ਕਿਸੇ ਵੀ ਓਪਰੇਸ਼ਨ ਤੋਂ ਪਹਿਲਾਂ ਹੋਮਿਓਪੈਥਿਕ ਡਾਕਟਰ ਦੀ ਸਲਾਹ ਜ਼ਰੂਰ ਲਓ
ਤੇਜ਼ ਤਰਾਰ ਜ਼ਿੰਦਗੀ ਨੇ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੱਤਾ, ਉੱਥੇ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪੁਆਉਣ ਲਈ ਨਿੱਤ ਦਿਨ ਨਵੀਆਂ-ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਪਲਾਂ ਵਿਚ ਹੀ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਮਾਰਕਿਟ ਵਿਚ ਧੜਾਧੜ ਆ ਰਹੀਆਂ ਹਨ। ਨਿੱਤ ਦਿਨ ਨਵੀਆਂ ਕੰਪਨੀਆਂ ਆਪਣੇ ਪੈਰ ਪਾਸਾਰ ਰਹੀਆਂ ਹਨ। ਜਿਥੇ ਦਵਾਈਆਂ ਨਾਲ ਬਿਮਾਰੀਆਂ ਦੇ ਹੱਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਉਥੇ ਮੈਡੀਕਲ ਖੇਤਰ ਵਿਚ ਕਿਸੇ ਬਿਮਾਰੀ ਨੂੰ ਸਰੀਰ ਵਿਚੋਂ ਕੱਢ ਕੇ ਉਸਦਾ ਖ਼ਾਤਮਾ ਕਰਨ ਦੀਆਂ ਤਕਨੀਕਾਂ ਨਿੱਤ ਦਿਨ ਬਾਜ਼ਾਰ ਵਿਚ ਆ ਰਹੀਆਂ ਹਨ। 'ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸੁਰੀ' ਦੀ ਤਰਜ਼ 'ਤੇ ਅੱਜਕੱਲ੍ਹ ਓਪਰੇਸ਼ਨ ਯੁੱਗ ਵਿਚ ਲੋਕ ਮਨਾਂ ਅੰਦਰ ਅਜਿਹਾ ਡਰ ਪਾਇਆ ਜਾ ਰਿਹਾ ਹੈ ਕਿ ਅਗਰ ਤੁਸੀਂ ਆਪਣੀ ਬਿਮਾਰੀ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਤੁਹਾਨੂੰ ਆਹ ਹੋ ਜਾਵੇਗਾ, ਔਹ ਹੋ ਜਾਵੇਗਾ। ਕੁੱਝ ਕੁ ਲੋਕ ਤਾਂ ਡਰ ਦੇ ਮਾਰੇ ਹੀ ਇਨ੍ਹਾਂ ਓਪਰੇਸ਼ਨ ਮਾਹਰਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਇਹ ਓਪਰੇਸ਼ਨ ਕਿੰਨੇ ਕੁ ਸਫ਼ਲ ਹੁੰਦੇ ਹਨ, ਇਹ ਸਭ ਨੂੰ ਪਤਾ ਹੈ। ਸਰਜਨ ਲੋਕ ਵੀ ਇਹ ਗੱਲ ਕਹਿੰਦੇ ਹਨ ਕਿ ਕਿਸੇ ਓਪਰੇਸ਼ਨ ਦੀ ਕੋਈ ਗਾਰੰਟੀ ਨਹੀਂ। ਕੁਝ ਕੁ ਮਰਜ਼ਾਂ ਨੂੰ ਛੱਡ ਕੇ ਬਹੁਤ ਸਾਰੀਆਂ ਮਰਜ਼ਾਂ ਅਜਿਹੀਆਂ ਹਨ, ਜਿੱਥੇ ਓਪਰੇਸ਼ਨ ਕਰਵਾਉਣ ਤੋਂ ਬਾਅਦ ਬਿਮਾਰੀ ਦੁਬਾਰਾ ਜਨਮਦੀ ਹੀ ਜਨਮਦੀ ਹੈ। ਨਾਲੇ ਇਸ ਤੋਂ ਵੀ ਖ਼ਤਰਨਾਕ ਜਾਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਕ ਵਾਰ ਜਿਸ ਮਰਜ਼ ਦਾ ਹੱਲ ਓਪਰੇਸ਼ਨ ਨਾਲ ਕਰਨ ਦੀ ਡਾਕਟਰ ਲੋਕ ਸਲਾਹ ਦਿੰਦੇ ਹਨ, ਓਪਰੇਸ਼ਨ ਤੋਂ ਪਿੱਛੋਂ ਉਹੀ ਮਰਜ਼ ਮਰੀਜ਼ ਨੂੰ ਦੁੱਗਣੀ ਤਕਲੀਫ਼ ਦਿੰਦੀ ਹੈ। ਬਹੁਤ ਸਾਰੇ ਓਪਰੇਸ਼ਨ ਤਾਂ ਸਰਜਨ ਲੋਕ ਲਾਲਚ ਦੇ ਮਾਰੇ ਹੀ ਕਰ ਦਿੰਦੇ ਹਨ। ਇਥੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ ਕਿ ਸਾਰੇ ਇਕੋ ਜਿਹੇ ਹੀ ਹੁੰਦੇ ਹਨ ਪਰ ਬਹੁਤਾਤ ਅਜਿਹੇ ਲੋਕਾਂ ਦੀ ਹੈ, ਜੋ ਲਾਲਚ ਲਈ ਕਿਸੇ ਦਾ ਵੀ ਢਿੱਡ ਵੱਢ ਕੇ ਰੱਖ ਦਿੰਦੇ ਹਨ ਅਤੇ ਮਗਰੋਂ ਟਾਂਕੇ ਲਾ ਕੇ ਆਪਣੀ ਡਿਊਟੀ ਤੋਂ ਫਾਰਗ ਹੋ ਜਾਂਦੇ ਹਨ। ਬੇਸ਼ੱਕ 'ਸਰਜਨ' ਮਨੁੱਖੀ ਜਾਨਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ ਪਰ ਫਿਰ ਵੀ ਬਹੁਤ ਸਾਰੀਆਂ ਆਮ ਜੀਵਨ ਵਿਚ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਹਨ, ਜੋ ਬਿਨਾਂ ਸਰਜਰੀ ਦੇ ਠੀਕ ਹੋ ਸਕਦੀਆਂ ਹਨ। ਜੇਕਰ 'ਓਪਰੇਸ਼ਨ ਯੁੱਗ' ਵਿਚ ਇਹੀ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦ ਛੋਟੀ ਉਮਰ ਵਿਚ ਹੀ ਅਪੈਂਡਿਕਸ, ਪਿੱਤਾ ਅਤੇ ਔਰਤਾਂ ਵਿਚ ਬੱਚੇ ਦੇ ਜਨਮ ਤੋਂ ਬਾਅਦ ਬੱਚੇਦਾਨੀ ਭਾਲੀਆਂ ਨਹੀਂ ਥਿਆਉਣਗੀਆਂ।
ਭੌਰੀਆਂ, ਨੱਕ ਦਾ ਮਾਸ, ਟੌਂਸਿਲ, ਮਾਉਕੇ, ਨਹੁੰਆਂ ਦਾ ਅੰਦਰ ਮੁੜਨਾ, ਟੀਕਾ ਪੱਕਣਾ, ਛਾਤੀ ਦੀਆਂ ਗੰਢਾਂ ਅਤੇ ਬੱਚੇਦਾਨੀ ਦੀਆਂ ਰਸੌਲੀਆਂ, ਗੁਰਦੇ ਦੀ ਪੱਥਰੀ, ਬਵਾਸੀਰ, ਚਮੜੀ ਦੀਆਂ ਗੰਢਾਂ, ਹਰਨੀਆਂ ,ਭਾਰ ਪੈਣਾ (ਪਹਿਲੀ ਅਤੇ ਦੂਜੀ ਡਿਗਰੀ), ਅਪੈਂਡੇਸਾਇਟਸ, ਗਦੂਦ, ਹੱਡੀ ਦਾ ਵੱਧਣਾ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ, ਜੋ ਬਿਨਾਂ ਓਪਰੇਸ਼ਨ ਦੇ ਠੀਕ ਹੋ ਸਕਦੀਆਂ ਹਨ ਪਰ ਜਦੋਂ ਸਰਜਨ ਡਰਾ ਦਿੰਦੇ ਹਨ ਕਿ ਅਗਰ ਇਸ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਕੈਂਸਰ ਬਣ ਜਾਵੇਗਾ। ਬੱਸ ਇਸੇ ਡਰ ਦੇ ਮਾਰੇ ਲੋਕ ਆਪਣੇ ਅੰਗ ਕਢਵਾਈ ਜਾਂਦੇ ਹਨ ਅਤੇ ਝਟਕਈਆਂ ਵਾਂਗ ਸਰਜਨ ਲੋਕਾਂ ਦੀ ਵੱਢ-ਟੁੱਕ ਕਰੀ ਜਾ ਰਹੇ ਹਨ। ਇਥੇ ਵਿਚ ਗੱਲ ਦੱਸਣੀ ਜ਼ਰੂਰੀ ਹੈ ਕਿ ਉਪਰੋਕਤ ਬਿਮਾਰੀਆਂ ਜੋ ਦੱਸੀਆਂ ਹਨ ਅਗਰ ਤਾਂ ਮਰੀਜ਼ ਨੂੰ ਇਨ੍ਹਾਂ ਬਿਮਾਰੀਆਂ ਕਰਕੇ ਬਹੁਤ ਹੀ ਜ਼ਿਆਦਾ ਔਖ ਹੈ ਤਾਂ ਇਹ ਹੋਮਿਓਪੈਥਿਕ ਡਾਕਟਰ ਦੀ ਹੀ ਡਿਊਟੀ ਬਣਦੀ ਹੈ ਕਿ ਉਸ ਲਈ ਓਪਰੇਸ਼ਨ ਦੀ ਸਲਾਹ ਦੇਵੇ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਨੂੰ ਬਵਾਸੀਰ ਰਾਹੀਂ ਖੂਨ ਦੀਆਂ ਤਤੀਰੀਆਂ ਪੈ ਰਹੀਆਂ ਹੋਣ ਤਾਂ ਉਥੇ ਓਪਰੇਸ਼ਨ ਦੀ ਜ਼ਰੂਰਤ ਹੈ ਪਰ ਮਾੜੇ-ਮੋਟੇ ਬਵਾਸੀਰ ਦੇ ਫੋੜੇ ਨੂੰ ਚੈੱਕ ਕਰਕੇ ਓਪਰੇਸ਼ਨ ਕਰਵਾ ਦੇਣਾ ਜਾਂ ਕਰ ਦੇਣਾ ਕੋਈ ਵਧੀਆ ਗੱਲ ਨਹੀਂ ਕਿਉਂਕਿ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਬਿਮਾਰੀਆਂ ਦੁਬਾਰਾ ਜਨਮ ਲੈ ਲੈਂਦੀਆਂ ਹਨ।
