ਪਿਛਲੀ ਕਿਸ਼ਤ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਪਹਿਲੀ ..... ਸਤਵੰਤ ਦੀਪਕ ਦੀ ਕਲਮ ਤੋਂ
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਦੂਜੀ..... ਸਤਵੰਤ ਦੀਪਕ ਦੀ ਕਲਮ ਤੋਂ
ਬੇਵਕਤਾ ਹੀ ਤੁਰ ਗਿਆ ਫ਼ੱਕਰ ਤਬੀਅਤ ਵਾਲਾ ਦਰਵੇਸ਼ -ਹਰਮਿੰਦਰ ਪੁਰੇਵਾਲ ... ਬਲਜੀਤ ਬੱਲੀ ਦੀ ਉਦਾਸ ਕਲਮ ਤੋਂ
ਹੇਠ ਪੜ੍ਹੋ ਤੀਜੀ ਕਿਸ਼ਤ :-
ਉਦੋਂ ਤੱਕ ਪੁਲੀਸ ਨੇ ਸਾਰੇ ਪਾਸਿਆਂ ਤੋਂ ਕਾਲਜ ਨੂੰ ਘੇਰ ਲਿਆ । ਹਰਮਿੰਦਰ, ਬਲਜੀਤ ਤੇ ਜੰਗ ਸਿੰਘ (ਜੋ ਇਸੇ ਕਾਲਜ ਦਾ ਭੂਮੀਗਤ ਵਿਦਿਆਰਥੀ ਸੀ) ਨੂੰ ਇਕ ਫ਼ੌਜੀ (ਜੋ ਸਟੋਰਾਂ 'ਤੇ ਸਕਿੳਰਟੀ ਗਾਰਡ ਸੀ) ਨੇ ਇਕ ਲੇਬਰ ਕੁਆਰਟਰ ਵਿਚ ਬੰਦ ਕਰਕੇ ਬਾਹਰੋਂ ਲਾਕ ਕਰ ਦਿਤਾ ਤੇ ਆਪ ਦੁਨਾਲ਼ੀ ਬੰਦੂਕ ਲੈ ਕੇ ਉਥੇ ਹੀ ਇਕ ਕੰਧ ਉਤੇ ਬੈਠ ਗਿਆ ਤੇ ਉਹਨਾਂ ਨੂੰ ਯਕੀਨ ਦੁਆਇਆ ਕਿ 'ਮੇਰੇ ਹੁੰਦਿਆਂ ਤੁਹਾਡਾ ਕੋਈ ਵਾਲ਼ ਵਿੰਗਾ ਨਹੀਂ ਕਰ ਸਕਦਾ ।' ਹਰਮਿੰਦਰ ਇਸ ਉਧੇੜ-ਬੁਣ ਵਿਚ ਲੱਗਾ ਰਿਹਾ ਕਿ ਜੇ ਪੁਲੀਸ ਇਥੇ ਆ ਵੀ ਜਾਵੇ ਤਾਂ ਕਿਸ ਤਰ੍ਹਾਂ ਫ਼ੌਜੀ ਦੀ ਬੰਦੂਕ ਖੋਹ ਕੇ ਉਹਨਾਂ ਨਾਲ਼ ਦੋ ਹੱਥ ਕਰਨੇ ਹਨ । ਉਸ ਦੇ ਮਨ ਵਿਚ ਕੋਈ ਖੌਫ਼ ਨਹੀਂ ਸੀ ਕਿ ਇਸ ਦਾ ਅੰਜ਼ਾਮ ਕੀ ਹੋਵੇਗਾ । ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਆਡੀਟੋਰੀਅਮ ਵਿਚੋਂ ਬਾਹਰ ਕੱਢ ਲਾਈਨਾਂ ਵਿਚ ਬਿਠਾ ਲਿਆ ਤੇ ਸੀ ਆਈ ਡੀ ਵਾਲ਼ੇ ਉਹੀ ਆਦਮੀ ਸ਼ਨਾਖ਼ਤ ਕਰਨ ਲੱਗੇ, ਪਰ 'ਵਰੰਟਿਡ' ਬੰਦੇ ਨਿਕਲ ਚੁੱਕੇ ਸਨ । ਪੁਲੀਸ ਦੇ ਘੇਰਾਬੰਦੀ ਚੁੱਕਣ ਉਪਰੰਤ ਫ਼ੌਜੀ ਨੇ ਹਰਮਿੰਦਰ ਹੋਰਾਂ ਨੂੰ ਬਾਹਰ ਕੱਢਿਆ ਤਾਂ ਉਹਨਾ ਉਸ ਨੂੰ ਹੋਸਟਲ ਦੀ ਮੈੱਸ ਵਿਚੋਂ ਖਾਣਾ ਖਵਾਇਆ ਅਤੇ ਉਸਦਾ ਧੰਨਵਾਦ ਕੀਤਾ । ਹਰਮਿੰਦਰ ਸੰਕਟ ਦੀ ਘੜੀ ਵਿਚ ਵੀ ਹੌਸਲਾ ਨਹੀਂ ਹਾਰਦਾ ਸੀ, ਸਗੋਂ ਉਸ ਨਾਲ਼ ਦਲੇਰੀ ਨਾਲ਼ ਨਜਿੱਠਣਾ ਜਾਣਦਾ ਸੀ । ਇਸ ਮੁਸ਼ਕਲ ਘੜੀ ਵਿਚ ਵੀ ਉਹ ਮਜ਼ਾਕੀਆ ਮੂਡ ਵਿਚ ਹੀ ਰਿਹਾ । ਜੰਗ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ ਕਿ 'ਬੰਬ ਤਾਂ ਆਪਾਂ ਆਪਣੇ ਲੱਕ ਨਾਲ਼ ਬੰਨ੍ਹੀ ਫਿਰਦੇ ਹਾਂ ਇਹ ਹੋਰ ਕੁਝ ਕਰੇ ਜਾਂ ਨਾ, ਆਪਾਂ ਨੂੰ ਜ਼ਰੂਰ ਮਰਵਾਊ ।' ਪੁਲੀਸ ਦੀ ਇਸ ਰੇਡ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਆਗੂਆਂ, ਬਾਕੀ ਰੂਪੋਸ਼ ਸਾਥੀਆਂ ਅਤੇ ਇਨਕਲਾਬੀ ਸਾਹਿਤ ਨੂੰ ਆਸੇ-ਪਾਸੇ ਕਰਨ ਦੀ ਯੋਜਨਾ ਵਿਚ ਵਿਚ ਹਰਮਿੰਦਰ ਦੀ ਮੁੱਖ ਭੂਮਕਾ ਸੀ ।
ਇਸੇ ਤਰ੍ਹਾਂ ਇਕ ਵਾਰ ਛੁੱਟੀ ਦੇ ਦਿਨ ਬਲਜੀਤ ਢਿੱਲੋਂ, ਕੁਲਬੀਰ ਮਾਨ, ਸਰਵਣ ਸੈਣੀ, ਮੈਂ ਤੇ ਹੋਰ ਸਾਥੀ ਕਮਰਿਆਂ ਦੇ ਬਾਹਰ ਬੈਠੇ 'ਕੈਪੀਟਲਿਜ਼ਮ' ਬਾਰੇ ਚਰਚਾ ਕਰ ਰਹੇ ਸਾਂ । ਸਾਹਮਣੇ ਆਉਂਦੇ ਹਰਮਿੰਦਰ ਨੂੰ ਮਾਨ ਨੇ ਛੇੜਿਆ "ਲਓ ਇਕ ਹੋਰ ਕੈਪੀਟਲਿਸਟ ਆ ਗਿਆ, ਇਹ ਵੀ ਤਾਂ ਬੱਸਾਂ ਦਾ ਮਾਲਕ ਹੈ ।"(ਹਰਮਿੰਦਰ ਹੋਰਾਂ ਦੀ ਸਤਲੁਜ ਟਰਾਂਸਪੋਰਟ ਜਲੰਧਰ ਵਿਚ ਹਿੱਸੇਦਾਰੀ ਸੀ) ਤਾਂ ਹਰਮਿੰਦਰ ਵਿਅੰਗਮਈ ਹੱਸਦਾ ਹੋਇਆ ਆਖਣ ਲੱਗਾ "ਹਾਂ ਮੈਂ ਅੱਜ 'ਆਪਣੀ' ਬੱਸ ਵਿਚ ਸਵਾਰ ਹੋ ਕੇ ਜਲੰਧਰੋਂ ਆਇਆ ਹਾਂ । ਮੇਰੇ ਨਾਲ਼ ਦੀਆਂ ਸੀਟਾਂ 'ਤੇ ਦੋ ਸਿਪਾਹੀ ਬੈਠੇ ਸਨ ਤੇ ਮੇਰੇ ਨਾਲ਼ ਕਿਸੇ ਹੋਰ ਬੱਸ ਕੰਪਨੀ ਦਾ ਮੁਲਾਜ਼ਮ ਬੈਠਾ ਸੀ । ਜਦ ਕੰਡੱਕਟਰ ਟਿਕਟਾਂ ਕੱਟਦਾ ਆਇਆ ਤਾਂ ਉਹਨਾਂ ਨੇ ਕਹਿ ਦਿੱਤਾ 'ਸਟਾਫ਼ ਮੈਂਬਰ' ਤਾਂ ਉਹਨਾਂ ਦੀ ਟਿਕਟ ਨਹੀਂ ਕੱਟੀ । ਮੈਨੂੰ ਆਪਣੇ 'ਮਾਲਕ' ਹੋਣ ਦੀ ਹੈਸੀਅਤ ਦਾ ਉਦੋਂ ਪਤਾ ਲੱਗਾ ਜਦੋਂ ਉਸਨੇ ਟਿਕਟ ਕੱਟ ਕੇ ਮੇਰੇ ਹੱਥ 'ਚ ਫੜਾਤੀ ।" ਤੇ ਫਿਰ ਉਹੀ ਟਿਕਟ ਸਾਨੂੰ ਦਿਖਾ ਕੇ ਉਹ ਇਨੀ ਜ਼ੋਰ ਦੀ ਹੱਸਿਆ ਕਿ ਅਸੀਂ ਸਾਰੇ ਵੀ ਇਸ ਵਿਅੰਗ 'ਤੇ ਹੱਸ ਹੱਸ ਦੂਹਰੇ ਹੋ ਗਏ ।
