ਬੱਚੇ ਵਿਚਾਰੇ ਕੀ ਕਰਨ?
ਬੱਚੇ ਕਿਸੇ ਵੀ ਦੇਸ਼ ਜਾਂ ਕੌਮ ਦਾ ਭਵਿੱਖ ਹੁੰਦੇ ਹਨ, ਅੱਜ ਦੇ ਬੱਚੇ ਕੱਲ੍ਹ ਦੇ ਨੇਤਾ
ਕਿਸੇ ਨੇ ਆਖਿਆ ਹੈ ਕਿ ਬੱਚੇ ਦਾ ਮਨ ਕੋਰੇ ਕਾਗ਼ਜ਼ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਜੋ ਪਹਿਲਾਂ ਉੱਕਰ ਗਿਆ, ਬੱਚਾ ਉਸੇ ਅਨੁਸਾਰ ਹੀ ਢਲ ਜਾਂਦਾ ਹੈ। ਘਰ, ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ ਅਤੇ ਹਰ ਮਾਂ ਹਰ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਪਰ ਅੱਜ ਦੇ ਭੱਜ-ਨੱਠ ਵਾਲੇ ਮਾਹੌਲ ਵਿਚ ਘਰਾਂ ਦਾ ਮਾਹੌਲ ਵੀ ਬਦਲ ਚੁੱਕਾ ਹੈ। ਸੰਯੁਕਤ ਪਰਿਵਾਰ ਛੋਟੇ-ਛੋਟੇ ਪਰਿਵਾਰਾਂ ਵਿਚ ਵੰਡੇ ਗਏ ਹਨ। ਅਜਿਹੇ ਵਿਚ ਬੱਚਿਆਂ ਦੀ ਮਾਨਸਿਕਤਾ ਵੀ ਸੁੰਗੜ ਕੇ ਰਹਿ ਗਈ ਹੈ।
ਪਹਿਲਾਂ-ਪਹਿਲਾਂ ਤਾਂ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਹਿਰਾਂ ਨਾਲੋਂ ਪਿੰਡਾਂ ਦਾ ਮਾਹੌਲ ਹਾਲੇ ਵਧੀਆ ਹੈ, ਜਿੱਥੇ ਜੁਆਕ 'ਕੱਠੇ ਖੇਡ ਲੈਂਦੇ ਨੇ ਪਰ ਹੁਣ ਪਿੰਡਾਂ ਦਾ ਮਾਹੌਲ ਵੀ ਵਧੀਆ ਨਹੀਂ ਰਿਹਾ।
ਇਕ ਸਮਾਂ ਸੀ, ਜਦ ਗਲੀ-ਗੁਆਂਢ ਦੇ ਬੱਚੇ ਇਕੱਠੇ ਹੋ ਕੇ ਗਲੀਆਂ ਵਿਚ ਖੇਡਦੇ, ਇਕ-ਦੂਜੇ ਦੇ ਘਰਾਂ ਵਿਚ ਜਾ ਲੁਕਦੇ, ਲੁਕਣ ਮੀਚੀ ,ਚੋਰ ਸਿਪਾਹੀ , ਛੂਹਣ-ਛਲਾਕੀ, ਬਾਂਦਰ ਕੀਲਾ ਵਰਗੀਆਂ ਖੇਡਾਂ, ਜਿਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ, ਉਥੇ ਕੁਦਰਤੀ ਤੌਰ 'ਤੇ ਕਸਰਤ ਵੀ ਹੋ ਜਾਇਆ ਕਰਦੀ ਸੀ। ਅਜਿਹੀਆਂ ਖੇਡਾਂ ਖੇਡਦੇ ਬੱਚਿਆਂ ਨੂੰ ਵਧੀਆ ਭੁੱਖ ਲੱਗਣੀ ਅਤੇ ਤੰਦਰੁਸਤੀ ਬਣੀ ਰਹਿੰਦੀ ਸੀ। ਹੌਲੀ-ਹੌਲੀ ਅਜਿਹੀਆਂ ਪੇਂਡੂ ਬਾਲ-ਖੇਡਾਂ ਦਾ ਰੂਪ ਬਦਲਦਾ-ਬਦਲਦਾ ਕ੍ਰਿਕਟ ਤੱਕ ਆ ਪਹੁੰਚਿਆ ਪਰ ਹੁਣ ਪਿੰਡਾਂ ਜਾਂ ਸ਼ਹਿਰਾਂ ਦੀਆਂ ਗਲੀਆਂ ਵਿਚ ਖੇਡਣ ਵਾਲੇ ਬੱਚੇ ਬਹੁਤ ਘੱਟ ਨਜ਼ਰੀਂ ਪੈਂਦੇ ਹਨ ਕਿਉਂਕਿ ਇਕ ਤਾਂ ਮਾਹੌਲ ਬਦਲ ਗਏ, ਦੂਸਰਾ ਟੈਲੀਵਿਜ਼ਨ, ਵੀਡੀਓ ਗੇਮਾਂ, ਮੋਬਾਈਲ ਅਤੇ ਇੰਟਰਨੈੱਟ ਨੇ ਬੱਚਿਆਂ ਦਾ ਨਾਤਾ ਖੇਡਾਂ ਨਾਲੋਂ ਤੋੜ ਦਿੱਤਾ। ਖ਼ਾਸ ਕਰਕੇ ਛੋਟੀਆਂ ਬੱਚੀਆਂ ਨੂੰ ਤਾਂ ਮਾਪੇ ਘਰਾਂ ਵਿਚੋਂ ਬਾਹਰ ਕੱਢਣ ਤੋਂ ਗੁਰੇਜ਼ ਕਰਦੇ ਹਨ। ਮਾਪਿਆਂ ਦਾ ਡਰ ਵੀ ਜਾਇਜ਼ ਹੈ ਕਿਉਂਕਿ ਰੋਜ਼ਾਨਾ ਅਖ਼ਬਾਰਾਂ ਵਿਚ ਖ਼ਬਰਾਂ ਜੋ ਆਉਂਦੀਆਂ ਹਨ, ਜਿਥੇ ਕਿ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ।
ਛੋਟੇ ਬੱਚਿਆਂ ਨੂੰ ਘਰਾਂ ਵਿਚ ਤਾੜ ਕੇ ਰੱਖਣ ਦਾ ਦੌਰ ਜ਼ੋਰ ਫੜਦਾ ਜਾ ਰਿਹਾ ਹੈ। ਘਰਾਂ ਵਿਚ ਰਹਿ ਕੇ ਬੱਚੇ ਟੀ.ਵੀ. ਜਾਂ ਕੰਪਿਊਟਰ ਵੇਖਣ ਦੀ ਜ਼ਿੱਦ ਕਰਦੇ ਹਨ ਪਰ ਮਾਪੇ ਬੱਚਿਆਂ ਨੂੰ ਝਿੜਕਦੇ ਰਹਿੰਦੇ ਹਨ, ''ਤੁਸੀਂ ਸਾਰਾ ਦਿਨ ਟੀ.ਵੀ. ਮੂਹਰੇ ਬੈਠੇ ਰਹਿੰਦੇ ਓ, ਪੜੂ ਥੋਡਾ ਬਾਪ।'' ਅਜਿਹੀਆਂ ਝਿੜਕਾਂ ਬੱਚੇ ਅਕਸਰ ਖਾਂਦੇ ਹਨ।
ਇਕੱਲੇ ਪਰਿਵਾਰਾਂ ਵਿਚ ਦਾਦਾ-ਦਾਦੀ ਦਾ ਸਾਥ ਵੀ ਬੱਚਿਆਂ ਨੂੰ ਨਸੀਬ ਨਹੀਂ ਹੁੰਦਾ। ਨਹੀਂ ਤਾਂ ਵਿਹਲੇ ਦਾਦਾ-ਦਾਦੀ ਆਪਣੇ ਪੋਤੇ-ਪੋਤੀਆਂ ਨੂੰ ਕੋਈ ਕਹਾਣੀ ਜਾਂ ਬਾਤ ਹੀ ਸੁਣਾਉਂਦੇ ਅਤੇ ਬੱਚੇ ਦਾ ਮਨ-ਪ੍ਰਚਾਵਾ ਵੀ ਹੋ ਜਾਂਦਾ ਹੈ। ਨਾਲ ਹੀ ਬੱਚੇ ਨੂੰ ਚੰਗੀ ਸਿੱਖਿਆ ਮਿਲਦੀ ਹੈ ਪਰ ਮੌਜੂਦਾ ਦੌਰ ਵਿਚ ਇਹ ਸਭ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਈਆਂ ਹਨ।
ਮਾਪਿਆਂ ਕੋਲ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੁੰਦਾ। ਨੌਕਰੀਪੇਸ਼ਾ ਮਾਪੇ ਤਾਂ ਬੱਚਿਆਂ ਦੀਆਂ ਆਦਤਾਂ, ਹਰਕਤਾਂ ਆਦਿ ਤੋਂ ਜਿਵੇਂ ਅਣਜਾਣ ਹੀ ਹੁੰਦੇ ਹਨ। ਇਕ ਦਿਨ ਮੇਰੇ ਕੋਲ ਇਕ ਮਾਂ ਆਪਣੇ ਬੱਚੇ ਨੂੰ ਦਵਾਈ ਲੈਣ ਆਈ। ਬੱਚੇ ਦੀਆਂ ਗੱਲਾਂ ਨੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ, ਪੰਜ ਸਾਲ ਦਾ ਬੱਚਾ ਮੈਨੂੰ ਕਹਿੰਦਾ, ''ਅੰਕਲ, ਮੇਰੇ ਮੰਮੀ-ਡੈਡੀ ਮੈਨੂੰ ਖੇਡਣ ਨਹੀਂ ਦਿੰਦੇ। ਜਦ ਮੈਂ ਘਰੋਂ ਬਾਹਰ ਜਾਂਦਾ ਹਾਂ ਤਾਂ ਮੈਨੂੰ ਡਰਾ ਕੇ ਅੰਦਰ ਬੁਲਾ ਲੈਂਦੇ ਨੇ। ਜਦ ਮੈਂ ਘਰੇ ਬੈਠਾ ਟੀ.ਵੀ. ਜਾਂ ਕੰਪਿਊਟਰ ਦੇਖਦਾ ਹਾਂ ਤਾਂ ਮੈਨੂੰ ਕਹਿ ਦਿੰਦੇ ਨੇ, ਸਾਰਾ ਦਿਨ ਦੇਖੀ ਜਾਨੈ, ਪਤਾ ਉਦੋਂ ਲੱਗੂ ਜਦੋਂ ਨਿਗ੍ਹਾ ਘਟ ਗਈ। ਤੁਸੀਂ ਦੱਸੋ ਮੈਂ ਕੀ ਕਰਾਂ?''
ਉਸ ਬੱਚੇ ਦੀਆਂ ਗੱਲਾਂ ਮੈਨੂੰ ਬੜਾ ਕੁਝ ਸੋਚਣ ਨੂੰ ਮਜ਼ਬੂਰ ਕਰਦੀਆਂ ਹਨ। ਇਹ ਸਮੱਸਿਆ ਸਿਰਫ਼ ਇਕ ਬੱਚੇ ਦੀ ਨਹੀਂ, ਸਗੋਂ ਬਹੁ-ਗਿਣਤੀ ਬੱਚੇ ਇਸਦੇ ਸ਼ਿਕਾਰ ਹਨ। ਮਾਪਿਆਂ ਨੂੰ ਆਪਣੀ ਔਲਾਦ ਪ੍ਰਤੀ ਫ਼ਿਕਰਮੰਦ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਰੁਚੀਆਂ ਅਤੇ ਬਾਲ-ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ।
ਹੁਣ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਕਿਉਂਕਿ ਕਰੋਨਾ ਸੰਕਟ ਦੇ ਦੌਰਾਨ ਸਕੂਲ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਹਨ ਅਤੇ ਬੱਚੇ ਘਰਾਂ ਵਿੱਚ ਤੜੇ ਹੋਏ ਹਨ। ਕਰਫਿਊ ਦੌਰਾਨ ਤਾਂ ਬਿਲਕੁਲ ਵੀ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਕੱਢਿਆ ਗਿਆ ਤੇ ਹਾਲੇ ਵੀ ਮਾਪੇ ਇੰਨੇ ਡਰੇ ਹੋਏ ਹਨ ਕਿ ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਦੂਸਰਾ ਆਨਲਾਈਨ ਕਲਾਸਾਂ ਨੇ ਬੱਚਿਆਂ ਨੂੰ ਮੋਬਾਇਲ ਦੇ ਆਦੀ ਬਣਾ ਦਿੱਤਾ ਹੈ 'ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ' ਬੱਚੇ ਤਾਂ ਪਹਿਲਾਂ ਹੀ ਨਹੀਂ ਮਾਣ ਸਨ ਪਰ ਹੁਣ ਮੋਬਾਈਲ ਦੀ ਜ਼ਰੂਰਤ ਨੇ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਮੋਬਾਇਲ ਦਾ ਨਸ਼ੇ ਵਾਂਗ ਆਦੀ ਬਣਾ ਦਿੱਤਾ ਹੈ ।ਇਸ ਨਾਲ ਬੱਚਿਆਂ ਦੀਆਂ ਅੱਖਾਂ ਤੇ ਵੀ ਅਸਰ ਪੈ ਰਿਹਾ ਹੈ ਤੇ ਸੁਭਆ ਵੀ ਚਿੜਚਿੜਾ ਹੋ ਰਿਹਾ ਹੈ ਸਰੀਰਕ ਵਿਕਾਸ ਵਿੱਚ ਵੀ ਬਦਲਾਅ ਆ ਰਿਹਾ ਹੈ ।ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਬੱਚਿਆਂ ਪ੍ਰਤੀ ਬਹੁਤ ਹੀ ਪਿਆਰ ,ਨਰਮਾਈ ਅਤੇ ਸਾਵਧਾਨੀ ਨਾਲ ਪੇਸ਼ ਆਉਣਾ ਚਾਹੀਦਾ ਹੈ ।ਆਪਣੇ ਜ਼ਰੂਰੀ ਕੰਮਾਂ ਨੂੰ ਛੱਡ ਕੇ ਬੱਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਬੱਚੇ ਹੀ ਮਾਪਿਆਂ ਦੀ ਅਸਲ ਕਮਾਈ ਹਨ ।
12 ਜੁਲਾਈ , 2020
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.