ਰਾਤ ਦੇ ਦੋ ਵੱਜੇ ਹਨ। ਕਾਲੀ ਰਾਤ ਹੈ, ਸੁੰਨ ਸਾਨ। ਮਿਹਰ ਸਿਓਂ ਡੌਰ ਭੌਰ ਜਿਹਾ ਹੋਇਆ ਖੇਤਾਂ ਵਿਚ ਤੁਰਿਆ ਫਿਰਦਾ ਹੈ। ਹਾਲੇ ਸੁੱਤਾ ਨਹੀਂ। ਉਹਨੇ ਦੂਰ ਨਿਗਾ ਮਾਰਦਿਆਂ ਕਿਸੇ ਉਡੀਕ ਵਿਚ ਸਿਰ ਖੁਰਕਿਆ। ਜਿਵੇਂ ਤਾਰੋਂ ਪਾਰ ਆਉਣ ਵਾਲੇ ਕਿਸੇ ਸੁਨੇਹੇ ਦੀ ਉਡੀਕ ਵਿਚ ਹੋਵੇ!
ਪੰਜ ਕਿੱਲੋ ਆਉਣੀ ਹੈ, ਚਿੱਟੀ ਨਾਗਣੀ! ਕਮਾਈ ਚੰਗੀ ਹੋ ਜਾਣੀ ਹੈ। ਕੱਲ ਬੀ.ਐਸ.ਐਫ ਵਾਲੇ ਪੂਰੇ ਚੌਕਸ ਸਨ, ਸ਼ਾਇਦ ਕੋਈ ਅਫਸਰ ਆਇਆ ਸੀ, ਤਾਂ ਈ ਪੱਬਾਂ ਭਾਰ ਹੋਏ ਫਿਰਦੇ ਸੀ। ਅੱਜ ਹੱਦ ਉਤੇ ਸਖਤੀ ਵੀ ਘੱਟ ਈ ਲਗਦੀ ਆ। ਹਾਲੇ ਘੰਟਾ ਪਿਆ ਏ, ਮੈਸਿਜ ਆਉਣ ਨੂੰ। ਮੋਹਣੇ ਨੇ ਕਿਹਾ ਸੀ ਕਿ ਵੇਖੀਂ ਕਿਤੇ ਫੋਨ ਦੀ ਬੈਟਰੀ ਨਾ ਮੁੱਕਜੇ।
ਮਰ ਗਿਆ ਓ ਯਾਰ, ਭੁੱਖ ਲੱਗੀ ਆ, ਘੂਕੀ ਚੜ੍ਹੀ ਪਈ ਆ, ਕੱਲ੍ਹ ਵੀ ਨੀ ਸੁੱਤਾ। ਸਿਰ ਪਾਟਣ ਨੂੰ ਆਇਆ ਪਿਆ, ਰੁਲਦੂ ਕਮਲੇ ਨੇ ਮੋਟੇ ਮੋਟੇ ਚਾਰ ਹਾੜੇ ਲੁਵਾ ਛੱਡੇ ਆ। ਮੋਹਣੇ ਨੇ ਕਿਹਾ ਸੀ ਕਿ ਉਸਦਾ ਬੰਦਾ ਪਾਈਪ ਰਾਹੀਂ ਸਮਾਨ ਸੁੱਟ ਕੇ ਮੈਸਿਜ ਕਰਦੂ ਪਾਰੋਂ।
ਗੋਲੀ ਚੱਲਣ ਦੀ ਆਵਾਜ਼!