ਇਹ 1974 ਦੀ ਗੱਲ ਹੈ ਸ਼ਾਇਦ, ਕਾਲਜ ਵਿਚ ਹੌਲ਼ੀ ਹੌਲ਼ੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲ਼ੇ ਸਿਰ ਚੁੱਕ ਰਹੇ ਸਨ । ਫੈਡਰੇਸ਼ਨੀਆਂ ਨੇ ਆਪਣੇ ਇਕ ਜ਼ਰ-ਖ਼ਰੀਦ ਬੰਦੇ ਦੀ ਦੂਸਰੇ ਕਾਲਜ ਤੋਂ ਇਥੇ ਟਰਾਂਸਫ਼ਰ ਕਰਵਾ ਕੇ ਯੂਨੀਅਨ ਖ਼ਿਲਾਫ਼ ਸਾਜ਼ਸ਼ਾਂ ਬਾਕਾਇਦਾ ਸ਼ੁਰੂ ਕਰ ਦਿਤੀਆਂ ਸਨ । ਇਸੇ ਬੰਦੇ ਨੇ ਅਕਤੂਬਰ 1972 ਦੇ ਮੋਗਾ ਗੋਲ਼ੀ-ਕਾਂਡ ਸਮੇਂ ਕਾਲਜ ਵਿਚ ਸੀ ਆਈ ਡੀ ਦੇ ਬੰਦੇ ਦੇ ਸਿਰ 'ਤੇ ਗਮਲਾ ਚੁੱਕ ਮਾਰਿਆ ਸੀ । ਉਹ ਇਹ ਭੜਕਾਊ ਹਰਕਤ ਕਰਕੇ ਪੁਲੀਸ ਨੂੰ ਕਾਲਜ ਵਿਚ ਰੇਡ ਕਰਨ ਦਾ ਮੌਕਾ ਦੇ ਕੇ ਯੂਨੀਅਨ ਦੇ ਆਗੂਆਂ ਨੂੰ ਚੁਕਵਾ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਲਈ ਰਾਹ ਖੋਲ੍ਹਣਾ ਚਾਹੁੰਦਾ ਸੀ । ਅਕਾਲੀ ਲੀਡਰਾਂ ਦਾ ਇਹਨਾਂ ਦੇ ਸਿਰ 'ਤੇ ਹੱਥ ਸੀ । ਇਹ ਬੰਦਾ ਪੀ ਐੱਸ ਯੂ ਦੀਆਂ ਸਰਗਰਮੀਆਂ ਵਿਚ ਖ਼ਾਹ-ਮਖ਼ਾਹ ਅੜਿੱਕਾ ਡਾਹੁੰਦਾ ਅਤੇ ਯੂਨੀਅਨ ਵਾਲ਼ਿਆਂ 'ਤੇ 'ਨਕਸਲਾਈਟ' ਹੋਣ ਅਤੇ ਚੀਨ ਤੇ ਰੂਸ ਤੋਂ ਪੈਸੇ ਲੈਣ ਦੇ ਦੂਸ਼ਣ ਲਾਉਂਦਾ । 'ਗੁਰਦਾਸਪੁਰੀਏ' ਉਸ ਦੀ ਪਿੱਠ 'ਤੇ ਸਨ । ਉਹਨੀ ਦਿਨੀ ਕੁਲਬੀਰ ਮਾਨ, ਹਰਮਿੰਦਰ ਪੁਰੇਵਾਲ, ਸਤਵੰਤ ਦੀਪਕ, ਬਲਜੀਤ ਢਿੱਲੋਂ, ਮੋਹਨ ਲਾਲ ਆਦਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੁਮਾਇੰਦੇ ਸਨ ਅਤੇ ਉਹਨਾਂ ਨਾਲ਼ ਵੱਡੀ ਗਿਣਤੀ ਵਿਚ ਸੁਪੋਰਟਰ ਸਨ ।
ਉਹਨਾਂ ਇਸ ਫੈਡਰੇਸ਼ਨੀਏ ਨੂੰ ਕਈ ਵਾਰ ਤਰਕ ਨਾਲ਼ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਯੂਨੀਅਨ ਖ਼ਿਲਾਫ਼ ਸਾਜ਼ਸ਼ਾਂ ਅਤੇ ਕੋਝੀਆਂ ਕਰਤੂਤਾਂ ਤੋਂ ਬਾਜ ਨਾ ਆਇਆ । ਆਖ਼ਰ ਯੂਨੀਅਨ ਵਾਲ਼ਿਆਂ ਉਸਨੂੰ ਕਰੜੇ ਹੱਥੀਂ ਲੈਣ ਦਾ ਫੈਸਲਾ ਲਿਆ । ਇਹ ਚੌਥੇ ਸਾਲ ਦਾ ਸ਼ਾਇਦ ਪਹਿਲਾ ਸਮੈੱਸਟਰ ਸੀ । 'ਕਾਮਰੇਡ ਗਰੁੱਪ' ਵਾਲ਼ੇ ਅਸੀਂ ਅੱਠ ਦਸ ਜਣੇ ਮੈੱਸ ਵਿਚੋਂ ਸ਼ਾਮ ਦਾ ਖਾਣਾ ਖਾ ਕੇ ਬਾਹਰ ਨਿਕਲ ਰਹੇ ਸੀ । ਉਧਰੋਂ ਇਹ ਫੈਡਰੇਸ਼ਨੀਆਂ ਆਪਣੇ ਗੁਰਦਾਸਪੁਰੀਆਂ ਦੇ ਗਰੁੱਪ ਨਾਲ਼ ਅੰਦਰ ਨੂੰ ਆ ਰਿਹਾ ਸੀ । ਮੈੱਸ ਦੇ ਗੇਟ 'ਤੇ ਹਰਮਿੰਦਰ ਤੇ ਕੁਲਬੀਰ ਨੇ ਉਸਨੂੰ ਬਾਹੋਂ ਫੜ੍ਹ ਲਿਆ ਅਤੇ ਤਾੜਨਾ ਕੀਤੀ ਕਿ ਉਹ ਯੂਨੀਅਨ ਦੇ ਕੰਮਾਂ ਵਿਚ ਅੜਿੱਕਾ ਡਾਹੁਣ ਤੋਂ ਬਾਜ਼ ਆਵੇ । ਪਰ ਉਹ ਫੁਰਤੀ ਨਾਲ਼ ਇਕ ਲੰਬੇ ਗੁਰਦਾਸਪੁਰੀਏ ਦੇ ਪਿੱਛੇ ਹੋ ਗਿਆ । ਜਦ ਉਸਨੂੰ ਦੁਬਾਰਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਦਾਸਪੁਰੀਆ ਵਿਚ ਆ ਗਿਆ । ਉਸਨੂੰ ਰੋਕਿਆ ਗਿਆ ਕਿ ਉਹ ਪਾਸੇ ਹੋ ਜਾਵੇ ਤੇ ਯੂਨੀਅਨ ਦਾ ਉਸ ਨਾਲ਼ ਕੋਈ ਝਗੜਾ ਨਹੀਂ । ਪਰ ਹੁਣ ਦੋਹਾਂ ਧਿਰਾਂ ਵਿਚ ਵੱਕਾਰ ਦਾ ਸਵਾਲ ਬਣ ਗਿਆ ਸੀ । ਇਸ ਖਿੱਚ-ਧੂੁਹ ਵਿਚ ਗੁਰਦਾਸਪੁਰੀਆ ਸ਼ਖ਼ਸ ਆਪਣੇ ਹੀ ਭਾਰ ਭੋਇੰ 'ਤੇ ਡਿੱਗ ਪਿਆ ਤੇ ਉਸਦੀ ਪੱਗ ਲੱਥ ਗਈ । ਪਰ੍ਹੇ ਵਿਚ ਪੱਗ ਲੱਥਣ ਦੀ ਨਮੋਸ਼ੀ ਨੂੰ ਉਸਨੇ ਦਿਲ 'ਤੇ ਲਾ ਲਿਆ । ਉਸ ਨੇ ਲਲਕਾਰਿਆ ਕਿ 'ਹੁਣ ਥੋਨੂੰ ਅਸੀਂ ਦਿਖਾਵਾਂਗੇ ਕਿ ਪੱਗ ਨੂੰ ਹੱਥ ਪਾਉਣ ਦਾ ਕੀ ਨਤੀਜਾ ਹੁੰਦਾ ਐ ।'ਸੀਨੀਅਰ ਸਾਥੀਆਂ ਕੋਲ਼ ਬਾਅਦ ਵਿੱਚ ਅਸੀਂ ਆਪਣੇ ਇਸ ਐਕਸ਼ਨ ਦੀ ਸਵੈ-ਪੜਚੋਲ ਕੀਤੀ ਤੇ ਮੰਨਿਆ ਕਿ ਸਾਡਾ ਇਹ ਐਕਸ਼ਨ ਕਾਹਲ਼ੀ ਵਿਚ ਲਿਆ ਗਿਆ ਫ਼ੈਸਲਾ ਸੀ ਅਤੇ ਇਸ ਵਿਚ ਦਾਅ-ਪੇਚ ਪੈਂਤੜੇ ਤੋਂ ਕਚਿਆਈ ਸੀ ।
ਸਾਨੂੰ ਪੂਰੀ ਇਤਲਾਹ ਸੀ ਕਿ ਫੈਡਰੇਸ਼ਨੀਏ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ । ਉਪਰੋਂ ਪੇਪਰਾਂ ਦੇ ਦਿਨ ਸਨ । ਦਿਨੇ ਅਸੀਂ ਹਮੇਸ਼ਾ ਅੱਠ ਦਸ ਜਣੇ ਇਕੱਠੇ ਰਹਿੰਦੇ । ਰਾਤਾਂ ਨੂੰ ਵੀ ਪੂਰੀ ਇਹਤਿਆਤ ਰੱਖੀ ਜਾਂਦੀ । ਇਕ ਦਿਨ ਅਸੀਂ ਮੈੱਸ ਵਿਚੋਂ ਦੁਪਹਿਰ ਦਾ ਖਾਣਾ ਖਾ ਕੇ ਕਲਾਸਾਂ ਨੂੰ ਜਾਣ ਲਈ ਕਮਰਿਆਂ ਵਿਚੋਂ ਨਿਕਲ਼ ਹੀ ਰਹੇ ਸਾਂ ਕਿ ਫੈਡਰੇਸ਼ਨੀਆਂ ਨੇ ਬਾਹਰੋਂ ਲਿਆਂਦੇ ਹਥਿਆਰਬੰਦ ਲੱਠਮਾਰ ਗੁੰਡਿਆਂ ਦੀ ਮੱਦਦ ਨਾਲ਼ 'ਅਚਿੰਤੇ ਬਾਜ਼ ਪੈਣ' ਵਾਂਗ ਬੁਜ਼ਦਿਲ ਕਾਰਵਾਈ ਕਰਕੇ ਯੂਨੀਅਨ ਦੇ ਸਿਰਕੱਢ ਲੀਡਰ - ਹਰਮਿੰਦਰ ਪੁਰੇਵਾਲ ਅਤੇ ਯੂਨੀਅਨ ਦੇ ਹਮਦਰਦ ਕੁਲਦੀਪ ਬਰਾੜ ਅਤੇ ਬਲਬਹਾਦਰ ਲਾਲੀ ਦੇ ਹਾਕੀਆਂ ਨਾਲ਼ ਸਿਰ ਪਾੜ ਦਿਤੇ । ਮਾਣੂਕਿਆਂ ਦੇ ਇਕ ਨਸ਼ੇੜੀ ਫੈਡਰੇਸ਼ਨੀਏ ਨੇ ਹਾਕੀਆਂ ਸਤਵੰਤ ਦੇ ਮਾਰ ਉਸਨੂੰ ਵੀ ਭੋਇੰ 'ਤੇ ਡੇਗ ਦਿਤਾ । ਯੂਨੀਅਨ ਦੇ ਮੁੱਖ-ਬੁਲਾਰੇ ਕੁਲਬੀਰ ਮਾਨ, ਜਿਹੜਾ ਥੋੜਾ ਅੱਗੇ ਜਾ ਰਿਹਾ ਸੀ, ਨੂੰ ਅੰਮ੍ਰਿਤਸਰੀਆਂ ਨੇ ਢਾਲ਼ ਬਣਕੇ ਆਪਣੇ ਕਮਰੇ ਵਿਚ ਛੁਪਾ ਲਿਆ । ਇਹ ਖ਼ੂਨੀ ਕਾਰਾ ਕਰਕੇ ਬਾਹਰੋਂ ਲਿਆਂਦੇ ਗੰਦ ਬਕਦੇ ਲੱਠਮਾਰ ਗੁੰਡੇ ਕਦੋਂ ਦੇ ਤਿੱਤਰ ਹੋ ਚੁੱਕੇ ਸਨ । ਬਾਅਦ ਵਿਚ ਹਰਮਿੰਦਰ, ਕੁਲਦੀਪ ਤੇ ਬਲਬਹਾਦਰ ਨੂੰ ਮੱਲ੍ਹਮ-ਪੱਟੀ ਲਈ ਲਿਜਾਇਆ ਗਿਆ, ਸਤਵੰਤ ਦੇ ਗੰਭੀਰ ਸੱਟਾਂ ਨਹੀਂ ਸਨ । ਇਸ ਘਟਨਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਬੁਲੰਦੀ ਤੇ ਆਨ-ਸ਼ਾਨ ਨੂੰ ਬਹੁਤ ਠੇਸ ਲਾਈ ।
ਆਪਣੇ ਇਸ ਕੁਕਰਮ ਨਾਲ਼ ਫੈਡਰੇਸ਼ਨੀਏ ਅੰਦਰੋਂ ਜਰਕੇੇ ਹੋਏ ਸਨ । ਬਾਹਰਲੇ ਗੁੰਡਿਆਂ ਤੋਂ ਬਿਨਾ ਉਹ ਯੂਨੀਅਨ ਨਾਲ਼ ਟੱਕਰ ਲੈਣ ਦੇ ਸਮਰੱਥ ਨਹੀਂ ਸਨ। ਪਰ ਯੂਨੀਅਨ ਦੀ ਲੀਡਰਸ਼ਿੱਪ ਦਾ ਫ਼ੈਸਲਾ ਸੀ ਕਿ ਸਾਡੀ ਲੜਾਈ ਸਿਧਾਂਤ ਦੀ ਹੈ, ਅਸੀਂ ਇਸ ਨੂੰ ਜ਼ਾਤੀ ਨਹੀਂ ਬਣਨ ਦੇਣਾ । ਉਂਜ ਵੀ ਹੁਣ ਆਖ਼ਰੀ ਸਮੈੱਸਟਰ ਹੋਣ ਕਰਕੇ ਸਾਰੇ ਆਪੋ-ਆਪਣੇ ਭਵਿੱਖ ਬਾਰੇ ਚਿੰਤਤ ਹੋਣ ਕਾਰਨ ਹੋਰ ਲੜਾਈ ਨਹੀਂ ਵਿੱਢਣੀ ਚਾਹੁੰਦੇ ਸਨ । ਇਸ ਤਰ੍ਹਾਂ ਬਾਕੀ ਸਮੈੱਸਟਰ ਸ਼ਾਂਤੀ ਨਾਲ਼ ਗੁਜ਼ਰ ਗਿਆ । ਹਰਮਿੰਦਰ ਦੱਸਦਾ ਕਿ ਇਸ ਘਟਨਾ ਦੇ ਦੂਰ-ਰਸ ਨਤੀਜੇ ਬੜੇ ਘਾਤਕ ਨਿੱਕਲੇ । ਉਸਦਾ ਕਾਲਜ ਵਿਚ 1975 ਤੋਂ ਬਾਅਦ ਵੀ ਦਲੀਪ ਹੋਰਾਂ ਕੋਲ਼ ਅਕਸਰ ਆਉਣ ਜਾਣ ਬਣਿਆ ਰਿਹਾ । ਉਸਨੇ ਦੱਸਿਆ ਕਿ ਅੱਗੇ ਚੱਲਕੇ ਕਾਲਜ ਵਿਚ ਫੈਡਰੇਸ਼ਨੀਆਂ ਦਾ ਬੋਲਬਾਲਾ ਹੋ ਗਿਆ । 