ਮਨੁੱਖੀ ਸਰੀਰ ਅੰਦਰ ਘਟ ਰਹੀ, ਕੈਲਸ਼ੀਅਮ ਦੀ ਮਾਤਰਾ - ਚਿੰਤਾ ਦਾ ਵਿਸ਼ਾ, ਦੱਸ ਰਹੇ ਨੇ ਡਾ. ਅਮਨਦੀਪ ਟੱਲੇਵਾਲੀਆ
ਜਿਥੇ (ਖੂਨ ਦੀ ਕਮੀ) ਅਨੀਮੀਆ ਇਸ ਦੇਸ਼ ਦੀ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ, ਉਥੇ ਮਨੁੱਖੀ ਸਰੀਰ ਵਿਚ ਘਟ ਰਹੀ ਕੈਲਸ਼ੀਅਮ ਦੀ ਮਾਤਰਾ ਵੀ ਇਕ ਚਿੰਤਾ ਦਾ ਵਿਸ਼ਾ ਹੈ। ਕੈਲਸ਼ੀਅਮ ਸਾਡੀਆਂ ਹੱਡੀਆਂ ਵਿਚ ਪਾਇਆ ਜਾਣ ਵਾਲਾ ਪ੍ਰਮੁੱਖ ਤੱਤ ਹੈ, ਭਾਵ ਕਿ ਸਰੀਰ ਦਾ ਢਾਂਚਾ ਸਿਰਫ ਹੱਡੀਆਂ ਸਹਾਰੇ ਹੈ ਅਤੇ ਇਹ ਹੱਡੀਆਂ ਕੈਲਸ਼ੀਅਮ ਤੇ ਫਾਸਫੋਰਸ ਸਹਾਰੇ। ਪਰ ਕੈਲਸ਼ੀਅਮ ਦੀ ਮਾਤਰਾ ਵੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਕਮਰ ਦਰਦ, ਹੱਡੀਆਂ ਦਾ ਕਮਜ਼ੋਰ ਹੋ ਕੇ ਮੁੜ ਜਾਣਾ, ਲੱਤਾਂ ਬਾਹਾਂ ਦਾ ਦਰਦ, ਹੱਡੀਆਂ ਦੇ ਪਟਾਕੇ ਪੈਣੇ, ਨਹੁੰਆਂ ਦਾ ਟੁੱਟਣਾ, ਹੱਥਾਂ ਪੈਰਾਂ ਚ ਸੁੰਨਾਪਨ ,ਛੋਟੇ ਕੱਦ ਜਾਂ ਹੱਡੀ ਟੁੱਟਣ ਤੋਂ ਬਾਅਦ ਦੇਰ ਨਾਲ ਹੱਡੀ ਜੁੜਨੀ ਆਦਿਕ ਗੰਭੀਰ ਸਮੱਸਿਆਵਾਂ ਹਨ, ਜੋ ਕੈਲਸ਼ੀਅਮ ਦੀ ਘਾਟ ਕਾਰਨ ਪੈਦਾ ਹੁੰਦੀਆਂ ਹਨ।
ਕੈਲਸ਼ੀਅਮ ਘਟਣ ਦੇ ਕਾਰਨ :
(੧)ਵਿਟਾਮਿਨ ਡੀ ਦੀ ਕਮੀ ਕਰਕੇ ਖੂਨ ਵਿਚ ਕੈਲਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ ਕਿਉਂਕਿ ਵਿਟਾਮਿਨ ਡੀ ਭੋਜਨ ਵਿੱਚੋਂ ਕੈਲਸ਼ੀਅਮ ਨੂੰ ਸੋਖ ਕੇ ਖ਼ੂਨ ਵਿੱਚ ਪਹੁੰਚਾਉਂਦਾ ਹੈ ਵਿਟਾਮਿਨ ਡੀ ਦੀ ਘਾਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਸੂਰਜ ਦੀ ਤਪਸ਼ ਸਹਿਣ ਤੋਂ ਇਨਕਾਰੀ ਹੋ ਚੁੱਕੇ ਹਾਂ ਵਿਦੇਸ਼ਾਂ ਵਿੱਚ ਤਾਂ ਲੋਕ ਐਤਵਾਰ ਨੂੰ ਸਨ ਡੇ (sun day)ਦੇ ਤੌਰ ਤੇ ਮਨਾਉਂਦੇ ਹਨ ਬੀਚਾਂ ਦੇ ਕਿਨਾਰੇ ਨੰਗ ਧੜੰਗੇ ਹੋ ਕੇ ਸੂਰਜ ਦੀਆਂ ਕਿਰਨਾਂ ਦਾ ਆਨੰਦ ਮਾਣਦੇ ਹਨ ਪਰ ਅਸੀਂ ਕੁਦਰਤ ਵੱਲੋਂ ਬਖ਼ਸ਼ੀ ਇਸ ਨਿਆਮਤ ਤੋਂ ਵਾਂਝੇ ਹੋ ਰਹੇ ਹਾਂ ਅਤੇ ਇਸੇ ਕਾਰਨ ਵਿਟਾਮਿਨ ਡੀ ਦੀਆਂ ਗੋਲੀਆਂ ਅਤੇ ਟੀਕਿਆਂ ਤੇ ਪਾਲਣ ਜੋਗੇ ਰਹਿ ਗਏ ਹਾਂ।
