ਪ੍ਰੋ ਚਮਨ ਲਾਲ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਆਗੂ ਪਿਰਥੀਪਾਲ ਸਿੰਘ ਰੰਧਾਵਾ ਦੇ 1979 ਵਿਚ ਕੀਤੇ ਗਏ ਬੇਰਹਿਮ ਕਤਲ ਅਤੇ ਉਸਤੋਂ ਬਾਅਦ ਦੀਆਂ ਘਟਨਾਵਾਂ ਦਾ ਜ਼ਿਕਰ ਆਪਣੇ ਬਲੌਗ ਵਿੱਚ ਕੀਤਾ ਹੈ। ਇਸ ਨਾਲ ਮੇਰੇ ਅੱਖਾਂ ਸਾਹਮਣੇ ਉਨ੍ਹਾ ਦਿਨਾਂ ਦੀ ਇੱਕ ਰੀਲ੍ਹ ਜਿਹੀ ਘੁੰਮ ਗਈ ਹੈ। ਚਮਨ ਲਾਲ ਨੇ ਮੈਨੂੰ ਅਗਸਤ 1979 ਦੇ ਉਹ ਦਿਨ ਯਾਦ ਕਰਾ ਦਿੱਤੇ ਨੇ ਜਦੋਂ ਰੰਧਾਵੇ ਦੀ ਸ਼ਹੀਦੀ ਬਾਰੇ ਇੱਕ ਪੋਸਟਰ ਛਪਵਾਉਣ ਲਈ ਮੈਂ ਦਿੱਲੀ ਗਿਆ। ਮੈਂ ਚਮਨ ਹੋਰਾਂ ਕੋਲ ਹੀ ਜਵਾਹਰ ਲਾਲ ਨਹਰੂ ਯੂਨੀਵਰਸਿਟੀ (ਜੇ.ਐਨ.ਯੂ) ਵਿਚ ਗਿਆ ਸੀ ਜਿਥੇ ਉਹ ਉਸ ਵੇਲੇ ਖ਼ੁਦ ਸਟੂਡੈਂਟ ਸਨ। ਇਹ ਵੀ ਜ਼ਿਕਰ ਕਰਨਾ ਚੰਗਾ ਹੈ ਕਿ ਚਮਨ ਲਾਲ ਮੇਰੇ ਗਰਾਈਂ ਵੀ ਨੇ। ਉਹ ਵੀ ਰਾਮਪੁਰਾ ਫੂਲ ਦੇ ਜੰਮਪਲ ਨੇ ਅਤੇ ਨਾਲ ਮੇਰੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ। ਉਹ ਪਹਿਲਾਂ ਚਮਨ ਲਾਲ ਪ੍ਰਭਾਕਰ ਵੱਜੋਂ ਜਾਣੇ ਜਾਂਦੇ ਸਨ। ਪ੍ਰੋਫ਼ੈਸਰ ਚਮਨ ਲਾਲ ਉਹ ਬਾਅਦ ਵਿਚ ਬਣੇ।
ਮੇਰਾ ਖ਼ਿਆਲ ਹੈ ਦਿੱਲੀ ਦੀ ਮੇਰੀ ਇਹ ਪਲੇਠੀ ਫੇਰੀ ਸੀ। ਇਹ ਵੀ ਸਬੱਬ ਹੈ ਕਿ ਦਿੱਲੀ ਫੇਰੀ ਤੋਂ ਕੁਝ ਸਾਲ ਪਹਿਲਾਂ ਆਪਣੀ ਚੰਡੀਗੜ੍ਹ ਦੀ ਪਹਿਲੀ ਫੇਰੀ ਸਮੇਂ ਵੀ ਮੈਂ ਚਮਨ ਕੋਲ ਹੀ ਰਿਹਾ ਸੀ। ਉਦੋਂ ਉਹ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਚਮਨ ਦੇ ਨੀਲੇ ਰੰਗ ਦੇ ਸਾਈਕਲ ਤੇ ਅਸੀਂ ਇਕੱਠੇ ਪਹਿਲੀ ਵਾਰ ਸੈਕਟਰ 17 ਦੇ ਕੌਫ਼ੀ ਹਾਊਸ ਗਏ ਸੀ। ਫੇਰ ਦਿੱਲੀ ਵੱਲ ਆਈਏ। ਚਮਨ ਹੋਰੀਂ ਮੈਨੂੰ ਅਮ੍ਰਿੰਤਾ ਪ੍ਰੀਤਮ ਦੇ ਘਰ ਲੈ ਗਏ ਸਨ ਜਿਥੇ ਇਮਰੋਜ਼ ਨਾਲ ਮੇਰੀ ਮੁਲਾਕਾਤ ਕਰਾਈ ਸੀ। ਉਨ੍ਹਾ ਦੇ ਹੌਜ਼ ਖ਼ਾਸ ਵਾਲੇ ਇਤਿਹਾਸਕ ਘਰ ਵਿਚ ਅਸੀਂ ਇਮਰੋਜ਼ ਨੂੰ ਪਿਰਥੀਪਾਲ ਰੰਧਾਵਾ ਦਾ ਇੱਕ ਸਕੈੱਚ ਬਣਾਉਣ ਦੀ ਬੇਨਤੀ ਕੀਤੀ। ਮੈਂ ਪਿਰਥੀਪਾਲ ਰੰਧਾਵਾ ਦੀ ਇਕ ਫਰੇਮ ਜੜੀ ਤਸਵੀਰ ਇਮਰੋਜ਼ ਨੂੰ ਦਿੱਤੀ ਜਿਹੜੀ ਕਿ ਮੈਂ ਪੰਜਾਬ ਤੋਂ ਆਪਣੇ ਨਾਲ ਲੈ ਗਿਆ ਸੀ। ਮੇਰੀ ਤਾਂ ਅੰਮ੍ਰਿਤਾ ਅਤੇ ਇਮਰੋਜ਼ ਨਾਲ ਉਹ ਪਹਿਲੀ ਮੀਟਿੰਗ ਹੀ ਸੀ। ਚਮਨ ਦੇ ਕਹਿਣ 'ਤੇ ਇਮਰੋਜ਼ ਰੰਧਾਵਾ ਦਾ ਸਕੈੱਚ ਤਿਆਰ ਕਰਨ ਲਈ ਰਾਜ਼ੀ ਹੋ ਗਿਆ। ਅਸੀਂ ਸੇਵਾ -ਫਲ ਪੁੱਛਿਆ ਤਾਂ ਉਸਨੇ ਰਿਆਇਤ ਨਾਲ 200 ਰੁਪਏ ਦੱਸਿਆ। ਅਸੀਂ ਬਹੁਤ ਖ਼ੁਸ਼ ਹੋਏ। ਮੇਰਾ ਖ਼ਿਆਲ ਹੈ ਤਿੰਨ ਕੁ ਦਿਨਾਂ ਬਾਅਦ ਅਸੀਂ ਦੋਨੋਂ ਜਣੇ ਫੇਰ ਇਮਰੋਜ਼ ਦੇ ਘਰ ਗਏ। ਸਕੈੱਚ ਤਿਆਰ ਸੀ। ਅਸੀਂ 200 ਰੁਪਏ ਦਿੱਤੇ, ਧੰਨਵਾਦ ਕੀਤਾ ਅਤੇ ਸਕੈੱਚ ਲੈਕੇ ਵਾਪਸ ਆ ਗਏ। ਅਗਲਾ ਕੰਮ ਇਸ ਨੂੰ ਪੋਸਟਰ ਦੇ ਰੂਪ ਵਿਚ ਛਪਵਾਉਣ ਦਾ ਸੀ। ਮੈਨੂੰ ਤਾਂ ਕੋਈ ਵਾਕਫ਼ੀਅਤ ਨਹੀਂ ਸੀ। ਚਮਨ ਹੋਰੀਂ ਮੈਨੂੰ ਪੁਰਾਣੀ ਦਿੱਲੀ ਵਿਚ ਇੱਕ ਪ੍ਰਿੰਟਿੰਗ ਪ੍ਰੈੱਸ ਤੇ ਲੈ ਗਿਆ। ਜਿੱਥੇ ਇਸ ਨੂੰ ਪ੍ਰਿੰਟ ਕਰਨ ਲਈ ਦਿੱਤਾ ਗਿਆ। ਉਹ 5-6 ਦਿਨ ਮੈਂ ਚਮਨ ਕੋਲ ਹੀ ਜੇ ਐਨ ਯੂ ਦੇ ਪੈਰੀਯਾਰ ਹੋਸਟਲ ਵਿਚ ਰਿਹਾ। ਮੈਨੂੰ ਯਾਦ ਹੈ ਕਿ ਪਹਾੜੀ-ਨੁਮਾ ਉਚੀ ਥਾਂ ਤੇ ਉਸਰੇ ਇਸ ਹੋਸਟਲ ਦੀ ਤੀਜੀ ਮੰਜ਼ਿਲ'ਤੇ 305 ਨੰਬਰ ਕਮਰਾ ਚਮਨ ਦਾ ਸੀ। ਬੇਹੱਦ ਗਰਮੀ ਦੇ ਦਿਨ ਸਨ ਉਹ। ਉੱਪਰ ਛੱਤ ਤੇ ਸੌਂਦੇ ਹੁੰਦਾ ਸਾਂ ਅਸੀਂ। ਏ ਸੀ ਤਾਂ ਗੱਲ ਹੀ ਛੱਡੋ ਉਦੋਂ ਕੂਲਰ ਵੀ ਕਿਸੇ-ਕਿਸੇ ਕੋਲ ਹੁੰਦਾ ਸੀ ਅਤੇ ਇਹ ਅਮੀਰੀ ਦੀ ਨਿਸ਼ਾਨੀ ਸਮਝੀ ਜਾਂਦੀ ਸੀ।
