ਤਾਕਤ ਇੱਕ ਅਜਿਹਾ ਨਾਂਅ ਹੈ, ਜਿਸ ਥੱਲੇ ਦੁਨੀਆਂ ਨੂੰ ਸੌਖਿਆਂ ਲੁੱਟਿਆ ਜਾ ਸਕਦਾ ਹੈ। ਜਿਵੇਂ 'ਮਰਦਾਨਾ ਤਾਕਤ', 'ਦਿਮਾਗੀ ਤਾਕਤ', 'ਸਰੀਰਕ ਤਾਕਤ' ਵਗੈਰਾ। 'ਤਾਕਤ' ਦੇ ਨਾਂਅ ਹੇਠ ਰੋਜ਼ਾਨਾ ਨਵੀਆਂ ਦਵਾਈਆਂ ਮਾਰਕੀਟ ਵਿਚ ਉਤਰ ਰਹੀਆਂ ਹਨ। ਭਾਵੇਂ ਕਿਸੇ ਕੋਲ ਕਿੰਨੀ ਵੀ ਤਾਕਤ ਕਿਉਂ ਨਾ ਹੋਵੇ ਪਰ ਫਿਰ ਵੀ ਤਾਕਤ ਦੀ ਘਾਟ ਹੀ ਰਹਿੰਦੀ ਹੈ। ਕਹਿੰਦੇ-ਕਹਾਉਂਦੇ ਗੱਭਰੂ, ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ। ਜਦੋਂ ਕਿਸੇ ਮੁਕਾਬਲੇ 'ਚ ਭਾਗ ਲੈਣਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਕਤ ਵਾਲੀ ਦਵਾਈ ਦਾ ਧਿਆਨ ਜ਼ਰੂਰ ਆਉਂਦਾ ਹੈ।
ਬਹੁਤ ਸਾਰੀਆਂ 'ਤਾਕਤ' ਵਾਲੀਆਂ ਸ਼ੀਸ਼ੀਆਂ ਵਧੀਆ-ਵਧੀਆ ਡੱਬੀਆਂ ਵਿਚ ਪੈੱਕ ਹੋ ਕੇ ਬਾਜ਼ਾਰ ਵਿਚ ਆ ਰਹੀਆਂ ਹਨ। ਭਾਵੇਂ ਕੋਈ ਬੱਚਾ ਹੈ, ਬੁੱਢਾ ਜਾਂ ਜਵਾਨ, ਤਾਕਤ ਵਾਲੀ ਸ਼ੀਸ਼ੀ ਲੈਣ ਦੀ ਚਾਹਤ ਹਰ ਇਕ ਦੇ ਮਨ ਵਿਚ ਹੁੰਦੀ ਹੈ ਪਰ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਤਾਕਤ ਸਿਰਫ਼ ਸ਼ੀਸ਼ੀਆਂ ਜਾਂ ਪਾਊਡਰਾਂ ਵਿਚ ਹੁੰਦੀ ਤਾਂ ਲੋਕਾਂ ਨੂੰ ਗੋਹੇ ਵਿਚ ਹੱਥ ਲਿਬੇੜਨ ਦਾ ਕੋਈ ਸ਼ੌਕ ਨਹੀਂ ਸੀ। ਪੁਰਾਣੇ ਬਜ਼ੁਰਗਾਂ ਨੂੰ ਦੇਖੋ, ਕਿੰਨਾ-ਕਿੰਨਾ ਕੰਮ ਕਰਦੇ ਸਨ। ਸਭ ਖ਼ੁਰਾਕਾਂ ਸਿਰ 'ਤੇ ਸੀ। ਵਧੀਆ ਘਰ ਦਾ ਦੁੱਧ-ਘਿਓ ਹੁੰਦਾ। ਕਈ ਬਜ਼ੁਰਗ ਤਾਂ ਲੱਸੀ 'ਚ ਸਰ੍ਹੋਂ ਦਾ ਤੇਲ ਪਾ ਕੇ ਪੀ ਜਾਂਦੇ ਸਨ ਪਰ ਅੱਜ ਕੱਲ੍ਹ ਤਾਂ ਕੋਈ ਵਧੀਆ ਦੁੱਧ-ਘਿਓ ਬਣਾਉਣ ਵਾਲਾ ਘਰ ਹੀ ਨਹੀਂ। ਯੂਰੀਏ ਨਾਲ ਬਣੀ ਫੀਡ ਪਾ ਕੇ ਜਾਂ ਕੀਟਨਾਸ਼ਕ ਦਵਾਈਆਂ ਛਿੜਕ ਕੇ ਉਗਾਏ ਹੋਏ ਹਰੇ ਚਾਰੇ ਪਾ ਕੇ ਪਸ਼ੂਆਂ ਤੋਂ ਦੁੱਧ ਲਿਆ ਜਾਂਦਾ ਹੈ। ਫਿਰ ਉਹੋ ਜਿਹੀਆਂ ਤਾਕਤਾਂ ਸਰੀਰ ਵਿਚ ਰਹਿੰਦੀਆਂ ਹਨ, ਕਈਆਂ ਦੇ ਤਾਂ ਦੁੱਧ-ਘਿਓ ਹਜ਼ਮ ਹੀ ਨਹੀਂ ਆਉਂਦਾ। ਅਜਿਹੇ ਲੋਕ ਤਾਕਤ ਵਾਲੀਆਂ ਦਵਾਈਆਂ 'ਤੇ ਜ਼ਿਆਦਾ ਨਿਰਭਰ ਰਹਿੰਦੇ ਹਨ।
ਤਾਕਤ ਮਨੁੱਖੀ ਸਰੀਰ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਵਰਦਾਨ ਹੈ। ਜਿਸ ਮਨੁੱਖ ਨੂੰ ਕੁਦਰਤ ਨੇ ਤਾਕਤ ਬਖ਼ਸ਼ੀ ਹੈ, ਉਸਨੂੰ ਹੋਰ ਕਿਸੇ ਬਾਹਰੀ ਤਾਕਤ ਦੀ ਲੋੜ ਨਹੀਂ। ਅਗਰ ਕਿਸੇ ਕਾਰਨ ਉਹ ਤਾਕਤ ਬਰਕਰਾਰ ਨਹੀਂ ਰਹਿੰਦੀ ਤਾਂ ਦੁਨੀਆਂ ਦੀ ਕੋਈ ਦਵਾਈ ਉਸ ਤਾਕਤ ਨੂੰ ਵਾਪਸ ਨਹੀਂ ਲਿਆ ਸਕਦੀ। ਜੇਕਰ ਕੁਦਰਤ ਨੇੇ ਘੋੜੇ ਵਿਚ ਅਜਿਹੀ ਸ਼ਕਤੀ ਪਾਈ ਹੈ ਕਿ ਘੋੜਾ ਘਾਹ ਖਾ ਕੇ ਵੀ ਦੌੜਦਾ ਹੈ। ਜ਼ਰੂਰੀ ਨਹੀਂ ਕਿ ਹਰ ਘੋੜੇ ਨੂੰ ਬਦਾਮ ਹੀ ਮਿਲਦੇ ਹੋਣ ਪਰ ਇਸ ਦੇ ਉਲਟ ਅਗਰ ਅਸੀਂ ਕਿਸੇ ਇਨਸਾਨ ਨੂੰ ਬੇਸ਼ੱਕ ਬਦਾਮਾਂ ਨਾਲ ਰਜਾ ਦੇਈਏ ਤਾਂ ਇਸ ਤੋਂ ਭਾਵ ਇਹ ਨਹੀਂ ਕਿ ਉਹ ਘੋੜਾ ਬਣ ਜਾਵੇਗਾ। ਬੱਸ ਇਹੀ ਸਮਝਣ ਵਾਲੀ ਗੱਲ ਹੈ ਕਿ ਅਸੀਂ 'ਘੋੜੇ ਬਣਨਾ ਚਾਹੁੰਦੇ ਹਾਂ ਪਰ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਸ਼ਕਤੀ ਨੂੰ ਅਸੀਂ ਸੰਭਾਲ ਕੇ ਰੱਖ ਨਹੀਂ ਸਕਦੇ।
ਮਾਰਕੀਟ ਵਿਚ ਵਿਕਦੇ ਪਾਊਡਰ ਜਾਂ ਦਵਾਈਆਂ ਗੈਰ-ਕੁਦਰਤੀ ਤਾਕਤ ਦਾ ਇਕ ਨਮੂਨਾ ਹਨ। ਖਾਣ-ਪੀਣ ਵਾਲੀਆਂ ਦਵਾਈਆਂ ਵਿਚ ਜਾਂ ਕੈਪਸੂਲਾਂ ਵਿਚ ਆਮ ਤੌਰ 'ਤੇ ਆਇਰਨ ਜਾਂ ਵਿਟਾਮਨ ਹੁੰਦੇ ਹਨ। ਇਸੇ ਤਰ੍ਹਾਂ ਪਾਊਡਰ ਰੂਪੀ ਤਾਕਤ ਵਾਲੇ ਡੱਬਿਆਂ ਵਿਚ ਪ੍ਰੋਟੀਨ ਹੁੰਦੀ ਹੈ। ਜੇਕਰ ਤਾਂ ਸਚਮੁੱਚ ਹੀ ਕਿਸੇ ਇਨਸਾਨ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ (ਜਿਵੇਂ ਗਰਭ ਦੌਰਾਨ ਜਾਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ) ਤਾਂ ਇਹ ਬਿਲਕੁਲ ਦਿੱਤੀਆਂ ਜਾਣੀਆਂ ਹਨ। ਅਗਰ ਕੋਈ ਚੰਗਾ ਭਲਾ ਹੱਟਾ-ਕੱਟਾ ਮਨੁੱਖ ਅਜਿਹੇ ਪਾਊਡਰਾਂ-ਸ਼ੀਸ਼ੀਆਂ ਦੀ ਵਰਤੋਂ ਕਰਦਾ ਹੈ ਤਾਂ ਉਹ ਸਿਰੇ ਦਾ ਬੇਵਕੂਫ ਹੈ, ਇਸ ਤੋਂ ਵੱਧ ਕੁੱਝ ਨਹੀਂ।
ਇਸੇ ਤਰ੍ਹਾਂ ਮਰਦਾਨਾ ਤਾਕਤ ਵਾਲੀਆਂ ਦਵਾਈਆਂ ਵਿਚ ਕੁੱਝ ਹੋਰ ਨਹੀਂ, ਸਿਰਫ਼ ਨਸ਼ੇ ਵਾਲੀਆਂ ਵਸਤਾਂ ਹੁੰਦੀਆਂ ਹਨ। ਜਿਸ ਨਾਲ ਇਕ ਵਾਰ ਤਾਂ ਮਜ਼ਾ ਚੱਖ ਲਿਆ ਜਾਂਦਾ ਹੈ ਪਰ ਸਰੀਰ ਅਜਿਹੀਆਂ ਦਵਾਈਆਂ 'ਤੇ ਲੱਗ ਜਾਂਦਾ ਹੈ।
ਦਿਮਾਗ ਨੂੰ ਤਾਕਤ ਦੇਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਦੀ ਚਰਚਾ ਮਾਰਕੀਟ ਵਿਚ ਬਣੀ ਰਹਿੰਦੀ ਹੈ। ਸੋਨਾ ਚਾਂਦੀ ਚਵਨਪ੍ਰਾਸ਼ ਜਾਂ ਸੰਖ ਪੁਸ਼ਪੀ ਵਗੈਰਾ ਦੀਆਂ ਸ਼ੀਸ਼ੀਆਂ ਅਗਰ ਦਿਮਾਗ ਵਧਾਉਣ ਦੀ ਸਮਰੱਥਾ ਰੱਖਦੀਆਂ ਤਾਂ ਪਾਗਲਖਾਨਿਆਂ ਵਿਚ ਪਏ ਲੱਖਾਂ ਮਰੀਜ਼ਾਂ ਨੂੰ ਇਹ ਕਿਉਂ ਨਹੀਂ ਦਿੱਤੇ ਜਾਂਦੇ ਤਾਂ ਕਿ ਉਹਨਾਂ ਦੇ ਦਿਮਾਗ ਵੀ ਵਧੇਰੇ ਕੰਮ ਕਰਨ ਲੱਗ ਜਾਣ।
