ਪਿਛਲੀ ਕਿਸ਼ਤ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਪਹਿਲੀ ..... ਸਤਵੰਤ ਦੀਪਕ ਦੀ ਕਲਮ ਤੋਂ
ਹੇਠ ਪੜ੍ਹੋ ਦੂਸਰੀ ਕਿਸ਼ਤ :-
ਅਪਰੈਲ-ਮਈ 1971 ਵਿਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਚ ਬਿਨੈ-ਪੱਤਰਾਂ ਦੀ ਸ਼ਾਰਟ-ਲਿਸਟ ਕਰਕੇ ਸੀਲੈਕਸ਼ਨ ਲਈ ਵਿਦਿਆਰਥੀਆਂ ਦੀਆਂ ਰਜਿਸਟਰੇਸ਼ਨ ਆਫ਼ਿਸ ਦੇ ਅੱਗੇ ਲੱਗੀਆਂ ਕਤਾਰਾਂ ਵਿਚ ਅਸੀਂ ਅਜਨਬੀਆਂ ਵਾਂਗ ਭੌਚੱਕੇ ਜਿਹੇ ਹੋਏ ਆਪਣੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਾਂ । ਕਿਉਂਕਿ ਸਾਰੇ ਹੀ ਨਵੇਂ ਸਾਂ, ਸਾਡੀ ਹਾਲਤ ਇਸ ਤਰ੍ਹਾਂ ਸੀ ਜਿਵੇਂ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ 'ਤੇ ਹਰ ਕੋਈ ਚੋਰ ਲੱਗਦਾ ਹੁੰਦਾ ਹੈ ਤੇ ਹਰੇਕ ਨੂੰ ਆਪਣੀ ਗਠੜੀ ਬਚਾਉਣ ਦੀ ਚਿੰਤਾ ਹੁੰਦੀ ਹੈ ! ਇਹ ਸੀਲੈਕਸ਼ਨ ਕੇਵਲ ਮੈਰਿਟ ਹੀ ਨਹੀਂ, ਸਗੋਂ ਸਰੀਰਕ ਤੰਦਰੁਸਤੀ ਦੇ ਅਧਾਰ 'ਤੇ ਵੀ ਹੁੰਦੀ ਸੀ । ਉਹਨੀ ਦਿਨੀਂ ਇਲੈਕਟਰੀਕਲ ਇੰਜਨੀਅਰਾਂ ਦੀ ਡੀਮਾਂਡ ਸਭ ਤੋਂ ਵੱਧ ਹੋਣ ਕਾਰਨ ਬਹੁਤੇ ਵਿਦਿਆਰਥੀ ਇਲੈਕਟਰੀਕਲ ਵਿਚ ਹੀ ਆਪਣੇ ਸ਼ਾਨਦਾਰ ਭਵਿੱਖ ਦੇ ਸੁਪਨੇ ਦੇਖਦੇ ਸਨ । ਪੜ੍ਹਾਈ ਵਿਚ ਹੁਸ਼ਿਆਰ, ਚੰਗੀ ਮੈਰਿਟ ਕਰਕੇ ਅਤੇ ਸਰੀਰਕ ਪੱਖੋਂ ਐਥਲੀਟ ਲੱਗ ਰਹੇ ਹਰਮਿੰਦਰ ਨੂੰ ਉਸਦੀ ਪਸੰਦ ਇਲੈਕਟਰੀਕਲ ਇੰਜਨੀਅਰਿੰਗ ਵਿਚ ਐਡਮਿਸ਼ਨ ਲੈਣ ਵਿਚ ਕੋਈ ਦਿੱਕਤ ਨਹੀਂ ਆਈ । ਮੇਰੀ ਸ਼ੁਰੂ ਤੋਂ ਹੀ ਰੀਝ ਸਿਵਲ ਇੰਜਨੀਅਰਿੰਗ ਦੀ ਸੀ (ਮੇਰੇ ਸੀਨੀਅਰ, ਮੇਰੇ ਪੇਂਡੂ ਰਾਜ ਕੁਮਾਰ ਸ਼ਰਮਾਂ ਪਰੇਰਨਾਂ-ਸਰੋਤ ਸਨ, ਜਿਨ੍ਹਾ ਖ਼ੁਦ ਇਸੇ ਕਾਲਜ 'ਤੋਂ 1969 ਵਿਚ ਸਿਵਲ ਇੰਜਨੀਅਰਿੰਗ ਕੀਤੀ ਸੀ), ਸੋ ਇਸ ਤਰ੍ਹਾਂ ਮੈਨੂੰ ਸਿਵਲ ਵਿਚ ਦਾਖ਼ਲਾ ਮਿਲ਼ ਗਿਆ ।
ਸਾਡੀ ਮਿੱਤਰਤਾ ਦੀ ਸ਼ੁਰੂਆਤ ਅਸਲ ਵਿਚ ਹੋਸਟਲ ਨੰਬਰ 2 ਵਿਚ ਸਾਡੇ ਕਮਰੇ ਨਾਲ਼ ਨਾਲ਼ ਹੋਣ ਕਰਕੇ ਹੋਈ । ਕਮਰਿਆਂ ਦੀ ਅਲਾਟਮੈਂਟ ਵੀ ਮੈਰਿਟ ਦੇ ਅਧਾਰ 'ਤੇ ਹੁੰਦੀ ਸੀ । ਇਹ ਵੀ ਇਤਫ਼ਾਕ ਹੀ ਸਮਝੋ ਕਿ ਸਾਡੇ ਮੈਰਿਟ ਵਿਚ ਵੀ ਲਗਭਗ ਬਰਾਬਰ ਪੁਆਇੰਟ ਹੋਣ ਕਰਕੇ ਸਾਨੂੰ ਲਾਗੇ ਲਾਗੇ ਕਮਰੇ ਮਿਲ਼ ਗਏ । ਆਹਿਸਤਾ ਆਹਿਸਤਾ ਸਾਰਾ ਕੁਝ ਸਹਿਜ ਹੋ ਰਿਹਾ ਸੀ, ਕਲਾਸਾਂ ਚਾਲੂ ਹੋ ਗਈਆਂ ਸਨ । ਘਰ ਦੀਆਂ ਪੱਕੀਆਂ 'ਅੰਨ੍ਹੇ ਦੀ ਹਿੱਕ' ਵਰਗੀਆਂ ਨਿੱਗਰ, ਚੋਪੜੀਆਂ ਰੋਟੀਆਂ ਦੀ ਥਾਂ ਮੱੈਸ ਵਿਚ ਬਣਦੇ ਕਾਗਜ਼ ਵਰਗੇ ਫੁਲਕੇ ਖਾਣ ਦੇ ਹੌਲ਼ੀ ਹੌਲ਼ੀ ਆਦੀ ਹੋ ਰਹੇ ਸਾਂ । ਇਹਨਾਂ ਫੁਲਕਿਆਂ ਦੇ ਨਾਲ਼ ਲੱਗੇ ਪਲੇਥਣ ਅਤੇ ਕੋਲਿਆਂ ਦੀ ਸਵਾਹ ਡਾਈਨਿੰਗ ਟੇਬਲਾਂ ਦੇ ਹੇਠਾਂ ਝਾੜਨੀ ਪੈਂਦੀ ਸੀ । ਹੌਲ਼ੀ ਹੌਲ਼ੀ ਮੈੱਸ ਦੇ 'ਸ਼ਾਹੀ' ਪਕਵਾਨਾਂ ਦੇ ਇਨੇ ਗ਼ੁਲਾਮ ਹੋ ਜਾਈਦਾ ਹੈ ਕਿ ਉਮਰ ਭਰ ਉਹ ਸੁਆਦ ਨਹੀਂ ਭੁੱਲਦੇ ! ਹਫ਼ਤੇ 'ਚ ਚਾਰ ਦਿਨ ਮੀਟ ਮਿਲ਼ਦਾ, ਉਹਨੀ ਦਿਨੀ ਹਰਮਿੰਦਰ ਹੋਰੀਂ ਬੁੱਲਵਰਕਰ 'ਤੇ ਜ਼ਿਆਦਾ ਵਰਜਿਸ਼ ਕਰਦੇ । ਉਹ ਬਾਡੀ-ਬਿਲਡਰ ਸੀ । ਖ਼ਾਲਸ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਕੇ ਸਿਆਲ਼ੀ ਧੁੱਪ ਵਿਚ ਬੈਠਾ ਉਹ ਦਰਸ਼ਨੀ ਜਵਾਨ ਲੱਗਦਾ । ਉਸਦੇ ਡੌਲ਼ਿਆਂ ਵਿਚ ਮੱਛਲੀਆਂ ਫਰਕਦੀਆਂ ਸਨ ।
ਹਰਮਿੰਦਰ ਦਾ ਕਾਲਜ ਦੇ ਅਗਾਂਹ-ਵਧੂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਆਗੂ ਸੀਨੀਅਰ ਵਿਦਿਆਰਥੀ ਸੁਰਜੀਤ ਭਾਅ ਜੀ, ਰੂਪਿੰਦਰ ਤੱਖਰ ਅਤੇ ਹੋਰਾਂ ਨਾਲ਼ ਨਿਰੰਤਰ ਰਾਬਤਾ ਸੀ । ਉਹ ਇਕ ਨੰਬਰ ਹੋਸਟਲ ਤੋਂ ਸਾਡੇ ਵਾਲ਼ੇ ਦੋ ਨੰਬਰ ਹੋਸਟਲ ਵਿਚ ਅਕਸਰ ਆਉਂਦੇ ਜਾਂਦੇ ਸਨ । ਉਹਨਾਂ ਕੋਲ਼ ਇਨਕਲਾਬੀ ਗਰੁੱਪਾਂ ਦੇ ਰੂਪੋਸ਼ ਕਾਰਕੁਨ ਅਤੇ ਬਾਹਰਲੇ ਕਾਲਜਾਂ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਤੀਨਿਧ ਵਿਦਿਆਰਥੀਆਂ ਦਾ ਆਉਣ-ਜਾਣ ਸੀ । ਇਹ ਉਹ ਸਮਾਂ ਸੀ ਜਦੋਂ ਮੈਨੂੰ ਹਰਮਿੰਦਰ ਨੇ ਉਹਨਾ ਨਾਲ਼ ਮਿਲ਼ਾਇਆ, ਤੇ ਇਸ ਤਰਾਂ੍ਹ ਮੈਨੂੰ ਮਾਰਕਸਵਾਦੀ ਵਿਚਾਰਧਾਰਾ ਦੇ ਲੜ ਲਾਇਆ । ਉਂਜ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਗੜ੍ਹ ਰੋਡੇ ਸਕੂਲ ਵਿਚ ਹਾਇਰ ਸੈਕੰਡਰੀ, ਅਤੇ ਫਿਰ ਗੁਰੂ ਨਾਨਕ ਕਾਲਜ ਰੋਡੇ ਤੋਂ ਪ੍ਰ੍ਰੀ-ਇੰਜਨੀਅਰਿੰਗ ਕਰਦਿਆਂ ਇਸ ਲਹਿਰ ਤੋਂ ਪ੍ਰਭਾਵਿਤ ਅਤੇ ਇਸ ਦਾ ਹਮਦਰਦ ਸਾਂ । ਸੱਤਵੀਂ-ਅੱਠਵੀਂ ਕਲਾਸ ਵਿਚ ਬੇਬਾਕ ਮਾਸਟਰ ਕਾਮਰੇਡ ਨਿਰੰਜਣ ਸਿੰਘ ਨੇ ਮਾਰਕਸਵਾਦ ਦੀ ਮੁਢਲੀ ਜਾਗ ਲਾਈ । ਆਰਸੀ ਅਤੇ ਪ੍ਰੀਤਲੜੀ ਵੀ ਬਾਕਾਇਦਾ ਪੜ੍ਹਦੇ ਸਾਂ । ਨਕਸਲਬਾੜੀ ਲਹਿਰ ਦੇ ਸ਼ਹੀਦ ਬੰਤ ਸਿੰਘ ਰਾਜੇਆਣਾ, ਜਿਸ ਬਾਰੇ ਇਹ ਮੰਨਣਾ ਹੈ ਕਿ ਉਸ ਨੇ ਸ਼ਹੀਦ ਭਗਤ ਸਿੰਘ ਹੋਰਾਂ 'ਤੇ ਗਵਾਹੀ ਦੇਣ ਵਾਲ਼ੇ ਕੋਕਰੀ ਵਾਲ਼ੇ ਚੇਅਰਮੈਨ ਅਜਾਇਬ ਸਿੰਘ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਦਿਤੀ ਸੀ, ਇਸੇ ਸਕੂਲ ਅਤੇ ਕਾਲਜ ਵਿਚ ਪੜ੍ਹਿਆ ਸੀ । ਸਾਡੇ ਸਾਰੇ ਪਿੰਡਾਂ ਵਿਚ ਬੰਤ ਸਿੰਘ ਦਾ ਬਹੁਤ ਸਤਿਕਾਰ ਸੀ । ਉਹ ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਨਾਲ਼ ਨਾਲ਼ ਇਲਾਕੇ ਵਿਚ ਕਬੱਡੀ ਅਤੇ ਵਾਲੀਬਾਲ ਦਾ ਪ੍ਰਸਿਧ ਖਿਡਾਰੀ ਸੀ ।
ਇਹ ਵੀ ਜ਼ਰੂਰ ਪੜ੍ਹੋ :
ਜ਼ਾਹਿਰ ਹੈ ਕਿ ਹਰਮਿੰਦਰ ਪਿੰਡ ਦੇ ਵਿਦਿਆਰਥੀ ਜੀਵਨ ਤੋਂ ਹੀ ਅਗਾਂਹਵਧੂ ਸਾਹਿਤ ਤੇ ਜਮਹੂਰੀ ਲੋਕ-ਲਹਿਰਾਂ ਨਾਲ਼ ਜੁੜਿਆ ਹੋਇਆ ਸੀ । ਪਰ ਉਹ ਦੂਜਿਆਂ ਦੀਆਂ ਸੂਖ਼ਮ ਭਾਵਨਾਵਾਂ ਅਤੇ ਜਜ਼ਬਾਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ । ਉਹ ਆਪਣੇ ਰੂਮ-ਮੇਟ ਮੁਕੇਸ਼ ਚੰਦਰ ਗੁਪਤਾ, ਜਿਸਦੇ ਸਨਾਤਨੀ ਵਿਚਾਰ ਹੁੰਦੇ ਸਨ, ਨਾਲ਼ ਲੰਬੇ ਸੰਵਾਦ ਰਚਾਉਂਦਾ ਕਦੇ ਅੱਕਦਾ-ਥੱਕਦਾ ਨਹੀਂ ਸੀ । ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਚ ਜਾਣ ਸਮੇਂ ਸਿੱਖ ਧਰਮ ਵਿਚ ਮੇਰੀ ਪੂਰੀ ਆਸਥਾ ਸੀ, ਪੰਜ-ਗਰੰਥੀ ਵਾਲਾ਼ ਗੁੱਟਕਾ ਮੈਂ ਨਾਲ਼ ਹੀ ਲਿਆਇਆ ਸਾਂ । ਜਪੁਜੀ ਸਾਹਿਬ ਦਾ ਮੈਂ ਨਿਤਨੇਮੀ ਸਾਂ । ਬਚਪਨ ਵਿਚ ਸਿੱਖੀ ਦੇ ਸੰਸਕਾਰ ਮੈਨੂੰ ਮੇਰੇ ਬਾਈ ਜੀ (ਪਿਤਾ) ਤੋਂ ਮਿਲ਼ੇ ਸਨ । ਸਕੂਲ ਪੜ੍ਹਦਿਆਂ ਮੇਰੇ 'ਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਬਹੁਤ ਅਸਰ ਸੀ । 'ਕਵਿਤਾ' ਮੈਗਜ਼ੀਨ ਦਾ ਵਿਸ਼ੇਸ਼ ਅੰਕ 'ਲੂਣਾ' ਤਾਂ ਮੈਂ ਪਿੰਡੋਂ ਨਾਲ਼ ਹੀ ਲਿਆਇਆ ਸਾਂ । ਸਾਰੀ 'ਲੂਣਾ' ਮੈਨੂੰ ਲਗਭਗ ਜ਼ੁਬਾਨੀ ਯਾਦ ਸੀ, ਤੇ ਸ਼ਿਵ ਦੀਆਂ ਮਸ਼ਹੂਰ ਨਜ਼ਮਾਂ ਮੈਂ ਗਾ ਵੀ ਲੈਂਦਾ ਸਾਂ । ਪਰ ਹਰਮਿੰਦਰ ਇਹਨਾਂ ਸੰਸਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਸੀ । ਉਹ ਅਕਸਰ ਮੈਨੂੰ ਕਹਿੰਦਾ ਕਿ "ਉਂਜ ਬੰਦਾ ਤਾਂ ਤੂੰ ਚੰਗਾ ਐਂ, ਪਰ ਤੇਰੀ ਸਿੱਖੀ-ਸੰਸਕਾਰਾਂ ਦੀ ਧੁੰਦ ਛੱਟਣੀ ਤੇ ਇਹਨਾਂ ਬੁਰਜੂਆ ਸੁਹਜ-ਸਵਾਦਾਂ ਦੀ ਗਰਦ ਝਾੜਨੀ ਪੈਣੀ ਹੈ ।" ਉਹ ਚੌੜ ਨਾਲ਼ ਮੈਨੂੰ 'ਦਾਸ', 'ਛੋਟੂ', 'ਮੁਰਲੀ' ਕਹਿੰਦਾ । ਮੈਂ ਵੀ ਉਸਨੂੰ 'ਹੇ ਪ੍ਰਾਣੀ' ਜਾਂ 'ਮੇਰੇ ਮਾਧੋ ਜੀ" ਜਾਂ 'ਸੰਤ ਜੀ' ਆਖ ਕੇ ਸੰਬੋਧਿਤ ਹੁੰਦਾ । ਬਾਅਦ ਵਿਚ ਇਹ ਸਿਲਸਲਾ ਚਿੱਠੀਆਂ ਅਤੇ ਟੈਲੀਫੋਨ ਗੱਲਬਾਤ ਵਿਚ ਬਰਾਬਰ ਜਾਰੀ ਰਿਹਾ ।
