ਪੇਟ ਦੀਆਂ ਬਿਮਾਰੀਆਂ ਤੋਂ ਬਚਣ ਦੇ ਆਸਾਨ ਤਰੀਕੇ…. ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਅੱਜ ਦੇ ਤੇਜ਼ ਤਰਾਰ ਯੁੱਗ ਵਿਚ ਤੇਜ਼ ਤਰਾਰ ਭੋਜਨ (ਫਾਸਟ ਫੂਡ) ਖਾਣਾ ਇਕ ਸ਼ੌਕ ਬਣ ਗਿਆ ਹੈ। ਕੋਈ ਵਿਆਹ ਹੋਵੇ, ਪਾਰਟੀ ਹੋਵੇ, ਇਥੋਂ ਤੱਕ ਕਿ ਮਰਗ ਦੇ ਭੋਗ 'ਤੇ ਵੀ ਤਲਿਆ ਹੋਇਆ, ਕਰਾਰੇ ਮਿਰਚ ਮਸਾਲੇ ਵਾਲਾ ਸੁਆਦਲਾ ਖਾਣਾ ਖਾਧੇ ਬਿਨਾਂ ਪ੍ਰੋਗਰਾਮ ਨੂੰ ਸਫ਼ਲ ਨਹੀਂ ਮੰਨਿਆ ਜਾਂਦਾ। ਬੱਸ ਫਿਰ ਕੀ, ਅਜਿਹਾ ਮਸਾਲੇਦਾਰ ਖਾਣਾ ਖਾ ਕੇ ਇਕ ਵਾਰ ਤਾਂ ਜੀਭ ਦਾ ਸੁਆਦ ਚੱਖ ਲਿਆ ਜਾਂਦਾ ਹੈ ਪਰ ਉਸ ਤੋਂ ਪਿੱਛੋਂ ਜਿਵੇਂ ਪੇਟ ਵਿਲਕਦਾ ਹੈ, ਉਹਦੀਆਂ ਉਹੀ ਜਾਣਦਾ।
ਕੋਈ ਵੀ ਚੀਜ਼ ਖਾਣ ਤੋਂ ਬਾਅਦ ਇਕਦਮ ਮਿਹਦੇ ਵਿਚ ਜਾਂਦੀ ਹੈ। ਅਗਰ ਖਾਧੀ ਹੋਈ ਚੀਜ਼ ਹਲਕੀ ਹੋਵੇਗੀ ਤਾਂ ਮਿਹਦਾ ਛੇਤੀ ਹਜ਼ਮ ਕਰ ਲਵੇਗਾ, ਅਗਰ ਉਹੀਓ ਭੋਜਨ ਜ਼ਿਆਦਾ ਮਿਰਚ ਮਸਾਲੇ ਵਾਲਾ ਹੋਵੇਗਾ ਤਾਂ ਮਿਹਦੇ ਨੂੰ ਹਜ਼ਮ ਕਰਨ ਲਈ ਦੁੱਗਣਾ-ਚੌਗੁਣਾ ਜ਼ੋਰ ਲਾਉਣਾ ਪਵੇਗਾ। ਇਹੀਓ ਕਾਰਨ ਹੈ ਕਿ ਜ਼ਿਆਦਾ ਭੋਜਨ ਲੈਣ ਤੋਂ ਪਿੱਛੋਂ ਸਰੀਰ ਵਿਚ ਸੁਸਤੀ ਆਉਣ ਲੱਗ ਪੈਂਦੀ ਹੈ। ਖ਼ਾਸ ਕਰਕੇ ਗਰਮੀ ਦੇ ਦਿਨਾਂ ਵਿਚ ਤਾਂ ਥੋੜ੍ਹਾ ਜਿਹਾ ਲੋੜ ਤੋਂ ਵੱਧ ਖਾਣ ਨਾਲ ਸੁਸਤੀ ਪੈ ਜਾਂਦੀ ਹੈ।
ਮਿਹਦੇ ਦੀ ਜਲਣ (ਹਰਟਬਰਨ) ਤਾਂ ਅੱਜ ਦੇ ਸਮੇਂ ਦੀ ਮੁੱਖ ਸਮੱਸਿਆ ਹੈ। ਕਿੰਨੇ ਹੀ ਲੋਕ ਹਨ, ਜੋ ਸਵੇਰੇ ਔਸਿਡ ਦੇ ਕੈਪਸੂਲ ਲੈਣ ਪਿੱਛੋਂ ਹੀ ਕੁਝ ਖਾ-ਪੀ ਸਕਦੇ ਹਨ ਜਾਂ ਸਾਰਾ-ਸਾਰਾ ਦਿਨ ਈਨੋ ਘੋਲ ਕੇ ਪੀਣਾ ਵੀ ਲੋਕਾਂ ਦਾ ਸ਼ੌਕ ਬਣਦਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ, ਕਈ ਲੋਕਾਂ ਨੂੰ ਤਾਂ ਥੋੜ੍ਹਾ ਜਿਹਾ ਕੁਝ ਖਾਣ ਪਿੱਛੋਂ ਹੀ ਅਜਿਹੀਆਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ, ਜੋ ਸਰੀਰ ਵਿਚੋਂ ਏਸਿਡ ਦੀ ਮਾਤਰਾ ਨੂੰ ਘਟਾਉਂਦੀਆਂ ਹਨ।
ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਏਸਿਡ ਜਾਂ ਜਿਸਨੂੰ ਅਸੀਂ ਆਮ 'ਤੇਜ਼ਾਬ' ਬਣਨਾ ਵੀ ਕਹਿ ਦਿੰਦੇ ਹਾਂ ਇਹ ਸਾਡੇ ਸਾਰਿਆਂ ਦੇ ਸਰੀਰ ਵਿਚ ਬਣਦਾ ਹੈ, ਜਿਸਨੂੰ ਹਾਈਡ੍ਰੋਕਲੋਰਿਕ ਏਸਿਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹੀ ਏਸਿਡ ਹੈ, ਜਿਹੜਾ ਸਾਡੇ ਖਾਧੇ ਹੋਏ ਭੋਜਨ ਨੂੰ ਗਾਲਦਾ ਹੈ ਅਤੇ ਉਸ ਵਿਚੋਂ ਜ਼ਰੂਰੀ ਤੱਤਾਂ ਦੀ ਭੰਨ-ਤੋੜ ਕਰਕੇ ਬਾਕੀ ਮਲ ਰਾਹੀਂ ਬਾਹਰ ਕੱਢ ਦਿੰਦਾ ਹੈ। ਖਾਲੀ ਪੇਟ ਖਾਧੇ ਹੋਏ ਔਸਿਡ ਦੇ ਕੈਪਸੂਲ ਜਾਂ ਜ਼ਿਆਦਾ ਮਾਤਰਾ ਵਿਚ ਈਨੋ ਜਾਂ ਈਨੋ ਵਰਗੀਆਂ ਹੋਰ ਮਾਰਕੀਟ ਵਿਚ ਵਿਕਦੀਆਂ ਦਵਾਈਆਂ ਸਾਡੇ ਸਰੀਰ ਵਿਚ ਪੈਦਾ ਹੋਣ ਵਾਲੇ ਹੋਰ ਇਨਜ਼ਾਇਮ ਨੂੰ ਰੋਕ ਦਿੰਦੀਆਂ ਹਨ ਅਤੇ ਫਿਰ ਸਾਰੀ ਉਮਰ ਇਨ੍ਹਾਂ ਦਵਾਈਆਂ ਦੇ ਆਸਰੇ ਕੱਟਣੀ ਪੈਂਦੀ ਹੈ। ਥੋੜ੍ਹੀ ਜਿਹੀ ਪੇਟ ਦੀ ਜਲਣ ਹੋਣ 'ਤੇ ਜ਼ਿਆਦਾ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਅਸੀਂ ਆਪਣੇ ਜੀਵਨ ਢੰਗ ਵਿਚ ਥੋੜ੍ਹਾ ਜਿਹਾ ਸੁਧਾਰ ਕਰ ਲਈਏ ਤਾਂ ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ :-
1. ਖਾਣਾ ਉਸ ਵੇਲੇ ਖਾਓ, ਜਦੋਂ ਭੁੱਖ ਲੱਗੀ ਹੋਵੇ। ਲੋੜ ਤੋਂ ਪਹਿਲਾਂ ਜਾਂ ਸਮਾਂ ਲੰਘਣ ਉਪਰੰਤ ਖਾਧਾ ਹੋਇਆ ਖਾਣਾ ਜ਼ਰੂਰ ਖ਼ਰਾਬੀ ਕਰੇਗਾ।
2. ਇਕ ਵਾਰ ਵਿਚ ਥੋੜ੍ਹਾ ਖਾਣਾ ਖਾਓ ਅਤੇ ਦਿਨ ਵਿਚ ਘੱਟੋ-ਘੱਟ ਤਿੰਨ ਵਾਰ (ਸਵੇਰ, ਦੁਪਹਿਰ ਅਤੇ ਰਾਤ ਨੂੰ) ਸਮੇਂ ਸਿਰ ਖਾਣਾ ਖਾਓ। ਕਦੀ ਵਰਤ ਨਾ ਰੱਖੋ, ਸਗੋਂ ਹਲਕਾ-ਫੁਲਕਾ ਖਾਣਾ ਜਿਵੇਂ ਦਲੀਆ, ਖਿਚੜੀ, ਫਲਾਂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।
3. ਸਵੇਰ ਦੇ ਭੋਜਨ ਵਿਚ ਦੁੱਧ, ਦਹੀਂ, ਲੱਸੀ, ਅੰਡਾ-ਪਨੀਰ ਦੀ ਵਰਤੋਂ ਕਰੋ। ਕਦੇ ਰਾਤ ਨੂੰ ਦਹੀਂ, ਲੱਸੀ ਜਾਂ ਅੰਡਾ-ਪਨੀਰ ਵਗੈਰਾ ਭਾਰੀਆਂ ਚੀਜ਼ਾਂ ਨਾ ਖਾਓ।
4. ਫਲ ਹਮੇਸ਼ਾ ਸਵੇਰੇ ਖਾਣੇ ਚਾਹੀਦੇ ਹਨ। ਰਾਤ ਨੂੰ ਹਲਕਾ ਭੋਜਨ ਲੈਣਾ ਚਾਹੀਦਾ ਹੈ।
5. ਸਵੇਰੇ ਨਾਸ਼ਤੇ ਵਿਚ ਇਕ-ਦੋ ਫੁਲਕੇ ਜ਼ਰੂਰ ਲਵੋ, ਇਕੱਲੇ ਫਲਾਂ ਨਾਲ ਜਾਂ ਬਰੈੱਡ ਬਿਸਕੁਟਾਂ ਨਾਲ ਨਾਸ਼ਤਾ ਨਾ ਕਰੋ। ਬਰੈੱਡ, ਪੇਸਟਰੀਆਂ ਖਾਣੀਆਂ ਸਰੀਰ ਲਈ ਬਹੁਤ ਹਾਨੀਕਾਰਕ ਹਨ ਕਿਉਂਕਿ ਬਰੈੱਡ, ਬਿਸਕੁਟ ਜੋ ਸਾਨੂੰ ਮਾਰਕੀਟ ਵਿਚੋਂ ਮਿਲਦੇ ਹਨ, ਉਹ ਮੈਦੇ ਦੇ ਬਣੇ ਹੁੰਦੇ ਹਨ। ਮੈਦਾ ਬਹੁਤ ਭਾਰਾ ਹੁੰਦਾ ਹੈ, ਜਿਸਨੂੰ ਹਜ਼ਮ ਕਰਨ ਲਈ ਮਿਹਦੇ ਨੂੰ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ। ਇਕ ਧਾਰਨਾ ਇਹ ਵੀ ਬਣੀ ਹੋਈ ਹੈ ਕਿ ਬਿਮਾਰ ਆਦਮੀ ਨੂੰ ਬਰੈੱਡ ਖੁਆਇਆ ਜਾਂਦਾ ਹੈ ਪਰ ਜ਼ਰਾ ਸੋਚੋ, ਬਰੈੱਡ ਰੋਟੀ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ।
6. ਸਵੇਰ ਵੇਲੇ ਦਹੀਂ ਨਾਲ ਫੁਲਕਾ ਖਾ ਕੇ ਉੱਪਰ ਦੀ ਚਾਹ ਨਾ ਪੀਓ। ਇਸੇ ਤਰ੍ਹਾਂ ਰਾਤ ਨੂੰ ਰੋਟੀਆਂ ਨਾਲ ਪੇਟ ਭਰ ਕੇ ਉਪਰੰਤ ਦੁੱਧ ਪੀਣ ਨਾਲ ਵੀ ਗੈਸ ਜ਼ਿਆਦਾ ਬਣਦੀ ਹੈ। ਹੋ ਸਕੇ ਤਾਂ ਦੁੱਧ ਹਮੇਸ਼ਾ ਦਿਨ ਵੇਲੇ ਪੀਓ। ਰਾਤ ਨੂੰ ਸੌਣ ਲੱਗੇ ਜਾਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਅੱਧੀ ਰਾਤ ਉਠ ਕੇ ਠੰਡਾ ਦੁੱਧ ਪੀਂਦੇ ਹਨ, ਅਜਿਹਾ ਹਰਗਿਜ਼ ਨਹੀਂ ਕਰਨਾ ਚਾਹੀਦਾ।
7. ਜੇਕਰ ਹੋ ਸਕੇ ਤਾਂ ਖਾਣਾ ਹਮੇਸ਼ਾ ਭੁੰਜੇ ਬਹਿ ਕੇ, ਚੌਕੜੀ ਮਾਰ ਕੇ ਖਾਣਾ ਚਾਹੀਦਾ ਹੈ। ਮਾਡਰਨ ਯੁੱਗ ਵਿਚ ਡਾਇਨਿੰਗ ਟੇਬਲਾਂ 'ਤੇ ਖਾਣਾ ਖਾਣ ਦਾ ਰਿਵਾਜ ਬਣਦਾ ਜਾ ਰਿਹਾ ਹੈ ਪਰ ਇਹ ਬਿਲਕੁਲ ਗਲਤ ਹੈ। ਖਾਣਾ ਹਮੇਸ਼ਾ ਚੌਕੜੀ ਮਾਰ ਕੇ, ਜਿਵੇਂ ਲੰਗਰ ਵਿਚ ਬਹਿ ਕੇ ਛਕੀਦਾ, ਉਸੇ ਤਰ੍ਹਾਂ ਖਾਣ ਦੀ ਆਦਤ ਬਣਾਉਣੀ ਚਾਹੀਦੀ ਹੈ।
8. ਖਾਣਾ ਖਾਣ ਸਾਰ ਦਸ ਮਿੰਟ ਸਿੱਧੇ ਲੇਟ ਜਾਓ। ਖਾਣਾ ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣਾ ਚਾਹੀਦਾ ਹੈ ਅਤੇ ਖਾਣਾ ਖਾ ਕੇ ਕੁਰਸੀ 'ਤੇ ਬੈਠਣਾ ਜਾਂ ਭਾਰਾ ਕੰਮ ਨਹੀਂ ਕਰਨਾ ਚਾਹੀਦਾ।
9. ਖਾਣਾ ਖਾਣ ਸਮੇਂ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਾਣੀ ਹਮੇਸ਼ਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪੀਣਾ ਚਾਹੀਦਾ ਹੈ।
10. ਖਾਣਾ ਖਾਣ ਸਮੇਂ ਕਦੇ ਵੀ ਟੈਲੀਵਿਜ਼ਨ ਦੇਖਣਾ ਜਾਂ ਅਖ਼ਬਾਰ ਨਹੀਂ ਪੜ੍ਹਨਾ ਚਾਹੀਦਾ। ਖਾਣਾ ਹਮੇਸ਼ਾ ਇਕਾਗਰ-ਚਿੱਤ ਹੋ ਕੇ ਬਿਨਾਂ ਕਿਸੇ ਕਾਹਲੀ ਦੇ, ਚਿੱਥ-ਚਿੱਥ ਕੇ ਖਾਣਾ ਚਾਹੀਦਾ ਹੈ। ਹਮੇਸ਼ਾ ਯਾਦ ਰੱਖੋ ਕਿ ਪਸ਼ੂ ਵੀ ਕਿੰਨਾ-ਕਿੰਨਾ ਚਿਰ ਉਗਾਲੀ ਕਰਦੇ ਰਹਿੰਦੇ ਹਨ। ਸਾਡੇ ਨਾਲੋਂ ਤਾਂ ਉਹੀਓ ਚੰਗੇ ਹਨ। ਖਾਣਾ ਖਾਣ ਲੱਗਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਨਾਲ ਹੱਥੂ ਆ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।
