ਵਿਆਹ ਤੋਂ ਪਹਿਲਾਂ ਕੁੰਡਲੀਆਂ ਨਹੀਂ, ਮੈਡੀਕਲ ਚੈਕਅੱਪ ਜ਼ਰੂਰੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਮਨੁੱਖ ਭਾਵੇਂ ਚੰਨ 'ਤੇ ਪਹੁੰਚ ਗਿਆ ਪਰ ਸਮਾਜ ਵਿਚ ਪਨਪ ਰਹੀਆਂ ਘਟੀਆ ਰੀਤਾਂ ਅਤੇ ਰੂੜੀਵਾਦੀ ਸੋਚਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ। ਇਸ ਤਰ੍ਹਾਂ ਦੀ ਹੀ ਇਕ ਰੀਤ ਹੈ ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾਉਣੀਆਂ। ਮਤਲਬ ਕਿ ਕਿਸੇ ਦੇ ਗੁਣਾਂ-ਔਗੁਣਾਂ ਨੂੰ ਕੁੰਡਲੀ ਰਾਹੀਂ ਪਰਖ ਕੇ ਦੂਸਰੇ ਦੇ ਗੁਣਾਂ ਔਗੁਣਾਂ ਨਾਲ ਮਿਲਾਉਣਾ ਪਰ ਫਿਰ ਵੀ ਇਸ ਤਰਾਂ ਕੁੰਡਲੀਆਂ ਮਿਲਾ ਕੇ ਕੀਤੇ ਹੋਏ ਵਿਆਹ ਕਿੰਨਾ ਕੁ ਸਿਰੇ ਚੜ੍ਹਦੇ ਹਨ, ਅਸੀਂ ਸਾਰੇ ਜਾਣਦੇ ਹਾਂ।
ਵਿਆਹ ਦੋ ਰੂਹਾਂ ਦਾ ਮਿਲਾਪ ਹੈ ਪਰ ਕਈ ਵਾਰ ਇਹ ਰੂਹਾਂ ਦਾ ਮਿਲਾਪ, ਕੁੰਡਲੀਆਂ ਦੀ ਭੇਂਟ ਚੜ੍ਹ ਜਾਂਦਾ ਹੈ ਅਤੇ ਕਈ ਕੁੰਡਲੀਆਂ ਦੇ ਮਾਰੇ ਅਜੇ ਤੱਕ ਕੁਆਰੇ ਹੀ ਰਹਿ ਗਏ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਇਕ ਮਨੁੱਖ ਦੀ ਸੋਚ ਦੂਸਰੇ ਨਾਲੋਂ ਭਿੰਨ ਹੁੰਦੀ ਹੈ। ਸੁਭਾਅ ਹਮੇਸ਼ਾ ਵੱਖਰੇ ਹੁੰਦੇ ਹਨ ਪਰ ਵਿਆਹ ਤੋਂ ਪਿੱਛੋਂ ਇਕ-ਦੂਜੇ ਨੇ ਸੁਭਾਅ ਨੂੰ ਸਮਝਣਾ ਹੁੰਦਾ ਹੈ। ਅਡਜਸਟ ਹੋਣਾ ਹੁੰਦਾ ਹੈ, ਅਗਰ ਇਹ ਅਡਜਸਟਮੈਂਟ ਨਹੀਂ ਹੁੰਦੀ ਤਾਂ ਗੱਲ ਆ ਕੇ ਤਲਾਕ ਤੱਕ ਪਹੁੰਚ ਜਾਂਦੀ ਹੈ। ਫਿਰ ਸਾਡਾ ਸਮਾਜ ਇਸੇ ਗੱਲ 'ਤੇ ਆ ਕੇ ਗੱਲ ਨੂੰ ਖ਼ਤਮ ਕਰਦਾ ਹੈ ਕਿ ਇਨ੍ਹਾਂ ਦੀਆਂ ਤਾਂ ਕੁੰਡਲੀਆਂ ਨਹੀਂ ਮਿਲਦੀਆਂ। ਪੰਡਿਤ ਨੇ ਕਿਹਾ ਵੀ ਸੀ ਕਿ ਅਗਰ ਇਹ ਵਿਆਹ ਕਰ ਦਿੱਤਾ ਤਾਂ ਸਿਰੇ ਨਹੀਂ ਚੜ੍ਹਨਾ ਪਰ ਕੁੜੀ-ਮੁੰਡਾ ਆਪਣੀਆਂ ਗਲਤੀਆਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਫਿਰ ਕੁੰਡਲੀਆਂ ਦੇ ਚੱਕਰ ਵਿਚ ਫਸ ਜਾਂਦੇ ਹਨ। ਜਦੋਂ ਇਕ ਵਾਰ ਜ਼ਿੰਦਗੀ ਵਿਚ ਠੋਕਰ ਲੱਗ ਜਾਂਦੀ ਹੈ ਤਾਂ ਬੰਦਾ ਵੈਸੇ ਵੀ ਸਿਆਣਾ ਹੋ ਜਾਂਦੈ। ਇਸ ਤਰ੍ਹਾਂ ਦੂਜਾ ਵਿਆਹ ਕਈਆਂ ਦੇ ਰਾਸ ਆ ਜਾਂਦੈ ਅਤੇ ਕਈਆਂ ਦਾ ਟੁੱਟ ਜਾਂਦੈ। ਸੋ ਕਹਿਣ ਤੋਂ ਭਾਵ ਵਿਆਹ ਤੋਂ ਬਾਅਦ ਬੇਸ਼ੱਕ ਮੁੰਡਾ ਜਾਂ ਕੁੜੀ ਦੋਹਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਂਦੀਆਂ ਹਨ, ਇਕ-ਦੂਜੇ ਨੂੰ ਸਮਝਣਾ ਪੈਂਦਾ ਹੈ। ਜੇਕਰ ਨਹੀਂ ਸਮਝਦੇ ਤਾਂ ਵਿਆਹ ਟੁੱਟਦੇ ਰਹਿੰਦੇ ਹਨ, ਤਲਾਕ ਹੁੰਦੇ ਰਹਿੰਦੇ ਹਨ।
ਪਰ ਅੱਜਕੱਲ੍ਹ ਜੋ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿ ਕਈ ਮੁੰਡੇ-ਕੁੜੀਆਂ ਵਿਚ ਸਰੀਰਕ ਜਾਂ ਮਾਨਸਿਕ ਖ਼ਾਮੀਆਂ ਹੁੰਦੀਆਂ ਹਨ। ਜਿਸ ਕਰਕੇ ਵਿਆਹ ਰੂਪੀ ਪਵਿੱਤਰ ਬੰਧਨ ਵਿਚ ਤ੍ਰੇੜਾਂ ਆ ਜਾਂਦੀਆਂ ਹਨ। ਇਹ ਤ੍ਰੇੜਾਂ ਵਧਦੀਆਂ-ਵਧਦੀਆਂ ਤਲਾਕ ਤੱਕ ਪਹੁੰਚ ਜਾਂਦੀਆਂ ਹਨ। ਦੁਨੀਆਂ ਉਤੇ ਕੋਈ ਵੀ ਮਨੁੱਖ ਸੌ ਪ੍ਰਤੀਸ਼ਤ ਤੰਦਰੁਸਤ ਨਹੀਂ। ਮਾੜੀ-ਮੋਟੀ ਤਕਲੀਫ਼ ਹਰ ਕਿਸੇ ਨੂੰ ਹੁੰਦੀ ਹੈ ਪਰ ਕੁੱਝ ਅਜਿਹੀਆਂ ਮਰਜ਼ਾਂ ਜੋ ਜੀਵਨ ਦੇ ਪੰਧ ਵਿਚ ਰੋੜਾ ਬਣ ਜਾਂਦੀਆਂ ਹਨ, ਉਹਨਾਂ ਨੂੰ ਅੱਖੋਂ ਓਹਲੇ ਕਰਨਾ, ਆਪਣੇ ਆਪ ਨਾਲ ਅਤੇ ਆਪਣੇ ਜੀਵਨ ਸਾਥੀ ਨਾਲ ਨਿਰਾ ਧ੍ਰੋਹ ਹੁੰਦਾ ਹੈ। ਸਾਡੇ ਸਮਾਜ ਵਿਚ ਜਿਥੇ ਭਾਨੀ ਮਾਰ ਕੇ ਕਈ ਚੰਗੇ ਭਲੇ ਰਿਸ਼ਤੇ ਬਣਨ ਤੋਂ ਪਹਿਲਾਂ ਤੋੜ ਦਿੱਤੇ ਜਾਂਦੇ ਹਨ, ਉਥੇ ਕਈ ਰਿਸ਼ਤੇ ਅਜਿਹੇ ਗੰਢ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਸਾਡਾ ਸਮਾਜ 'ਨਰੜ ਬਥੇਰੇ' ਕਹਿੰਦਾ ਹੈ। ਪਰ ਇਹ ਲੋਕ ਬੋਲੀ 'ਜੋੜੀਆਂ ਜਗ ਥੋੜੀਆਂ ਨਰੜ ਬਥੇਰੇ' ਉਨ੍ਹਾਂ ਲਈ ਲਿਖੀ ਗਈ ਹੈ, ਜਿਥੇ ਕੱਦ-ਕਾਠ ਜਾਂ ਰੰਗ ਰੂਪ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਗੋਰੀ ਚਿੱਟੀ ਕੁੜੀ ਜਾਂ ਲੰਮ-ਸਲੰਮਾ ਗੱਭਰੂ ਅਸਲੋਂ ਹੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰਨ ਹੁੰਦੇ ਹਨ।
ਬਹੁਤ ਸਾਰੇ ਮੁੰਡੇ-ਕੁੜੀਆਂ ਨੂੰ ਆਪਣੇ ਸਰੀਰਕ ਨੁਕਸਾਂ ਬਾਰੇ ਅਗਾਊਂ ਪਤਾ ਹੁੰਦਾ ਹੈ। ਇਥੇ ਹੀ ਬੱਸ ਨਹੀਂ ਮਾਂ-ਪਿਓ, ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਹੈ ਪਰ ਫਿਰ ਵੀ ਬਹੁਤ ਸਾਰੇ ਰਿਸ਼ਤੇ ਝੂਠ ਬੋਲ ਕੇ ਕਰ ਦਿੱਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਵਿਆਹ ਬੰਧਨ ਬਹੁਤੀ ਦੇਰ ਨਹੀਂ ਕੱਟਦੇ, ਟੁੱਟ ਜਾਂਦੇ ਹਨ। ਕਿਸੇ ਮੁੰਡੇ-ਕੁੜੀ ਦੇ ਅੰਗਹੀਣ ਹੋਣ ਬਾਰੇ ਤਾਂ ਸਾਰੇ ਸਮਾਜ ਨੂੰ ਪਤਾ ਹੁੰਦਾ ਹੈ ਪਰ ਅੰਦਰੂਨੀ ਗੱਲਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਗਰ ਵਿਆਹ ਤੋਂ ਪਹਿਲਾਂ ਅਜਿਹੀਆਂ ਗੱਲਾਂ ਕੁੜੀ ਅਤੇ ਮੁੰਡੇ ਵਾਲਿਆਂ ਵੱਲੋਂ ਬਹਿ ਕੇ ਕਰ ਲਈਆਂ ਜਾਣ ਤਾਂ ਇਸ ਨਾਲ ਆਉਣ ਵਾਲੇ ਰਾਹ ਵਿਚ ਬਹੁਤ ਸਾਰੀਆਂ ਰੁਕਾਵਟਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਹਨ। ਕਿਸੇ ਵੀ ਰੋਗ ਦਾ ਪਤਾ ਤਾਂ ਲੱਗ ਹੀ ਜਾਣਾ ਹੁੰਦੈ ਪਰ ਬਿਹਤਰ ਗੱਲ ਇਹ ਹੈ ਕਿ ਜੇਕਰ ਉਨ੍ਹਾਂ ਗੱਲਾਂ ਦਾ ਖੁਲਾਸਾ ਪਹਿਲਾਂ ਹੀ ਕਰ ਦਿੱਤਾ ਜਾਵੇ।