(੨)ਫਿਲਟਰ ਵਾਲਾ ਪਾਣੀ ਜਿੱਥੇ ਪਾਣੀ ਵਿਚਲੀਆਂ ਅਸ਼ੁੱਧੀਆਂ ਨੂੰ ਖਤਮ ਕਰਦਾ ਹੈ ਉੱਥੇ ਪਾਣੀ ਵਿਚਲੇ ਪਾਏ ਜਾਣ ਵਾਲੇ ਤੱਤ ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੰਦਾ ਹੈ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਲੋਕ ਫਿਲਟਰ ਵਾਲੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਵਿੱਚ ਕੈਲਸ਼ੀਅਮ ਦੀ ਮਾਤਰਾ ਦਿਨੋ ਦਿਨ ਘੱਟਦੀ ਜਾ ਰਹੀ ਹੈ ਵਿਗਿਆਨੀ ਤਾਂ ਇਹ ਵੀ ਮੰਨਦੇ ਹਨ ਕਿ ਪਾਣੀ ਨੂੰ ਉਬਾਲ ਕੇ ਪੀਣ ਨਾਲ ਵੀ ਕੈਲਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ ਇਸ ਸਮੱਸਿਆ ਦੇ ਹੱਲ ਲਈ ਪਾਣੀ ਨੂੰ ਘੜੇ ਵਿੱਚ ਪਾ ਕੇ ਪੀਤਾ ਜਾਵੇ ਜਿੱਥੇ ਘੜਾ ਫਿਲਟਰ ਦਾ ਕੰਮ ਕਰਦਾ ਹੈ ਉਥੇ ਮਿੱਟੀ ਦਾ ਬਣਿਆ ਹੋਣ ਕਰਕੇ ਕੈਲਸ਼ੀਅਮ ਦੀ ਮਾਤਰਾ ਵੀ ਪੂਰੀ ਹੁੰਦੀ ਰਹਿੰਦੀ ਹੈ।
(੩)ਕੈਲਸ਼ੀਅਮ ਦੀ ਘਾਟ ਦਾ ਮੁੱਖ ਕਾਰਨ ਹੈ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ, ਜਿਵੇਂਕਿ ਕੈਲਸ਼ੀਅਮ ਦਾ ਮੁੱਖ ਸਰੋਤ ਦੁੁੁੱਧ, ਅੰਡਾ, ਮੀਟ-ਮੱਛੀ ਹੈ ਪਰ ਇਨ੍ਹਾਂ ਵਿਚੋਂ ਇਕ ਵੀ ਚੀਜ਼ ਖਾਲਸ ਨਹੀਂ ਰਹੀ। ਦੁੱਧ ਦਾ ਤਾਂ ਪਤਾ ਹੀ ਹੈ ਕਿ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਹੈ ਜਾਂ ਜਿਹੜੇ ਲੋਕ ਆਪਣੇ ਘਰ ਦਾ ਦੁੱਧ ਇਸਤੇਮਾਲ ਕਰਦੇ ਹਨ, ਉਹ ਪਸ਼ੂਆਂ ਨੂੰ ਕਿਹੋ ਜਿਹੀ ਫੀਡ ਪਾਉਂਦੇ ਹਨ। ਅਜਿਹੀ ਫੀਡ ਨਾਲ ਜਿਹੋ ਜਿਹਾ ਦੁੱਧ ਪੈਦਾ ਹੁੰਦਾ ਹੈ, ਉਹੀ ਅਸੀਂ ਪੀਂਦੇ ਹਾਂ। ਇਹੋ ਕਾਰਨ ਹੈ ਕਿ ਦੁੱਧ, ਦਹੀਂ, ਲੱਸੀ, ਪਨੀਰ ਜਿੰਨਾ ਮਰਜ਼ੀ ਖਾਓ ਪਰ ਫਿਰ ਵੀ ਪਤਾ ਨਹੀਂ ਕਿਧਰ ਜਾਂਦਾ ਹੈ। ਬਹੁਤੇ ਮੁੰਡੇ-ਕੁੜੀਆਂ ਤਾਂ ਦੁੱਧ-ਦਹੀਂ ਖਾ ਕੇ ਰਾਜ਼ੀ ਹੀ ਨਹੀਂ। ਉਹਨਾਂ ਵਿਚ ਤਾਂ ਕੈਲਸ਼ੀਅਮ ਦੀ ਘਾਟ ਰਹੇਗੀ ਹੀ। ਦੇਸੀ ਅੰਡੇ ਹੁਣ ਭਾਲੇ ਨਹੀਂ ਥਿਆਉਂਦੇ, ਫਾਰਮੀ ਅੰਡੇ ਖਾ ਕੇ ਸਿਰਫ ਭੁਸ ਪੂਰਾ ਕਰ ਲਿਆ ਜਾਂਦਾ ਹੈ ਪਰ ਜਿੰਨੇ ਤੱਤ ਦੇਸੀ ਅੰਡੇ ਵਿਚ ਹਨ, ਫਾਰਮੀ ਅੰਡਾ ਤਾਂ ਸਿਰਫ ਇਕ ਸੁਆਦ ਪੂਰਾ ਕਰਦਾ ਹੈ। ਉਸ ਵਿਚ ਦੇਸੀ ਅੰਡੇ ਦੇ ਮੁਕਾਬਲੇ ਤੱਤਾਂ ਦੀ ਬਹੁਤ ਘਾਟ ਹੁੰਦੀ ਹੈ। ਇਸ ਤੋਂ ਇਲਾਵਾ ਮੱਛੀ ਜਾਂ ਮੀਟ ਦੀ ਵਰਤੋਂ ਔਰਤਾਂ ਤਾਂ ਬਹੁਤ ਹੀ ਘੱਟ ਕਰਦੀਆਂ ਹਨ। ਕੁੱਝ ਕੁ ਬਣਾਉਣ ਦੀਆਂ ਮਾਰੀਆਂ ਜਾਂ ਧਾਰਮਿਕ ਬੰਧਨਾਂ 'ਚ ਬੱਝੀਆਂ ਹੋਣ ਕਰਕੇ ਬਹੁਤ ਔਰਤਾਂ ਮੀਟ, ਅੰਡੇ, ਮੱਛੀ ਨੂੰ ਹੱਥ ਲਾਉਣ ਤੋਂ ਵੀ ਡਰਦੀਆਂ ਹਨ। ਇਹੀ ਕਾਰਨ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਕੈਲਸ਼ੀਅਮ ਦੀ ਘਾਟ ਵਧੇਰੇ ਪਾਈ ਜਾਂਦੀ ਹੈ ਅਤੇ ਔਰਤਾਂ ਵਿਚ ਹੀ ਮਰਦਾਂ ਦੇ ਮੁਕਾਬਲੇ ਕਮਰ ਦਰਦ ਜਾਂ ਹੱਡੀਆਂ ਦੀ ਕਮਜ਼ੋਰੀ ਜ਼ਿਆਦਾ ਪਾਈ ਜਾਂਦੀ ਹੈ। ਇਸਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ,ਬਰੌਕਲੀ ਵਿਚ ਵੀ ਕੈਲਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਪਰ ਪਾਲਕ ਨੂੰ ਰਸਾਇਣਕ ਖਾਦ ਜਾਂ ਸਪਰੇਅ ਤੋਂ ਬਿਨਾਂ ਤਿਆਰ ਕਰਕੇ ਹੀ ਉਸ ਵਿਚਲੇ ਤੱਤਾਂ ਨੂੰ ਸੰਭਾਲਿਆ ਜਾ ਸਕਦਾ ਹੈ।
ਫਲ ਜਿਵੇਂ ਕਿ ਕੇਲਾ ,ਪਪੀਤਾ ਆਦਿ ਵਿਚ ਵੀ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਅੱਜਕੱਲ੍ਹ ਫਲ ਵੀ ਮਸਾਲੇ ਬਗੈਰ ਤਿਆਰ ਨਹੀਂ ਹੁੰਦੇ।
ਬਦਾਮ ਅਤੇ ਖਜੂਰ ਵੀ ਕੈਲਸ਼ੀਅਮ ਦੇ ਵਧੀਆ ਸ੍ਰੋਤ ਹਨ।
