ਗਾਇਕ: ਅਸ਼ਵਨੀ ਵਰਮਾ ਲੁਧਿਆਣਵੀ
ਲੇਖਕ: ਗੁਰਭਜਨ ਗਿੱਲ
ਜਦੋਂ ਵੀ ਕਦੇ ਕਿਸੇ ਵੀ ਮੁਲਕ ਦੀਆਂ ਸਰਹੱਦਾਂ ਸੇਕ ਮਾਰਨ ਲੱਗਦੀਆਂ ਨੇ ਤਾਂ ਸਭ ਅਮਨ ਪਸੰਦ ਜੀਆਂ ਦਾ ਧਰਮ ਬਣਦਾ ਹੈ ਕਿ ਉਹ ਬਲਦੀ ਅੱਗ ਤੇ ਤੇਲ ਪਾਉਣ ਦੀ ਥਾਂ ਜੰਗ ਦੀ ਤਬਾਹੀ ਦੇ ਮੰਜ਼ਰ ਬਾਰੇ ਸੁਚੇਤ ਕਰਨ।
ਇਸ ਧਰਮ ਨੂੰ ਨਿਭਾਉਣਾ ਉਸ ਚਿੜੀ ਵਾਂਗ ਜ਼ਰੂਰੀ ਹੈ ਜੋ ਬਲ਼ਦੇ ਜੰਗਲ ਨੂੰ ਅੱਗ ਤੋਂ ਮੁਕਤ ਕਰਨ ਲਈ ਦੂਰੋਂ ਖੰਭ ਭਿਉਂ ਕੇ ਲਿਆਉਂਦੀ ਸੀ, ਜੰਗਲ ਚ ਛੰਡਦੀ ਸੀ ਤੇ ਲਗਾਤਾਰ ਇਹ ਧਰਮ ਨਿਭਾਉਂਦੀ ਸੀ।
ਉਸ ਨੂੰ ਵੀ ਸਵਾਲ ਕਰਨ ਵਾਲੇ ਬਥੇਰੇ ਸਨ, ਅੱਜ ਵਾਂਗ। ਇਹ ਕਹਿਣ ਵਾਲੇ ਕਿ ਤੇਰੇ ਤੁਪਕਿਆਂ ਨਾਲ ਜੰਗਲ ਦੀ ਅੱਗ ਕਿਵੇਂ ਬੁੱਝੂ। ਉਸ ਦਾ ਜਵਾਬ ਸੀ, ਕੋਸ਼ਿਸ਼ ਕਰਨਾ ਧਰਮ ਹੈ, ਮੇਰੀ ਜਵਾਬਦੇਹੀ ਵਕਤ ਨੂੰ ਹੈ, ਵਿਅਕਤੀਆਂ ਨੂੰ ਨਹੀਂ।
ਇਹੀ ਸੋਚ ਕੇ ਮੈਂ ਇਹ ਗੀਤ ਲਿਖਿਆ ਸੀ ਜਿਸ ਨੂੰ ਸੁਰਿੰਦਰ ਸ਼ਿੰਦਾ ਜੀ ਦੇ ਸ਼ਾਗਿਰਦ ਪਿਆਰੇ ਗਾਇਕ ਸੱਜਣ ਅਸ਼ਵਨੀ ਵਰਮਾ ਲੁਧਿਆਣਵੀ ਨੇ ਬੁਲੰਦ ਆਵਾਜ਼ ਚ ਗਾਇਆ ਹੈ।
ਅਸ਼ਵਨੀ ਵਰਮਾ ਦਾ ਆਪਣਾ ਸਟੁਡੀਉ ਹੈ, ਰਾਹੋਂ ਰੋਡ ਲੁਧਿਆਣਾ ਵਿੱਚ। ਪੁੱਤਰਾਂ ਨਾਲ ਮਿਲ ਕੇ ਉਹ ਸੰਗੀਤ ਸਿਰਜਦਾ ਹੈ। ਮੇਰੇ ਕੁਝ ਗੀਤ ਉਸ ਪਹਿਲਾਂ ਵੀ ਗਾਏ ਨੇ।
1.ਕੰਧੇ ਸਰਹੰਦ ਦੀਏ ਅੱਥਰੂ ਨਾ ਕੇਰ ਨੀ
2.ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ।
3.ਦੁੱਲਾ ਭੱਟੀ
4. ਏਥੇ ਚੋਰ ਸਿਪਾਹੀਆਂ ਯਾਰੀਆਂ ਨੇ
ਤੇ ਹੁਣ ਇਹ ਪੰਜਵਾਂ ਅਮਨ ਮੰਗਦਾ ਗੀਤ।
ਇਨ੍ਹਾਂ ਸਾਰੇ ਗੀਤਾਂ ਨੂੰ ਦੇਸ਼ ਬਦੇਸ਼ ਦੇ ਰੇਡੀਉ ਸਟੇਸ਼ਨਾਂ ਨੇ ਸਰੋਤਿਆਂ ਸਨਮੁਖ ਪੇਸ਼ ਕੀਤਾ ਹੈ।