ਬਹੁਤ ਸਾਰੇ ਅਜਿਹੇ ਰੋਗ ਹੁੰਦੇ ਹਨ, ਜੋ ਜ਼ਿੰਦਗੀ ਦੇ ਰਾਹ ਵਿਚ ਰੁਕਾਵਟ ਨਹੀਂ ਬਣਦੇ ਪਰ ਤਕਲੀਫ਼ ਜ਼ਰੂਰ ਦਿੰਦੇ ਹਨ। ਜਿਨ੍ਹਾਂ ਦਾ ਹੱਲ ਦਵਾਈਆਂ ਨਾਲ ਸਹਿਜੇ ਹੋ ਸਕਦਾ ਹੈ। ਸਾਹ, ਦਮਾ, ਮਿਰਗੀ, ਗਠੀਆ, ਐਲਰਜ਼ੀ, ਡਿਪਰੈਸ਼ਨ ਜਾਂ ਹੋਰ ਇਸ ਤਰ੍ਹਾਂ ਦੇ ਰੋਗ, ਜਿਨ੍ਹਾਂ ਦਾ ਹੱਲ ਸਹਿਜੇ ਹੀ ਦਵਾਈਆਂ ਨਾਲ ਹੋ ਜਾਂਦਾ ਹੈ। ਅਗਰ ਅਜਿਹੀਆਂ ਗੱਲਾਂ ਵਿਆਹ ਤੋਂ ਪਹਿਲਾਂ ਖੋਲ੍ਹ ਲਈਆਂ ਜਾਣ ਤਾਂ ਇਕ-ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਨਹੀਂ ਹੁੰਦੀ। ਨਹੀਂ ਤਾਂ ਇਕ ਧਿਰ ਸਾਰੀ ਉਮਰ ਉਲਾਂਭੇ ਦਿੰਦੀ ਰਹਿੰਦੀ ਹੈ ਕਿ ਮੇਰੇ ਪੱਲੇ ਤਾਂ ਰੋਗੀ/ਰੋਗਣ ਪੈ ਗਿਆ/ਗਈ। ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਕਿ ਦੁਨੀਆਂ ਉਤੇ ਕੋਈ ਮਨੁੱਖ ਸੌ ਪ੍ਰਤੀਸ਼ਤ ਤੰਦਰੁਸਤ ਨਹੀਂ।
ਕਈ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਜੇਕਰ ਵਿਆਹ ਤੋਂ ਪਹਿਲਾਂ ਇਨ੍ਹਾਂ ਰੋਗਾਂ ਬਾਰੇ ਦੂਜੀ ਧਿਰ ਨੂੰ ਪਤਾ ਲੱਗ ਗਿਆ ਤਾਂ ਇਹ ਮੁੰਡਾ ਜਾਂ ਕੁੜੀ ਤਾਂ ਸਾਰੀ ਉਮਰ ਕੁਆਰੇ ਹੀ ਰਹਿ ਜਾਣਗੇ, ਇਨ੍ਹਾਂ ਨਾਲ ਵਿਆਹ ਕੌਣ ਕਰਵਾਏਗਾ ਪਰ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦੂਜੀ ਧਿਰ ਵਾਲੇ ਜਿਨ੍ਹਾਂ ਨਾਲ ਰਿਸ਼ਤਾ ਤੈਅ ਹੋਣ ਜਾ ਰਿਹਾ ਹੈ, ਕੀ ਪਤਾ ਉਸ ਮੁੰਡੇ-ਕੁੜੀ ਨੂੰ ਵੀ ਕੋਈ ਰੋਗ ਹੋਵੇ। ਸੋ ਕਹਿਣ ਤੋਂ ਭਾਵ ਜਦੋਂ ਗੱਲ ਚੱਲੇਗੀ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਛੋਟੀਆਂ-ਮੋਟੀਆਂ ਤਕਲੀਫ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਅਜਿਹੀਆਂ ਤਕਲੀਫ਼ਾਂ ਜਿਵੇਂ ਦੱਸ ਚੁੱਕੇ ਹਾਂ ਕਿ ਜ਼ਿੰਦਗੀ ਦੇ ਰਾਹ ਵਿਚ ਰੁਕਾਵਟ ਬਣ ਜਾਣ ਅਤੇ ਉਹਨਾਂ ਬਾਰੇ ਅਗਾਊਂ ਪਤਾ ਹੋਵੇ ਤਾਂ ਜਾਣ-ਬੁੱਝ ਕੇ ਕਿਸੇ ਨਾਲ ਧ੍ਰੋਹ ਕਰਨਾ ਬਹੁਤ ਵੱਡਾ ਪਾਪ ਹੈ। ਹੋ ਸਕਦੈ ਕਿ ਵਿਆਹ ਤੋਂ ਪਿੱਛੋਂ ਵੀ ਕਿਸੇ ਨੂੰ ਕੁੱਝ ਹੋ ਜਾਵੇ, ਉਹ ਵੱਖਰੀ ਗੱਲ ਹੈ ਪਰ ਵਿਆਹ ਤੋਂ ਪਹਿਲਾਂ, ਹਰੇਕ ਮੁੰਡੇ ਜਾਂ ਕੁੜੀ ਦਾ ਮੈਡੀਕਲ ਚੈਕਅੱਪ ਕਰਵਾਉਣਾ ਸਰਕਾਰੀ ਤੌਰ 'ਤੇ ਲਾਜ਼ਮੀ ਬਣਾਉਣਾ ਚਾਹੀਦਾ ਹੈ। ਜਿਵੇਂ ਵਿਦੇਸ਼ਾਂ ਵਿਚ ਜਾਣ ਲਈ ਮੈਡੀਕਲ ਹੁੰਦਾ ਹੈ, ਬਿਲਕੁਲ ਉਸੇ ਤਰਜ਼ 'ਤੇ ਏਡਜ਼, ਹੈਪਾਟਾਇਟਸ, ਟੀ.ਬੀ., ਦਿਲ ਦੀ ਈ.ਸੀ.ਜੀ., ਦਿਮਾਗ ਦੀ ਈ.ਈ.ਜੀ., ਸੀ.ਟੀ. ਸਕੈਨ ਕਰਵਾਉਣਾ ਜ਼ਰੂਰੀ ਕਰਾਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਬਲੱਡ ਗਰੁੱਪ ਦਾ ਵੀ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਦੋ ਜਣਿਆਂ ਦਾ ਇਕੋ ਜਿਹਾ ਬਲੱਡ ਗਰੁੱਪ ਮਿਲਣਾ ਅਸੰਭਵ ਤਾਂ ਨਹੀਂ ਪਰ ਮੁਸ਼ਕਿਲ ਜ਼ਰੂਰ ਹੈ ਪਰ ਦੋਹਾਂ ਜਣਿਆਂ ਦਾ ਨੈਗੇਟਿਵ ਜਾਂ ਪਾਜ਼ੇਟਿਵ ਗਰੁੱਪ ਇਕ ਹੋਣਾ ਬਹੁਤ ਮਹੱਤਤਾ ਰੱਖਦਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੁੜੀਆਂ ਵਿਚ ਖ਼ਾਸ ਤੌਰ 'ਤੇ ਪੇਟ ਦਾ ਅਲਟਰਾਸਾਊਂਡ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ ਕਿ ਕਈ ਕੁੜੀਆਂ ਦੇ ਬੱਚੇਦਾਨੀ ਜਾਂ ਅੰਡੇਦਾਨੀ ਨਹੀਂ ਹੁੰਦੀ ਜਾਂ ਬੱਚੇਦਾਨੀ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ। ਫਿਰ ਕਿਸੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਹ ਪੁੱਛ ਕੇ ਕਿ ਕੀ ਇਹ ਰੋਗ ਠੀਕ ਹੋ ਸਕਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਮੁੰਡਿਆਂ ਵਿਚ ਵੀਰਜ ਦਾ ਟੈਸਟ ਬਹੁਤ ਜ਼ਰੂਰੀ ਹੈ। ਕਈ ਮੁੰਡੇ ਸੈਕਸ ਪੱਖੋਂ ਤਾਂ ਠੀਕ ਹੁੰਦੇ ਹਨ ਪਰ ਉਹਨਾਂ ਦੇ ਅੰਡਕੋਸ਼ਾਂ ਵਿਚ ਵੀਰਜ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਕਈ ਮੁੰਡੇ ਗਲਤ ਆਦਤਾਂ ਕਰਕੇ ਜਾਂ ਨਸ਼ਿਆਂ ਕਰਕੇ ਨਾਮਰਦ ਹੋ ਚੁੱਕੇ ਹੁੰਦੇ ਹਨ। ਉਹਨਾਂ ਨੂੰ ਡਾਕਟਰ ਦੀ ਸਲਾਹ ਨਾਲ ਚੱਲਣਾ ਚਾਹੀਦਾ ਹੈ। ਅਗਰ ਤਾਂ ਉਹ ਵਿਆਹ ਦੇ ਕਾਬਲ ਹਨ ਤਾਂ ਵਿਆਹ ਕਰਵਾਉਣ, ਨਹੀਂ ਕੁਝ ਦੇਰ ਲਈ ਰੁਕ ਜਾਣਾ ਚਾਹੀਦਾ ਹੈ। ਸੋ ਇਹ ਬਿਮਾਰੀਆਂ ਜੀਵਨ ਦੇ ਪੰਧ ਵਿਚ ਰੁਕਾਵਟਾਂ ਹੀ ਨਹੀਂ ਪਾਉਂਦੀਆਂ, ਸਗੋਂ ਨਵੀਆਂ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ। ਜਿਸ ਕਰਕੇ ਬਹੁਤੇ ਮੁੰਡੇ ਕੁੜੀਆਂ ਵਿਆਹ ਤੋਂ ਪਿੱਛੋਂ ਖ਼ੁਦਕੁਸ਼ੀਆਂ ਕਰ ਜਾਂਦੇ ਹਨ ਜਾਂ ਸਮਾਜਿਕ ਝੇਪ ਕਰਕੇ ਆਪਣੇ ਆਪ ਨੂੰ ਰੋਗਾਂ ਵਿਚ ਗ੍ਰਸਤ ਕਰ ਲੈਂਦੇ ਹਨ।
ਇਸੇ ਤਰ੍ਹਾਂ ਕੁੱਝ ਅਜਿਹੇ ਰੋਗ ਵੀ ਹੁੰਦੇ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦੇ ਹਨ ਅਤੇ ਮੈਡੀਕਲ ਸਾਇੰਸ ਕੋਲ ਇਸਦਾ ਕੋਈ ਹੱਲ ਨਹੀਂ, ਜਿਵੇਂ ਕਿ ਹੇਮੋਫਿਲੀਆ, ਪੌਲੀਸਿਸਟਕ ਕਿਡਨੀ ਡਿਜੀਜ਼, ਪੌਲੀਸਿਸਟਕ ਓਵਰੀਜ਼, ਪਾਗਲਪਣ, ਜਿਨ੍ਹਾਂ ਦਾ ਰੋਗੀ ਨੂੰ ਪਤਾ ਹੁੰਦਾ ਹੈ, ਨੂੰ ਦੱਸ ਕੇ ਜਾਂ ਹੱਲ ਕਰਕੇ ਹੀ ਵਿਆਹ ਕਰਵਾਉਣਾ ਚਾਹੀਦਾ ਹੈ। ਵਿਆਹ ਨੂੰ ਸਿਰਫ਼ 'ਰੋਟੀ ਪੱਕਦੀ ਹੋਜੂ' ਜਾਂ 'ਸੈਕਸ' ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਵਿਚ ਹੀ ਜੀਵਨ ਦੀਆਂ ਖ਼ੁਸ਼ੀਆਂ ਹਨ। ਵਿਆਹ ਤਾਂ 'ਏਕ ਜੋਤਿ ਦੁਇ ਮੂਰਤੀ' ਦਾ ਸੰਕਲਪ ਹੈ।
ਜੇਕਰ ਕਿਸੇ ਰੋਗ ਕਰਕੇ, ਤੁਹਾਨੂੰ ਜਾਂ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਪ੍ਰਤੀ ਸਾਰੀ ਉਮਰ ਨਫ਼ਰਤ ਨਾਲ ਗੁਜ਼ਾਰਨੀ ਪਵੇ ਤਾਂ ਇਸ ਤੋਂ ਬਿਹਤਰ ਹੈ ਕਿ ਵਿਆਹ ਬੰਧਨ ਵਿਚ ਬੱਝਣਾ ਹੀ ਨਹੀਂ ਚਾਹੀਦਾ, ਸਗੋਂ ਹੋਰ ਕਿਸੇ ਸਮਾਜਿਕ ਕੰਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦੇਣੀ ਚਾਹੀਦੀ ਹੈ।
