ ਮੁੱਖ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਸਨ। ਜਦੋਂ ਮੁਲਕ ਵੰਡਿਆ ਗਿਆ ਤਾਂ ਉਹ 15 ਅਗਸਤ 1947 ਨੂੰ ਐੱਮ.ਬੀ. ਹਾਈ ਸਕੂਲ ਦੇ ਮੁੱਖ ਅਧਿਆਪਕ ਦਾ ਅਹੁਦਾ ਛੱਡ ਕੇ ਪਾਕਿਸਤਾਨ ਚਲੇ ਗਏ। ਸਈਅਦ ਅਖਤਰ ਆਰਸ਼ਨ ਦੀ ਥਾਂ ’ਤੇ ਲਾਲਾ ਸ਼ਾਨੂੰ ਲਾਲ ਨੇ ਅਗਸਤ 1947 ਵਿੱਚ ਮੁੱਖ ਅਧਿਆਪਕ ਦਾ ਅਹੁਦਾ ਸੰਭਾਇਆ ਅਤੇ ਉਹ 27 ਮਾਰਚ 1953 ਤੱਕ ਇਸ ਅਹੁਦੇ ਉੱਪਰ ਰਹੇ। ਇਸ ਸਮੇਂ ਬਟਾਲਾ ਦੇ ਨਿਵਾਸੀ ਅਤੇ ਇਸੇ ਹੀ ਸਕੂਲ ਤੋਂ ਪੜ੍ਹੇ ਸ੍ਰੀ ਅਨਿਲ ਸ਼ਰਮਾਂ ਜੀ ਸਕੂਲ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਐੱਮ.ਬੀ. ਹਾਈ ਸਕੂਲ ਵਿਚੋਂ ਪੜ੍ਹੇ ਵਿਦਿਆਰਥੀਆਂ ਨੇ ਬੜੇ ਉੱਚੇ ਮੁਕਾਮ ਹਾਸਲ ਕੀਤੇ ਹਨ ਅਤੇ ਪੂਰੀ ਦੁਨੀਆਂ ਵਿੱਚ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਇਸ ਸਕੂਲ ਵਿੱਚ ਪੜ੍ਹੇ ਮੁਸਲਿਮ ਵਿਦਿਆਰਥੀਆਂ ਨੇ ਪਾਕਿਸਤਾਨ ਵਿੱਚ ਜਾ ਕੇ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਇਸ ਸਕੂਲ ਦੇ ਪੜ੍ਹੇ ਵਿਦਿਆਰਥੀਆਂ ਨੇ ਆਈ.ਏ.ਐੱਸ, ਆਈ.ਪੀ.ਐੱਸ, ਸ਼ੈਸਨ ਜੱਜ ਅਤੇ ਹੋਰ ਕਈ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ। ਜਤਿੰਦਰਬੀਰ ਸਿੰਘ ਰੰਧਾਵਾ ਅਤੇ ਲਲਿਤ ਮੋਹਨ ਮਹਿਤਾ ਇਸ ਸਕੂਲ ਤੋਂ ਪੜ੍ਹ ਕੇ ਆਈ.ਏ.ਐੱਸ ਬਣੇ ਹਨ ਅਤੇ ਉਨ੍ਹਾਂ ਨੇ ਬਹੁਤ ਉਚੇ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। ਮਦਨ ਲਾਲ ਨੇਗੀ ਆਈ.ਪੀ.ਐੱਸ, ਕੇ.ਸੀ. ਪੁਰੀ ਆਈ.ਪੀ.ਐੱਸ, ਪੂਰਣ ਚੰਦ ਡੋਗਰਾ ਆਈ.ਪੀ.ਐੱਸ. ਵੀ ਇਸੇ ਸਕੂਲ ਦੀ ਦੇਣ ਹਨ। ਪੂਰਣ ਚੰਦ ਡੋਗਰਾ ਤਾਂ ਡੀ.ਜੀ.ਪੀ. ਪੰੰਜਾਬ ਵਜੋਂ ਸੇਵਾ ਮੁਕਤ ਹੋਏ ਹਨ। ਇਸੇ ਸਕੂਲ ਦੇ ਵਿਦਿਆਰਥੀ ਆਰ.ਪੀ. ਗੈਂਦ ਸੈਸ਼ਨ ਜੱਜ ਰਹੇ ਹਨ। ਇਸ ਤਰਾਂ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਐੱਮ.ਬੀ. ਹਾਈ ਸਕੂਲ ਦੇ ਵਿਦਿਆਰਥੀਆਂ ਦੀ ਲਿਸਟ ਬਹੁਤ ਲੰਮੀ ਹੈ।
ਪੰਜਾਬ ਸਰਕਾਰ ਵਲੋਂ ਵੰਡ ਦੇ ਕੁਝ ਦਹਾਕੇ ਬਾਅਦ ਇਸ ਸਕੂਲ ਦਾ ਨਾਮ ਐੱਮ.ਬੀ. ਹਾਈ ਸਕੂਲ ਤੋਂ ਬਦਲ ਕੇ ਸਰਕਾਰੀ ਹਾਈ ਸਕੂਲ ਕਰ ਦਿੱਤਾ ਗਿਆ। ਸਾਲ 2010 ਵਿੱਚ ਇਸ ਸਕੂਲ ਦਾ ਦਰਜਾ ਵਧਾ ਕੇ ਇਸਦਾ ਨਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਬਟਾਲਾ ਰੱਖ ਦਿੱਤਾ ਗਿਆ। ਇਸ ਸਮੇਂ ਇਸ ਸਕੂਲ ਵਿੱਚ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ 800 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ। ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ ਜੇਕਰ ਇਸ ਸਕੂਲ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪਾਂ ਦੀ ਪੜ੍ਹਾਈ ਸ਼ੁਰੂ ਹੋ ਜਾਵੇ।
ਸਦੀ ਤੋਂ ਵੱਡੇ ਇਸ ਸਕੂਲ ਵਿੱਚ ਹੁਣ ਤੱਕ ਲੱਖਾਂ ਹੀ ਵਿਦਿਆਰਥੀ ਪੜ੍ਹ ਕੇ ਆਪਣਾ ਜੀਵਨ ਸੁਧਾਰ ਚੁੱਕੇ ਹਨ। ਬਜ਼ੁਰਗਾਂ ਦੇ ਦਿਲਾਂ ਵਿੱਚ ਅਜੇ ਵੀ ਐੱਮ.ਬੀ. ਹਾਈ ਸਕੂਲ ਵੱਸ ਰਿਹਾ ਹੈ ਅਤੇ ਨੌਜਵਾਨਾਂ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਉਨ੍ਹਾਂ ਦੇ ਸੁਨਿਹਰੇ ਜੀਵਨ ਦੀ ਸੁਨਿਹਰੀ ਯਾਦ ਹੈ। ਰੱਬ ਕਰੇ ਬਟਾਲਾ ਦਾ ਇਹ ਵਿਰਾਸਤੀ ਸਕੂਲ ਹਮੇਸ਼ਾਂ ਵਿੱਦਿਆ ਦਾ ਚਾਨਣ ਬਖੇਰਦਾ ਰਹੇ।
-
ਇੰਦਰਜੀਤ ਸਿੰਘ ਹਰਪੁਰਾ, ਲੇਖਕ
*****************
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.