ਸਾਉਣ ਦਾ ਮਹੀਨਾ ਆਇਆ ਸਾਉਣ ਦਾ ਮਹੀਨਾ ਏ
ਰੁੱਸੇ ਨੂੰ ਮਨਾ ਕੇ ਗਲ ਲਾਉਣ ਦਾ ਮਹੀਨਾ ਏ
ਅੰਬਰਾਂ ਤੇ ਜਦੋਂ ਚੜ੍ਹ ਜਾਂਦੀਆਂ ਘਟਾਵਾਂ ਨੇ
ਬੱਚਿਆਂ ਨੂੰ ਰੋਕ ਰੋਕ ਰੱਖਦੀਆਂ ਮਾਵਾਂ ਨੇ
ਨੰਗੇ ਹੋ ਕੇ ਮੀਂਹ ਦੇ ਵਿੱਚ ਨਹਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਸਹੁਰਿਆਂ ਤੋਂ ਕੁੜੀਆਂ ਨੇ ਪੇਕਿਆਂ ਨੂੰ ਆਉਂਦੀਆਂ
ਤੀਆਂ ਲਾਉਂਦੀਆਂ ਤੇ ਰਲ ਕਿੱਕਲੀਆਂ ਪਾਉਂਦੀਆਂ
ਪਿੱਪਲਾਂ ਦੇ ਉੱਤੇ ਪੀਂਘਾਂ ਪਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਇਨ੍ਹਾਂ ਦਿਨਾਂ ਵਿੱਚ ਪੈਂਦੀ ਸੁਸਤੀ ਬੜੀ ਏ
ਅੱਖੀਆਂ ਦੇ ਵਿੱਚ ਨੀਂਦ ਸਦਾ ਰਹਿੰਦੀ ਚੜ੍ਹੀ ਏ
ਸੌਣ ਵਾਲਿਆਂ ਦੇ ਲਈ ਸੌਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਸਾਉਣ ਦੇ ਮਹੀਨੇ ਚ ਆਜ਼ਾਦੀ ਦਾ ਦਿਹਾੜਾ ਆਉਂਦਾ
ਚੇਤੇ ਕਰ ਬੀਤੇ ਤਾਈਂ ਚਿੱਤ ਰਹਿੰਦਾ ਕੁਰਲਾਉਂਦਾ
ਰੂਹਾਂ ਵਿੱਚ ਵੰਡੀਆਂ ਪਵਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਮੋਰ ਪਾਉਂਦੇ ਪੈਲਾਂ ਬਾਗੀਂ ਕੋਇਲ ਗੀਤ ਗਾਉਂਦੀ ਏ
ਮਿੱਟੀ ਦੀ ਮਹਿਕ ਰੂਹਾਂ ਤਾਈਂ ਨਸ਼ਿਆਉਂਦੀ ਏ
ਨੱਚਣ ਟੱਪਣ ਅਤੇ ਗਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਰਿਝਦੀ ਏ ਖੀਰ ਕਿਤੇ ਪੂੜੇ ਪਏ ਨੇ ਪੱਕਦੇ
ਮੀਂਹ ਕਦੋਂ ਪਾਊਗਾ ਨਿਆਣੇ ਰਹਿੰਦੇ ਤੱਕਦੇ
ਗੁਲਗੁਲੇ ਮੱਠੀਆਂ ਪਕਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
ਅੰਬੀਆਂ ਦੇ ਬੂਟਿਆਂ ਤੇ ਪੈ ਜਾਂਦਾ ਬੂਰ ਏ
ਨਰਮੇ ਕਪਾਹਾਂ ਨੂੰ ਵੀ ਚੜ੍ਹਦਾ ਸਰੂਰ ਏ
ਬਾਗਾਂ ਵਿੱਚ ਫੁੱਲ ਬੂਟੇ ਲਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ
'ਟੱਲੇਵਾਲ 'ਸੁਲਝਾਈਏ ਉਲਝੀ ਹੋਈ ਤਾਣੀ ਨੂੰ
ਝੋਨੇ ਦੀ ਫ਼ਸਲ ਪੀ ਜਾਊ ਧਰਤੀ ਦੇ ਪਾਣੀ ਨੂੰ
ਇੱਕ ਦੂਜੇ ਤਾਈਂ ਸਮਝਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਆਇਆ ਸਾਉਣ ਦਾ ਮਹੀਨਾ ਏ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥੀ ਮਾਹਿਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.