ਇਹ ਇੱਕ ਬੇ-ਅਬਾਦ ਹੋਏ “ਢੱਟ” ਰੇਲਵੇ ਸਟੇਸ਼ਨ ਦੀ ਇੱਕ ਕਮਰੇ ਵਾਲ਼ੀ ਇਮਾਰਤ ਹੈ ,ਲੁਧੇਆਣਾ-ਫ਼ਿਰੋਜ਼ਪੁਰ ਰੇਲਵੇ ਲਾਇਨ ਤੇ ਲੁਦੇਹਾਣਿਓਂ 24 ਕਿਲੋਮੀਟਰ ਦੂਰ ਮੁੱਲਾਂਪੁਰ ਟੱਪ ਕੇ। ਇਹਨੂੰ ਢੱਟ ਤੇ ਬੋਪਾਰਾਇ ਕਲਾਂ ਪਿੰਡ ਵਾਲ਼ਿਆਂ ਨੇ ਬੜਾ ਜ਼ੋਰ ਲਾ ਕੇ ਬਣਵਾਇਆ ਸੀ। ਇਹਦਾ ਉਦਘਾਟਨ ਕੱਤੇ ਦੀ ਪੁੰਨਿਆਂ ਤੇ ਗੁਰੂ ਨਾਨਕ ਸਾਹਿਬ ਦੀ ਜਨਮ ਸ਼ਤਾਬਦੀ ਵਾਲੇ ਦਿਨ 1969 ਨੂੰ ਹੋਇਆ ਸੀ ਬਕਾਇਦਾ ਇੱਕ ਸਮਾਗਮ ਦੌਰਾਨ, ਗੁਰੂ ਗਰੰਥ ਸਾਹਿਬ ਦੀ ਸਵਾਰੀ ਲਿਆ ਕੇ ਦੇਗ ਵਰਤਾਈ ਗਈ ਸੀ।
ਸਟੇਸ਼ਨ ਮਨਜ਼ੂਰ ਕਰਾਉਣ ਖ਼ਾਤਰ ਉਸ ਮੌਕੇ ਢੱਟ ਪਿੰਡ ਦੇ ਸਰਪੰਚ ਸ੍ਰ ਬਚਨ ਸਿੰਘ, ਇਸੇ ਪਿੰਡ ਦੇ ਹੀ ਰੇਲਵੇ ਦੀ ਫ਼ਿਰੋਜ਼ਪੁਰ ਡਵੀਜਨ ਚ ਮੁਲਾਜ਼ਮਤ ਕਰਦੇ ਸ੍ਰ ਬੂੜ ਸਿੰਘ, ਬੋਪਾਰਾਏ ਕਲਾਂ ਦੇ ਗਿਆਨੀ ਹਰਭਜਨ ਸਿੰਘ ਤੇ ਪੰਡੋਰੀ ਦੇ ਹੀ ਇੱਕ ਰੇਲਵੇ ਮੁਲਾਜ਼ਮ ਸ੍ਰ ਸਵਰਨ ਸਿੰਘ ਬੀਰ ਜੀ ਨੂੰ ਕਈ ਗੇੜੇ ਦਿੱਲੀ ਦੇ ਲਾਉਣੇ ਪਏ ਸੀ ਜਿੱਥੇ ਉਨਾਂ ਦਾ ਮੱਦਦਗਾਰ ਬੋਪਾਰਾਏ ਪਿੰਡ ਦਾ ਸ਼੍ਰੀ ਹਰੀ ਚੰਦ ਰੇਲਵੇ ਹੈਡਕੁਆਟਰ ਚ ਇਨਸਪੈਕਟਰ ਲੱਗਿਆ ਹੋਇਆ ਸੀ।ਮਨਜ਼ੂਰੀ ਤੋਂ ਬਾਅਦ ਪਲੇਟ ਫ਼ਾਰਮ ਲਈ ਮਿੱਟੀ ਦਾ ਭਰਤ ਤੇ ਟਿਕਟਾਂ ਦੀ ਵਿਕਰੀ ਖ਼ਾਤਰ ਕਮਰਾ ਵੀ ਪਿੰਡ ਵਾਲਿਆਂ ਨੇ ਹੀ ਉਸਾਰਿਆ ਸੀ।ਟਿਕਟਾਂ ਕੱਟਣ ਵਾਲਾ ਕੋਈ ਮੁਲਾਜ਼ਮ ਵੀ ਰੇਲਵੇ ਕੰਨੀਓਂ ਨਹੀਂ ਸੀ।