ਕਹਿਣ ਤੋਂ ਭਾਵ ਹੈ ਕਿ ਅਸੀਂ ਆਪਣੇ ਸਰੀਰ ਦੀ ਸੰਭਾਲ ਲਈ ਯਤਨ ਤਾਂ ਵਧੇਰੇ ਕਰਦੇ ਹਾਂ। ਤਰ੍ਹਾਂ-ਤਰ੍ਹਾਂ ਦੇ ਮੀਟ, ਮੱਛੀਆਂ, ਫਲ, ਸਬਜ਼ੀਆਂ ਵਰਤਦੇ ਹਾਂ ਪਰ ਕੀ ਇਹ ਵਸਤਾਂ ਸੱਚਮੁੱਚ ਹੀ ਐਨੇ ਤੱਤਾਂ ਨਾਲ ਭਰਪੂਰ ਹਨ? ਨਹੀਂ, ਜਦੋਂ ਕਿਸੇ ਖਾਣ-ਪੀਣ ਵਾਲੀ ਚੀਜ਼ 'ਤੇ ਹੱਦੋਂ ਵੱਧ ਕੈਮੀਕਲ ਦੀ ਵਰਤੋਂ ਹੋਣ ਲੱਗ ਜਾਵੇ ਤਾਂ ਉਸ ਵਿਚਲੇ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਅਸੀਂ ਸਿਰਫ ਉਸ ਚੀਜ਼ ਦਾ ਸੁਆਦ ਲੈ ਸਕਦੇ ਹਾਂ ਪਰ ਉਸ ਵਿਚਲੀ ਤਾਕਤ ਨੂੰ ਤਾਂ ਅਸੀਂ ਗੁਆ ਲਿਆ ਹੈ।
ਆਓ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਚੰਗੀਆਂ ਖੁਰਾਕਾਂ ਖਾਈਏ। ਪਸ਼ੂਆਂ ਨੂੰ ਖਾਦਾਂ, ਸਪਰੇਆਂ ਤੋਂ ਰਹਿਤ ਹਰਾ ਚਾਰਾ ਪਾਈਏ, ਯੂਰੀਆ ਰਹਿਤ ਫੀਡ, ਖਾਲਸ ਸਰ੍ਹੋਂ ਦੀ ਖਲ, ਵਿਚ ਵੜੇਵੇਂ ਅਤੇ ਛੋਲੇ ਪਾ ਕੇ ਘਰੇ ਤਿਆਰ ਕੀਤੀ ਫੀਡ ਪਾਈਏ ਅਤੇ ਫਿਰ ਥਾਪੀ ਮਾਰ ਕੇ ਮੱਝ ਚੋਈਏ ਨਾ ਕਿ ਟੀਕੇ ਲਾ ਕੇ। ਫਿਰ ਦੇਖੋ ਜਵਾਨੀਆਂ 'ਤੇ ਨਿਖਾਰ ਚੜ੍ਹਦਾ, ਕੈਲਸ਼ੀਅਮ ਤਾਂ ਕੀ, ਸਰੀਰ ਦੇ ਸਾਰੇ ਤੱਤ ਪੂਰੇ ਹੋ ਜਾਣਗੇ। ਇਸੇ ਤਰ੍ਹਾਂ ਮੀਟ ਅੰਡੇ ਦੇ ਸ਼ੌਕੀਨ ਦੇਸੀ ਮੁਰਗੇ, ਮੁਰਗੀਆਂ ਅਤੇ ਮੱਛੀ ਪਾਲਣ 'ਤੇ ਜ਼ੋਰ ਲਾਉਣ, ਐਵੇਂ ਚਿੱਟੇ ਬਰੈਲਰ ਖਾ ਕੇ ਤਾਂ ਕਾਗਜ਼ ਦੇ ਫੁੱਲਾਂ 'ਚੋਂ ਖ਼ੁਸ਼ਬੋ ਲੈਣ ਵਾਂਗ ਹੈ। ਅਗਰ ਅਸੀਂ ਸੱਚਮੁੱਚ ਹੀ ਸਰੀਰ ਦੀ ਤੰਦਰੁਸਤੀ ਚਾਹੁੰਦੇ ਹਾਂ ਤਾਂ ਸਾਨੂੰ ਲਾਲਚ ਛੱਡ ਕੇ ਕੁਦਰਤ ਨਾਲ ਆਪਣੇ ਸਬੰਧ ਬਣਾਉਣੇ ਪੈਣਗੇ। ਨਹੀਂ ਤਾਂ ਕਦੇ ਖ਼ੂਨ ਦੀ ਕਮੀ, ਕਦੇ ਕੈਲਸ਼ੀਅਮ ਦੀ ਘਾਟ, ਬੱਸ ਦਵਾਈਆਂ 'ਤੇ ਪਲਣ ਜੋਗੇ ਰਹਿ ਜਾਵਾਂਗੇ।
11 ਜੁਲਾਈ , 2020
-
ਡਾ. ਅਮਨਦੀਪ ਟੱਲੇਵਾਲੀਆ, ਹੋਮਿਉਪੈਥ ਡਾਕਟਰ , ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.