ਕਿਸੇ ਵੀ ਇਨਸਾਨ ਦਾ ਸੁਭਾਅ ਉਸਦੇ ਆਲੇ-ਦੁਆਲੇ 'ਤੇ ਨਿਰਭਰ ਕਰਦਾ ਹੈ। ਆਲੇ-ਦੁਆਲੇ ਤੋਂ ਭਾਵ ਕੇਵਲ ਬਾਹਰੀ ਵਾਤਾਵਰਣ ਜਾਂ ਸਾਡਾ ਆਸ-ਪਾਸ ਹੀ ਨਹੀਂ, ਸਗੋਂ ਇਸ ਤੋਂ ਵੀ ਪਹਿਲਾਂ ਮਾਂ ਦੀ ਕੁੱਖ ਹਰ ਇਨਸਾਨ ਦਾ ਆਲਾ-ਦੁਆਲਾ ਹੁੰਦੀ ਹੈ। ਕੁੱਖ ਵਿਚ ਪਲ ਰਿਹਾ ਬੱਚਾ, ਆਪਣੀ ਮਾਂ ਦੇ ਹਰ ਪ੍ਰਭਾਵ ਨੂੰ ਕਬੂਲਦਾ ਹੈ। ਗਰਭ ਦੌਰਾਨ ਜੋ ਕੁੱਝ ਮਾਂ ਨਾਲ ਵਾਪਰਦਾ ਹੈ, ਉਸਦਾ ਸਿੱਧਾ ਪ੍ਰਭਾਵ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਜ਼ਰੂਰ ਪੈਂਦਾ ਹੈ। ਸੁਭਾਅ ਨੂੰ ਅੰਗਰੇਜ਼ੀ ਵਿਚ ਨੇਚਰ ਕਹਿ ਦਿੰਦੇ ਹਨ। ਨੇਚਰ ਭਾਵ 'ਕੁਦਰਤ'। ਸੋ ਕੁਦਰਤ ਨੇ ਮਨੁੱਖ ਨੂੰ ਜਿਹੋ ਜਿਹੇ ਸੁਭਾਅ ਵਾਲਾ ਬਣਾ ਦਿੱਤਾ, ਉਹ ਉਸੇ ਅਨੁਸਾਰ ਹੀ ਆਪਣਾ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ। ਇਹ ਸੁਭਾਅ ਗਰਭ ਦੇ ਅੰਦਰੋਂ ਹੀ ਬਣ ਕੇ ਆਉਂਦਾ ਹੈ। ਬਾਹਰਲਾ ਵਾਤਾਵਰਣ ਤਾਂ ਉਸ ਸੁਭਾਅ ਵਿਚ ਸਮੇਂ-ਸਮੇਂ ਸਿਰ ਥੋੜ੍ਹਾ-ਮੋਟਾ ਰੰਗ ਭਰਦਾ ਰਹਿੰਦਾ ਹੈ ਪਰ ਬੰਦੇ ਦਾ ਅਸਲੀ ਸੁਭਾਅ ਨਹੀਂ ਬਦਲਦਾ, ਸਿਰਫ ਮੌਕਾਪ੍ਰਸਤ ਜ਼ਰੂਰ ਬਣ ਸਕਦਾ ਹੈ। ਇਹ ਇਕ ਅਟੱਲ ਸਚਾਈ ਹੈ, ਜਿਸਨੂੰ ਅਸੀਂ 'ਮੌਕਾਪ੍ਰਸਤ' ਕਹਿ ਦਿੰਦੇ ਹਾਂ, ਉਹ ਗਲਤ ਜਾਂ ਮਾੜੇ ਨਹੀਂ ਹੁੰਦੇ। ਸਿਰਫ ਉਨ੍ਹਾਂ ਨੂੰ ਪਛਾਨਣ ਵਾਲੇ ਹੀ ਮਾੜੇ ਹੁੰਦੇ ਹਨ, ਜੋ ਕਿਸੇ 'ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਇਨਸਾਨ ਦੇ ਸੁਭਾਅ 'ਚ ਜਿਹੜੇ ਤੱਤ ਭਾਰੂ ਹੁੰਦੇ ਹਨ, ਉਹ ਕਦੇ ਨਹੀਂ ਮਰਦੇ। ਸਾਇੰਸ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਹਰੇਕ ਬੰਦੇ ਦੇ ਸੁਭਾਅ 'ਤੇ ਸੱਤ ਪੀੜ੍ਹੀਆਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ। ਕਈ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਦਾਦੇ ਜਾਂ ਦਾਦੀ ਵਰਗੇ ਹੁੰਦੇ ਹਨ। ਕਈਆਂ 'ਤੇ ਪੜਦਾਦੇ ਜਾਂ ਪੜਨਾਨੇ ਦਾ ਸੁਭਾਅ ਵੀ ਭਾਰੂ ਹੋ ਸਕਦਾ ਹੈ। ਬਾਹਰੀ ਪ੍ਰਸਥਿਤੀਆਂ ਤਾਂ ਸਮੇਂ-ਸਮੇਂ ਬਦਲਦੀਆਂ ਰਹਿੰਦੀਆਂ ਹਨ ਪਰ ਅੰਦਰੂਨੀ ਤੌਰ 'ਤੇ ਇਨਸਾਨ ਨਹੀਂ ਬਦਲਦਾ, ਜਿਵੇਂ ਵਾਰਿਸ ਸ਼ਾਹ ਕਹਿੰਦਾ ਹੈ :- ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਕ ਬੱਚਾ ਛੋਟਾ ਹੁੰਦਾ ਬਹੁਤ ਨਰਮ ਅਤੇ ਸ਼ਰੀਫ਼ ਹੈ। ਉਹ ਵੱਡਾ ਹੋਇਆ ਵੀ ਨਰਮ ਅਤੇ ਸ਼ਰੀਫ਼ ਹੀ ਰਹੇਗਾ। ਹੋ ਸਕਦਾ ਹੈ ਕਿ ਕੁੱਝ ਬਾਹਰੀ ਪ੍ਰਸਥਿਤੀਆਂ ਕਰਕੇ ਉਸਨੂੰ ਕਠੋਰ ਬਣਨਾ ਪੈ ਜਾਵੇ ਪਰ ਕੁੱਝ ਸਮੇਂ ਬਾਅਦ ਜਦ ਉਸਦੀਆਂ ਬਾਹਰੀ ਪ੍ਰਸਥਿਤੀਆਂ ਠੀਕ ਹੋ ਜਾਣਗੀਆਂ ਤਾਂ ਉਹ ਫਿਰ ਆਪਣੇ ਸ਼ਰੀਫ਼ ਅਤੇ ਨਰਮ ਸੁਭਾਅ ਨੂੰ ਨਹੀਂ ਛੱਡਦਾ। ਕਠੋਰ ਹੁੰਦਾ ਹੋਇਆ ਵੀ ਉਹ ਨਰਮਾਈ ਵਰਤੇਗਾ। ਇਸਦੇ ਉਲਟ ਜੇਕਰ ਛੋਟਾ ਬੱਚਾ ਬਹੁਤ ਜ਼ਿੱਦੀ ਜਾਂ ਲੜਾਕਾ ਹੋਵੇਗਾ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਮੌਕਾਪ੍ਰਸਤ ਬਣਨ ਲਈ ਨਰਮ ਜਾਂ ਸ਼ਰੀਫ ਬਣ ਜਾਵੇ ਪਰ ਉਸ ਅੰਦਰਲਾ ਜ਼ਿੱਦੀ ਮਨੁੱਖ ਉਸ ਨੂੰ ਨਹੀਂ ਛੱਡਦਾ।
ਅਸੀਂ ਆਪਣੇ ਆਲੇ-ਦੁਆਲੇ, ਨਰਮ, ਗਰਮ, ਠੰਢੇ, ਮਿੱਠੇ, ਰੁੱਖੇ, ਚੁੱਪ ਕੀਤੇ, ਬੜਬੋਲੇ, ਮਜ਼ਾਕੀਏ, ਟਿੱਚਰੀ, ਲਾਲਚੀ, ਖੁੱਲ੍ਹੇ-ਡੁੱਲ੍ਹੇ, ਮਿਸਕ ਮਿੰਨ੍ਹੇ, ਖ਼ੁਸ਼ਦਿਲ, ਭੌਂਦੂ, ਰੋਣ ਸੂਰਤੇ, ਜ਼ਿੱਦੀ, ਰੋਅਬ ਵਾਲੇ, ਡਰਪੋਕ, ਨਿਡਰ, ਕਾਮੇ, ਕੰਮਚੋਰ, ਕੰਜੂਸ, ਸਾਧ, ਠੱਗ, ਬਦਮਾਸ਼ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੁਭਾਅ ਵਾਲੇ ਲੋਕਾਂ ਨੂੰ ਜਾਣਦੇ ਹਾਂ, ਜੋ ਸਾਰੀ ਉਮਰ ਉਸੇ ਤਰ੍ਹਾਂ ਹੀ ਵਿਚਰਦੇ ਹਨ। ਹੋ ਸਕਦੈ ਕੁੱਝ ਸਮਾਂ ਉਹ ਆਪਣਾ ਮਤਲਬ ਕੱਢਣ ਲਈ ਆਪਣੇ ਆਪ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋਣ ਪਰ ਉਹਨਾਂ ਦਾ ਅੰਦਰੂਨੀ ਸੁਭਾਅ ਜੋ ਉਹਨਾਂ ਨੂੰ ਉਹੀ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ, ਨਹੀਂ ਬਦਲਦਾ। ਸੁਭਾਅ ਜਿਸ 'ਤੇ ਪਰਿਵਾਰਕ ਸੰਸਕਾਰਾਂ ਦਾ ਵੀ ਪ੍ਰਭਾਵ ਪੈਂਦਾ ਹੈ, ਆਲੇ-ਦੁਆਲੇ ਦਾ ਵੀ ਪਰ ਕੋਈ ਵੀ ਇਨਸਾਨ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਨਹੀਂ ਹੁੰਦਾ ਜਾਂ ਇਹ ਕਹਿ ਲਵੋ ਜੇਕਰ ਕਿਸੇ ਦੇ ਸੁਭਾਅ ਨੂੰ ਬਦਲਣ ਦੀ ਕਿਸੇ ਵਿਚ ਤਾਕਤ ਹੁੰਦੀ ਤਾਂ ਦੁਨੀਆਂ 'ਤੇ ਸਭ ਝਗੜੇ-ਝੇੜੇ ਨਿੱਬੜ ਜਾਣੇ ਸਨ। ਉਦਾਹਰਣ ਦੇ ਤੌਰ 'ਤੇ ਅਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ, ਜਿਨ੍ਹਾਂ ਦਾ ਸੁਭਾਅ ਬਹੁਤ ਅੜਬ ਹੁੰਦਾ ਹੈ ਪਰ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਅੜਬ ਸੁਭਾਅ ਵਾਲਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਸਫ਼ਲ ਨਹੀਂ ਹੋਏ ਕਿਉਂਕਿ ਹਰ ਇਨਸਾਨ ਆਪਣੇ ਸੁਭਾਅ ਦਾ ਗੁਲਾਮ ਹੁੰਦਾ ਹੈ। ਜਿਵੇਂ ਕਹਿੰਦੇ ਨੇ 'ਭਾਅ ਬਦਲ ਜਾਂਦੇ ਨੇ, ਸੁਭਾਅ ਨਹੀਂ ਬਦਲਦੇ।'
ਜੇਕਰ ਨੂੰਹ ਆਪਣੀ ਸੱਸ ਦੇ ਸੁਭਾਅ ਨੂੰ ਸਮਝ ਲਵੇ ਕਿ ਇਹਦਾ ਤਾਂ ਸੁਭਾਅ ਹੀ ਹੈ ਕਿ ਇਹਨੇ ਕਿੜ-ਕਿੜ ਕਰੀ ਜਾਣੈ ਤਾਂ ਨੂੰਹ ਬਹੁਤ ਸੌਖੀ ਰਹਿ ਸਕਦੀ ਹੈ। ਅਗਰ ਸੱਸ ਦੀ ਕਿੜ-ਕਿੜ ਤੋਂ ਨੂੰਹ ਕੋਈ ਜਵਾਬ ਦਿੰਦੀ ਹੈ ਤਾਂ ਲੜਾਈ ਵਧ ਜਾਂਦੀ ਹੈ। ਇਸੇ ਪ੍ਰਕਾਰ ਘਰ ਦੇ ਵੱਖ-ਵੱਖ ਜੀਆਂ ਦਾ ਸੁਭਾਅ ਵੱਖਰਾ ਹੁੰਦਾ ਹੈ। ਜੇਕਰ ਸਾਰੇ ਜੀਅ ਇਕ-ਦੂਜੇ ਦੇ ਸੁਭਾਅ ਨੂੰ ਸਮਝ ਕੇ ਵਿਚਰਦੇ ਰਹਿਣ ਤਾਂ ਲੜਾਈ ਝਗੜੇ ਦਾ ਮਤਲਬ ਹੀ ਨਹੀਂ।
