ਹੱਕ ਸੱਚ ਦੀ ਰਖਵਾਲੀ ਵਾਲਾ
ਪਰਚਮ ਹੱਥੀਂ ਆਪ ਪਕੜ ਕੇ
ਆਨੰਦਪੁਰ ਤੋਂ ਡਾਂਡੇ ਮੀਂਡੇ
ਵਾਹੋਦਾਹੀ ਤੁਰਿਆ ਸੂਰਾ।
ਕਹਿਣੀ ਤੇ ਕਂਥਨੀ ਦਾ ਪੂਰਾ।
ਸਿਰਫ਼ ਜਨੇਊ ਜਾਂ ਕਸ਼ਮੀਰੀ
ਤੁਰਿਆ ਨਾ ਉਹ ਪੰਡਿਤਾਂ ਖਾਤਰ।
ਮੇਰਾ ਬਾਬਲ ਤੇਗ ਬਹਾਦਰ।
ਉਹ ਤਾਂ ਭੈ ਵਣਜਾਰਿਆਂ ਨੂੰ
ਇਹ ਕਹਿਣ ਗਿਆ ਸੀ।
ਨਾ ਭੈ ਦੇਣਾ ਨਾ ਭੈ ਮੰਨਣਾ।
ਕੂੜ ਦਾ ਭਾਂਡਾ ਹੱਥੀਂ ਭੰਨਣਾ।
ਆਪ ਤੁਰ ਪਿਆ ਦਿੱਲੀ ਦੇ ਵੱਲ।
ਆਪ ਕਹਾਂਗਾ ਮੈਂ ਆਪਣੀ ਗੱਲ।
ਤਖ਼ਤ ਨਸ਼ੀਨਾਂ ਦੇ ਘਰ ਜਾ ਕੇ
ਲਾਲ ਕਿਲ੍ਹੇ ਦੇ ਦਰ ਦੀਵਾਰਾਂ
ਸ਼ਬਦ ਬਾਣ ਦੇ ਨਾਲ ਠਕੋਰੂੰ।
ਪੱਥਰ ਚਿੱਤ ਨੂੰ ਵੇਖਿਓ ਭੋਰੂੰ।
ਦੀਨ ਬਹਾਨੇ
ਈਨ ਮਨਾਉਣੀ ਨਾ ਹੈ ਮੰਨਣੀ।
ਕੂੜੀ ਕੰਧ ਹੈ ਏਦਾਂ ਭੰਨਣੀ।
ਤਿਲਕ ਜਨੇਊ ਤਸਬੀ ਮਣਕੇ।
ਖ਼ੁਦ ਆਪਣੀ ਰਖਵਾਲੀ ਦੇ ਲਈ
ਜੇ ਅੱਜ ਖੜ੍ਹੇ ਨਾ ਹੋਏ ਤਣ ਕੇ।
ਰੀਂਘਣਹਾਰੇ ਬਣ ਜਾਣੇ
ਇਹ ਨਾਗ ਖੜੱਪੇ।
ਜ਼ੋਰ ਜਬਰ ਦਾ
ਆਲਮ ਪਸਰੂ ਚੱਪੇ ਚੱਪੇ।
ਮੇਰੇ ਧਰਮੀ ਬਾਬਲ ਨੇ
ਇਹ ਠੀਕ ਕਿਹਾ ਸੀ।
ਔਰੰਗਜ਼ੇਬ ਤੂੰ ਬਾਤ ਸਮਝ ਲੈ
ਜੇਕਰ ਜਬਰ ਜਨੇਊ ਕਰਦਾ
ਸੁੰਨਤਧਾਰੀ ਹੁੰਦਾ ਜ਼ੋਰ ਜ਼ੁਲਮ ਤੋਂ ਡਰਦਾ
ਮੈਂ ਤਾਂ ਏਸੇ ਮਾਰਗ ਤੁਰ ਕੇ ਆ ਜਾਣਾ ਸੀ।
ਤਿਲਕਧਾਰੀਆਂ ਨੂੰ ਵੀ ਇਹ
ਸਮਝਾ ਜਾਣਾ ਸੀ।
ਧਰਮ ਕਰਮ ਤਲਵਾਰ ਸਹਾਰੇ
ਪਲਦਾ ਨਹੀਂ ਹੈ।
ਜਿਸ ਬੂਟੇ ਦੀ ਜੜ੍ਹ ਦੇ ਥੱਲੇ
ਕੂੜ ਕੁਫ਼ਰ ਦੀ ਢੇਰੀ ਹੋਵੇ
