ਮਨੁੱਖੀ ਜ਼ਿੰਦਗੀ ਵਿਚ ਮੌਸਮ ਦਾ ਅਹਿਮ ਯੋਗਦਾਨ ਹੈ। ਸਰਦੀਆਂ ਵਿਚ ਖਿੜੀ ਧੁੱਪ ਅਤੇ ਗਰਮੀਆਂ ਵਿਚ ਸਾਉਣ ਦੀਆਂ ਝੜੀਆਂ ਦਾ ਆਪਣਾ ਹੀ ਨਜ਼ਾਰਾ ਹੈ। ਅਜਿਹੇ ਮੌਸਮ ਵਿਚ ਮਨੁੱਖ ਤਾਂ ਕੀ, ਪਸ਼ੂ-ਪੰਛੀ, ਪੌਦੇ, ਪੂਰੀ ਬਨਸਪਤੀ ਝੂਮ ਉਠਦੀ ਹੈ। ਇਸੇ ਤਰ੍ਹਾਂ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚ ਵੀ ਮੌਸਮ ਦਾ ਅਹਿਮ ਯੋਗਦਾਨ ਹੈ। ਇਕ ਤਾਂ ਕੁਦਰਤੀ ਮੌਸਮ ਦਾ ਬਦਲਾਅ ਹੁੰਦਾ ਹੈ ਪਰ ਇਕ ਪ੍ਰਦੂਸ਼ਣ ਯੁਕਤ ਮੌਸਮ ਮਨੁੱਖ ਦਾ ਸਿਰਜਿਆ ਹੋਇਆ ਹੈ। ਕੁਦਰਤ ਦੀਆਂ ਰੁੱਤਾਂ, ਜਿਨ੍ਹਾਂ ਵਿਚ ਗਰਮ ਰੁੱਤ ਤੇ ਸਰਦ ਰੁੱਤ ਪ੍ਰਮੁੱਖ ਹਨ। ਛੇ ਮਹੀਨੇ ਗਰਮੀ, ਛੇ ਮਹੀਨੇ ਸਰਦੀ। ਇਨ੍ਹਾਂ ਬਾਰਾਂ ਮਹੀਨਿਆਂ ਵਿਚ ਮੌਸਮ ਬਹੁਤ ਅੰਗੜਾਈਆਂ ਲੈਂਦਾ ਹੈ ਬਸੰਤ ਰੁੱਤ ਦੀ ਬਹਾਰ, ਸਾਉਣ ਦੀਆਂ ਝੜੀਆਂ। ਚੇਤ-ਵਿਸਾਖ ਅਤੇ ਅੱਸੂ-ਕੱਤਾ, ਇੱਥੇ ਆ ਕੇ ਰੁੱਤਾਂ ਬਦਲਦੀਆਂ ਹਨ। ਚੇਤ-ਵਿਸਾਖ (ਮਾਰਚ-ਅਪ੍ਰੈਲ) ਵਿਚ ਸਰਦੀ ਨੂੰ ਅਲਵਿਦਾ ਕਹਿ ਕੇ ਗਰਮੀ ਵਿਚ ਪ੍ਰਵੇਸ਼ ਕਰਦੇ ਹਾਂ ਅਤੇ ਅੱਸੂ-ਕੱਤਾ (ਅਕਤੂਬਰ-ਸਤੰਬਰ) ਸਰਦੀ ਵਿਚ।
ਜਦੋਂ ਮੌਸਮ ਬਦਲਦਾ ਹੈ ਤਾਂ ਮਨੁੱਖੀ ਸਰੀਰ ਦਾ ਤਾਪਮਾਨ ਬਾਹਰਲੇ ਤਾਪਮਾਨ ਦੇ ਅਨੁਕੂਲ ਨਹੀਂ ਹੁੰਦਾ ਪਰ ਜਿਉਂ-ਜਿਉਂ ਮੌਸਮ ਸਥਿਰ ਹੁੰਦਾ ਹੈ ਤਾਂ ਮਨੁੱਖੀ ਤਾਪਮਾਨ ਵੀ ਸਥਿਰ ਹੋਣ ਲੱਗਦਾ ਹੈ, ਜਿਵੇਂਕਿ ਸਰਦੀ ਤੋਂ ਗਰਮੀ ਵਿਚ ਪ੍ਰਵੇਸ਼ ਕਰਨ ਵੇਲੇ ਸਰੀਰ ਨੂੰ ਸੁਸਤੀ ਜ਼ਿਆਦਾ ਪੈਣ ਲੱਗਦੀ ਹੈ। ਇੰਝ ਲੱਗਦਾ ਜਿਵੇਂ ਸਾਰਾ ਦਿਨ ਸੁੱਤੇ ਪਏ ਰਹੀਏ, ਸਰੀਰ ਟੁੱਟਦਾ ਹੈ। ਇਥੋਂ ਤੱਕ ਕਿ ਕਈ ਲੋਕ ਆਖਦੇ ਹਨ ਕਿ ਮਨ ਜਾ ਨਹੀਂ ਲੱਗਦਾ, ਮਨ ਉਖੜਿਆ-ਉਖੜਿਆ ਲੱਗਦਾ ਹੈ। ਇਨ੍ਹਾਂ ਦਿਨਾਂ ਵਿਚ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਫਿਰ ਜਿਉਂ-ਜਿਉਂ ਗਰਮੀ ਆਪਣਾ ਜ਼ੋਰ ਪਾਉਂਦੀ ਹੈ ਤਾਂ ਪਸੀਨਾ ਵੱਧ ਆਉਣ ਕਰਕੇ ਸਰੀਰ ਵਿਚੋਂ ਲੂਣ ਦੀ ਅਤੇ ਹੋਰ ਤੱਤਾਂ ਦੀ ਕਮੀ ਹੋਣ ਲੱਗਦੀ ਹੈ, ਉਸੇ ਲੋੜ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਤਾ ਜਾਣਾ ਚਾਹੀਦਾ ਹੈ। ਨਿੰਬੂ ਦੀ ਸ਼ਿਕੰਜਵੀਂ, ਸ਼ੱਕਰ ਵਾਲੀ ਸ਼ਰਬਤ ਜਾਂ ਦਹੀਂ ਦੀ ਲੱਸੀ ਪਰ ਸਾਡਾ ਕੰਮ ਉਲਟ ਹੈ, ਜਦੋਂ ਤੋੜ ਲੱਗਦੀ ਹੈ, ਚਾਹ ਦਾ ਪਤੀਲਾ ਧਰ ਕੇ ਬਹਿ ਜਾਂਦੇ ਹਾਂ। ਨਾਲੇ ਆਖਦੇ ਹਾਂ ਗਰਮੀ ਨੂੰ ਗਰਮੀ ਹੀ ਮਾਰਦੀ ਹੈ। ਜੇਕਰ ਇਹ ਗੱਲ ਹੈ ਤਾਂ ਭਾਈ ਪੋਹ-ਮਾਘ 'ਚ ਕੁਲਫੀਆਂ ਕਿਉਂ ਨਹੀਂ ਖਾਂਦੇ?
ਗਰਮੀਆਂ ਵਿੱਚ ਬਦਹਜ਼ਮੀ ਜਾਂ ਪੇਟ ਖਰਾਬ ਹੋਣਾ ਆਮ ਵਰਤਾਰਾ ਹੈ । ਕਿਉਂਕਿ ਥੋੜ੍ਹੀ ਜਿਹੀ ਗਰਮੀ ਪੇਟ ਵਿਚ ਵਧਣ ਨਾਲ ਪੇਟ ਤੋਂ ਖਾਧਾ ਹੋਇਆ ਸੰਭਾਲ ਨਹੀਂ ਹੁੰਦਾ। ਗਰਮੀਆਂ ਵਿਚ 'ਫੂਡ ਪੁਆਇਜ਼ਨਿੰਗ' ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਹੈ ਅਤੇ ਟਾਇਫਾਇਡ ਜਾਂ ਪੀਲੀਆ ਹੋ ਸਕਦਾ ਹੈ। ਇਸ ਕਰਕੇ ਗਰਮੀਆਂ ਵਿਚ ਬਾਹਰਲਾ ਤਲਿਆ-ਫਲਿਆ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਣਢਕੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਜੇਠ-ਹਾੜ੍ਹ ਦੀ ਗਰਮੀ ਵਿਚ 'ਪਿੱਤ' ਆਪਣਾ ਅਸਰ ਦਿਖਾਉਂਦੀ ਹੈ। ਪਿੱਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਅੰਦਰ ਗਰਮੀ ਜ਼ਿਆਦਾ ਹੋਵੇ ਪਰ ਕਈ ਲੋਕ ਉਪਰਲੀ ਸਥਿਤੀ ਵਾਂਗ ਗਰਮੀ ਨੂੰ ਗਰਮੀ ਨਾਲ ਮਾਰਨ ਦਾ ਸਿਧਾਂਤ ਦੇ ਕੇ ਚਾਹ ਜਾਂ ਸ਼ਰਾਬ ਪੀਂਦੇ ਹਨ ਜਾਂ ਕਈ ਲੋਕ ਗਰਮੀ ਤੋਂ ਬਚਣ ਲਈ ਠੰਢੀ ਬੀਅਰ ਦਾ ਸਹਾਰਾ ਲੈਂਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਸਿਆਣੇ ਕਹਿੰਦੇ ਹਨ ਗਰਮੀਆਂ ਵਿਚ ਪੇਟ ਨੂੰ ਖਾਣ ਵਾਲੀਆਂ ਚੀਜ਼ਾਂ ਨਾਲ ਘੱਟ ਭਰਨਾ ਚਾਹੀਦਾ ਹੈ। ਪੀਣ ਵਾਲੀਆਂ ਭਾਵ ਪਾਣੀ, ਸ਼ਿਕੰਜਵੀਂ , ਜੌਂ ਦੇ ਸੱਤੂ,ਜਾਂ ਸ਼ਰਬਤ ਪੀਣਾ ਚਾਹੀਦਾ ਹੈ ਪਰ ਸ਼ਰਾਬ ਜਾਂ ਚਾਹ ਨਹੀਂ। ਇਸੇ ਤਰ੍ਹਾਂ ਸਰਦੀਆਂ ਵਿਚ ਰੱਜ ਕੇ ਖਾਣਾ ਚਾਹੀਦਾ ਹੈ, ਠੰਢ ਨਹੀਂ ਲੱਗਦੀ।
ਗਰਮੀ ਵਿਚ ਗਰਮ-ਸਰਦ ਹੋਣ ਤੋਂ ਬਾਅਦ ਬੁਖਾਰ ਹੋਣਾ ਜਾਂ ਭਖੇ-ਭਖਾਏ ਠੰਡਾ ਪਾਣੀ ਪੀ ਲੈਣ ਨਾਲ ਗਲਾ ਖ਼ਰਾਬ ਹੋਣਾ ਵੀ ਆਮ ਗੱਲ ਹੈ। ਸੋ ਸਾਨੂੰ ਹਰ ਕਦਮ ਬੋਚ-ਬੋਚ ਕੇ ਰੱਖਣਾ ਚਾਹੀਦਾ ਹੈ। ਸਰਦੀਆਂ ਵਿਚ ਖੰਘ, ਜ਼ੁਕਾਮ ਹੋਣਾ ਆਮ ਗੱਲ ਹੈ। ਥੋੜ੍ਹੀ ਜਿਹੀ ਹਵਾ ਲੱਗੀ, ਨੱਕ ਵਿਚੋਂ ਪਾਣੀ ਵਗਣ ਲੱਗ ਪੈਂਦਾ ਹੈ, ਬੁਖਾਰ ਹੋ ਜਾਂਦਾ ਹੈ। ਅਜਿਹੇ ਮੌਸਮ ਵਿਚ ਗਰਮ ਪਾਣੀ ਨਾਲ ਨਹਾ ਕੇ ਯਕਦਮ ਬਾਹਰ ਨਹੀਂ ਨਿਕਲਣਾ ਚਾਹੀਦਾ, ਨੱਕ-ਮੂੰਹ 'ਤੇ ਰੁਮਾਲ ਬੰਨ੍ਹ ਕੇ ਹੀ ਸਕੂਟਰ-ਮੋਟਰਸਾਈਕਲ ਦੀ ਸਵਾਰੀ ਕਰਨੀ ਚਾਹੀਦੀ ਹੈ। ਲੌਂਗ ਅਤੇ ਇਲੈਚੀ ਪਾ ਕੇ ਇਕ-ਦੋ ਵਾਰ ਚਾਹ ਪੀ ਲੈਣੀ ਚਾਹੀਦੀ ਹੈ ਪਰ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ।
ਇਹ ਵੀ ਇਕ ਕੁਦਰਤੀ ਵਰਤਾਰਾ ਹੀ ਹੈ ਕਿ ਜਦੋਂ ਮੌਸਮ ਬਦਲਦਾ ਹੈ ਉਨ੍ਹੀ ਦਿਨੀਂ ਹੀ ਸਾਡੀਆਂ ਪ੍ਰਮੁੱਖ ਫਸਲਾਂ ਝੋਨਾ ਅਤੇ ਕਣਕ ਪੱਕ ਕੇ ਤਿਆਰ ਹੁੁੰਦੀਆਂ ਹਨ। ਸਤੰਬਰ-ਅਕਤੂਬਰ ਵਿਚ ਝੋਨੇ ਦੀ ਵਢਾਈ ਤੋਂ ਪਿੱਛੋਂ ਪਰਾਲੀ ਨੂੰ ਲਾਈ ਅੱਗ ਅਤੇ ਕਣਕ ਦੀ ਵਾਢੀ ਪਿੱਛੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਅਸੀਂ ਖੁਦ ਬਿਮਾਰੀਆਂ ਸਹੇੜਦੇ ਹਾਂ। ਸਾਹ, ਦਮੇ ਅਤੇ ਚਮੜੀ ਦੇ ਰੋਗ ਇਸ ਮੌਸਮ ਵਿਚ ਵਧਦੇ ਹਨ। ਕਈ ਰੋਗੀ ਤਾਂ ਅਜਿਹੇ ਹੁੰਦੇ ਹਨ ਕਿ ਦਵਾਈਆਂ ਦੇੇਣ ਦੇ ਬਾਵਜੂਦ ਵੀ ਠੀਕ ਨਹੀਂ ਹੁੰਦੇ ਪਰ ਜਦੋਂ ਧੂੰਆਂ ਉਡਣੋਂ ਹਟ ਜਾਂਦਾ ਹੈ, ਫਿਰ ਆਪਣੇ ਆਪ ਠੀਕ ਹੋ ਜਾਂਦੇ ਹਨ।