ਮਿੱਠ-ਬੋਲੜੇ ਇਨਸਾਨ ਭਾਵੇਂ ਸਭ ਨੂੰ ਵਧੀਆ ਲੱਗਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਮਿੱਠਾ ਬੋਲਣਾ, ਉਹਨਾਂ ਦਾ ਸੁਭਾਅ ਹੀ ਹੋਵੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜਕੱਲ੍ਹ ਹਰ ਸ਼ੋਅਰੂਮ ਜਾਂ ਕਿਸੇ ਪ੍ਰਾਈਵੇਟ ਫਰਮ 'ਤੇ ਰਿਸ਼ੈਪਸ਼ਨ 'ਤੇ ਬੈਠੀ ਲੜਕੀ ਬਹੁਤ ਮਿੱਠਾ ਬੋਲਦੀ ਹੈ। ਜੇਕਰ ਉਹ ਆਪਣੀ ਨਿੱਜੀ ਜ਼ਿੰਦਗੀ ਵਿਚ ਵੀ ਮਿੱਠਾ ਬੋਲਦੀ ਹੈ ਤਾਂ ਉਹਦਾ ਸੁਭਾਅ ਮਿੱਠ-ਬੋਲੜਾ ਹੈ। ਨਹੀਂ ਤਾਂ ਸਿਰਫ ਪ੍ਰੋਫੈਸ਼ਨਲ ਤੌਰ 'ਤੇ ਉਸ ਨੇ ਮਿੱਠੇ ਸੁਭਾਅ ਦਾ ਮਖੌਟਾ ਪਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਅਸੀਂ ਕਿਸੇ ਵੀ ਇਨਸਾਨ ਦੇ ਬਾਹਰੀ ਜਾਂ ਪ੍ਰੋਫੈਸ਼ਨਲ ਸੁਭਾਅ ਨੂੰ ਹੀ ਜਾਣਦੇ ਹਾਂ ਪਰ ਸਿਆਣੇ ਕਹਿੰਦੇ ਹਨ ਕਿ 'ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ'। ਇਹੀ ਕਾਰਨ ਹੈ ਕਿ ਸਾਡੇ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ।
ਖ਼ਾਸ ਕਰਕੇ ਅੱਲ੍ਹੜ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਸਿਰਫ਼ ਬਾਹਰੀ ਦਿਖਾਵੇ ਜਾਂ ਉਤਲੇ ਮਨ 'ਤੇ ਹੀ ਇਕ-ਦੂਜੇ 'ਤੇ ਮਰ ਜਾਂਦੇ ਹਨ ਪਰ ਜਦੋਂ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਹੈ। ਸੋ ਕਿਸੇ ਨੂੰ ਧੋਖੇਬਾਜ਼ ਜਾਂ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਜਿਹੜਾ ਇਨਸਾਨ ਤੁਹਾਡੇ ਨਾਲ ਧੋਖਾ ਕਰਦਾ ਹੈ, ਉਹ ਤਾਂ ਸ਼ੁਰੂ ਤੋਂ ਹੀ ਧੋਖੇਬਾਜ਼ ਸੀ ਪਰ ਤੁਸੀਂ ਉਸਨੂੰ ਪਹਿਚਾਣ ਨਹੀਂ ਸਕੇ। ਨਾਲੇ ਬਾਅਦ ਵਿਚ ਜਦੋਂ ਅਸੀਂ ਹੋਰਨਾਂ ਲੋਕਾਂ ਦੀ ਰਾਏ ਲੈਂਦੇ ਹਾਂ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਫਲਾਣਾ ਤਾਂ ਹੈ ਹੀ ਇਹੋ ਜਿਹਾ ਸੀ। ਇਹ ਤਾਂ ਭਾਈ ਸਾਹਿਬ ਤੁਹਾਡੀ ਗਲਤੀ ਹੈ, ਜਿਹੜਾ ਅਜਿਹੇ ਆਦਮੀ ਨਾਲ....।
ਸੁਭਾਅ ਹੀ ਸਾਡੀ ਸਖ਼ਸ਼ੀਅਤ ਦਾ ਮੁੱਢ ਹੁੰਦਾ ਹੈ। ਜਦੋਂ ਅਸੀਂ ਕਿਸੇ ਬਾਰੇ ਕਿਸੇ ਦੂਸਰੇ ਤੋਂ ਪੁੁੱਛਦੇ ਹਾਂ ਕਿ ਫਲਾਣਾ ਬੰਦਾ ਕਿਹੋ ਜਿਹਾ ਹੈ ਤਾਂ ਉਥੇ ਕਿਸੇ ਇਨਸਾਨ ਦੇ ਕੱਦ-ਕਾਠ, ਗੋਰੇ-ਕਾਲੇ ਰੰਗ ਦੀ ਨਹੀਂ, ਸਭ ਤੋਂ ਪਹਿਲਾਂ ਸੁਭਾਅ ਦੀ ਗੱਲ ਚਲਦੀ ਹੈ ਕਿ ਫਲਾਣਾ ਤਾਂ ਬੜਾ ਚੰਗਾ ਬੰਦਾ, ਸਾਊ ਸੁਭਾਅ ਦਾ ਮਾਲਕ ਜਾਂ ਫਲਾਣਾ ਬੜਾ ਮਾੜਾ ਬੰਦਾ ਹੈ। ਸੋ ਕਹਿਣ ਤੋਂ ਭਾਵ ਸੁਭਾਅ ਇਨਸਾਨ ਦਾ ਮੁੱਢਲਾ ਪਛਾਣ ਚਿੰਨ੍ਹ ਹੈ। ਆਦਮੀ ਆਪਣੇ ਸੁਭਾਅ ਦਾ ਖੱਟਿਆ ਹੀ ਖਾਂਦਾ ਹੈ। ਆਪਣੇ ਸੁਭਾਅ ਨੂੰ ਮਖੌਟੇ ਵਿਚ ਪਾ ਕੇ ਰੱਖਣਾ ਵੀ ਇਕ ਕਲਾ ਹੈ ਪਰ ਕਿਸੇ ਦੇ ਅਸਲ ਸੁਭਾਅ ਨੂੰ ਜਾਣ ਲੈਣਾ, ਉਸ ਤੋਂ ਵੀ ਵੱਡੀ ਕਲਾ ਹੈ। ਸੋ ਇਕ-ਦੂਜੇ ਦੇ ਸੁਭਾਅ ਨੂੰ ਪਛਾਣੋ। ਜੇਕਰ ਕੋਈ ਚੰਗਾ ਹੈ ਤਾਂ ਇਹ ਜਾਣੋ ਕਿ ਉਹ ਚੰਗਾ ਕਿਉਂ ਹੈ? ਜੇਕਰ ਕੋਈ ਮਾੜਾ ਹੈ ਤਾਂ ਇਹ ਜਾਣੋ ਕਿ ਕੀ ਉਹ ਸੱਚਮੁੱਚ ਮਾਂ ਦੀ ਕੁੱਖ 'ਚੋਂ ਹੀ ਅਜਿਹਾ ਸੁਭਾਅ ਲੈ ਕੇ ਪੈਦਾ ਹੋਇਆ ਸੀ ਜਾਂ ਉਸਦੇ ਹਾਲਾਤ ਹੀ ਅਜਿਹੇ ਰਹੇ ਹਨ। ਜਦੋਂ ਅਸੀਂ ਇਕ-ਦੂਜੇ ਦੇ ਸੁਭਾਅ ਨੂੰ ਸਮਝਣ ਵਿਚ ਪਰਪੱਕ ਹੋ ਜਾਵਾਂਗੇ ਤਾਂ ਬਹੁਤ ਝਗੜੇ, ਸ਼ੰਕੇ ਦੂਰ ਹੋ ਜਾਣਗੇ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥੀ ਮਾਹਿਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.