ਅਮਨ ਗੀਤ
ਸਰਹੱਦਾਂ ਨਾ ਬਾਲ਼ਿਉ, ਮਾਂ ਕਰੇ ਦੁਆਵਾਂ।
ਧਰਤੀ ਦੀ ਫ਼ਰਿਆਦ ਹੈ, ਕਦੇ ਬਲ਼ਣ ਨਾ ਛਾਵਾਂ।
ਮਿੱਟੀ ਖ਼ਾਤਰ ਅਮਨ ਚੈਨ ਨਾ ਭੱਠੀ ਪਾਇਉ।
ਹਾੜ੍ਹਾ! ਓ ਵਤਨਾਂ ਵਾਲਿਉ, ਨਾ ਕਹਿਰ ਕਮਾਇਉ।
ਕਰੂ ਕਮਾਈਆਂ ਸੋਚਿਆ, ਪੁੱਤ ਗੱਭਰੂ ਕਰਕੇ।
ਸਰਹੱਦਾਂ ਵੱਲ ਤੋਰਿਆ, ਦਿਲ ਪੱਥਰ ਧਰ ਕੇ।
ਹਰੇ ਭਰੇ ਇਹ ਖੇਤ ਨਾ, ਹੁਣ ਕਬਰ ਬਣਾਇਉ।
ਹਾੜ੍ਹਾ! ਓ ਵਤਨਾਂ ਵਾਲਿਉ, ਨਾ ਕਹਿਰ ਕਮਾਇਉ।
ਸੱਜ ਵਿਆਹੀ ਨਾਰ ਦਾ , ਹਾਲੇ ਰੰਗਲਾ ਚੂੜਾ।
ਸੁੰਨਾ ਹਾਲੇ ਪਿਆ ਹੈ,ਘਰ ਪਲੰਘ ਪੰਘੂੜਾ।
ਸਿਰ ਫੁਲਕਾਰੀ ਓਸ ਦੀ, ਨਾ ਫਿੱਕੀ ਪਾਇਉ।
ਹਾੜ੍ਹਾ! ਓ ਵਤਨਾਂ ਵਾਲਿਉ, ਨਾ ਕਹਿਰ ਕਮਾਇਉ।
ਰੱਤ ਪੀਣੀ ਇਸ ਡੈਣ ਦੀ ਨੀਅਤ ਹੈ ਖੋਟੀ।
ਅਸਲੇ ਅਤੇ ਬਾਰੂਦ ਦੀ ਇਹ ਖਾਵੇ ਰੋਟੀ।
ਜੰਗ ਮਸਲੇ ਦਾ ਹੱਲ ਨਾ, ਮੇਰੇ ਹਮਸਾਇਉ।
ਹਾੜ੍ਹਾ ! ਓ ਵਤਨਾਂ ਵਾਲਿਉ! ਨਾ ਕਹਿਰ ਕਮਾਇਉ।
ਖਾ ਜਾਂਦਾ ਜੰਗ ਰੌਣਕਾਂ ਦੇ ਘੁੰਮਦੇ ਪਹੀਏ।
ਚਹੁੰ ਜੰਗਾਂ ਦਾ ਸੇਕ ਤਾਂ, ਹਾਲੇ ਤੱਕ ਸਹੀਏ।
ਅਮਨ ਚੈਨ ਦੀ ਰੀਸ ਨਾ, ਖ਼ੁਦ ਨੂੰ ਸਮਝਾਇਉ।
ਹਾੜ੍ਹਾ ! ਓ ਵਤਨਾਂ ਵਾਲਿਉ, ਨਾ ਜੰਗਾਂ ਲਾਇਉ।
ਜੀਂਦੇ ਜੀਅ ਨਾ ਮਾਪਿਆਂ ਨੂੰ ਮਾਰ ਮੁਕਾਇਉ।
ਹੁਣ ਇਹ ਅਮਨ ਗੀਤ ਗਾ ਕੇ ਅਸ਼ਵਨੀ ਵਰਮਾ ਲੁਧਿਆਣਵੀ ਨੇ ਕਲਾ ਧਰਮ ਨਿਭਾਇਆ ਹੈ। ਉਸ ਨੇ ਬਹੁਤੇ ਗੀਤ ਭਾਵੇਂ ਧਾਰਮਿਕ ਗਾਏ ਹਨ ਪਰ ਮੇਰੇ ਲਿਖੇ ਇਹ ਗੀਤ ਗਾ ਕੇ ਉਸ ਨੇ ਆਪਣੀ ਬੁਲੰਦ ਗਾਇਕੀ ਦਾ ਸਿੱਕਾ ਜਮਾਇਆ ਹੈ।
ਇਸ ਗੀਤ ਨੂੰ ਵੀ ਸਾਰਥਕ ਹੁੰਗਾਰਾ ਭਰਨਾ।
2.7.2020
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.