ਅੰਗਰੇਜ਼ੀ ਦਾ ਇਕ ਸ਼ਬਦ ਹੈ 'ਟੈਨਸ਼ਨ', ਜਿਸਦਾ ਮਤਲਬ ਹੈ ਤਣਾਅ। ਦੁਨੀਆਂ ਦਾ ਕੋਈ ਇਨਸਾਨ ਅਜਿਹਾ ਨਹੀਂ, ਜਿਸਨੇ ਕਦੇ ਇਹ ਨਾ ਆਖਿਆ ਹੋਵੇ, ਯਾਰ ਬੜੀ 'ਟੈਨਸ਼ਨ' ਆ, ਜਾਂ ਬੜੀ ਟੈਨਸ਼ਨ ਵਾਲੀ ਗੱਲ ਆ। ਜਦੋਂ ਅਸੀਂ ਆਪਣੇ ਕਿਸੇ ਮਿੱਤਰ, ਯਾਰ, ਸਨੇਹੀ, ਸਾਕ-ਸੰਬੰਧੀ ਨੂੰ ਹਾਲ-ਚਾਲ ਪੁੱਛਦੇ ਹਾਂ ਜਾਂ ਜਦੋਂ ਕਦੇ ਫੋਨ ਕਰਕੇ ਪੁੱਛੀਦਾ ਕੀ ਹਾਲ ਹੈ? ਜੇਕਰ ਜਵਾਬ ਦੇਣ ਵਾਲਾ ਥੋੜ੍ਹਾ ਢਿੱਲੀ ਆਵਾਜ਼ ਵਿਚ ਬੋਲੇ ਤਾਂ ਸਾਡੇ ਮੂੰਹੋਂ ਸੁਤੇ-ਸੁਭਾਅ ਈ ਨਿਕਲ ਆਉਂਦਾ, 'ਕੀ ਗੱਲ ਸੁੱਖ ਤਾਂ ਹੈ ਕੋਈ 'ਟੈਨਸ਼ਨ' ਤਾਂ ਨਹੀਂ?'
ਗੱਲ ਕੀ 'ਟੈਨਸ਼ਨ' ਇਕ ਅਜਿਹਾ ਸ਼ਬਦ ਹੈ, ਜਿਸਨੂੰ ਜਿਥੇ ਚਾਹੋ ਫਿੱਟ ਕਰ ਲਓ। ਦਫ਼ਤਰ ਵਿਚ ਕਿਸੇ ਦਾ ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਉਦਾਸ ਹੋ ਕੇ ਇਕ ਪਾਸੇ ਬੈਠੇ ਜਾਓ। ਜੇਕਰ ਤੁਹਾਨੂੰ ਕੋਈ ਪੁੱਛੇ, ਕੀ ਗੱਲ ਆ ਤਾਂ ਸਿੱਧਾ ਜਵਾਬ ਦਿਓ ਕੀ ਦੱਸੀਏ 'ਟੈਨਸ਼ਨ' 'ਚ ਆਂ। ਕਿਸੇ ਨੂੰ ਘਰ-ਬਾਰ ਦੀ ਚਿੰਤਾ, ਕਿਸੇ ਨੂੰ ਰੁਜ਼ਗਾਰ ਦੀ, ਕਿਸੇ ਨੂੰ ਬੱਚਿਆਂ ਦੀ, ਕਿਸੇ ਨੂੰ ਬੱਚਾ ਹੋਣ ਦੀ, ਕਿਸੇ ਨੂੰ ਬੱਚਾ ਨਾ ਹੋਣ ਦੀ। ਕਿਸੇ ਨੂੰ ਗਰੀਬੀ ਦੀ, ਕਿਸੇ ਨੂੰ ਅਮੀਰੀ ਦੀ। ਇਉਂ ਲੱਗਦਾ ਜਿਵੇਂ ਦੁਨੀਆਂ ਦਾ ਹਰ ਬੰਦਾ ਟੈਨਸ਼ਨ 'ਚ ਹੀ ਘੁੰਮ ਰਿਹਾ ਹੈ।