ਸਦੀਆਂ ਤੀਕਰ ਫ਼ਲਦਾ ਨਹੀਂ ਹੈ।
ਮੇਰੇ ਬਾਬਲ ਸੀਸ ਕਟਾਇਆ
ਤਖ਼ਤਾ ਚੁਣਿਆ
ਤਖ਼ਤ ਨਿਵਾਇਆ।
ਨਾਲੇ ਇਹ ਵੀ ਸਬਕ ਪੜ੍ਹਾਇਆ
ਸਦਾ ਨਹੀਂ ਥਿਰ ਰਹਿੰਦੀ
ਤਾਕਤ ਭਰਮ ਜਾਲ ਹੈ
ਨਿਰੀ ਪੁਰੀ ਬੱਦਲਾਂ ਦੀ ਛਾਇਆ।
ਮਨ ਪੁੱਛਦਾ ਹੈ
ਕਿਹੜਾ ਫੇਰ
ਆਨੰਦਪੁਰੀ ਤੋਂ ਮੁੜ ਕੇ ਧਾਵੇ।
ਤਖ਼ਤ ਤਾਜ ਨੂੰ ਇਹ ਸਮਝਾਵੇ।
ਜਬਰ ਜ਼ੁਲਮ ਜੇ ਹੱਦ ਟੱਪ ਜਾਵੇ
ਖਿਸਕ ਜਾਣ ਏਦਾਂ ਹੀ ਪਾਵੇ।
ਕੁੱਲ ਧਰਤੀ ਦੇ ਵੰਨ ਸੁਵੰਨੇ
ਜੇ ਨਾ ਰਹੇ ਖਿੜੇ ਫੁੱਲ ਪੱਤੀਂਆਂ।
ਕਿੰਜ ਆਵੇਗੀ ਰੁੱਤ ਬਸੰਤੀ
ਵਗਣਗੀਆਂ ਪੌਣਾਂ ਫਿਰ ਤੱਤੀਆਂ।
ਕੂੜ ਅਮਾਵਸ ਕਾਲ਼ਾ ਅੰਬਰ
ਕਿਓਂ ਤਣਦੇ ਹੋ ਏਡ ਆਡੰਬਰ।
ਮੇਰਾ ਬਾਬਲ ਦਿੱਲੀ ਅੰਦਰ
ਅੱਜ ਵੀ ਸਾਨੂੰ ਵੇਖ ਰਿਹਾ ਹੈ।
ਜ਼ੋਰ ਨਾਲ ਹਾਂ ਜਬਰ ਨਾਲ ਹਾਂ।
ਸ਼ਬਦ ਨਾਲ ਹਾਂ ਕਬਰ ਨਾਲ ਹਾਂ।
ਸਿਰ ਤੇ ਸੂਰਜ ਸੱਚ ਦਾ ਚੜ੍ਹਿਆ।
ਸ਼ਬਦ ਸੰਵਾਰਨਹਾਰ ਨਾ ਪੜ੍ਹਿਆ।
ਸਾਡੀ ਹੀ ਅਲਗਰਜ਼ੀ
ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ।
ਹਰ ਵਾਰੀ ਕਿਓਂ ਆ ਕੇ
ਬਾਬਲ ਕਾਜ ਸੰਵਾਰੇ।
ਦੀਨ ਧਰਮ ਦੇ ਰਾਖਿਓ
ਅੰਦਰ ਝਾਤੀ ਮਾਰੋ।
ਜੋ ਗੁਰ ਦੱਸੀ ਵਾਟ ਓਸ ਦੇ
ਰਾਹਾਂ ਵਿੱਚ ਬੁਹਾਰੀ ਮਾਰੋ।
ਆਪੇ ਪੜ੍ਹ ਕੇ ਆਪ ਵਿਚਾਰੋ।
ਬਰਖ਼ੁਰਦਾਰੋ! ਪੁੱਤ ਸਰਦਾਰੋ!
-
ਗੁਰਭਜਨ ਸਿੰਘ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.