ਓਪਰੇਸ਼ਨ ਦੀ ਫੌਰਨ ਜ਼ਰੂਰਤ ਕਿੱਥੇ ਪੈਂਦੀ ਹੈ : ਡਲਿਵਰੀ ਸਮੇਂ 'ਸਿਜੇਰੀਅਨ' ਕਰਨਾ/ਕਰਵਾਉਣਾ ਆਮ ਗੱਲ ਹੈ। ਕਈ ਕੁੜੀਆਂ ਜੰਮਣ ਪੀੜਾਂ ਸਹਿਣ ਤੋਂ ਡਰ ਜਾਂਦੀਆਂ ਹਨ ਅਤੇ ਡਾਕਟਰ ਲੋਕ ਉਸਨੂੰ ਸਰਜਰੀ ਦੀ ਸਲਾਹ ਦਿੰਦੇ ਹਨ ਪਰ 'ਡਲਿਵਰੀ' ਇੱਕ ਅਜਿਹੀ ਸਥਿਤੀ ਹੁੰਦੀ ਹੈ, ਜਿੱਥੇ ਮੌਕੇ ਮੁਤਾਬਕ ਹੀ ਦੱਸਿਆ ਜਾ ਸਕਦਾ ਹੈ ਕਿ ਕੇਸ ਨਾਰਮਲ ਹੋਵੇਗਾ ਜਾਂ ਵੱਡਾ ਓਪਰੇਸ਼ਨ ਪਰ ਕਈਆਂ ਨੂੰ ਛੱਡ ਕੇ ਬਹੁਤੇ ਡਾਕਟਰਾਂ ਦਾ ਤਾਂ ਇਹ 'ਧੰਦਾ' ਹੀ ਬਣ ਚੁੱਕਾ ਹੈ ਕਿ ਡਲਿਵਰੀ ਭਾਵੇਂ ਨਾਰਮਲ ਹੀ ਕਿਉਂ ਨਾ ਹੁੰਦੀ ਹੋਵੇ ਪਰ ਢਿੱਡ ਪਾੜਨਾ ਹੀ ਪਾੜਨਾ ਹੈ।
ਦੂਜੀ ਸਥਿਤੀ ਸਰਜਰੀ ਦੀ ਓਦੋਂ ਪੈਦਾ ਹੋ ਜਾਂਦੀ ਹੈ, ਜਦ ਕੋਈ ਹਾਦਸਾ ਹੁੰਦਾ ਹੈ। ਆਰਥੋ ਦੇ ਕੇਸਾਂ ਵਿਚ ਤਾਂ ਸਰਜਰੀ ਦੀ ਜ਼ਰੂਰਤ ਹੁੰਦੀ ਹੀ ਹੁੰਦੀ ਹੈ ਕਿਉਂਕਿ ਟੁੱਟ-ਭੱਜ ਜਾਂ ਖ਼ਾਸ ਕਰਕੇ ਸਿਰ ਦੀ ਸੱਟ, ਰੀੜ ਦੀ ਹੱਡੀ ਦੀ ਸੱਟ, ਜਿੱਥੇ ਸਰਜਰੀ ਦੀ ਜ਼ਰੂਰਤ ਪੈਂਦੀ ਹੈ। ਅਗਰ ਮਾਨਯੋਗ ਸਰਜਨ ਸਾਹਿਬਾਨ, ਅਜਿਹੀਆਂ ਸਥਿਤੀਆਂ ਵਿਚ ਹੋਮਿਓਪੈਥਿਕ ਦਵਾਈਆਂ ਦਾ ਨਾਲੋ-ਨਾਲ ਉਪਯੋਗ ਕਰਨ ਤਾਂ ਇਲਾਜ ਸੌਖਾ ਵੀ ਹੋ ਸਕਦੈ ਅਤੇ ਸਸਤਾ ਵੀ ਕਿਉਂਕਿ ਹੋਮਿਓਪੈਥੀ ਵਿਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ, ਜੋ ਐਮਰਜੈਂਸੀ ਵਿਚ ਵੀ ਲਾਹੇਵੰਦ ਹਨ। ਇਹ ਹੀ ਨਹੀਂ ਕਿ ਹੋਮਿਓਪੈਥੀ ਤਾਂ ਸਿਰਫ਼ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਬਣੀ ਹੋਈ ਹੈ। ਸੋ ਕਹਿਣ ਤੋਂ ਭਾਵ ਜੇਕਰ ਸਰਜਨ ਅਤੇ ਹੋਮਿਓਪੈਥਿਕ ਡਾਕਟਰ ਇਕ ਦੂਜੇ ਦੀ ਰਾਏ ਲੈਣ ਤੋਂ ਝਿਜਕ ਮਹਿਸੂਸ ਨਾ ਕਰਨ ਤਾਂ ਲੋਕਾਈ ਦਾ ਬਹੁਤ ਭਲਾ ਹੋ ਸਕਦਾ ਹੈ।