ਬਰਸਾਤ ਦੇ ਮੌਸਮ ਵਿਚ ਖ਼ਾਸ ਕਰਕੇ ਸਾਉਣ ਦੇ ਦਿਨਾਂ ਵਿਚ ਮੱਛਰ ਦੀ ਭਰਮਾਰ ਹੋ ਜਾਂਦੀ ਹੈ। ਕਣੀਆਂ ਵਿਚ ਭਿੱਜ ਕੇ ਜੋੜਾਂ ਦੇ ਦਰਦ, ਬੁਖਾਰ ਹੋ ਜਾਂਦਾ ਹੈ। ਮਲੇਰੀਆ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਮੌਸਮ ਵਿਚ ਧਰਤੀ ਹੇਠਲੇ ਜੀਵ ਵੀ ਬਾਰਿਸ਼ ਦਾ ਆਨੰਦ ਮਾਣਨ ਲਈ ਧਰਤੀ 'ਤੇ ਆ ਜਾਂਦੇ ਹਨ। ਸੋ ਇਨ੍ਹਾਂ ਤੋਂ ਬਚਣ ਲਈ ਸੰਭਵ ਉਪਰਾਲੇ ਕਰਨ ਦੀ ਲੋੜ ਹੁੰਦੀ ਹੈ।
ਬਾਕੀ ਕੁਦਰਤ ਨੇ ਮੌਸਮ ਦੇ ਹਿਸਾਬ ਨਾਲ ਧਰਤੀ ਮਾਂ ਦੀ ਕੁੱਖ ਵਿਚੋਂ ਬਹੁਤ ਕੁਝ ਪੈਦਾ ਕਰਕੇ ਮਨੁੱਖ ਨੂੰ ਦਿੱਤਾ ਹੈ। ਗਰਮੀਆਂ ਵਿਚ ਤਰਬੂਜ਼, ਨਿੰਬੂ, ਖ਼ਰਬੂਜਾ, ਕੱਦੂ, ਤੋਰੀਆਂ, ਖੱਖੜੀ, ਪੁਦੀਨਾ, ਸਰਦੀਆਂ ਵਿਚ ਮੂੰਗਫਲੀ, ਖਜੂਰ ਜਾਂ ਬਹੁਤੇ ਸਰਦੇ ਪੁਜਦਿਆਂ ਲਈ ਦਾਖ, ਕਾਜੂ, ਬਦਾਮ, ਅਖਰੋਟ ਆਦਿ ਬਖ਼ਸ਼ੇ ਹਨ ਪਰ ਜੇਕਰ ਮਨੁੱਖ ਕੁਦਰਤ ਦੀਆਂ ਦਾਤਾਂ ਦਾ ਸਦਉਪਯੋਗ ਕਰੇ ਤਾਂ ਹੀ ਤੰਦਰੁਸਤ ਰਹਿ ਸਕੇਗਾ ਪਰ ਜੇਕਰ ਕੱਦੂਆਂ ਜਾਂ ਤਰਬੂਜ਼ਾਂ ਨੂੰ ਟੀਕੇ ਲਾ-ਲਾ ਪਕਾਇਆ ਜਾਂਦਾ ਰਿਹਾ ਤਾਂ ਕੁਦਰਤ ਦੀਆਂ ਇਹ ਅਨਮੋਲ ਦਾਤਾਂ ਤੋਂ ਮਨੁੱਖ ਵਾਂਝਾ ਹੋ ਜਾਵੇਗਾ ਅਤੇ ਬਿਮਾਰੀਆਂ ਹੀ ਬਿਮਾਰੀਆਂ ਪੱਲੇ ਰਹਿ ਜਾਣਗੀਆਂ। ਸੋ ਕਹਿਣ ਦਾ ਭਾਵ ਹੈ ਕਿ ਮੌਸਮੀ ਬਿਮਾਰੀਆਂ ਵਿਚ ਦਵਾਈਆਂ ਦੀ ਜ਼ਰੂਰਤ ਜ਼ਿਆਦਾ ਨਹੀਂ ਪੈਂਦੀ, ਸਗੋਂ ਓਹੜ-ਪੋਹੜ ਨਾਲ ਹੀ ਰੋਗੀ ਠੀਕ ਹੋ ਸਕਦਾ ਹੈ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਉਪੈਥ ਡਾਕਟਰ ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.