1977-78 ਵਿਚ ਜਦੋਂ ਭਿੰਡਰਾਂ ਵਾਲਾ ਪੰਜਾਬ ਦੇ ਸਿਆਸੀ ਮੰਚ 'ਤੇ 'ਪਰਗਟ' ਹੋਇਆ ਤਾਂ ਇਹ ਫੈਡਰੇਸ਼ਨੀਏ ਹੋਰ ਵੀ ਬੇਲਗਾਮ ਹੋ ਗਏ । ਇਹ ਕੈਪਸੂਲ ਤੇ ਹੋਰ ਵਰਜਿਤ ਨਸ਼ੇ ਕਰਦੇ ਅਤੇ ਹੋਸਟਲ ਵਿਚ ਬਾਹਰੋਂ ਕੁੜੀਆਂ ਲਿਆ ਕੇ ਬਦਫ਼ੈਲੀਆਂ ਕਰਦੇ ਸਨ । ਅੱਧੀ-ਅੱਧੀ ਰਾਤ ਤੱਕ ਹੋਸਟਲ ਵਿਚ ਲਾਊਡ ਮਿਊਜ਼ਕ 'ਤੇ ਗੰਦੇ ਗੀਤ ਵੱਜਦੇ ਅਤੇ ਖੱਪ ਪੈਂਦੀ । ਸਿਆਸੀ ਰਸੂਖ਼ ਅਤੇ ਪੈਸੇ ਦੇ ਬਲ ਉਹ ਬੇਖ਼ੌਫ਼ ਹੋਕੇ ਨਾਜਾਇਜ਼ ਹਥਿਆਰਾਂ ਨਾਲ਼ ਦਨਦਨਾਉਂਦੇ ਫਿਰਦੇ । ਜਦ ਦਿਲ ਕਰਦਾ, ਵਿਦਿਆਰਥੀਆਂ ਨੂੰ ਅਗਲੇ ਦਿਨ ਕਲਾਸਾਂ ਨਾ ਲਾਉਣ ਦੇ ਫੁਰਮਾਨ ਚਾੜ੍ਹਦੇ । ਇਮਤਿਹਾਨ ਹਾਲ ਵਿਚ ਡੈਸਕਾਂ 'ਤੇ ਪਸਤੌਲ ਰੱਖ ਕੇ ਸ਼ਰੇਆਮ ਨਕਲਾਂ ਚੱਲਦੀਆਂ । ਕਈ ਪ੍ਰੋਫੈਸਰ ਵੀ ਇਹਨਾ ਦੇ ਕੁਟਾਪੇ ਦੇ ਸ਼ਿਕਾਰ ਹੋਏ । ਗਰੀਬ ਮਾਪਿਆਂ ਦੀ ਈਮਾਨਦਾਰੀ ਦੀ ਕਮਾਈ ਸਫ਼ਲਾ ਕਰਨ ਅਤੇ ਆਪਣੇ ਕੈਰੀਅਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲ਼ੇ ਸਾਧਾਰਨ ਵਿਦਿਆਰਥੀ ਇਸ ਤੋਂ ਬੇਹੱਦ ਪਰੇਸ਼ਾਨ ਸਨ, ਅਜਿਹੀ ਮੁਸ਼ਕਲ ਦੀ ਘੜੀ ਵਿਚ ਸਦਾ ਉਹਨਾਂ ਦੇ ਨਾਲ਼ ਖੜ੍ਹਨ ਵਾਲ਼ੀ ਪੰਜਾਬ ਸਟੂਡੈਂਟਸ ਯੂਨੀਅਨ ਵਾਲਿਆਂ ਦੀ ਅਣਹੋਂਦ ਮਹਿਸੂਸ ਹੁੰਦੀ, ਕਿਉਂਕਿ ਇਹ ਪੀ ਐੱਸ ਯੂ ਹੀ ਸੀ ਜਿਹੜੀ ਉਹਨਾਂ ਦੀ ਕਨੌੜ ਨਹੀਂ ਝੱਲਦੀ ਸੀ ।
1974 ਵਿਚ ਜਦ ਹਰਮਿੰਦਰ ਨੂੰ ਯੂਨੀਅਨ ਆਗੂ ਭੋਲਾ ਸਿਧਾਣਾ ਦੇ ਨਾਲ਼ ਖ਼ਾਲਸਾ ਕਾਲਜ ਜਲੰਧਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਉਹਨਾਂ ਦਿਨਾਂ ਦੀ ਉਹ ਗੱਲ ਸੁਣਾਉਂਦਾ ਕਿ ਭਾਵੇਂ ਉਹ ਸਿਆਸੀ ਕੈਦੀ ਸਨ ਤੇ ਉਹਨਾਂ 'ਤੇ ਕੋਈ ਕੇਸ ਨਹੀਂ ਸੀ, ਪਰ ਜੇਲ੍ਹ ਵਿਚ ਖਾਣਾ ਮੁਸ਼ੱਕਤੀਆਂ ਵਾਲ਼ਾ ਹੀ ਮਿਲਦਾ ਸੀ । ਜੇਲ੍ਹ ਅਧਿਕਾਰੀ ਅਲਾਟ ਹੋਏ ਬੀ ਕਲਾਸ ਵਾਲ਼ੇ ਰਾਸ਼ਨ ਨੁੰ ਬਾਹਰੋ-ਬਾਹਰ ਹੀ ਵੇਚ ਦਿੰਦੇ ਸਨ, ਜਾਂ ਆਪਣੇ ਘਰੀਂ ਚੁੱਕ ਲਿਜਾਂਦੇ । ਰੋਟੀਆਂ ਵਿਚ ਅੱਧੀ ਸਵਾਹ ਤੇ ਰੇਤ ਮਿਲ਼ੀ ਹੁੰਦੀ । ਸਬਜ਼ੀਆਂ ਇਨੀਆਂ ਗਲ਼ੀਆਂ ਸੜੀਆਂ ਕਿ ਸ਼ਾਇਦ ਡੰਗਰ ਵੀ ਨਾ ਖਾਣ । ਪਾਣੀ ਵਰਗੀ ਦਾਲ਼ ਵਿਚ ਸੁੰਡੇ ਤਰਦੇ । ਅਸੀਂ ਗਰਮ ਕਰਕੇ ਪਹਿਲਾਂ ਤਾਂ ਪਾਣੀ ਸੁਕਾਉਂਦੇ, ਡੋਲੂ ਭਰ ਪਾਣੀ-ਧਾਣੀ 'ਚੋਂ ਮਸਾਂ ਇਕ ਕੌਲੀ ਦਾਲ਼ ਨਿਕਲਦੀ । ਫਿਰ ਘਰੋਂ ਲਿਆਂਦੇ 'ਘੇ' ਦਾ 'ਤੁੜਕਾ' ਲਾ ਕੇ ਖਾਣ ਯੋਗ ਬਣਾਉਂਦੇ ।
ਚੋਣਾਂ ਵਿਚ ਹੋਈ ਆਪਣੀ ਅਤੇ ਆਪਣੀ ਸਾਰੀ ਪਾਰਟੀ ਦੀ ਹਾਰ ਦੀ ਨਮੋਸ਼ੀ ਕਰਕੇ ਬੁਖ਼ਲਾਹਟ ਵਿਚ ਆਈ ਇੰਦਰਾ ਗਾਂਧੀ ਨੇ ਦੇਸ਼ ਦੀ ਅਖੰਡਤਾ ਨੂੰ ਖ਼ਤਰੇ ਦਾ ਬਹਾਨਾ ਬਣਾ 25 ਜੂੁਨ 1975 ਨੂੰ ਅੰਦਰੂਨੀ ਐਮਰਜੈਂਸੀ ਦਾ ਐਲਾਨ ਕਰ ਦਿਤਾ । ਸਰਕਾਰ ਵੱਲੋਂ ਸਾਰੇ ਵਿਰੋਧੀ ਪਾਰਟੀਆਂ ਦੇ ਲੀਡਰ ਅਤੇ ਸਿਆਸੀ ਕਾਰਕੁਨ ਜੇਲ੍ਹਾਂ ਵਿਚ ਡੱਕ ਦਿਤੇ । ਹੋਰ ਵੱਡੇ ਸਿਆਸੀ ਲੀਡਰਾਂ ਸਮੇਤ ਪੰਜਾਬ ਸਟਡੈਂਟਸ ਯੂਨੀਅਨ ਦੇ ਸਾਬਕਾ ਆਗੂ ਪ੍ਰਿਥੀਪਾਲ ਰੰਧਾਵਾ ਨੂੰ ਵੀ ਪਟਿਆਲਾ ਜੇਲ੍ਹ ਵਿਚ ਡੱਕ ਦਿਤਾ । ਫਿਰ 18 ਜੁਲਾਈ 1979 ਨੂੰ ਪ੍ਰਿਥੀ ਨੂੰ ਫੈਡਰੇਸ਼ਨੀ ਗੁੰਡਿਆਂ ਵੱਲੋਂ ਜਬਰੀ ਅਗਵਾ ਕਰਕੇ ਸ਼ਹੀਦ ਕਰ ਦਿਤਾ ਗਿਆ । ਉਹ ਬਹੁਤ ਸੁਲਝਿਆ ਹੋਇਆ ਵਿਦਿਆਰਥੀ ਲੀਡਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਧੜਕਦੀ ਰੂਹ ਸੀ । ਮੋਗਾ ਗੋਲ਼ੀ-ਕਾਂਡ ਸਮੇਂ ਪ੍ਰਿਥੀਪਾਲ ਬਹੁਤ ਵਾਰ ਸਾਡੇ ਕੋਲ਼ ਠਹਿਰਿਆ ਸੀ, ਅਤੇ ਇਥੋਂ ਹੀ ਪ੍ਰੈੱਸ ਨੁੰ ਬਿਆਨ ਲਿਖਕੇ ਭੇਜੇ ਜਾਂਦੇ ਸਨ । ਉਸਦਾ ਮੁਹਾਂਦਰਾ ਭਗਤ ਸਿੰਘ ਵਰਗਾ ਸੀ, ਹਰ ਇਕ ਨੂੰ ਮੋਹ ਲੈਣ ਵਾਲੀ ਪ੍ਰਭਾਵਸ਼ਾਲੀ ਸੀਰਤ ਤੇ ਸੂਰਤ ! ਹਰਮਿੰਦਰ ਦਾ ਉਸ ਨਾਲ਼ ਕਾਲਜ ਛੱਡਣ ਤੋਂ ਬਾਅਦ ਵੀ ਸੰਪਰਕ ਬਰਕਰਾਰ ਰਿਹਾ । ਆਮ ਵਿਦਿਆਰਥੀਆ ਦਾ ਮੰਨਣਾ ਸੀ ਕਿ ਪੀ ਏ ਯੂ ਵਿਚ ਬਹੁਤੀ ਟੈਨਸ਼ਨ ਪੀ ਐੱਸ ਯੂ ਦੇ ਸਿਰਕੱਢ ਲੀਡਰ ਜਸਪਾਲ ਜੱਸੀ ਅਤੇ ਫੈਡਰੇਸ਼ਨੀ ਗੁੰਡਾ ਗਰੋਹ ਦੇ ਬੇਅੰਤ ਵਿਚਕਾਰ ਸੀ । ਉਸ ਦਿਨ ਉਹ ਸ਼ਾਇਦ ਜਸਪਾਲ ਜੱਸੀ ਨੂੰ ਚੁੱਕਣ ਆਏ ਸਨ, ਪਰ ਉਹ ਬਚ ਗਿਆ ਸੀ । ਫਿਰ ਉਹਨਾਂ ਪ੍ਰਿਥੀ ਨੂੰ ਅਗਵਾ ਕਰ ਲਿਆ । ਹਰਮਿੰਦਰ ਨੇ ਉਦੋਂ ਮੈਨੂੰ ਪਾਸ਼ ਦੀ ਪ੍ਰਿਥੀਪਾਲ ਨੂੰ ਸਮਰਪਿਤ ਇਕ ਕਵਿਤਾ ਦੇ ਕੁਝ ਕੁ ਬੰਦ ਲਿਖ ਕੇ ਭੇਜੇ ਸਨ:
"ਜਿੱਦਣ ਤੂੰ ਪ੍ਰਿਥੀ ਨੂੰ ਜੰਮਿਆ, ਕਿਹੜਾ ਦਿਨ ਸੀ ਮਾਂ ?