ਇਹ ਉਹ ਦਿਨ ਸਨ ਜਦੋਂ ਜੇ ਐਨ ਯੂ ਖੱਬੇ -ਪੱਖੀ ਵਿਦਿਆਰਥੀਆਂ , ਪ੍ਰੋਫ਼ੈਸਰਾਂ ਅਤੇ ਬੁੱਧੀਜੀਵੀਆਂ ਦਾ ਸਰਗਰਮ ਗੜ੍ਹ ਮੰਨੀ ਜਾਂਦੀ ਸੀ। ਖੈਰ, ਓਥੋਂ ਉਸ ਸਕੈੱਚ ਨੂੰ ਕਾਫ਼ੀ ਗਿਣਤੀ ਵਿਚ ਇੱਕ ਪੋਸਟਰ ਦੇ ਰੂਪ ਵਿਚ ਪ੍ਰਿੰਟ ਕਰਾਇਆ ਅਤੇ ਪੀ ਐਸ ਯੂ ਵੱਲੋਂ ਪੰਜਾਬ ਭਰ ਵਿਚ ਵੰਡਿਆ ਗਿਆ ਸੀ। ਉਦੋਂ ਪੀ ਐਸ ਯੂ ਦੀ ਕਮਾਂਡ ਜਸਪਾਲ ਜੱਸੀ, ਮਲਵਿੰਦਰ ਮਾਲੀ ਅਤੇ ਸੁਖਦੇਵ ਪਟਵਾਰੀ ਅਤੇ ਉਨ੍ਹਾ ਦੇ ਹੋਰ ਸਾਥੀਆਂ ਕੋਲ ਸੀ। ਪਿਰਥੀਪਾਲ ਰੰਧਾਵੇ ਦੇ ਕਤਲ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਆਗੂਆਂ , ਵਰਕਰਾਂ ਅਤੇ ਹੋਰ ਖੱਬੇ ਪੱਖੀ ਅਤੇ ਇਨਸਾਫ਼ਪਸੰਦ ਲੋਕਾਂ ਦੇ ਦੁਖੀ , ਗ਼ੁੱਸੇ ਭਰੇ ਅਤੇ ਬੇਬੱਸ ਚਿਹਰੇ ਮੇਰੇ ਅੱਜ ਵੀ ਯਾਦ ਨੇ। ਮੈਨੂੰ ਇਹ ਵੀ ਯਾਦ ਹੈ ਕਿ ਪਿਰਥੀ ਪਾਲ ਸਿੰਘ ਰੰਧਾਵਾ ਦੀ ਇਸ ਸ਼ਹੀਦੀ ਦਾ ਬਦਲਾ ਲੈਣ ਲਈ ਕਿੰਨੇ ਵਿਦਿਆਰਥੀ ਅਤੇ ਨੌਜਵਾਨ ਬੇਹੱਦ ਭਾਵੁਕ ਹੋ ਕੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਲਈ ਤਿਆਰ ਸਨ। ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ ਕਿ 18 ਜੁਲਾਈ, 1979 ਦੀ ਰਾਤ ਨੂੰ ਰੰਧਾਵਾ ਨੂੰ ਉਸਦੇ ਸਹੁਰੇ ਘਰੋਂ ਅਗਵਾ ਕਰਕੇ ਜਿਥੇ ਲਿਜਾਇਆ ਗਿਆ ਅਤੇ ਬੇਦਰਦੀ ਨਾਲ ਮਾਰਿਆ ਗਿਆ। ਜਿਸ ਜਗਾ ਤੇ ਉਸ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸਦੀਆਂ ਲੱਤਾਂ ਤੋੜ ਕੇ ਮਾਰਿਆ ਗਿਆ ਉਹ ਜਗਾ ਲੁਧਿਆਣੇ ਦੇ ਇੱਕ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਦੇ ਭਰਾ ਦੇ ਖੇਤ ਦੀ ਮੋਟਰ ਸੀ। ਉਸਨੂੰ ਮਾਰਨ ਵਾਲੇ ਦੋਸ਼ੀ ਉਸ ਵੇਲੇ ਦੀ ਇੱਕ ਅਕਾਲੀ ਆਗੂ ਅਤੇ ਸਾਬਕਾ ਅਤੇ ਸਵਰਗੀ ਐਮ ਪੀ ਦੇ ਚਹੇਤੇ ਸਨ।
ਉਸ ਦੀ ਲਾਸ਼ 19 ਜੁਲਾਈ, 1979 ਨੂੰ ਸਵੇਰੇ ਲੁਧਿਆਣੇ ਨੇੜੇ ਹੀ ਖੇਤਾਂ ਵਿਚੋਂ ਮਿਲੀ ਸੀ। ਇਹ ਵੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਪਿਰਥੀਪਾਲ ਰੰਧਾਵਾ ਨੂੰ ਜਿਸ ਦਿਨ ਅਗਵਾ ਕੀਤਾ ਗਿਆ ਉਹ ਉਦੋਂ ਪੀ.ਏ.ਯੂ ਲੁਧਿਆਣਾ ਵਿਚੋਂ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਵੀ ਸੁਰਖੁਰੂ ਹੋ ਚੁੱਕਾ ਸੀ। ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਿਸ ਦਿਨ ਰੰਧਾਵਾ ਨੂੰ ਅਗਵਾ ਕਰਕੇ ਕਤਲ ਕੀਤਾ ਗਿਆ ਇਸ ਤੋਂ ਇੱਕ-ਦੋ ਦਿਨ ਬਾਅਦ ਉਸ ਨੇ ਇੱਕ ਰਿਪੋਰਟਰ ਵੱਜੋਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿਚ ਜੁਆਇਨ ਕਰਨਾ ਸੀ। ਇਹ ਗੱਲ ਉਸ ਨੇ ਅਗਵਾ ਹੋਣ ਤੋਂ ਦੋ ਕੁ ਦਿਨ ਪਹਿਲਾਂ ਉਸਦੇ ਸਹੁਰੇ ਘਰ ਬੈਠਿਆਂ ਖ਼ੁਦ ਮੈਨੂੰ ਦੱਸੀ ਸੀ। ਉਨ੍ਹਾ ਦਿਨਾਂ ਵਿਚ ਇੰਡੀਅਨ ਐਕਸਪ੍ਰੈਸ ਸਾਡਾ ਸਭ ਦਾ ਮਨ ਭਾਉਂਦਾ ਅਖ਼ਬਾਰ ਸੀ। ਐੱਮਰਜੈਂਸੀ ਦੌਰਾਨ ਜੋ ਭੂਮਿਕਾ ਇਸ ਅਖ਼ਬਾਰ ਨੇ ਨਿਭਾਈ ਸੀ ਅਤੇ ਜਿਸ ਤਰ੍ਹਾਂ ਆਜ਼ਾਦਾਨਾ ਢੰਗ ਨਾਲ ਇਹ ਅਖ਼ਬਾਰ ਖੱਬੇ ਪੱਖੀ ਅਤੇ ਹੋਰ ਜਨਤਕ ਅੰਦੋਲਨਾਂ ਦੀ ਕਵਰੇਜ਼ ਕਰਦਾ ਸੀ, ਇਸ ਨਾਲ ਇਸ ਦੀ ਭਰੋਸੇਯੋਗਤਾ ਬਹੁਤ ਵੱਧ ਗਈ। ਗੋਬਿੰਦ ਠੁਕਰਾਲ ਅਤੇ ਉਸ ਵੇਲੇ ਦੇ ਉਨ੍ਹਾ ਦੇ ਸਾਥੀ ਪੱਤਰਕਾਰਾਂ ਵੱਲੋਂ ਵੱਲੋਂ ਉਨ੍ਹਾ ਦਿਨਾਂ ਵਿਚ ਪੀ ਐਸ ਯੂ ਦੀ ਕੀਤੀ ਖੜਕਵੀਂ ਰਿਪੋਰਟਿੰਗ ਮੈਨੂੰ ਅੱਜ ਵੀ ਯਾਦ ਹੈ। ਇਸੇ ਲਈ ਹੀ ਪਿਰਥੀ ( ਪਿਰਥੀ ਪਾਲ ਰੰਧਾਵਾ ਨੂੰ ਅਸੀਂ ਪਿਰਥੀ ਕਹਿਕੇ ਹੀ ਬੁਲਾਉਂਦੇ ਸਾਂ ) ਨੇ ਇੰਡੀਅਨ ਐਕਸਪ੍ਰੈਸ ਨੂੰ ਹੀ ਚੁਣਿਆ ਸੀ। ਮੈਨੂੰ ਵੀ ਬਹੁਤ ਖ਼ੁਸ਼ੀ ਹੋਈ ਸੀ। ਸਮੇਂ ਦਾ ਗੇੜ ਹੀ ਸਮਝੋ ਕਿ ਪਿਰਥੀ ਪੱਤਰਕਾਰ ਬਣਨ ਦੇ ਅਰਮਾਨ ਮਨ ਵਿਚ ਲੈ ਕੇ ਤੁਰ ਗਿਆ ਅਤੇ ਮੈਂ ਉਸਦੀ ਸ਼ਹੀਦੀ ਤੋਂ ਸਾਲ ਕੁ ਬਾਅਦ ਪੱਤਰਕਾਰੀ ਸ਼ੁਰੂ ਕਰ ਦਿੱਤੀ। ਓਸ ਵੇਲੇ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਕਿ ਕਦੇ ਮੈਂ ਵੀ ਪੱਤਰਕਾਰੀ ਨੂੰ ਉਮਰ ਭਰ ਲਈ ਇੱਕ ਕਿੱਤੇ ਵਜੋਂ ਅਪਣਾਵਾਂਗਾ।
ਰੰਧਾਵੇ ਦੀ ਅੰਗਰੇਜ਼ੀ ਭਾਸ਼ਾ ਤੇ ਪੂਰੀ ਕਮਾਂਡ ਸੀ ਅਤੇ ਉਸ ਦੀ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੀ ਲਿਖਾਈ ਵੀ ਬਹੁਤ ਖ਼ੂਬਸੂਰਤ ਸੀ। ਪੀ ਐਸ ਯੂ ਦੀ ਸੂਬਾ ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਵਾਲੇ ਰਜਿਸਟਰਾਂ ਦੀ ਕਾਰਵਾਈ ਵੀ ਬਹੁਤੀ ਵਾਰ ਉਹੀ ਲਿਖਦਾ ਸੀ। ਮੈਂ ਅਤੇ ਪਿਰਥੀ ਨੇ 1971 ਵਿਚ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ-ਜਥੇਬੰਦ ਕਰਨ ਤੋਂ ਲੈਕੇ ਤੋਂ ਲੈ ਕੇ 1978 ਤਕ ਲਗਾਤਾਰ ਇਕੱਠਿਆਂ ਕੰਮ ਕੀਤਾ। ਅਸੀਂ ਵਿਦਿਆਰਥੀ ਨਾਂ ਦਾ ਮੈਗਜ਼ੀਨ ਵੀ ਯੂਨੀਅਨ ਲਈ ਕੱਢਣਾ ਸ਼ੁਰੂ ਕੀਤਾ। ਮੈਂ ਹੀ ਉਸਦਾ ਸੰਪਾਦਕ ਸਾਂ। ਲਿਖਣ-ਪੜ੍ਹਨ ਦੀ ਰੁਚੀ ਦੀ ਮੇਰੀ ਮੁੱਢਲੀ ਸਿਖਲਾਈ ਪੀ ਐਸ ਯੂ ਵਿਚ ਹੀ ਹੋਈ ਸੀ। ਵਿਦਿਆਰਥੀ ਲਹਿਰ ਦੇ ਜਿੰਨੇ ਉੱਤਰਾ-ਚੜ੍ਹਾਅ ਆਏ , ਉਨ੍ਹਾ ਸਭ ਵਿਚ ਮੈਂ ਤੇ ਰੰਧਾਵਾ ਜਥੇਬੰਦਕ ਤੌਰ 'ਤੇ ਵੀ ਜੁੜੇ ਰਹੇ ਅਤੇ ਸਾਡੀ ਆਪਸ ਵਿਚ ਜ਼ਾਤੀ ਅਤੇ ਪਰਿਵਾਰਕ ਨੇੜਤਾ ਅਤੇ ਸੁਰਮੇਲ ਵੀ ਬਹੁਤ ਸੀ। ਇਸ ਲਈ ਅਨੇਕਾਂ ਯਾਦਾਂ ਉਸ ਨਾਲ ਜੁੜੀਆਂ ਹੋਈਆਂ ਨੇ। ਪਿਰਥੀ ਇੱਕ ਨੇਕ ਦਿਲ ਅਤੇ ਬਹੁਤ ਨਿੱਘਾ ਇਨਸਾਨ ਸੀ , ਬੁੱਧੀਮਾਨ ਇੰਨਾ ਸੀ ਕਿ ਪੰਜਾਬ ਭਰ ਦੀ ਓਸ ਵੇਲੇ ਦੀ ਤਾਕਤਵਰ ਵਿਦਿਆਰਥੀ ਜਥੇਬੰਦੀ ਦੀ ਅਗਵਾਈ ਕਰਦਾ ਹੋਇਆ ਅਤੇ ਆਪਣਾ ਓੜਕਾਂ ਦਾ ਸਮਾਂ ਇਸਦੇ ਜਥੇਬੰਦਕ ਕੰਮ ਵਿਚ ਲਾਉਂਦਾ ਹੋਇਆ ਵੀ ਆਪਣੀ ਬੀ ਐਸ ਸੀ ਅਤੇ ਫਿਰ ਐਮ ਐਸ ਸੀ ਦੀ ਪੜ੍ਹਾਈ ਪੱਖੋਂ ਕਦੇ ਮਾਰ ਨਹੀਂ ਸੀ ਖਾਂਦਾ। ਉਹ ਇੱਕ ਤਕੜਾ ਬੁਲਾਰਾ ਸੀ। ਉਹ ਹਮੇਸ਼ਾ ਸਾਫ਼-ਸੁਥਰੇ ਕੱਪੜੇ ਪਾਕੇ ਰੱਖਣ ਅਤੇ ਬਣ ਫੱਬ ਕੇ ਰਹਿਣ ਦਾ ਆਦੀ ਸੀ।
ਰੰਧਾਵਾ ਉਹ ਸ਼ਖਸ਼ ਸੀ ਜਿਹੜਾ ਨੇਕ ਨੀਅਤ ਨਾਲ , ਆਪਣੇ ਨਿੱਜੀ ਹਿੱਤ ਅਤੇ ਸੁੱਖ-ਆਰਾਮ ਤਿਆਗ ਕੇ ਲੋਕ -ਹਿੱਤਾਂ , ਲੋਕਾਂ ਦੇ ਜਮਹੂਰੀ ਅਤੇ ਸ਼ਹਿਰੀ ਹੱਕਾਂ ਲਈ ਆਖ਼ਰੀ ਦਮ ਤੱਕ ਡਟ ਕੇ ਲੜਦਾ ਰਿਹਾ। ਉਹ ਜਿੰਨੀ ਸੰਜੀਦਗੀ ਨਾਲ ਇਕ ਇਨਕਲਾਬੀ ਵਜੋਂ ਵਿਚਰਦਾ ਸੀ , ਉਨਾ ਉਹ ਮਜ਼ਾਕੀਆ ਵੀ ਸੀ। ਉਸ ਦੀ ਸ਼ਹੀਦੀ ਮੌਕੇ ਉਸਦੀ ਧੀ ਰਿੱਕੀ ਬਹੁਤ ਛੋਟੀ ਸੀ ਜਿਸ ਨੂੰ ਬਾਅਦ ਵਿਚ ਪਿਰਥੀ ਦੀ ਪਤਨੀ ਨੇ ਪਾਲਿਆ -ਪੋਸਿਆ ਅਤੇ ਪੜ੍ਹਾਇਆ-ਲਿਖਾਇਆ। ਸਭ ਤੋਂ ਪਹਿਲਾਂ 1971 ਵਿੱਚ ਜਦੋਂ ਪੀ ਐਸ ਯੂ ਦਾ ਮੁੱਢਲਾ ਢਾਂਚਾ ਬਣਾਇਆ ਗਿਆ ਉਦੋਂ ਰੰਧਾਵਾ ਨੂੰ ਪ੍ਰਧਾਨ ਚੁਣਿਆ ਗਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੁਰਜੀਤ ਸਿੰਘ ਨੂੰ ਸਕੱਤਰ ਅਤੇ ਮੈਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਮੇਰਾ ਖ਼ਿਆਲ ਹੈ ਸੁਰਜੀਤ ਸੰਧੂ ਅੱਜ ਕੱਲ੍ਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਮੈਨੂੰ ਯਾਦ ਹੈ ਇਹ ਪਹਿਲੀ ਮੀਟਿੰਗ ਆਈ ਟੀ ਆਈ ਬਠਿੰਡਾ ਦੇ ਹੋਸਟਲ ਵਿਚ ਹੋਈ ਸੀ। ਮੈਂ ਵੀ ਆਈ ਟੀ ਆਈ ਬਠਿੰਡੇ ਵਿੱਚ ਟ੍ਰੇਨੀ ਸਾਂ। ਇਸ ਤੋਂ ਬਾਦ 1972 ਵਿਚ ਮੈਂ ਰਜਿੰਦਰਾ ਕਾਲਜ ਬਠਿੰਡੇ ਵਿੱਚ ਦਾਖ਼ਲਾ ਲੈ ਲਿਆ ਸੀ। 1972 ਦੇ ਰੀਗਲ ਸਿਨੇਮੇ ਅੱਗੇ ਹੋਈ ਫਾਇਰਿੰਗ ਤੋਂ ਬਾਅਦ ਪੰਜਾਬ ਭਰ ਵਿਚ ਚੱਲਿਆ ਮੋਗਾ ਅੰਦੋਲਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਫੈਲਾਅ ਅਤੇ ਪੈਰ ਜਮਾਉਣ ਲਈ ਇੱਕ ਵੱਡਾ ਸਬੱਬ ਬਣਿਆ। ਇਹ ਐਜੀਟੇਸ਼ਨ ਸ਼ੁਰੂ ਪੀ ਐਸ ਯੂ ਨੇ ਨਹੀਂ ਸੀ ਕੀਤੀ ਪਰ ਇਸਦੀ ਵਾਗਡੋਰ ਪੀ ਐਸ ਯੂ ਨੇ ਆਪਣੇ ਹੱਥ ਵਿਚ ਲੈ ਲਈ ਸੀ। ਲਗਭੱਗ ਦੋ ਮਹੀਨੇ ਤੋਂ ਵੱਧ ਸਮਾਂ ਜਾਰੀ ਰਹੇ ਇਸ ਅੰਦੋਲਨ ਨੇ ਪੀ ਐਸ ਯੂ ਦੀ ਲੀਡਰਸ਼ਿਪ ਅਤੇ ਖ਼ਾਸ ਕਰਕੇ ਪਿਰਥੀ ਪਾਲ ਰੰਧਾਵਾ ਦੀ ਧਾਕ ਜਮਾ ਦਿੱਤੀ।
ਇਸ ਤੋਂ ਬਾਅਦ ਹੋਈ ਸੂਬਾ ਪੱਧਰੀ ਚੋਣ ਵਿਚ ਮੈਨੂੰ ਪੀ ਐਸ ਯੂ ਦਾ ਸੂਬਾ ਪ੍ਰਧਾਨ ਅਤੇ ਅਤੇ ਪਿਰਥੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਖੱਬੀਆਂ ਪਾਰਟੀਆਂ ਅਤੇ ਖੱਬੇ ਪੱਖੀ ਜਥੇਬੰਦੀਆਂ ਵਿਚ ਹਮੇਸ਼ਾਂ ਹੀ ਜਨਰਲ ਸਕੱਤਰ ਦੀ ਪੋਸਟ ਨੂੰ ਉਸੇ ਤਰ੍ਹਾਂ ਮੰਨਿਆਂ ਜਾਂਦਾ ਸੀ ਜਿਵੇਂ ਅੱਜ ਕੱਲ੍ਹ ਕਾਰਪੋਰੇਟ ਸੈਕਟਰ ਦੀਆਂ ਕੰਪਨੀਆਂ ਵਿਚ ਸੀ ਈ ਓ ਦਾ ਸਥਾਨ ਹੁੰਦਾ ਹੈ। ਬਹੁਤੀਆਂ ਖੱਬੇ ਪੱਖੀ ਪਾਰਟੀਆਂ ਦੀ ਰਵਾਇਤ ਅਨੁਸਾਰ ਇਸ ਤੋਂ ਕੁਝ ਦੇਰ ਬਾਅਦ ਅਸੀਂ ਵੀ ਪੰਜਾਬ ਸਟੂਡੈਂਟਸ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਯੂਨੀਅਨ ਵਿੱਚੋਂ ਪ੍ਰਧਾਨ ਦਾ ਅਹੁਦਾ ਹੀ ਖ਼ਤਮ ਕਰ ਦਿੱਤਾ ਸੀ। ਕਤਲ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਤੱਕ ਪਿਰਥੀਪਾਲ ਸਿੰਘ ਰੰਧਾਵਾ ਲਗਾਤਾਰ ਪੀ ਐਸ ਯੂ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਕਰਦੇ ਰਹੇ। ਐੱਮਰਜੈਂਸੀ ਦੌਰਾਨ 1975 ਵਿਚ ਮੇਰੇ ਸਮੇਤ ਪੀ ਐਸ ਯੂ ਦੇ ਸਰਗਰਮ ਆਗੂਆਂ 'ਤੇ ਉਸ ਵੇਲੇ ਦੇ ਕਾਲਾ ਕਾਨੂੰਨ ਡਿਫੈਂਸ ਆਫ ਇੰਡੀਆ ਰੂਲਜ਼ ਐਕਟ ( ਡੀ ਆਈ ਆਰ ) ਲਾ ਕੇ ਵਾਰੰਟ ਕੱਢੇ ਗਏ ਸਨ। ਪਿਰਥੀਪਾਲ ਸਿੰਘ ਰੰਧਾਵਾ ਨੂੰ ਉਸੇ ਐਕਟ ਅਧੀਨ ਡੇਢ ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਬੰਦ ਰਖਿਆ ਗਿਆ ਸੀ। ਪੁਲਿਸ ਹਿਰਾਸਤ ਵਿਚ ਉਸਤੇ ਤਸ਼ੱਦਦ ਵੀ ਕੀਤਾ ਗਿਆ ਅਤੇ ਤਸੀਹੇ ਵੀ ਦਿੱਤੇ ਗਏ ਸਨ। ਹੋਰ ਬਹੁਤ ਸਾਰੀਆਂ ਯਾਦਾਂ ਦੀ ਪਟਾਰੀ ਮੇਰੇ ਕੋਲ ਹੈ। ਇਸ ਨੂੰ ਫੇਰ ਕਦੇ ਇਸੇ ਹੀ ਬਲਾਗ ਵਿੱਚ ਸਾਂਝਾ ਕਰਾਂਗਾ।
(ਨੋਟ: ਬਹੁਤ ਲੰਮਾ ਸਮਾਂ ਬੀਤ ਜਾਣ ਕਰਕੇ ਹੱਡ-ਬੀਤੀ ਦੇ ਜ਼ਿਕਰ ਸਮੇਂ ਅਤੇ ਸਥਾਨ ਪੱਖੋਂ ਕਿਤੇ ਕੋਈ ਉਕਾਈ ਹੋ ਸਕਦੀ ਹੈ, ਇਸ ਲਈ ਮੈਂ ਪਹਿਲਾਂ ਹੀ ਖਿਮਾਂ ਮੰਗ ਲੈਂਦਾ ਹਾਂ-
ਬਲਜੀਤ ਬੱਲੀ ਸੰਪਾਦਕ ਬਾਬੂਸ਼ਾਹੀ ਡਾਟ ਕਾਮ ਚੰਡੀਗੜ੍ਹ, -ਬਾਬੂਸ਼ਾਹੀ ਆਰਕਾਈਵ :20-07- 2015 )
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.