ਕਈ ਮੁੰਡੇ ਕੁੜੀਆਂ ਦੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣ ਜਾਂਦੇ ਹਨ। ਬੇਸ਼ੱਕ ਇਸਦੀ ਜਾਂਚ ਖ਼ਾਸ ਕਰਕੇ ਕੁੜੀਆਂ ਵਿਚ ਤਾਂ ਕੀਤੀ ਜਾ ਸਕਦੀ ਹੈ ਪਰ ਵਿਗਿਆਨੀ ਇਸ ਗੱਲ ਦੀ ਖੋਜ ਵੀ ਕਰ ਰਹੇ ਹਨ ਕਿ ਬਹੁਤ ਸੌਖੇ ਢੰਗ ਨਾਲ ਮੁੰਡੇ ਜਾਂ ਕੁੜੀ ਦਾ ਇਹ ਪਤਾ ਲਗਾਇਆ ਜਾ ਸਕੇ ਕਿ ਕੀਹਨੇ-ਕੀਹਨੇ ਕਿਸ ਉਮਰ ਵਿਚ ਸਰੀਰਕ ਸੰਬੰਧ ਕਾਇਮ ਕੀਤੇ ਕਿਉਂਕਿ ਭਾਰਤ ਵਰਗੇ ਦੇਸ਼ ਵਿਚ ਇਹ ਬਹੁਤ ਵੱਡੀ ਸਮੱਸਿਆ ਹੈ। ਖ਼ਾਸ ਕਰਕੇ ਜਦ ਕਿਸੇ ਕੁੜੀ ਦੇ ਵਿਆਹ ਤੋਂ ਪਹਿਲਾਂ ਦੇ ਸਰੀਰਕ ਸੰਬੰਧਾਂ ਦਾ ਪਤਾ ਚਲਦੈ ਤਾਂ ਗੱਲ ਮਰਨ-ਮਾਰਨ ਤੱਕ ਆ ਜਾਂਦੀ ਹੈ।
ਸੋ ਸਮੂਹ ਸੁਹਿਰਦ ਪਾਠਕਾਂ ਨੂੰ ਕਲੱਬਾਂ ਵਾਲਿਆਂ ਨੂੰ, ਸਮਾਜਿਕ ਸੰਸਥਾਵਾਂ ਅਤੇ ਇਥੋਂ ਤੱਕ ਕਿ ਵੂਮੇਨ ਸੈੱਲ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਤਲਾਕ ਦਾ ਮਾਮਲਾ ਆਉਂਦਾ ਹੈ ਤਾਂ ਉਥੇ ਸਭ ਤੋਂ ਪਹਿਲਾਂ ਮੈਡੀਕਲ ਚੈਕਅੱਪ ਜ਼ਰੂਰ ਕਰਵਾਇਆ ਜਾਵੇ। ਬਿਹਤਰ ਗੱਲ ਇਹ ਹੈ ਕਿ ਸਰਕਾਰੀ ਤੌਰ 'ਤੇ ਇਕ ਮੈਡੀਕਲ ਟੈਸਟ ਹੋਣਾ ਚਾਹੀਦਾ ਹੈ, ਜਿਸ ਉਤੇ ਡਾਕਟਰ ਵੱਲੋਂ ਵਿਆਹ ਲਈ ਫਿੱਟ ਹੋਣ ਦਾ ਸਰਟੀਫਿਕੇਟ ਦਿੱਤਾ ਜਾਵੇ। ਜਿਥੇ ਇਸ ਨਾਲ ਨਾਬਾਲਗ ਉਮਰ ਵਿਚ ਹੋ ਰਹੇ ਵਿਆਹਾਂ ਨੂੰ ਰੋਕਿਆ ਜਾ ਸਕਦਾ ਹੈ, ਉਥੇ ਤੰਦਰੁਸਤ ਅਤੇ ਨਰੋਏ ਸਮਾਜ ਦੀ ਬਿਹਤਰੀ ਲਈ ਵੀ ਇਹ ਇਕ ਸਾਰਥਿਕ ਯਤਨ ਸਿੱਧ ਹੋਵੇਗਾ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥੀ ਮਾਹਿਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.