'ਰੱਬ' ਬਣ ਕੇ ਮੈਂ ਕੁੱਲ ਕਲੰਡਰ, ਓਹੀਓ ਦਿਨ ਕਰ-ਦਾਂ ।
... ... ... ... ... ...
ਪ੍ਰਿਥੀ ਕਰ ਗਿਆ ਧਰਤੀਆਂ ਅੰਬਰ, ਸਾਰੇ ਤੇਰੇ ਨਾਂ ।
ਲੱਭਦੇ ਫਿਰਨ 'ਬੇਅੰਤੇ' ਵਰਗੇ ,ਪੈਰ ਧਰਨ ਨੂੰ ਥਾਂ ।"
ਪ੍ਰਿਥੀ ਦੀ ਸ਼ਹਾਦਤ ਦਾ ਪੂਰੇ ਪੰਜਾਬ ਅਤੇ ਦੇਸ਼ਾਂ-ਬਿਦੇਸ਼ਾਂ ਵਿਚ ਸੋਗ ਮਨਾਇਆ ਗਿਆ । ਅਸੀਂ ਵੀ ਉਹਨੀ ਦਿਨੀ ਐਡਮੰਟਨ ਤੋਂ ਸੋਗ ਮਤਾ ਅਤੇ ਆਰਥਿਕ ਸਹਾਇਤਾ ਭੇਜੀ । ਸਾਰਾ ਪੰਜਾਬ 'ਲੋਕ ਘੋਲ ਨਾ ਥੰਮਣਗੇ, ਘਰ ਘਰ ਪ੍ਰਿਥੀ ਜੰਮਣਗੇ' ਨਾਅਰਿਆਂ ਨਾਲ਼ ਗੂੰਜ ਉਠਿਆ ਸੀ । ਪੀ ਐੱਸ ਯੂ ਦੀ ਸੁਪੋਰਟ 'ਤੇ ਨੌਜਵਾਨ ਭਾਰਤ ਸਭਾ, ਟੀਚਰਜ਼ ਯੂਨੀਅਨਾਂ ਅਤੇ ਤਮਾਮ ਜਮਹੂਰੀ ਜੱਥੇਬੰਦੀਆਂ ਵੀ ਆਣ ਖੜ੍ਹੀਆਂ । ਸਾਰਿਆਂ ਵੱਲੋਂ ਕਾਤਲਾਂ ਨੂੰ ਫੜ੍ਹ ਕੇ ਫਾਹੇ ਲਾਉਣ ਦੀ ਮੰਗ ਪਰਚੰਡ ਹੋ ਰਹੀ ਸੀ । ਪਰ ਪੁਲੀਸ ਅਤੇ ਪ੍ਰਸ਼ਾਸਨ ਆਪਣੇ ਪੱਤੇ ਖੇਡ ਰਹੇ ਸਨ । ਇਕ ਪਾਸੇ ਵਿਦਿਆਰਥੀਆਂ ਨੂੰ ਯਕੀਨ ਦੁਆਇਆ ਜਾ ਰਿਹਾ ਸੀ ਕਿ ਕਾਤਲ ਬਖ਼ਸ਼ੇ ਨਹੀਂ ਜਾਣਗੇ, ਪਰ ਦੂਜੇ ਪਾਸੇ ਅਕਾਲੀਆਂ ਦੀ ਸ਼ਹਿ 'ਤੇ ਪੁਲੀਸ ਕਾਤਲਾਂ ਨੂੰ ਬਚਾ ਰਹੀ ਸੀ । ਵਿਦਿਆਰਥੀਆਂ ਵੱਲੋਂ ਲੜੇ ਜਾ ਰਹੇ ਇਸ ਸੰਘਰਸ਼ ਲਈ ਹਮਦਰਦੀ ਤੋਂ ਇਲਾਵਾ ਫੰਡਾਂ ਦੀ ਵੀ ਸਖ਼ਤ ਜ਼ਰੂਰਤ ਸੀ । ਇਸ ਕੰਮ ਲਈ ਹਰਮਿੰਦਰ ਨੇ ਆਪਣੇ ਸੰਪਰਕ ਵਿਚਲੇ ਯੂਨੀਅਨ ਦੇ ਹਮਦਰਦ ਦੋਸਤਾਂ ਮਿੱਤਰਾਂ ਤੋਂ ਫੰਡ ਇਕੱਠਾ ਕਰਨ ਦਾ ਕਾਰਜ ਆਪਣੇ ਜ਼ਿੰਮੇ ਲਿਆ ।
ਬਾਕੀ ਅਗਲੀ ਕਿਸ਼ਤ 'ਚ
-
ਸਤਵੰਤ ਦੀਪਕ, ਲੇਖਕ ਅਤੇ ਕਲਾਕਾਰ ,ਕੈਨੇਡਾ
satwantdeepak@gmail.com
+1-604-910-9953
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.