ਜਿਉਂ-ਜਿਉਂ ਨਿੱਤ ਦਿਨ ਨਵੀਆਂ ਤਕਨੀਕਾਂ ਮਾਰਕੀਟ ਵਿਚ ਆ ਰਹੀਆਂ ਹਨ, ਤਿਉਂ-ਤਿਉਂ ਚਿੰਤਾਵਾਂ ਵਧ ਰਹੀਆਂ ਹਨ। ਪਿਛਲੇ ਸਮਿਆਂ ਵਿਚ ਲੋਕਾਂ ਕੋਲ ਕਮਾਈ ਦੇ ਸੀਮਤ ਸਾਧਨ ਸਨ ਅਤੇ ਖਰਚੇ ਵੀ ਸੀਮਤ ਸਨ। ਬਹੁਤੀਆਂ ਸੁੱਖ-ਆਰਾਮ ਵਾਲੀਆਂ ਚੀਜ਼ਾਂ ਘਰ ਵਿਚ ਨਹੀਂ ਸਨ ਹੁੰਦੀਆਂ ਪਰ ਜਿਉਂ-ਜਿਉਂ ਕਮਾਈ ਦੇ ਸਾਧਨ ਵਧੇ, ਤਿਉਂ-ਤਿਉਂ ਖਰਚੇ ਵੀ ਵਧਣ ਲੱਗੇ। ਮਹਿੰਗਾਈ ਆਪਣਾ ਰੰਗ ਦਿਖਾਉਣ ਲੱਗੀ। ਇਸ ਵਿਚੋਂ ਹੀ ਚਿੰਤਾ ਦਾ ਜਨਮ ਹੋ ਰਿਹਾ ਹੈ। ਇਹ ਨਹੀਂ ਕਿ ਪਿਛਲੇ ਸਮੇਂ ਵਿਚ ਲੋਕ ਚਿੰਤਾ ਨਹੀਂ ਸਨ ਕਰਦੇ। ਚਿੰਤਾ ਤਾਂ ਹਰੇਕ ਸਮੇਂ ਮਨੁੱਖ ਨੂੰ ਹੁੰਦੀ ਰਹੀ ਪਰ ਕਈ ਚਿੰਤਾਵਾਂ ਦਾ ਹੱਲ ਸੌਖੇ ਨਿਕਲ ਆਉਂਦਾ ਸੀ ਪਰ ਅੱਜਕੱਲ੍ਹ ਦੇ ਸਮੇਂ ਨੂੰ ਵੇਖ ਕੇ ਇਉਂ ਲੱਗਦਾ ਕਿ ਇਥੇ ਕਿਸੇ ਮਸਲੇ ਦਾ ਹੱਲ ਹੀ ਨਹੀਂ ਲੱਭਦਾ, ਸਗੋਂ ਤਾਣੀ ਹੋਰ ਉਲਝਦੀ ਜਾ ਰਹੀ ਹੈ।
ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ। ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ ਕਿ ਉਹਨਾਂ ਦਾ ਭਵਿੱਖ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮਨੁੱਖ ਭਾਵੇਂ ਚੰਦਰਮਾ 'ਤੇ ਪੁੱਜ ਗਿਆ ਪਰ ਉਸਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਵੀ ਉਨੀਆਂ ਹੀ ਵੱਧ ਗਈਆਂ। ਇਹਨਾਂ ਚਿੰਤਾਵਾਂ ਦਾ ਸਭ ਤੋਂ ਵੱਡਾ ਕਾਰਨ ਜੋ ਦੇਖਣ ਨੂੰ ਮਿਲ ਰਿਹਾ ਹੈ ਉਹ ਹੈ ਲਾਲਚ, ਲਾਲਸਾ। ਮਹਾਤਮਾ ਬੁੱਧ ਦੇ ਕਥਨ ਅਨੁਸਾਰ, 'ਮਨੁੱਖ ਦੀਆਂ ਇੱਛਾਵਾਂ ਹੀ ਮਨੁੱਖ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹਨ'। ਅੱਜ ਦਾ ਮਨੁੱਖ ਲਾਲਚੀ ਜ਼ਿਆਦਾ ਹੋ ਗਿਆ। ਕੁਦਰਤ ਮਨੁੱਖ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ ਪਰ ਲਾਲਚ ਨਹੀਂ, ਲਾਲਚ ਨੂੰ ਪੂਰਾ ਕਰਨ ਲਈ ਸੌ ਤਰ੍ਹਾਂ ਦੇ ਹੱਥਕੰਡੇ ਵਰਤਣੇ ਪੈਂਦੇ ਹਨ। ਝੂਠ-ਤੂਫ਼ਾਨ, ਪਤਾ ਨਹੀਂ ਕੀ-ਕੀ। ਇਸੇ ਕਰਕੇ ਮਨੁੱਖ ਠੱਗੀਆਂ, ਚੋਰੀਆਂ, ਕਤਲਾਂ ਦਾ ਭਾਗੀਦਾਰ ਬਣਦਾ ਜਾ ਰਿਹਾ ਹੈ, ਜਿਸ ਕਾਰਨ ਉਸਦੀਆਂ ਚਿੰਤਾਵਾਂ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ।
ਲੋਕਾਂ ਵਿਚ ਸਾੜਾ ਵਧ ਰਿਹਾ ਹੈ। ਜੇਕਰ ਇਕ ਗੁਆਂਢੀ ਨਵੀਂ ਕਾਰ ਲੈ ਆਉਂਦਾ ਹੈ ਤਾਂ ਦੂਜੇ ਦੇ ਮਨ ਨੂੰ ਉਨਾਂ ਚਿਰ ਸਬਰ ਨਹੀਂ ਆਉਂਦਾ, ਜਦ ਤੱਕ ਉਹੋ ਜਿਹੀ ਕਾਰ, ਘਰੇ ਨਾ ਆਵੇ। ਲੋਕ ਆਪਣੇ ਦੁੱਖਾਂ ਕਰਕੇ ਇੰਨਾਂ ਦੁਖੀ ਨਹੀਂ ਹੁੰਦੇ, ਜਿੰਨਾਂ ਕਿਸੇ ਨੂੰ ਸੁਖੀ ਵੇਖ ਕੇ। ਕਿਸੇ ਦੇ ਘਰ ਪੱਕਦੀ ਦੋ ਡੰਗ ਦੀ ਰੋਟੀ ਦੂਜੇ ਤੋਂ ਜਰੀ ਨਹੀਂ ਜਾਂਦੀ।
ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਮਜ਼ੋਰ ਮਨ ਵਾਲੇ ਲੋਕ ਹੀ ਚਿੰਤਾ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਜਿਹੜੇ ਲੋਕ ਤਕੜੇ ਮਨ ਜਾਂ ਕਹਿ ਲਵੋ ਵਧੀਆ ਸੋਚ ਵਾਲੇ ਹੁੰਦੇ ਹਨ, ਉਹ ਚਿੰਤਾਵਾਂ ਤੋਂ ਅਤੇ ਚਿੰਤਾਵਾਂ ਉਨ੍ਹਾਂ ਤੋਂ ਦੂਰ ਰਹਿੰਦੀਆਂ ਹਨ। ਜ਼ਿੰਦਗੀ ਵਿਚ ਜੋ ਮਾੜਾ ਚੰਗਾ ਹੁੰਦਾ ਹੈ, ਜਿਹੜੇ ਲੋਕ ਉਸ ਵਰਤਾਰੇ ਨੂੰ ਖਿੜੇ ਮੱਥੇ ਸਵੀਕਾਰਦੇ ਹਨ, ਉਹ ਲੋਕ ਚਿੰਤਾ ਦਾ ਸ਼ਿਕਾਰ ਨਹੀਂ ਹੁੰਦੇ।
ਚਿੰਤਾ ਵਿਚੋਂ ਕਿਵੇਂ ਨਿਕਲਿਆ ਜਾਵੇ?
