ਜਦੋਂ ਜਵਾਨੀ ਨੂੰ ਖੰਭ ਲਗਦੇ ਨੇ...... ਡਾ. ਅਮਨਦੀਪ ਸਿੰਘ ਟੱਲੇਵਾਲੀਆ
ਦੀ ਕਲਮ ਤੋਂ
- ਬਚਪਨ, ਜਵਾਨੀ ਅਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਅਹਿਮ ਪੜਾਅ ਹਨ, ਜਿਨ੍ਹਾਂ ਵਿਚੋਂ ਜਵਾਨੀ ਦਾ ਮਨੁੱਖੀ ਜੀਵਨ ਵਿਚ ਅਹਿਮ ਯੋਗਦਾਨ ਗਿਣਿਆ ਜਾਂਦਾ ਹੈ ਕਿਉਂਕਿ ਬਚਪਨ ਤਾਂ ਸ਼ੋਖ਼ ਕਿਲਕਾਰੀਆਂ ਅਤੇ ਮਸਤੀਆਂ ਵਿਚ ਲਬਰੇਜ਼ ਹੁੰਦਾ ਹੈ। ਬਚਪਨ ਵਿਚ ਦੁਨੀਆਂਦਾਰੀ ਦੀ ਸਮਝ ਨਹੀਂ ਹੁੰਦੀ ਅਤੇ ਨਾ ਹੀ ਬਚਪਨ ਨੂੰ ਦੁਨੀਆਂਦਾਰੀ ਦੀ ਬਹੁਤੀ ਜ਼ਰੂਰਤ ਹੁੰਦੀ ਹੈ ਪਰ ਇਸ ਤੋਂ ਅਗਲਾ ਪੜਾਅ ਹੁੰਦਾ ਹੈ ਜਵਾਨੀ-ਜੋਬਨ, ਜਿਸ ਬਾਰੇ ਸਿਆਣੇ ਆਖਦੇ ਹਨ ਕਿ ਜੋਬਨ ਦਾ ਮਤਲਬ ਹੈ ਜੋ-ਬਣ, ਜੋ ਬਣਨਾ ਹੈ ਬਣ ਜਾ, ਭਾਵੇਂ ਚੰਗੀਆਂ ਆਦਤਾਂ ਗ੍ਰਹਿਣ ਕਰਕੇ ਚੰਗਾ ਵੱਡੇ ਰੁਤਬੇ ਵਾਲਾ ਬਣ ਜਾ ਭਾਵੇਂ ਮਾੜੀ ਸੰਗਤ ਵਿਚ ਰਹਿ ਕੇ ਮਾੜਾ। ਸੋ ਇਸ ਪ੍ਰਕਾਰ ਜਵਾਨੀ ਹੀ ਅਜਿਹਾ ਪੜਾਅ ਹੈ, ਜਿਸ ਪੜਾਅ 'ਤੇ ਮਨੁੱਖ ਆਪਣੀ ਜ਼ਿੰਦਗੀ ਬਾਰੇ ਫੈਸਲਾ ਕਰਦਾ ਹੈ। ਜਵਾਨੀ ਵਹਿੰਦਾ ਦਰਿਆ ਹੁੰਦਾ ਹੈ, ਇਹ ਟੋਭੇ ਜਾਂ ਝੀਲ ਦੇ ਪਾਣੀ ਵਾਂਗ ਇਕ ਥਾਂ ਖੜ੍ਹੀ ਨਹੀਂ ਰਹਿੰਦੀ। ਜਵਾਨੀ ਵਿਚ ਸੁਪਨੇ ਹੀ ਸੁਪਨੇ ਹੁੰਦੇ ਹਨ ਅਤੇ ਖ਼ਿਆਲਾਂ ਦੀਆਂ ਉਡਾਰੀਆਂ। ਚੜ੍ਹਦੀ ਜਵਾਨੀ ਝਰਨਿਆਂ ਦੇ ਪਾਣੀ ਵਾਂਗ ਨਿਰਮਲ ਤੇ ਸਵੱਛ ਹੁੰਦੀ ਹੈ ਪਰ ਜਿਸ ਤਰ੍ਹਾਂ ਝਰਨੇ ਦਾ ਪਾਣੀ ਅੱਗੇ ਜਾ ਕੇ ਹੌਲੀ-ਹੌਲੀ ਗੰਧਲਾ ਹੋ ਜਾਂਦਾ ਹੈ, ਇਸੇ ਤਰ੍ਹਾਂ ਜਵਾਨੀ ਵਿਚ ਗੰਧਲਾਪਣ ਆ ਜਾਂਦਾ ਹੈ ਪਰ ਜਿਵੇਂ ਕਈ ਝਰਨਿਆਂ ਦੇ ਪਾਣੀਆਂ ਨੂੰ ਵਧੀਆ ਤਰੀਕੇ ਨਾਲ ਸਾਂਭਿਆ ਜਾਂਦਾ ਹੈ, ਉਸੇ ਤਰ੍ਹਾਂ ਥੋੜ੍ਹੇ ਮੁੰਡੇ-ਕੁੜੀਆਂ ਹੀ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਜਵਾਨੀ ਨੂੰ ਸੰਭਾਲ ਲਿਆ ਨਹੀਂ ਤਾਂ.....।
ਜਵਾਨੀ ਕਦੋਂ ਸ਼ੁਰੂ ਹੁੰਦੀ ਹੈ?
ਲੋਕ ਬੋਲੀ ਵਿਚ ਕਿਹਾ ਜਾਂਦਾ ਹੈ ਜਦੋਂ ਕਿਸੇ ਮੁੰਡੇ ਦੇ ਮੁੱਛ ਫੁੱਟਣੀ ਸ਼ੁਰੂ ਹੋ ਜਾਵੇ ਅਤੇ ਕੁੜੀਆਂ ਵਿਚ ਮਾਹਵਾਰੀ ਸ਼ੁਰੂ ਹੋ ਜਾਵੇ ਤਾਂ ਉਸ ਬੱਚੇ ਨੂੰ ਜਵਾਨ ਕਿਹਾ ਜਾਂਦਾ ਹੈ ਪਰ ਸਾਇੰਸ ਕਹਿੰਦੀ ਹੈ ਕਿ ਜਵਾਨੀ ਅੱਠ ਸਾਲ ਦੀ ਉਮਰ ਵਿਚ ਸ਼ੁਰੂ ਹੁੰਦੀ ਹੈ ਅਤੇ ਸੋਲਾਂ ਸਾਲ ਦੀ ਉਮਰ ਵਿਚ ਮੁੰਡਾ ਜਾਂ ਕੁੜੀ ਭਰ ਜਵਾਨ ਹੋ ਜਾਂਦੇ ਹਨ। ਜਿੱਥੋਂ ਤੱਕ ਮੁੱਛ ਫੁੱਟਣ ਜਾਂ ਮਾਹਵਾਰੀ ਆਉਣ ਦਾ ਸਮਾਂ ਹੈ, ਉਹ ਹਰ ਕਿਸੇ ਵਿਚ ਹਾਲਾਤਾਂ 'ਤੇ ਨਿਰਭਰ ਕਰਦਾ ਹੈ। ਕਈ ਕੁੜੀਆਂ ਨੂੰ ਮਹੀਨਾ ਅਠਾਰਾਂ ਸਾਲ ਦੀ ਉਮਰ ਵਿਚ ਆਉਣ ਲਗਦਾ ਹੈ ਅਤੇ ਕਈਆਂ ਨੂੰ ਦਸ ਸਾਲ ਦੀ ਉਮਰ ਵਿਚ ਹੀ। ਇਸੇ ਤਰ੍ਹਾਂ ਮੁੱਛ ਕਿਸੇ ਗੱਭਰੂ ਦੇ ਬਾਰਾਂ ਸਾਲਾਂ ਵਿਚ ਆ ਜਾਂਦੀ ਹੈ, ਕਿਸੇ ਦੇ ਵੀਹ ਸਾਲ ਦੀ ਉਮਰ ਵਿਚ।
ਜਿਵੇਂ-ਜਿਵੇਂ ਕੋਈ ਮੁੰਡਾ ਜਾਂ ਕੁੜੀ ਜਵਾਨ ਹੁੰਦੇ ਹਨ ਤਾਂ ਜਿਥੇ ਉਹਨਾਂ ਦੇ ਉਮਰ ਦੇ ਹਿਸਾਬ ਨਾਲ ਕੱਦ-ਕਾਠ ਵਧਦੇ ਹਨ, ਉਥੇ ਹਾਵ-ਭਾਵ ਵੀ ਬਦਲਦੇ ਹਨ। ਜਵਾਨ ਮੁੰਡਾ ਜਾਂ ਕੁੜੀ ਆਮ ਤੌਰ 'ਤੇ ਇਕੱਲਾਪਣ ਭਾਲਦੇ ਹਨ, ਜਿਸ ਨੂੰ ਅਸੀਂ 'ਮੂਡੀ' ਕਹਿ ਦਿੰਦੇ ਹਾਂ ਜਾਂ ਆਲੇ-ਦੁਆਲੇ ਤੋਂ ਸ਼ਰਮਾਉਣਾ। ਇਹ ਜਵਾਨ-ਮਾਨਸਿਕਤਾ ਦੇ ਲੱਛਣ ਹੁੰਦੇ ਹਨ ਜਿਵੇਂਕਿ ਸਾਇਕੋਲੋਜੀ ਸਮਝਦੀ ਹੈ ਕਿ ਕੋਈ ਵੀ ਮੁੰਡਾ ਜਾਂ ਕੁੜੀ ਜਦੋਂ ਜਵਾਨ ਹੁੰਦੇ ਹਨ, ਉਹ ਆਪਣੇ ਤੋਂ ਵੱਡਿਆਂ ਵੱਲ ਜ਼ਿਆਦਾ ਖਿੱਚੇ ਜਾਂਦੇ ਹਨ, ਜਿਵੇਂਕਿ ਇਕ ਜਵਾਨ ਹੋ ਰਹੀ ਕੁੜੀ ਕਿਸੇ ਵੱਡੀ ਉਮਰ ਦੀ ਔਰਤ (ਭਾਵ 30 ਜਾਂ 35) ਵੱਲ ਆਕਰਸ਼ਿਤ ਹੋ ਜਾਂਦੀ ਹੈ ਅਤੇ ਉਹਦੇ ਵਰਗੀ ਬਣਨਾ ਲੋਚਦੀ ਹੈ ਪਰ ਜਿਵੇਂ-ਜਿਵੇਂ ਉਹ ਜਵਾਨ ਹੋ ਜਾਂਦੀ ਹੈ ਤਾਂ ਉਸਦਾ ਆਕਰਸ਼ਣ ਜ਼ਿਆਦਾਤਰ ਮੁੰਡਿਆ ਵੱਲ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਸਥਿਤੀ ਮੁੰਡਿਆਂ ਵਿਚ ਹੁੰਦੀ ਹੈ ਪਰ ਕੁੜੀਆਂ ਮੁਕਾਬਲੇ ਮੁੰਡੇ ਆਪ ਤੋਂ ਵੱਡੀ ਉਮਰ ਦੇ ਆਦਮੀਆਂ ਵੱਲ ਘੱਟ ਆਕਰਸ਼ਿਤ ਹੁੰਦੇ ਹਨ, ਕੁੜੀਆਂ ਵੱਲ ਵਧੇਰੇ। ਮੈਡੀਕਲ ਸਾਇੰਸ ਦੇ ਪੱਖ ਤੋਂ ਕੁੜੀਆਂ ਵਿਚ ਛਾਤੀ ਦਾ ਉਭਾਰ, ਮਾਹਵਾਰੀ ਦਾ ਸ਼ੁਰੂ ਹੋਣਾ (Menarche) ਅਤੇ (Axillary & Pubic Hair) ਦਾ ਉਭਾਰ ਹੋਣਾ, ਇਹ ਜਵਾਨੀ ਦੀਆਂ ਪ੍ਰਮੁੱਖ ਨਿਸ਼ਾਨੀਆਂ ਹਨ, ਜਿਸ ਨੂੰ ਕਿ ਸਰੀਰ ਦਾ ਹਾਰਮੋਨਲ ਸਿਸਟਮ ਕੰਟਰੋਲ ਕਰਦਾ ਹੈ।
