ਸੇਵਾਮੁਕਤੀ ਮੌਤ ਵਾਂਗੂੰ ਇੱਕ ਅਟੱਲ ਸੱਚਾਈ ਹੈ...
ਸਰਕਾਰੀ ਛੁੱਟੀ ਦਾ ਦਿਨ ਸੀ। ਸਾਰਾ ਪਰਿਵਾਰ ਘਰੇ ਇਕੱਠੇ ਹੋਏ ਸਾਂ। ਸਵੇਰ ਦੀ ਸੈਰ ਲਈ ਘਰੋਂ ਨਿਕਲਦਿਆਂ ਮਨ ਅੰਦਰੇ ਅੰਦਰ ਬੱਚਿਆਂ ਨਾਲ ਦਿਨ ਬਿਤਾਉਣ ਦੀਆਂ ਬੁਣਤਾਂ ਬੁਣੀ ਜਾਵੇ। ਚੰਡੀਗੜ੍ਹ ਦੀ ਨੈਤਿਕਤਾ ਦੀ ਪਾਲਣਾ ਕਰਦਿਆਂ ਬਿਨਾ ਕਿਸੇ ਹੋਰ ਵੱਲ ਤੱਕੇ ਮੈਂ ਸੈਰ ਕਰੀ ਜਾ ਰਿਹਾ ਸੀ। ਅਜੇ ਕੁਝ ਕਦਮ ਹੀ ਤੁਰਿਆ ਹੋਵਾਂਗਾ ਕਿ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਪਰਤ ਕੇ ਵੇਖਿਆ ਤਾਂ ਇੱਕ ਬੁਜੁਰਗ ਆਦਮੀ ਹੱਥ ਵਿੱਚ ਨਿੱਕੀ ਸੋਟੀ ਫੜੀ ਤੁਰਿਆ ਆ ਰਿਹਾ ਸੀ। ਹੈਰਾਨ ਜਿਹਾ ਹੁੰਦਿਆਂ ਮੈਂ ਵੀ ਫਤਿਹ ਬੁਲਾ ਦਿੱਤੀ ਪਰ ਮੈਨੂੰ ਉਨਾ ਦੀ ਪਛਾਣ ਨਾ ਆਈ। ਉਹਨਾਂ ਮੇਰੀ ਸਰਕਾਰੀ ਗੱਡੀ ਉੱਪਰ ਜੜੇ ਤਾਰਿਆਂ ਦਾ ਹਵਾਲਾ ਦਿੰਦਿਆਂ ਮੇਰੇ ਅਹੁਦੇ ਦਾ ਜ਼ਿਕਰ ਕਰਕੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ ਸੀ। ਇਕ ਪਲ ਸੋਚਿਆ, "ਕੌਣ ਹੋ ਸਕਦੇ ਨੇ, ਫੋਰਸ ਚੋਂ ਰਿਟਾਇਰ ਹੋਏ ਜਾਪਦੇ ਨੇ।" ਸੋ, ਗੱਲੀਂ ਬਾਤੀਂ ਪਤਾ ਲੱਗਾ ਕੇ ਇਹ ਤਾਂ ਪੰਜਾਬ ਪੁਲਿਸ ਵਿੱਚ ਡਾਇਰੈਕਟਰ ਜਨਰਲ ਆਫ ਪੁਲਿਸ ਰਿਟਾਇਰ ਹੋਏ ਹਨ ਅਤੇ ਸਾਡੇ ਬੈਚ ਦੀ ਪਾਸਿੰਗ ਆਊਟ ਪਰੇਡ ਵਿੱਚ ਬਤੌਰ ਮੁੱਖ ਮਹਿਮਾਨ ਵੀ ਪਧਾਰੇ ਸਨ।
ਤੁਰਦੇ ਤੁਰਦੇ ਅਸੀਂ ਦੋਵੇਂ ਜਣੇ ਸਮਾਜ ਵਿੱਚ ਡਿੱਗ ਰਹੀ ਪੇਸ਼ੇਵਰਤਾ ਅਤੇ ਨੈਤਿਕਤਾ ਉੱਪਰ ਕਾਫੀ ਚਿਰ ਗੱਲਬਾਤ ਕਰਦੇ ਰਹੇ। ਫਿਰ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਅਤੇ ਮੈਨੂੰ ਅਲਵਿਦਾ ਤੇ ਸ਼ੁਭਕਾਮਨਾਵਾਂ ਕਹਿੰਦੇ ਹੋਏ ਅੱਗੇ ਚੱਲ ਪਏ।
ਮੈਂ ਮਹਿਸੂਸ ਕੀਤਾ ਕਿ ਸਮੇਂ ਦੇ ਨਾਲ ਨਾਲ ਉਹਨਾਂ ਦੀ ਸਿਹਤ 'ਤੇ ਪੈਂਦਾ ਅਸਰ ਸਾਫ ਨਜ਼ਰ ਆ ਰਿਹਾ ਸੀ ਅਤੇ ਅਹੁਦੇ ਦੀ ਚਮਕ ਵੀ ਫਿੱਕੀ ਪੈ ਚੁੱਕੀ ਸੀ। ਉਨਾ ਦੀ ਔਲਾਦ ਵਿਦੇਸ਼ਾਂ ਵਿੱਚ ਵੱਸ ਜਾਣ ਕਾਰਣ ਸ਼ਾਇਦ ਉਹ ਹੋਰ ਵੀ ਕਮਜ਼ੋਰ ਅਤੇ ਇਕੱਲਾਪਣ ਮਹਿਸੂਸ ਕਰ ਰਹੇ ਸਨ।
ਮਨ ਹੀ ਮਨ ਮੈਂ ਸੁਚੇਤ ਜਿਹਾ ਹੋਇਆ ਸੋਚ ਰਿਹਾ ਸਾਂ ਕਿ ਸੇਵਾਮੁਕਤੀ ਮੌਤ ਵਾਂਗੂੰ ਇੱਕ ਅਟੱਲ ਸੱਚਾਈ ਹੈ, ਜਿਸਦਾ ਸਾਹਮਣਾ ਹਰ ਇੱਕ ਨੂੰ ਕਰਨਾ ਹੀ ਪਵੇਗਾ।ਹਮਦਰਦੀ ਨਾਲ ਮੈਂ ਉਹਨਾਂ ਨੂੰ ਹੌਲੀ ਹੌਲੀ ਤੁਰਦੇ ਜਾਂਦੇ ਵੇਖ ਕੇ ਇੰਝ ਮਹਿਸੂਸ ਕੀਤਾ ਜਿਵੇਂ ਮੇਰਾ ਆਪਣਾ ਭਵਿੱਖ ਮੇਰੇ ਸਾਹਮਣੇ ਚੱਲ ਫਿਰ ਰਿਹਾ ਹੋਵੇ!
ਸੋ,ਕਿਸੇ ਨੇ ਸੱਚ ਹੀ ਕਿਹਾ ਹੈ, ਖੇਡ ਤੋਂ ਬਾਅਦ, ਰਾਜਾ ਅਤੇ ਪਿਆਦਾ ਦੋਨੇ ਇੱਕੋ ਬਕਸੇ ਵਿਚ ਚਲੇ ਜਾਂਦੇ ਹਨ!!
-
ਐਸ.ਪੀ.ਐਸ ਪਰਮਾਰ, ਆਈ.ਪੀ.ਐਸ
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.