1. ਇੱਛਾਵਾਂ 'ਤੇ ਕਾਬੂ : ਜਿਵੇਂ ਪੇਪਰ ਦੇਣ ਸਮੇਂ ਸਮੂਹ ਵਿਦਿਆਰਥੀਆਂ ਦੇ ਮਨ ਵਿਚ ਇਕ ਚਿੰਤਾ ਹੁੰਦੀ ਹੈ ਕਿ ਪਤਾ ਨਹੀਂ ਪੇਪਰ ਕਿਹੋ ਜਿਹਾ ਹੋਵੇਗਾ, ਪੇਪਰ ਦੇਣ ਤੋਂ ਪਹਿਲਾਂ ਇਹ ਚਿੰਤਾ ਹਰ ਵਿਦਿਆਰਥੀ ਦੀ ਹੁੰਦੀ ਹੈ ਪਰ ਜਿਸ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੁੰਦੀ ਹੈ, ਉਸ ਵਿਦਿਆਰਥੀ ਨੂੰ ਚਿੰਤਾ ਤਾਂ ਹੁੰਦੀ ਹੈ ਪਰ ਦੂਜਿਆਂ ਮੁਕਾਬਲੇ ਘੱਟ। ਉਸਦੀ ਚਿੰਤਾ ਇਹ ਹੁੰਦੀ ਹੈ ਕਿ ਫਸਟ ਕਿਵੇਂ ਆਵਾਂਗਾ। ਭਾਵ ਮਨੁੱਖੀ ਮਨ ਤ੍ਰਿਸ਼ਨਾਵਾਂ ਵਿਚ ਘਿਰਿਆ ਹੋਣ ਕਰਕੇ ਚਿੰਤਤ ਤਾਂ ਹਰ ਵੇਲੇ ਰਹਿੰਦਾ ਹੈ। ਜਦ ਇਕ ਤ੍ਰਿਸ਼ਨਾ ਪੂਰੀ ਹੋ ਗਈ, ਫਿਰ ਦੂਜੀ ਤ੍ਰਿਸ਼ਨਾ ਆਦਿ। ਸੋ ਸਪੱਸ਼ਟ ਹੈ ਕਿ ਚਿੰਤਾ ਤੋਂ ਬਚਣ ਲਈ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਣਾ ਹੋਵੇਗਾ।
2. ਪ੍ਰਮਾਤਮਾ 'ਤੇ ਭਰੋਸਾ : ਸੰਸਾਰ ਦੁੱਖਾਂ ਦਾ ਘਰ ਹੈ, ਬਾਬੇ ਨਾਨਕ ਦੇ ਕਥਨ ਅਨੁਸਾਰ 'ਨਾਨਕ ਦੁਖੀਆ ਸਭੁ ਸੰਸਾਰੁ।' ਜੋ ਮਨੁੱਖ ਇਸ ਸੰਸਾਰ ਅੰਦਰ ਆਪਣੇ ਆਪ ਨੂੰ ਬਹੁਤ ਦੁਖੀ ਸਮਝਦਾ ਹੈ, ਉਸਨੂੰ ਆਪਣੇ ਤੋਂ ਨੀਵਿਆਂ ਵੱਲ ਵੇਖ ਕੇ ਗੁਜ਼ਾਰਾ ਕਰਨਾ ਚਾਹੀਦਾ ਹੈ। ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਇਸ ਸੰਸਾਰ ਅੰਦਰ ਉਹ ਇਕੱਲਾ ਹੀ ਦੁਖੀ ਹੈ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥
ਭਾਵ ਮਨੁੱਖ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦੈ ਕਿ ਦੁੱਖ ਤਕਲੀਫ਼ਾਂ ਇਨਸਾਨ ਉਤੇ ਹੀ ਪੈਂਦੀਆਂ ਹਨ ਪਰ ਜਿਸ ਤਰ੍ਹਾਂ ਸੁੱਖ ਨਹੀਂ ਰਹਿੰਦਾ, ਇਸ ਤਰ੍ਹਾਂ ਦੁੱਖ ਵੀ ਹਮੇਸ਼ਾ ਨਹੀਂ ਰਹਿੰਦਾ। ਪੱਤਝੜ ਤੋਂ ਬਾਅਦ ਬਹਾਰ ਜ਼ਰੂਰ ਆਉਂਦੀ ਹੈ। ਰਾਤ ਤੋਂ ਪਿੱਛੋਂ ਦਿਨ ਨੇ ਚੜ੍ਹਨਾ ਹੁੰਦਾ। ਹਨੇਰੀ-ਤੂਫਾਨ, ਲੱਖ ਆਵੇ ਪਰ ਅਸਮਾਨ 'ਤੇ ਚੰਦ-ਤਾਰੇ ਜ਼ਰੂਰ ਚਮਕਦੇ ਹਨ। ਸੋ ਜਿਹੜਾ ਮਨੁੱਖ 'ਤੇਰਾ ਭਾਣਾ ਮੀਠਾ ਲਾਗੈ' ਦੇ ਮਹਾਂਬਚਨ ਅਨੁਸਾਰ ਚਲਦਾ ਹੈ, ਉਹ ਚਿੰਤਾ ਦਾ ਸ਼ਿਕਾਰ ਨਹੀਂ ਹੋ ਸਕਦਾ।
3. ਖ਼ਿਮਾ ਕਰਨੀ, ਮਿੱਠ ਬੋਲਣਾ : ਇਨਸਾਨ ਗਲਤੀਆਂ ਦਾ ਪੁਤਲਾ ਹੈ। ਗਲਤੀ ਕਿਸੇ ਵੀ ਇਨਸਾਨ ਤੋਂ ਹੋ ਸਕਦੀ ਹੈ ਪਰ ਗਲਤੀ ਕਰਨ ਵਾਲੇ ਨੂੰ ਬਖ਼ਸ਼ਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਖ਼ਿਮਾ ਕਰਨੀ ਆਪਣੇ ਆਪ ਵਿਚ ਬਹੁਤ ਵੱਡਾ ਗੁਣ ਹੈ। ਖ਼ਿਮਾ ਕਰਨ ਨਾਲ ਬਹੁਤ ਸਾਰੀਆਂ ਲੜਾਈਆਂ, ਝਗੜੇ ਪਲਾਂ ਵਿਚ ਨਿੱਬੜ ਜਾਂਦੇ ਹਨ। 'ਨਿਵੈ ਸੁ ਗਉਰਾ ਹੋਇ' ਦੇ ਕਥਨ ਅਨੁਸਾਰ ਜਿਹੜਾ ਮਨੁੱਖ ਆਪਣੀ ਹਉਮੈ ਨੂੰ ਤਿਆਗ ਕੇ ਕਿਸੇ ਅੱਗੇ ਝੁਕ ਜਾਂਦਾ ਹੈ ਜਾਂ ਕਹਿ ਲਵੋ ਕਿ ਜੇਕਰ ਗਲਤੀ ਕਰਨ ਵਾਲਾ ਆਪਣੀ ਗਲਤੀ ਦੀ ਖ਼ਿਮਾ ਮੰਗ ਲਵੇ ਅਤੇ ਦੂਸਰਾ ਉਸ ਨੂੰ ਮੁਆਫ਼ ਕਰ ਦੇਵੇ ਤਾਂ ਬਹੁਤ ਸਾਰੀਆਂ ਚਿੰਤਾਵਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਹਨ।
4. ਨੇਕੀ ਕਰਕੇ ਫਲ ਦੀ ਆਸ ਨਾ ਰੱਖਣੀ : ਦੁਨੀਆਂ 'ਤੇ ਬਹੁਤ ਸਾਰੇ ਇਨਸਾਨ ਅਜਿਹੇ ਹਨ, ਜੋ ਕੰਮ ਤਾਂ ਚੰਗਾ ਕਰ ਲੈਂਦੇ ਹਨ ਪਰ ਉਸਦੇ ਬਦਲੇ ਵਿਚ ਕੋਈ ਨਾ ਕੋਈ ਆਸ ਜ਼ਰੂਰ ਰੱਖ ਲੈਂਦੇ ਹਨ ਪਰ ਜਦੋਂ ਉਨ੍ਹਾਂ ਦੀ ਉਹ ਆਸ ਪੂਰੀ ਨਹੀਂ ਹੁੰਦੀ ਤਾਂ ਮਾਨਸਿਕ ਚਿੰਤਾ ਦੇ ਸ਼ਿਕਾਰ ਹੋ ਜਾਂਦੇ ਹਨ। ਸੋ ਇਸ ਕਰਕੇ 'ਨੇਕੀ ਕਰ ਤੇ ਖੂਹ ਵਿਚ ਪਾ'। ਜੋ ਇਨਸਾਨ ਇਸ ਕਥਨ ਅਨੁਸਾਰ ਚਲਦੇ ਹਨ ਉਹ ਕਾਫੀ ਸੌਖੇ ਰਹਿੰਦੇ ਹਨ।