ਢੱਟ ਪਿੰਡ ਦੇ ਹੀ ਸ੍ਰ ਅਮਰ ਸਿੰਘ ਨੂੰ ਟਿਕਟਾਂ ਕੱਟਣ ਦੀ ਜ਼ੁਮੇਵਾਰੀ ਸੌਂਪੀ ਗਈ ਸੀ, ਟਿਕਟਾਂ ਮੁਲਾਂਪੁਰੋਂ ਲਿਆਉਣੀਆਂ ਪੈਂਦੀਆਂ ਸੀ । ਟਿਕਟਾਂ ਕੱਟਣ ਵਾਲੇ ਨੂੰ ਰੇਲਵੇ ਵੱਲੋਂ ਕੁਝ ਕਮਿਸ਼ਨ ਮਿਲਦਾ ਸੀ ਇਸਤੋਂ ਇਲਾਵਾ ਪਿੰਡ ਵੱਲੋਂ ਤਿੰਨ ਕੁਇੰਟਲ ਕਣਕ ਹਾੜੀ ਨੂੰ ਤੇ ਤਿੰਨ ਕੁਇੰਟਲ ਮੱਕੀ ਸਾਉਣੀ ਨੂੰ ਦਿੱਤੀ ਜਾਂਦੀ ਸੀ।ਕਿਸੇ ਰੇਲ ਗੱਡੀ ਦਾ ਸਟੌਪੇਜ ਜਾਰੀ ਰੱਖਣ ਦੀ ਮਹਿਕਮੇ ਵੱਲਿਓਂ ਸ਼ਰਤ ਇਹ ਸੀ ਕਿ ਉਸ ਰੇਲ ਗੱਡੀ ਦੇ ਇੱਕ ਸਟੌਪੇਜ ਖ਼ਾਤਰ ਟਿਕਟਾਂ ਦੀ ਵਿੱਕਰੀ ਸਾਢੇ ਚਾਰ ਰੁਪੱਈਏ ਤੋਂ ਘਟਣੀ ਨਹੀਂ ਚਾਹੀਦੀ।ਪਰ ਸੁੱਖ ਨਾਲ ਸੋਹਣੀ ਸਵਾਰੀ ਪੈਣ ਲੱਗ ਪਈ ਸੀ ਬੋਪਾਰਾਏ, ਸ਼ੇਖੂਪੁਰਾ, ਮੋਰਕਰੀਮਾ ਤੇ ਪੰਡੋਰੀ ਦੀ । ਪੰਡੋਰੀ ਵਾਲੇ ਚਾਹੁੰਦੇ ਸੀ ਕਿ ਸਟੇਸ਼ਨ ਪੰਡੋਰੀ ਵਾਲੇ ਪਾਸੇ ਬਣੇ ਪਰ ਉੱਥੇ ਰੇਲ ਲਾਇਨ ਚ ਮੋੜ ਪੈਣ ਕਰਕੇ ਇਹ ਨਾ ਹੋ ਸਕਿਆ ।
ਸਟੇਸ਼ਨ ਚਾਲੂ ਹੋਣ ਤੋਂ ਤਿੰਨ ਚਾਰ ਸਾਲ ਮਗਰੋਂ ਕਿਸੇ ਵਜਾਹ ਕਰਕੇ ਸ੍ਰ ਅਮਰ ਸਿੰਘ ਨੇ ਟਿਕਟਾਂ ਕੱਟਣ ਵਾਲੀ ਜ਼ੁਮੇਵਾਰੀ ਛੱਡ ਦਿੱਤੀ ਤੇ ਰਿਟਾਇਰ ਕੰਨ੍ਹਗੋ ਸ੍ਰ ਪਿਆਰਾ ਸਿੰਘ ਨੇ ਇਹ ਡਿਊਟੀ ਸੰਭਾਲ਼ ਲਈ। ਪਿਆਰਾ ਸਿੰਘ ਦੀ ਗ਼ੈਰਹਾਜ਼ਰੀ ਚ ਮਾਸਟਰ ਨੰਦ ਸਿੰਘ ਤੇ ਸ੍ਰ ਹਰਜਿੰਦਰ ਸਿੰਘ (ਬੇਟਾ ਸਰਪੰਚ ਬਚਨ ਸਿੰਘ) ਵੀ ਟਿਕਟਾਂ ਵਾਲੀ ਡਿਊਟੀ ਨਿਭਾ ਦਿੰਦੇ ਸੀ।