ਜਿੱਥੋਂ ਤੱਕ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੁੜੀਆਂ ਨੂੰ ਮਾਹਵਾਰੀ ਸ਼ੁਰੂ ਹੋ ਜਾਵੇ ਤਾਂ ਕੱਦ ਵਧਣਾ ਰੁਕ ਜਾਂਦਾ ਹੈ। ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਹਾਂ, ਇਹ ਜ਼ਰੂਰ ਹੈ ਕਿ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਔਸਤਨ 9 ਸੈ.ਮੀ. ਕੱਦ ਇਕ ਸਾਲ ਵਿਚ ਵਧਦਾ ਹੈ ਪਰ ਜਦੋਂ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਔਸਤਨ 9 ਤੋਂ ਘੱਟ ਕੇ 5 ਸੈ.ਮੀ. ਰਹਿ ਜਾਂਦਾ ਹੈ ਜੋ ਕਿ 18 ਸਾਲ ਦੀ ਉਮਰ ਤੱਕ ਵੱਧਦਾ ਰਹਿੰਦਾ ਹੈ। ਕਈ ਕੇਸ ਅਜਿਹੇ ਵੀ ਮਿਲ ਜਾਂਦੇ ਹਨ, ਜਿਥੇ 21 ਸਾਲ ਦੀ ਉਮਰ ਤੱਕ ਕੱਦ ਵੱਧਦਾ ਹੈ।
ਜਿੱਥੋਂ ਤੱਕ ਮੁੰਡਿਆਂ ਦੀ ਜਵਾਨੀ ਦਾ ਸਵਾਲ ਹੈ, ਕੱਦ-ਕਾਠ ਪੱਖੋਂ ਮੁੰਡੇ ਕੁੜੀਆਂ ਨਾਲੋਂ ਛੇਤੀ ਵਧਦੇ ਹਨ। ਮੁੱਛਾਂ ਅਤੇ ਦਾੜ੍ਹੀ ਦਾ ਫੁੱਟਣਾ ਹੀ ਮੁੰਡਿਆਂ ਵਿਚ ਜਵਾਨ ਹੋਣ ਦਾ ਪ੍ਰਤੱਖ ਪ੍ਰਮਾਣ ਹੈ ਪਰ ਸੈਕਸ ਪੱਖੋਂ 14 ਸਾਲ ਦੀ ਉਮਰ ਦਾ ਮੁੰਡਾ ਪੂਰਨ ਸਮਰੱਥ ਹੋ ਸਕਦਾ ਹੈ। ਮੁੰਡਿਆਂ ਵਿਚ ਕੱਦ ਦਾ ਵਧਣਾ ਨਿਰੰਤਰ ਜਾਰੀ ਰਹਿੰਦਾ ਹੈ ਪਰ ਜਿਹੜੇ ਮੁੰਡੇ 'ਗਲਤ' ਆਦਤ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਦਾ ਕੱਦ ਵਧਣੋਂ ਰੁਕਦਾ ਤਾਂ ਨਹੀਂ ਪਰ ਔਸਤਨ ਘੱਟ ਜਾਂਦਾ ਹੈ। ਸਾਡੇ ਆਲੇ-ਦੁਆਲੇ ਕਈ ਕੁੜੀਆਂ ਅਜਿਹੀਆਂ ਮਿਲ ਜਾਂਦੀਆਂ ਹਨ, ਜਿਨ੍ਹਾਂ ਦੀ ਆਵਾਜ਼ ਮੁੰਡਿਆਂ ਵਰਗੀ ਹੁੰਦੀ ਹੈ ਅਤੇ ਉਹਨਾਂ ਦੀ ਦਿੱਖ ਵੀ ਮੁੰਡਿਆਂ ਵਰਗੀ ਹੁੰਦੀ ਹੈ। ਕੰਮ-ਕਾਰ ਵਿਚ ਉਹ ਮੁੰਡਿਆਂ ਵਾਂਗ ਦਿਲਚਸਪੀ ਲੈਂਦੀਆਂ ਹਨ ਅਤੇ ਅਸੀਂ ਅਕਸਰ ਉਨ੍ਹਾਂ ਨੂੰ ਕਹਿ ਦਿੰਦੇ ਹਾਂ, ''ਤੂੰ ਤਾਂ ਬਿਲਕੁਲ ਮੁੰਡਿਆਂ ਵਰਗੀ ਹੈਂ।'' ਇਸ ਵਿਚ ਕੋਈ ਸ਼ੱਕ ਨਹੀਂ ਕਿਉਂਕਿ ਕਈ ਕੁੜੀਆਂ, ਜਿਨ੍ਹਾਂ ਵਿਚ ਮੁੰਡਿਆਂ ਵਾਲੇ ਹਾਰਮੋਨਜ਼ ਵਧ ਜਾਂਦੇ ਹਨ, ਉਨ੍ਹਾਂ ਦੀ ਦਿੱਖ ਅਤੇ ਬੋਲਚਾਲ ਮੁੰਡਿਆਂ ਵਰਗੀ ਹੋ ਜਾਂਦੀ ਹੈ। ਇਸ ਤਰ੍ਹਾਂ ਕਈ ਮੁੰਡੇ ਜਿਨ੍ਹਾਂ ਦਾ ਰਹਿਣ-ਸਹਿਣ ਕੁੜੀਆਂ ਵਰਗਾ ਹੁੰਦਾ ਹੈ, ਕੁੜੀਆਂ ਵਾਲੇ ਕੱਪੜੇ ਪਾਉਣ ਨੂੰ ਵੱਧ ਜੀਅ ਕਰਦਾ ਹੈ। ਕੁੜੀਆਂ ਵਾਂਗੂੰ ਗੱਲਾਂ ਕਰਦੇ ਹਨ ਅਤੇ ਤੁਰਨ ਵੇਲੇ ਲੱਕ ਨੂੰ ਮਟਕਾ-ਮਟਕਾ ਤੁਰਦੇ ਹਨ। ਉਨ੍ਹਾਂ ਵਿਚ ਕੁੜੀਆਂ ਵਾਲੇ ਹਾਰਮੋਨਜ਼ ਵਧ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਈ ਮੁੰਡੇ ਗੁੱਤਾਂ ਕਰਕੇ, ਕੰਨ ਵਿੰਨ੍ਹਾਈ ਫਿਰਦੇ ਹਨ, ਇਹ ਬੇਸ਼ੱਕ ਸ਼ੌਕ ਤਾਂ ਥੋੜ੍ਹਿਆਂ ਦਾ ਹੋਵੇਗਾ ਪਰ ਸਾਇਕੋਲੌਜੀ ਇਹ ਕਹਿੰਦੀ ਹੈ ਕਿ ਉਹਨਾਂ ਅੰਦਰ ਕੁਝ ਨਾ ਕੁਝ ਸਰੀਰਕ ਜਾਂ ਮਾਨਸਿਕ ਵਿਗਾੜ ਜ਼ਰੂਰ ਹੁੰਦਾ ਹੈ, ਜੋ ਅਜਿਹੀਆਂ ਹਰਕਤਾਂ ਕਰਦੇ ਹਨ, ਅਜਿਹੇ ਮੁੰਡਿਆਂ ਨੂੰ ਜਨਾਨੜੇ (Effiminate) ਆਖਿਆ ਜਾਂਦਾ ਹੈ।
ਜਵਾਨੀ ਬਾਰੇ ਇਕ ਹੋਰ ਧਾਰਨਾ ਪਾਈ ਜਾਂਦੀ ਹੈ, ਜਦੋਂ ਕਿਸੇ ਮੁੰਡੇ ਜਾਂ ਕੁੜੀ ਦੇ ਮੂੰਹ 'ਤੇ ਫਿੰਸੀਆਂ (ਕਿੱਲ) ਨਿਕਲ ਆਉਣ ਤਾਂ ਅਸੀਂ ਉਸ ਨੂੰ ਆਮ ਹੀ ਛੇੜ ਦਿੰਦੇ ਹਾਂ ਕਿ ਇਹ ਤਾਂ ਜਵਾਨੀ ਫੁੱਟ ਰਹੀ ਹੈ। ਇਹ ਧਾਰਨਾ ਬਿਲਕੁਲ ਗਲਤ ਹੈ। ਫਿੰਸੀਆਂ, ਭਾਵ ਪਿੰਪਲ ਜਾਂ ਕਿੱਲਾਂ ਦਾ ਨਿਕਲਣਾ ਹਾਰਮੋਨਜ਼ ਦੀ ਅਸੰਤੁਲਤਾ ਦਾ ਪ੍ਰਤੀਕ ਹੈ। ਸਾਇੰਸ ਤਾਂ ਇਹ ਵੀ ਮੰਨਦੀ ਹੈ ਕਿ ਜਿਸ ਅੰਦਰ ਸੈਕਸ ਦੀ ਰੁਚੀ ਜ਼ਿਆਦਾ ਹੋਵੇ, ਉਸਦੇ ਇਹ ਜ਼ਿਆਦਾ ਨਿਕਲਦੀਆਂ ਹਨ ਪਰ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਇਹ ਸਾਰਿਆਂ ਦੇ ਨਹੀਂ ਨਿਕਲਦੀਆਂ। ਕਈਆਂ ਦੇ ਵੱਡੀ ਉਮਰ ਵਿਚ ਨਿਕਲ ਆਉਂਦੀਆਂ ਹਨ। ਕੀ ਇਸ ਨੂੰ ਮੰਨ ਲਈਏ ਕਿ ਉਸ ਦੀ ਜਵਾਨੀ ਹੁਣ ਫੁੱਟੀ ਹੈ। ਸੋ ਕੁਝ ਵੀ ਹੋਵੇ, ਜਵਾਨੀ ਬੜੀ ਮਸਤਾਨੀ ਹੈ। ਲੋੜ ਹੈ ਇਸ ਨੂੰ ਸਾਂਭਣ ਦੀ। ਸਿਆਣੇ ਕਹਿੰਦੇ ਨੇ ਜਦੋਂ ਪਿਓ ਤੇ ਪੁੱਤ ਦੀ ਜੁੱਤੀ ਦਾ ਨਾਪ ਇਕ ਹੋ ਜਾਵੇ ਤਾਂ ਉਨ੍ਹਾਂ ਨੂੰ ਮਿੱਤਰਾਂ ਵਾਂਗ ਵਰਤਣਾ ਚਾਹੀਦਾ ਹੈ ਅਤੇ ਜਦੋਂ ਧੀ ਮਾਂ ਦੇ ਮੋਢਿਆਂ ਤੋਂ ਉੱਚੀ ਹੋ ਜਾਵੇ, ਉਨ੍ਹਾਂ ਨੂੰ ਮਾਂ-ਧੀ ਵਾਂਗ ਨਹੀਂ, ਸਗੋਂ ਸਹੇਲੀਆਂ ਵਾਂਗ ਵਿਚਰਨਾ ਚਾਹੀਦਾ ਹੈ। ਕਈ ਮੁੰਡੇ-ਕੁੜੀਆਂ ਜਵਾਨੀ ਵਿਚ ਗਲਤ ਕਦਮ ਚੁੱਕ ਲੈਂਦੇ ਹਨ, ਜੋ ਸਾਰੀ ਉਮਰ ਦਾ ਧੱਬਾ ਬਣ ਕੇ ਜ਼ਿੰਦਗੀ ਦੇ ਨਾਲ ਨਾਲ ਤੁਰਦੇ ਹਨ। ਆਪਣੇ ਇਕ ਗੀਤ ਦੀਆਂ ਲਾਈਨਾਂ ਨਾਲ -
ਇਹ ਜਵਾਨੀ ਪਤਾ ਨਹੀਂ ਕੀ ਏ, ਪੁੱਤ ਕਿਸੇ ਦਾ ਕਿਸੇ ਦੀ ਧੀ ਏ
ਕਰਦੀ ਇਹ ਰਹਿੰਦੀ ਜੀ-ਜੀ ਏ, ਨਾ ਕੋਈ ਸੰਗ ਨਾ ਪਰਦਾ
ਨਸ਼ਾ ਜਵਾਨੀ ਦਾ, ਬਿਨਾਂ ਪੀਤਿਓਂ ਚੜ੍ਹਦਾ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.