ਜਿਹੜੇ ਬੱਚੇ ਜਾਂ ਨੌਜੁਆਨ “ਲਿਓੜ” ਲਫ਼ਜ਼ ਤੋਂ ਨਾ-ਵਾਕਫ਼ ਨੇ ਉਹਨਾ ਦੀ ਜਾਣਕਾਰੀ ਵਾਸਤੇ ਹੈ ਇਹ ਲਿਖਤ। ਫੋਟੋ 'ਚ ਕੰਧ ਤੋਂ ਉਖੜੇ ਹੋਏ ਮਿੱਟੀ ਦੇ ਖਲੇਪੜਾਂ ਨੂੰ ਲਿਓੜ ਕਿਹਾ ਜਾਂਦਾ ਹੈ। ਇੱਕ ਬਚਨ(singular) ਵੀ ਲਿਓੜ ਹੈ ਤੇ ਬਹੁ ਬਚਨ(plural) ਵੀ ਲਿਓੜ ਹੀ ਹੈ। ਕੱਚੀਆਂ ਕੰਧਾਂ ਨੂੰ ਪਹਿਲਾਂ ਤੂੜੀ-ਮਿੱਟੀ ਦੇ ਗਾਰੇ ਨਾਲ ਹੱਥੀਂ ਲਿਪਿਆ ਜਾਂਦਾ ਸੀ ਤੇ ਉਹਦੇ ਉੱਤੇ ਗੋਹੇ-ਮਿੱਟੀ ਦੀ ਲਿਪਾਈ ਕੀਤੀ ਜਾਂਦੀ ਸੀ। ਹੇਠਲੀ ਲਿਪਾਈ ਚ ਕਾਲੀ ਮਿੱਟੀ ਚ ਤੂੜੀ ਰਲ਼ਾਈ ਜਾਂਦੀ ਸੀ ਤੇ ਉਪਰਲੀ ਲਿਪਾਈ ਲਾਲ ਮਿੱਟੀ ਦੀ ਹੁੰਦੀ ਸੀ ।ਕੋਠਿਆਂ ਵਾਲ਼ੀਆਂ ਕੰਧਾਂ ਦੇ ਅੰਦਰਲੇ ਪਾਸੇ ਪਰੋਲ਼ਾ ਵੀ ਫੇਰਿਆ ਜਾਂਦਾ ਸੀ।
ਪਰੋਲ਼ਾ ਚਿੱਕ ਤੇ ਪਾਣੀ ਦੇ ਘੋਲ਼ ਨੂੰ ਆਖਿਆ ਜਾਂਦਾ ਹੈ।ਚੀਕਣੀ ਮਿੱਟੀ ਦੇ ਸਲੇਟੀ ਜਾਂ ਸੀਮੈਂਟ ਰੰਗੇ ਗਾਰੇ ਨੂੰ ਚਿੱਕ ਕਹਿੰਦੇ ਨੇ , ਜੋ ਸਾਡੇ ਪਿੰਡ ਵਾਸੀਆਂ ਨੂੰ ਪੰਡੋਰੀ ਦੀ ਢਾਬ ਤੋਂ ਦਸਤਿਆਬ ਹੁੰਦੀ ਸੀ।ਲੁਦੇਹਾਣਾ-ਫਰੋਜਪੁਰ ਰੋਡ ਮੰਡਿਆਣੀ ਦੇ ਰਾਹ ਤੇ ਡਾਕ ਬੰਗਲੇ ਦੇ ਮਗਰਲੇ ਪਾਸੇ ਪੰਡੋਰੀ ਦੀ ਜੂਹ 'ਚ ਪਹਾੜੀ ਅੱਕਾਂ ਨਾਲ ਘਿਰਿਆ ਹੋਇਆ ਇੱਕ ਟੋਭਾ ਹੁੰਦਾ ਜੀਹਨੂੰ ਪੰਡੋਰੀ ਦੀ ਢਾਬ ਕਹਿੰਦੇ ਹੁੰਦੇ ਸੀ ਤੇ ਇੱਥੇ ਕੋਈ ਪਾਲਤੂ ਡੰਗਰ-ਪਸੂ ਨਹੀਂ ਸੀ ਵਾੜਿਆ ਜਾਂਦਾ , ਅਵਾਰਾ ਡੰਗਰ ਤਾਂ ਉਦੋਂ ਹੁੰਦੇ ਹੀ ਨਹੀਂ ਸੀ ।ਇਸ ਸੁੰਨੇ ਛੱਪੜ ਦਾ ਪਾਣੀ ਜਦੋਂ ਜੇਠ ਮਹੀਨੇ ਚ ਜਦੋਂ ਘਟਦਾ ਸੀ ਤਾਂ ਕੰਢੇ ਤੋਂ ਜਿਹੜਾ ਗਾਰਾ ਨੰਗਾ ਹੁੰਦਾ ਸੀ ਓਹ ਚਿੱਕ ਹੁੰਦਾ ਸੀ, ਸਾਡੇ ਪਿੰਡ ਦੀਆ ਬੀਬੀਆਂ ਕੁੜੀਆਂ ਇਹ ਚਿੱਕ ਘੜਿਆਂ ਜਾਂ ਬਾਲਟੀਆਂ ਚ ਪਾ ਕੇ ਘਰੇ ਲਿਆ ਇਹਨੂੰ ਸੁਕਾ ਲੈਂਦੀਆਂ ਸੀ । ਲੋੜ ਪੈਣ ਤੇ ਸੁੱਕੀ ਚਿੱਕ ਪਾਣੀ ਚ ਘੋਲ਼ ਕੇ ਕੰਧਾਂ ਤੇ ਫੇਰੀ ਜਾਂਦੀ ਸੀ ਇਸ ਘੋਲ਼ ਨੂੰ ਪਰੋਲ਼ਾ ਆਖਿਆ ਜਾਂਦਾ ਸੀ।ਚਿੱਕ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਇਹ ਨਿਰੀ ਧੁੱਦਲ ( clay ) ਦਾ ਗਾਰਾ ਹੁੰਦਾ ਹੈ ।