ਦੋ ਰੇਲ ਗੱਡੀਆਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਤੇ ਦੋ ਹੀ ਲੁਦੇਹਾਣੇ ਨੂੰ ਜਾਣ ਵਾਲੀਆਂ ਇੱਥੇ ਖੜਦੀਆਂ ਹੁੰਦੀਆਂ ਸੀ । ਹਾਲਟ ਸਟੇਸ਼ਨ ਹੋਣ ਕਰਕੇ ਇੱਥੇ ਕਾਂਟੇ (ਸਿਗਨਲ) ਨਹੀਂ ਸੀ ਹੁੰਦੇ , ਕਦੇ ਕਧਾਰ ਰੇਲ ਗੱਡੀ ਦੇ ਡਰੈਵਰ ਗੱਡੀ ਰੋਕਣੀ ਹੀ ਭੁੱਲ ਜਾਂਦੇ ਸੀ, ਫੇਰ ਲਾਲ ਝੰਡੀ ਦਿਖਾ ਕੇ ਪਹਿਲਾਂ ਗੱਡੀ ਰੁਕਵਾਈ ਜਾਂਦੀ ਸੀ ਤੇ ਬੈਕ ਕਰਾ ਕੇ ਪਲੇਟ ਫ਼ਾਰਮ ਤੇ ਵਾਪਸ ਲਿਆਈ ਜਾਂਦੀ ਸੀ।ਜਦੋਂ ਕਿਤੇ ਰੇਲ ਗੱਡੀਓਂ ਉੱਤਰੀਆਂ ਬਹੁਤੀਆਂ ਸਵਾਰੀਆਂ ਕੋਲ ਆਪਦੇ ਪਿੰਡਾਂ ਤੱਕ ਜਾਣ ਕੋਈ ਮੁਸ਼ਕਲ ਪੇਸ਼ ਆਉਂਦੀ ਸੀ ਤਾਂ ਢੱਟ ਨਿਵਾਸੀ ਆਪਣੇ ਟ੍ਰੈਕਟਰ ਟਰਾਲੀਆਂ ਜ਼ਰੀਏ ਉਨਾਂ ਦੀ ਮੱਦਦ ਕਰਦੇ ਹੁੰਦੇ ਸੀ।ਅੰਤ ਨੂੰ ਇਹ ਰੇਲਵੇ ਸਟੇਸ਼ਨ ਠੀਕ 18 ਸਾਲ ਚੱਲਣ ਮਗਰੋਂ ਨਵੰਬਰ 1987 ਨੂੰ ਬੰਦ ਹੋ ਗਿਆ । ਬੰਦ ਕਿਓਂ ਹੋਇਆ ਇਹਦੇ ਪਿੱਛੇ ਕਈ ਥਿਊਰੀਆਂ ਸਾਹਮਣੇ ਆਈਆਂ ਨੇ ਪਰ ਕਿਸੇ ਨਿਰਪੱਖ ਜ਼ਰੀਏ ਤੋਂ ਤਸਦੀਕ ਨਾ ਹੋ ਸਕਣ ਕਰਕੇ ਕੁਝ ਨਹੀਂ ਆਖਿਆ ਜਾ ਸਕਦਾ ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਪੱਤਰਕਾਰ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.