ਹਾਰਟ ਦੀ ਸਰਜਰੀ : ਹਾਰਟ ਦੀਆਂ ਸਾਰੀਆਂ ਬਿਮਾਰੀਆਂ ਵਿਚ ਸਰਜਰੀ ਦੀ ਲੋੜ ਨਹੀਂ ਹੁੰਦੀ ਪਰ ਲਾਲਚ ਅਤੇ ਡਰ ਕੀ-ਕੀ ਨਹੀਂ ਕਰਵਾਉਂਦਾ। ਡਾਕਟਰ ਦਾ ਲਾਲਚ ਅਤੇ ਮਰੀਜ਼ ਦਾ ਡਰ ਬਹੁਤ ਸਾਰੀਆਂ ਨਵੀਆਂ-ਨਵੀਆਂ ਵਿਧੀਆਂ ਨੂੰ ਜਨਮ ਦੇ ਰਿਹਾ ਹੈ। ਕਿਸੇ ਵੀ ਬਿਮਾਰੀ ਨੂੰ ਦੇਖ ਕੇ ਉਸਨੂੰ 'ਚੀਰ' ਦੇਣਾ ਜਾਂ ਕੱਢ ਦੇਣਾ ਕੋਈ ਇਲਾਜ ਨਹੀਂ, ਸਗੋਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਬਿਮਾਰੀ ਕਿਉਂ ਬਣੀ। ਜੋ ਸਰੀਰਕ ਅੰਗਾਂ ਨੂੰ ਮਾਣਯੋਗ ਸਰਜਨ ਸਾਹਿਬ ਫੜ ਕੇ ਕੱਢ ਦਿੰਦੇ ਹਨ, ਕੀ ਕਦੇ ਉਨ੍ਹਾਂ ਨੇ ਸੋਚਿਆ ਹੈ ਕਿ ਕੁਦਰਤ ਨੇ ਇਹ ਅੰਗ ਮਨੁੱਖੀ ਸਰੀਰ ਵਿਚ ਕਿਉਂ ਲਾਏ, ਜੋ ਬਿਨਾਂ ਸੋਚੇ-ਸਮਝੇ ਕੱਢੇ ਜਾ ਰਹੇ ਹਨ? ਇਕ ਔਰਤ, ਜਿਸਦੀ ਬੱਚੇਦਾਨੀ ਸਿਰਫ਼ ਇਸ ਕਰਕੇ ਕੱਢ ਦਿੱਤੀ ਜਾਂਦੀ ਹੈ ਕਿ ਉਸਦੇ ਵਿਚ ਰਸੌਲੀ ਬਣ ਚੁੱਕੀ ਸੀ, ਅਗਰ ਇਹ ਨਾ ਕਢਵਾਈ ਤਾਂ ਕੈਂਸਰ ਬਣ ਜਾਵੇਗਾ। ਇਹ ਗੱਲਾਂ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਆਖੀਆਂ ਜਾਂਦੀਆਂ ਹਨ। ਸੋ ਕਹਿਣ ਤੋਂ ਭਾਵ ਹੈ ਕਿ ਮਰੀਜ਼ ਦੀ ਪੂਰੀ ਤਫ਼ਤੀਸ਼ ਕਰਕੇ ਇਸ ਨਤੀਜੇ 'ਤੇ ਪਹੁੰਚਿਆ ਜਾਵੇ ਕਿ ਉਸਦੀ ਬਿਮਾਰੀ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ-ਕਿਹੜੇ ਹਨ। ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੇ ਓਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਸਰਜਨ ਸਾਹਿਬ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਮਰੀਜ਼ ਨੂੰ ਓਪਰੇਸ਼ਨ ਤੋਂ ਬਾਅਦ ਦੀਆਂ ਸਮੱਸਿਆਵਾਂ ਸਬੰਧੀ ਜ਼ਰੂਰ ਚਾਨਣਾ ਪਾ ਦੇਣ ਨਾ ਕਿ ਸਿਰਫ਼ ਇਕ ਕਾਗਜ਼ 'ਤੇ ਹਸਤਾਖਰ ਕਰਵਾ ਕੇ ਕਿਸੇ ਦਾ ਚੀਰ ਹਰਨ ਕਰਨ ਦੀ ਮਨਜ਼ੂਰੀ ਲੈਣ।
July 10,2020
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.