ਪਰੋਲ਼ੇ ਨਾਲ ਕੰਧਾਂ ਤੇ ਇਓਂ ਸਫਾਈ ਆ ਜਾਂਦੀ ਸੀ ਜਿਵੇਂ ਨਿਰੇ ਸੀਮੈਂਟ ਦਾ ਘੋਲ਼ੂਆ ਫੇਰਿਆ ਹੋਵੇ ।ਕੰਧਾਂ ਕੋਠਿਆਂ ਨੂੰ ਸਉਣ-ਭਾਦੋਂ ਦੇ ਮੀਹਾਂ ਮਗਰੋਂ ਅੱਸੂ-ਕੱਤੇ ਚ ਹਰੇਕ ਸਾਲ ਲਿਪਿਆ ਜਾਂਦਾ ਸੀ ਤੇ ਇਹ ਕੰਮ ਹਰ ਹਾਲਤ ਚ ਦਿਵਾਲੀ ਤੋਂ ਪਹਿਲਾਂ ਨਬੇੜ ਲਿਆ ਜਾਂਦਾ ਸੀ।ਕਿਸੇ ਬੇ-ਅਬਾਦ ਘਰ ਨੂੰ ਜੇ ਲਗਾਤਾਰ ਤਿੰਨ-ਚਾਰ ਸਾਲ ਨਾ ਲਿਪਿਆ ਜਾਵੇ ਓਹਦੀ ਲਿਪਾਈ ਦਾ ਉਪਰਲੀ ਤੈਹ (coat) ਉਖੜਨ ਲਗਦੀ ਹੈ ਤੇ ਫੇਰ ਹੇਠਲੀ ,ਇਸ ਉਖੜਦੀ ਤੈਹ ਨੂੰ ਹੀ ਲਿਓੜ ਆਖਿਆ ਜਾਂਦਾ ਹੈ । ਜਦੋਂ ਕੋਈ ਆਲ਼ਸੀ ਪਰਿਵਾਰ ਹਰੇਕ ਸਾਲ ਘਰ ਨੂੰ ਨਹੀਂ ਸੀ ਲਿੱਪ ਸਕਦਾ ਤਾਂ ਉਹਨੂੰ ਇਹ ਮੇਹਣਾ ਮਾਰਿਆ ਜਾਂਦਾ ਸੀ “ਥੋਡੀਆਂ ਤਾਂ ਕੰਧਾਂ ਦੇ ਵੀ ਲਿਓੜ ਲਹੀ ਜਾਂਦੇ ਨੇ”। ਫੋਟੋ ਚ ਦਿਸ ਰਹੀ ਕੰਧ ਦੀ ਹੇਠਲੀ ਤੂੜੀ ਮਿੱਟੀ ਵਾਲ਼ੀ ਤੈਹ ਵੀ ਲਿਓੜ ਛੱਡ ਰਹੀ ਹੈ।ਮੰਡਿਆਣੀ ਚ ਵਸਦੇ ਇਕੱਲੇ ਕਹਿਰੇ ਤੇ ਸਰੀਰੋਂ ਤੇ ਮਾਲੀ ਪੱਖੋਂ ਆਹਰੀ ਹੋਏ ਇੱਕ ਬਜ਼ੁਰਗ ਦੇ ਘਰ ਲਿਓੜਾਂ ਦੀ ਫੋਟੋ ਮੈਂ ਅੱਜ ਇਸ ਮਕਸਦ ਨਾਲ ਖਿੱਚੀ ਕਿ ਇਹਤੋਂ ਬਾਅਦ ਲਿਓੜ ਵੀ ਕਿਤੇ ਦੇਖਣ ਨੂੰ ਸ਼ਾਇਦ ਨਾ ਮਿਲ਼ ਸਕਣ , ਚਲੋ ਨਿਆਣਿਆਂ ਨੂੰ ਲਿਓੜਾਂ ਦੀ ਜਾਣਕਾਰੀ ਹੀ ਦੇ ਦਿੱਤੀ ਜਾਵੇ । ਕਿਉਂਕਿ ਹੁਣ ਨਾ ਕੱਚੇ ਘਰ ਰਹੇ ਨੇ ਨਾ ਕਾਲ਼ੀਆਂ ਤੇ ਲਾਲ ਮਿੱਟੀਆਂ ਤੇ ਨਾਲੇ ਚਿੱਕ , ਨਾ ਹੀ ਲਿੱਪਣ ਵਾਲ਼ੀਆਂ ।ਘਰਾਂ ਦੀਆਂ ਅਲੋਪ ਹੋ ਚੁੱਕੀਆਂ ਵਸਤਾਂ ਤਾਂ ਕਿਸੇ ਅਜਾਇਬ-ਘਰ ਚ ਦੇਖੀਆਂ ਜਾ ਸਕਦੀਆਂ ਨੇ ਤੇ ਪਰ ਲਿਓੜ ਦੇ ਦਰਸ਼ਣ ਦੁਰਲਭ ਹੋਣਗੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਪੱਤਰਕਾਰ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.