ਸਵੇਰ ਦੇ ਚਾਰ ਵੱਜ ਗਏ। ਹੱਦ ਉਤੇ ਰੌਲਾ ਪੈ ਗਿਆ। ਪੁਲਸ ਬੜੀ ਆਈ ਖੜ੍ਹੀ ਹੈ। ਮੇਹਰ ਸਿੰਘ ਵੱਲ ਨੂੰ ਭੱਜੇ ਆਉਂਦੇ ਨੇ ਪਿੰਡ ਵਾਲੇ। ਇਕ ਬੋਲਿਆ,"ਕੌਣ ਆਂ ਉਏ ਤੂੰ? ਖੇਤ 'ਚ ਸੁੱਤਾ ਪਿਆ ਏਂ, ਚੱਲ ਉਠ ਖੜ੍ਹਾ ਹੋ। ਬਾਰਡਰ ਉਤੇ ਤਾਰੋਂ ਪਾਰ ਬੰਦਾ ਮਾਰਤਾ ਬਾਰਡਰ ਆਲੀ ਫੋਰਸ ਨੇ, ਤੇਰਾ ਬੰਦਾ ਲੱਗਦੈ?"
"ਨਾ ਨਾ,ਮੈਂ ਨੀ ਜਾਣਦਾ ਕਿਸੇ ਨੂੰ ਵੀ ਤਾਰੋਂ ਪਾਰ-- ਮੋਹਣਾ ਈ ਜਾਣਦਾ--ਹੈਲੋ, ਮੋਹਣੇ ਓ--ਓ ਮੋਹਣੇ--ਯਾਰ ਫੋਨ ਤਾਂ ਚੁੱਕ ਲੈ। ਮੈਨੂੰ ਮਰਵਾ ਕੇ ਆਪ ਸੁੱਖ ਦੀ ਨੀਂਦਰ ਸੁੱਤਾ ਪਿਆਂ?"
ਪਿੰਡ ਵਾਲਿਆਂ ਨੇ ਉਸਦੀ ਛਿੱਤਰ ਪਰੇਡ ਕੀਤੀ ਤੇ ਮੂੰਹ ਲਾਲੋ ਲਾਲ ਹੋ ਗਿਆ। ਉਹ ਭੁਮੱਤਰ ਜਿਹਾ ਗਿਆ । ਜਿਵੇਂ ਕੰਨਾਂ ਵਿਚ ਟੀਵੀ ਚੱਲ ਪਿਆ ਹੋਵੇ ਜੋਰ ਜੋਰ ਦੀ! ਸੁਰਤ ਬੌਂਦਲ ਗਈ।
"ਹੁਣ ਡੰਗੂਗੀ ਪੁਲਿਸ ਦੀ ਨਾਗਣੀ। ਵੱਡਾ ਆਇਆ ਜੋਗੀ,ਚਿੱਟੀ ਨਾਗਣੀ ਦਾ।"
ਉਸਨੂੰ ਕੁਛ ਨਹੀਂ ਸੀ ਸੁੱਝ ਰਿਹਾ। ਸੋਚ ਰਿਹਾ ਸੀ ਕਿੰਨਾ ਚੰਗਾ ਹੈ ਨਿੱਤ ਦਿਨ ਸਿਰ ਉਤੇ ਦਨਦਨਾਉਂਦੀ ਮੌਤ ਤੋਂ ਖਹਿੜਾ ਛੁਡਾ ਲਿਆ ਜਾਵੇ ਤਾਂ ਚੰਗਾ ਹੀ ਹੈ ਤੇ ਸੱਚੀ ਸੁੱਚੀ ਕਿਰਤ ਕੀਤੀ ਜਾਵੇ।
ਮਨ ਹੀ ਮਨ ਉਹ ਰੋਜ ਰੋਜ ਨਹੀਂ ਮਰਨਾ ਚਾਹੁੰਦਾ ਤੇ ਅੱਜ ਤੋਂ ਨੇਕ ਕਮਾਈ ਕਰਨ ਦੀ ਕਸਮ ਖਾਂਦਾ ਹੈ।
ਭੀੜ ਉਸਨੂੰ ਚੁੱਕ ਕੇ ਲੈ ਗਈ ਤੇ ਇਕ ਜਣੇ ਨੇ ਅੱਖ ਜਿਹੀ ਬਚਾ ਕੇ ਉਸਦਾ ਮੋਬਾਈਲ ਜੇਬ੍ਹ ਵਿਚ ਪਾ ਲਿਆ ਸੀ।
-
ਵਿਕਰਮਜੀਤ ਦੁੱਗਲ, ਆਈ.ਪੀ.ਐੱਸ.
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.