ਸਰੀਰ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ, ਟਰਾਈ ਅਨੈਰਜਿਕ ਕੈਪਸੂਲ, ਅਲਫ ਅਲਫਾ ਟਾਨਿਕ, ਹੀਮ ਅੱਪ, ਰੀਵਾਈਟਲ ਦੇ ਕੈਪਸੂਲ ਬਿਨਾਂ ਮਤਲਬ ਤੋਂ ਲੋਕ ਖਾਂਦੇ ਹਨ। ਅਜਿਹੀਆਂ ਦਵਾਈਆਂ ਸਿਰਫ ਸਰੀਰ ਵਿਚ ਤੇਜ਼ਾਬ ਦੀ ਮਾਤਰਾ ਵਧਾਉਂਦੀਆਂ ਹਨ। ਇਸ ਤੋਂ ਵੱਧ ਕੁੱਝ ਨਹੀਂ।
ਬਹੁਤੇ ਲੋਕ ਛੇ ਮਹੀਨਿਆਂ ਬਾਅਦ ਗੁਲੂਕੋਜ਼ ਦੀ ਬੋਤਲ ਵਿਚ ਤਾਕਤ ਦੇ ਪੰਜ ਜਾਂ ਛੇ ਟੀਕੇ ਮਿਲਾ ਕੇ ਲਵਾਉਣ ਦੇ ਸ਼ੌਕੀਨ ਹੁੰਦੇ ਹਨ। ਉਹਨਾਂ ਦੇ ਮਨ ਦਾ ਇਹ ਵਹਿਮ ਹੁੰਦਾ ਹੈ ਕਿ ਗੁਲੂਕੋਜ਼ ਲਗਵਾਉਣ ਨਾਲ ਵੀ ਤਾਕਤ ਆਉਂਦੀ ਹੈ ਪਰ ਗੁਲੂਕੋਜ਼ ਵਿਚ ਹੋਰ ਕੁਝ ਨਹੀਂ, ਸਿਰਫ ਪਾਣੀ ਹੁੰਦਾ ਹੈ। ਗੁਲੂਕੋਜ਼ ਦੀ ਲੋੜ ਉਹਨਾਂ ਨੂੰ ਹੁੰਦੀ ਹੈ, ਜਿਹੜੇ ਲੋਕ ਮੂੰਹ ਰਾਹੀਂ ਕੁੱਝ ਖਾ-ਪੀ ਨਹੀਂ ਸਕਦੇ ਜਾਂ ਜਿਨ੍ਹਾਂ ਦੇ ਸਰੀਰ ਦਾ ਪਾਣੀ ਉਲਟੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਪਰ ਹਰੇਕ ਛੇ ਮਹੀਨਿਆਂ ਬਾਅਦ ਗੁਲੂਕੋਜ਼ ਵਿਚ ਕੋਈ 'ਵਿਟਾਮਿਨ' ਜਾਂ ਕੋਈ ਹੋਰ ਟੀਕੇ ਮਿਲਾ ਕੇ ਲਾਉਣ ਵਾਲਾ ਅਤੇ ਲਗਵਾਉਣ ਵਾਲਾ ਸਿਰੇ ਦੇ ਮੂਰਖ ਹਨ। ਡੈਕਾਡਿਊਰਾਬੋਲ ਜਾਂ ਕੈਲਸ਼ੀਅਮ ਦੇ ਟੀਕੇ ਲਗਵਾਉਣਾ ਲੋਕਾਂ ਦਾ ਆਮ ਸ਼ੌਕ ਬਣ ਚੁੱਕਾ ਹੈ, ਜੋ ਕਿ ਇਕ ਗਲਤ ਰੁਝਾਨ ਹੈ।
ਤੰਦਰੁਸਤੀ ਅਤੇ ਤਾਕਤ ਵਿਚ ਬਹੁਤ ਫ਼ਰਕ ਹੈ। ਅਗਰ ਕੋਈ ਇਨਸਾਨ ਤੰਦਰੁਸਤ ਹੈ ਤਾਂ ਉਸ ਵਿਚ ਕੁਦਰਤੀ ਤੌਰ 'ਤੇ ਤਾਕਤ ਹੋਵੇਗੀ। ਅਗਰ ਕਿਸੇ ਮਨੁੱਖ ਦਾ 'ਸਰੀਰਕ ਸਿਸਟਮ' ਕਮਜ਼ੋਰ ਹੈ ਤਾਂ ਉਸ ਵਿਚ ਕਮਜ਼ੋਰੀ ਆਵੇਗੀ। ਸੋ ਲੋੜ ਹੈ ਸਰੀਰ ਦੇ ਕਿਸੇ ਸਿਸਟਮ ਵਿਚ ਪਏ ਨੁਕਸ ਨੂੰ ਠੀਕ ਕਰਨ ਦੀ, ਫਿਰ ਸੁੱਕੀਆਂ ਰੋਟੀਆਂ ਵੀ ਦੇਸੀ ਘਿਓ ਵਾਂਗ ਲੱਗਦੀਆਂ ਹਨ। ਦੂਸਰਾ ਮਨ ਨੂੰ ਖ਼ੁਸ਼ ਰੱਖਣ ਦੀ, ਅਗਰ ਅਸੀਂ ਮਾਨਸਿਕ ਤੌਰ 'ਤੇ ਦੁਖੀ ਰਹਿੰਦੇ ਹਾਂ ਤਾਂ ਭਾਵੇਂ ਲੱਖ ਬਦਾਮ, ਦਾਖਾਂ, ਕਾਜੂ, ਛੁਹਾਰੇ ਖਾਈਏ, ਲੱਖ ਪਾਊਡਰ ਪੀ ਲਈਏ, ਕਿਸੇ ਚੀਜ਼ ਨੇ ਕੋਲ ਦੀ ਨਹੀਂ ਲੰਘਣਾ। ਮਨ ਨੂੰ ਖੁਸ਼ ਰੱਖ ਕੇ, ਦੋ ਟਾਈਮ ਦੀ ਰੋਟੀ ਸਮੇਂ ਸਿਰ ਖਾਧੀ ਜਾਵੇ ਅਤੇ ਲੋੜੀਂਦਾ ਆਰਾਮ ਸਰੀਰ ਨੂੰ ਦਿੱਤੀ ਜਾਵੇ, ਫਿਰ ਸਰੀਰਕ ਤਾਕਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
'ਮਰਦ ਤੇ ਘੋੜੇ ਹੋਣ ਨਾ ਬੁੱਢੇ ਜੇ ਮਿਲਦੀਆਂ ਰਹਿਣ ਖੁਰਾਕਾਂ' ਇਹ ਉਦਾਹਰਣ ਅੱਜ ਦੇ ਦੌਰ ਵਿਚ ਦਮਦਾਰ ਨਹੀਂ ਕਿਉਂਕਿ ਚਿੰਤਾਵਾਂ ਵਿਚ ਘਿਰਿਆ ਮਨੁੱਖ ਭਾਵੇਂ ਕਿੰਨੀ ਮਰਜ਼ੀ ਖੁਰਾਕ ਖਾਵੇ ਪਰ ਫਿਰ ਵੀ ਨਿਕੰਮਾ ਹੀ ਰਹਿੰਦਾ ਹੈ। ਲੋੜ ਹੈ ਮਾਨਸਿਕ ਮਨੋਬਲ ਨੂੰ ਉੱਚਾ ਚੁੱਕਣ ਦੀ। ਬਾਕੀ ਜਿਹੜੀਆਂ ਦਵਾਈਆਂ ਜਾਂ ਪਾਊਡਰ ਅਸੀਂ ਪੀਂਦੇ ਹਾਂ, ਇਸ ਨਾਲ ਸਿਰਫ ਸਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਅਗਰ ਸ਼ੀਸ਼ੀਆਂ ਪੀ ਕੇ ਤਾਕਤ ਆਉਂਦੀ ਹੁੰਦੀ ਤਾਂ ਅੱਜਕੱਲ੍ਹ ਹਰੇਕ ਘਰ ਦਾਰਾ ਸਿੰਘ ਪਹਿਲਵਾਨ ਹੋਣੇ ਸੀ ਪਰ ਹੈ ਇਸ ਤੋਂ ਉਲਟ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, Homeopath ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.