11. ਇਕ ਖ਼ਾਸ ਗੱਲ, ਜੋ ਅੱਜ ਦੇ ਸਮੇਂ ਵਿਚ ਧਿਆਨ ਭਾਲਦੀ ਹੈ। ਉਹ ਇਹ ਕਿ ਖਾਣਾ ਖਾਣ ਤੋਂ ਪਹਿਲਾਂ ਸਾਰੇ ਮੋਬਾਈਲ ਫੋਨ, ਲੈਂਡਲਾਈਨ ਫੋਨ 'ਸਵਿੱਚ ਆਫ਼' ਕਰ ਦਿਉ। ਨਹੀਂ ਤਾਂ ਤੁਹਾਨੂੰ ਕਿਸੇ ਨੇ ਰੋਟੀ ਦੀ ਬੁਰਕੀ ਮੂੰਹ ਵਿਚ ਨਹੀਂ ਪਾਉਣ ਦੇਣੀ।
12. ਬਾਜ਼ਾਰ ਦੀਆਂ ਤਲੀਆਂ, ਸੁਆਦਲੀਆਂ ਚੀਜ਼ਾਂ ਨੂੰ ਦੇਖ ਕੇ ਮੂੰਹ ਵਿਚ ਪਾਣੀ ਨਾ ਆਉਣ ਦਿਓ ਕਿਉਂਕਿ ਕੁਝ ਕੁ ਪਲਾਂ ਦਾ ਸੁਆਦ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਕਿਉਂਕਿ ਰੇਹੜੀਆਂ 'ਤੇ ਬਣਿਆ ਭੋਜਨ ਜਾਂ ਇਥੋਂ ਤੱਕ ਕਿ ਰੈਸਟੋਰੈਂਟਾਂ ਵਿਚ ਪਕਵਾਨ ਬਣਾਉਣ ਲੱਗਿਆਂ ਤੁਹਾਡੀ ਸਿਹਤ ਦਾ ਨਹੀਂ, ਸਗੋਂ ਮੁਨਾਫੇ ਦਾ ਧਿਆਨ ਰੱਖਿਆ ਜਾਂਦਾ ਹੈ। 'ਖਾਈਏ ਮਨ ਭਾਉਂਦਾ' ਵਾਲਾ ਨਾਅਰਾ ਵੀ ਹੁਣ ਬਦਲ ਦੇਣਾ ਚਾਹੀਦਾ ਹੈ, ਸਗੋਂ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਜੋ ਖਾ ਰਹੇ ਹਾਂ, ਕੀ ਇਹ ਸੱਚਮੁੱਚ ਸਾਡੇ ਸਰੀਰ ਲਈ ਬਣਿਆ ਹੈ ਜਾਂ ਨਹੀਂ। ਬਹੁਤੀ ਚਾਹ, ਕੌਫ਼ੀ, ਸ਼ਰਾਬ ਦੀ ਵਰਤੋਂ ਵੀ ਪੇਟ ਦੀਆਂ ਬਿਮਾਰੀਆਂ ਵਿਚ ਵਾਧਾ ਕਰਦੀ ਹੈ।
13. ਰੋਟੀ ਚੁੱਲ੍ਹੇ 'ਤੇ ਬਣੀ ਹੋਵੇ ਤਾਂ ਕਹਿਣਾ ਈ ਕੀ ਪਰ ਅੱਜ ਦੇ ਦੌਰ ਵਿਚ ਚੁੱਲ੍ਹੇ ਤਾਂ ਗਾਇਬ ਹੋ ਚੁੱਕੇ ਹਨ। ਗੈਸੀ ਚੁੱਲ੍ਹੇ ਮਾਡਰਨ ਰਸੋਈ ਦਾ ਸ਼ਿੰਗਾਰ ਬਣ ਚੁੱਕੇ ਹਨ। ਕੁਝ ਕੁ ਤਾਂ ਬਾਲਣ ਦੀ ਘਾਟ ਕਾਰਨ, ਕੁਝ ਕੁ ਜਨਾਨੀਆਂ ਚੁੱਲ੍ਹੇ ਮੂਹਰੇ ਸੇਕ 'ਚ ਨਹੀਂ ਬਹਿ ਸਕਦੀਆਂ ਪਰ ਧੰਨ ਨੇ ਸਾਡੀਆਂ ਦਾਦੀਆਂ-ਨਾਨੀਆਂ ਜਿਨ੍ਹਾਂ ਨੇ ਸਾਰੀ ਉਮਰ ਛਟੀਆਂ ਜਾਂ ਪਾਥੀਆਂ ਦੀ ਭੂਕਣੇ ਨਾਲ ਫੂਕਾਂ ਮਾਰ-ਮਾਰ ਕੇ ਅੱਗ ਬਾਲੀ ਅਤੇ ਸਾਰੇ ਟੱਬਰ ਦਾ ਪੇਟ ਭਰਿਆ। ਅੱਜਕੱਲ੍ਹ ਦੀਆਂ ਤਾਂ ਗੈਸ 'ਤੇ ਰੋਟੀ ਪਕਾਉਂਦੀਆਂ ਵੀ ਥੱਕ ਜਾਂਦੀਆਂ ਹਨ। ਯਾਦ ਰੱਖੋ, ਗੈਸ ਦੀ ਅੱਗ 'ਤੇ ਰੋਟੀ ਸੇਕਣੀ ਬਹੁਤ ਹੀ ਹਾਨੀਕਾਰਕ ਹੈ। ਗੈਸ 'ਤੇ ਤਵਾ ਰੱਖ ਕੇ ਹੀ ਰੋਟੀ ਸੇਕਣੀ ਚਾਹੀਦੀ ਹੈ। ਕਈ ਔਰਤਾਂ ਇਕ ਪਾਸੇ ਰੋਟੀ ਤਵੇ 'ਤੇ ਰਾੜ੍ਹ ਕੇ ਦੂਸਰੇ ਗੈਸ ਵਾਲੇ ਪਾਸੇ ਸੇਕਦੀਆਂ ਹਨ। ਇਹ ਸਰਾਸਰ ਗਲਤ ਹੈ। ਗੈਸ 'ਤੇ ਬਣੀ ਹੋਈ ਰੋਟੀ ਮਿਹਦੇ ਵਿਚ ਗੈਸ ਪੈਦਾ ਕਰੇਗੀ ਹੀ ਕਰੇਗੀ।
14. ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਰੋਟੀ ਖੁਆਉਣ ਵਾਲਾ ਜਾਂ ਖੁਆਉਣ ਵਾਲੀ (ਤੁਹਾਡੀ ਮਾਂ, ਭੈਣ, ਘਰਵਾਲੀ) ਕਿਸ ਮੂਡ ਵਿਚ ਹਨ। ਖ਼ੁਸ਼ ਮੂਡ ਵਿਚ ਪਕਾਈ ਰੋਟੀ ਤੁਹਾਡੇ ਪੇਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ। ਅਗਰ ਖਾਣਾ ਤਿਆਰ ਕਰਨ ਵਾਲੇ ਦਾ ਮੂਡ ਠੀਕ ਨਹੀਂ ਤਾਂ ਉਹਦੇ ਹੱਥ ਦੀ ਰੋਟੀ ਕਦੇ ਨਹੀਂ ਖਾਣੀ ਚਾਹੀਦੀ ਕਿਉਂਕਿ ਉਸ ਰੋਟੀ ਵਿਚ ਪਿਆਰ ਨਹੀਂ, ਸਤਿਕਾਰ ਨਹੀਂ। ਤਾਹੀਓਂ ਤਾਂ ਲੰਗਰ ਦਾ ਪ੍ਰਸ਼ਾਦਾ ਐਨਾ ਸੁਆਦ ਹੁੰਦਾ ਹੈ ਕਿਉਂਕਿ ਲੰਗਰ ਵਿਚ ਹਰੇਕ ਚੀਜ਼ ਸ਼ਰਧਾ ਨਾਲ ਤਿਆਰ ਕੀਤੀ ਹੁੰਦੀ ਹੈ। ਜੇ ਤੁਹਾਨੂੰ ਰੋਟੀ ਖੁਆਉਣ ਵਾਲੇ ਦੀ ਤੁਹਾਡੇ ਵਿਚ ਸ਼ਰਧਾ ਨਹੀਂ ਤਾਂ ਉਹ ਭੋਜਨ ਤੁਹਾਨੂੰ ਖ਼ਰਾਬ ਕਰੇਗਾ।
ਅੰਤ ਵਿਚ ਖਾਣਾ ਖਾਣ ਲੱਗਿਆਂ ਇਕਾਂਤ ਵਿਚ ਬੈਠ ਕੇ ਖਾਓ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਪ੍ਰਮਾਤਮਾ ਦਾ ਸ਼ੁਕਰ ਕਰੋ, ਜਿਸਨੇ ਤੁਹਾਨੂੰ ਬਖ਼ਸ਼ਿਸ਼ ਕੀਤੀ ਹੈ।
ਜੇਕਰ ਤੁਸੀਂ ਉਪਰੋਕਤ ਗੱਲਾਂ ਵੱਲ ਧਿਆਨ ਦਿਓ ਅਤੇ ਸਵੇਰ ਦੀ ਸੈਰ ਕਰੋ ਤਾਂ ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.