ਕੀ ਦਵਾਈਆਂ ਵੀ ਮਾਨਸਿਕ ਚਿੰਤਾ ਘਟਾਉਣ ਵਿਚ ਮਦਦ ਕਰਦੀਆਂ ਹਨ : ਅੱਜ ਦਾ ਮਨੁੱਖ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਸੌ ਹੱਥ ਪੈਰ ਮਾਰ ਰਿਹਾ ਹੈ ਪਰ ਉਸਨੂੰ ਇਹ ਨਹੀਂ ਪਤਾ ਕਿ ਇਹ ਸਮੱਸਿਆਵਾਂ ਕਿਉਂ ਪੈਦਾ ਹੋ ਰਹੀਆਂ ਹਨ। ਇਸ ਕਰਕੇ ਚਿੰਤਾ ਦੇ ਕਾਰਨਾਂ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ। ਜਿੰਨਾਂ ਹੋ ਸਕੇ ਉਹ ਕਾਰਨ, ਜੋ ਚਿੰਤਾ ਪੈਦਾ ਕਰਦੇ ਹਨ, ਉਨ੍ਹਾਂ ਤੋਂ ਬਚਿਆ ਜਾਵੇ। ਬਾਕੀ ਤਣਾਅ ਮੁਕਤ ਕਰਨ ਵਾਲੀਆਂ ਦਵਾਈਆਂ ਤਾਂ ਇਕ ਤਰ੍ਹਾਂ 'ਨਸ਼ਾ' ਹੀ ਹੁੰਦਾ ਹੈ, ਜਿਵੇਂ ਕਈ ਬੰਦੇ ਚਿੰਤਾ ਮੁਕਤ ਹੋਣ ਲਈ ਸ਼ਰਾਬ, ਅਫ਼ੀਮ ਜਾਂ ਕਿਸੇ ਹੋਰ ਨਸ਼ੇ ਦਾ ਸਹਾਰਾ ਲੈਂਦੇ ਹਨ, ਉਸੇ ਤਰ੍ਹਾਂ ਚਿੰਤਾ ਮੁਕਤ ਕਰਨ ਵਾਲੀਆਂ ਦਵਾਈਆਂ ਵੀ 'ਨਸ਼ੇ' ਦੀਆਂ ਹੁੰਦੀਆਂ ਹਨ। ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ ਹੈ, ਤਣਾਅ ਦੂਰ ਰਹਿੰਦਾ ਹੈ ਪਰ ਜਦ ਦਵਾਈ ਦਾ ਅਸਰ ਖ਼ਤਮ ਤਾਂ ਤਣਾਅ ਫਿਰ ਵਧ ਜਾਂਦਾ ਹੈ।
ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਇਨਸਾਨ ਦੇ ਕੰਡਾ ਵੱਜ ਜਾਵੇ ਤਾਂ ਪੀੜ ਤਾਂ ਜ਼ਰੂਰ ਹੁੁੰਦੀ ਹੈ। ਇਕ ਹੱਲ ਤਾਂ ਇਹ ਹੈ ਕਿ ਪੀੜ ਲਈ ਦਰਦ ਰਹਿਤ ਗੋਲੀ ਖਾਈ ਜਾਓ ਅਤੇ ਕੰਮ ਚਲਾਈ ਜਾਓ। ਇਕ ਇਹ ਹੈ ਕਿ ਕੰਡਾ ਹੀ ਕੱਢ ਦਿਓ, ਨਾ ਦਰਦ ਨਾ ਗੋਲੀ ਦੀ ਲੋੜ। ਸੋ ਲੋੜ ਹੈ ਕੰਡਾ ਕੱਢਣ ਦੀ ਭਾਵ ਚਿੰਤਾ ਦੇ ਅਸਲ ਕਾਰਨ ਤੋਂ ਜਾਣੂ ਹੋ ਕੇ ਉਸ ਪ੍ਰਤੀ ਸਾਕਰਾਤਮਿਕ ਰਵੱਈਆ ਅਪਣਾਉਣਾ ਚਾਹੀਦਾ ਹੈ, ਨਾ ਕਿ ਜਲਦੀ ਘਬਰਾ ਜਾਣਾ ਚਾਹੀਦਾ ਹੈ। ਸੋਚ ਨੂੰ ਚੜ੍ਹਦੀ ਕਲਾ ਵਿਚ ਰੱਖੋ, ਫਿਰ ਚਿੰਤਾਵਾਂ ਦੂਰ ਰਹਿਣਗੀਆਂ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.