1972 ਵਿਚ ਕਾਲਜ ਦੀ ਕਲਚਰਲ ਕਮੇਟੀ ਵੱਲੋਂ ਆਯੋਜਿਤ ਫੰਕਸ਼ਨ ਵਿਚ ਸ਼ਿਵ ਕੁਮਾਰ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ । ਸ਼ਰਾਬ ਦੇ ਨਸ਼ੇ ਵਿਚ ਧੁੱਤ, ਸਟੇਜ 'ਤੇ ਲੜਖੜਾਉਂਦੀਆਂ ਟੰਗਾਂ ਨਾਲ਼ ਮਰੀਅਲ ਜਿਹੀ ਆਵਾਜ਼ ਵਿਚ ਉਸਨੇ ਆਪਣੀਆਂ ਇਕ ਦੋ ਪ੍ਰਚੱਲਤ ਨਜ਼਼ਮਾਂ ਗਾਈਆਂ । ਗਾਈਆਂ ਕੀ, ਬੱਸ ਕੀਰਨੇ ਜਿਹੇ ਪਾਏ ! ਮੇਰੇ 'ਤੇ ਉਹਦਾ ਪਹਿਲਾਂ ਵਾਲ਼ਾ ਪੈਗ਼ੰਬਰੀ ਪ੍ਰਭਾਵ ਨਾ ਰਿਹਾ । ਮੈਨੂੰ ਕਾਫ਼ੀ ਨਿਰਾਸ਼ਾ ਹੋਈ । ਉਹਨਾ ਦਿਨਾ ਵਿਚ ਪਾਸ਼ ਕਰਾਂਤੀਕਾਰੀ ਕਵਿਤਾ ਵਿਚ ਛਾਇਆ ਹੋਇਆ ਸੀ । ਇਕ ਵਾਰ ਕਿਸੇ ਅਗਾਂਹਵਧੂ ਪਰਚੇ ਵਾਲ਼ਿ਼ਆਂ ਸ਼ਿਵ ਤੇ ਪਾਸ਼ ਵਿਚਲੀ ਸਮਾਨਤਾ ਅਤੇ ਵਖ਼ਰੇਵੇਂ ਵਾਲ਼ਾ ਦਿਲਚਸਪ ਲੇਖ ਛਾਪਿਆ ਸੀ । ਹਰਮਿੰਦਰ ਤੇ ਮੇਰੇ ਵਿਚਕਾਰ ਸ਼ਿਵ ਤੇ ਪਾਸ਼ ਵਾਲ਼ੀ ਅੜਿੱਕਣਾ-ਮੜਿੱਕਣਾ ਅਕਸਰ ਹੁੰਦੀ ਰਹਿੰਦੀ ਸੀ, ਤੇ ਉਹ ਮੇਰੀ ਕੰਡ-ਝਾੜ ਕਰਦਾ ਰਹਿੰਦਾ ਸੀ । ਮਈ 1973 ਦੀ ਗੱਲ ਹੈ ਕਿ ਸ਼ਿਵ ਕੁਮਾਰ ਬਟਾਲਵੀ ਚੱਲ ਵਸਿਆ ਸੀ । ਗ਼ਮ ਗ਼ਲਤ ਕਰਨ ਲਈ ਮੈਂ ਤੇ ਹਰਮਿੰਦਰ ਨੇ ਜੰਤਾ ਨਗਰ ਤੋਂ ਅਧੀਆ ਸ਼ਰਾਬ ਖ਼ਰੀਦੀ ਤੇ ਹੋਸਟਲ ਵਿਚ ਆਕੇ ਉਸ ਦੇ ਕਮਰੇ ਵਿਚ ਬੈਠ ਕੇ ਪੀਤੀ ਤੇ ਸ਼ਿਵ ਦੀਆਂ ਕਵਿਤਾਵਾਂ ਗਾ ਕੇ ਉਸ ਨੂੰ ਅਲਵਿਦਾ ਆਖੀ ! ਮੈਨੂੰ ਅਹਿਸਾਸ ਸੀ ਕਿ ਹਰਮਿੰਦਰ ਇਹ ਸਭ ਮੇਰਾ ਦਿਲ ਧਰਾਉਣ ਲਈ ਕਰ ਰਿਹਾ ਹੈ । ਓਸ ਦਿਨ ਪਹਿਲੀ ਵਾਰੀ ਮੈਂ ਸ਼ਰਾਬ ਪੀਤੀ, ਪਰ ਹਰਮਿੰਦਰ ਦਾ ਤਜਰਬਾ ਮੈਥੋਂ ਵੱਧ ਸੀ, ਉਹ ਪਿੰਡ ਜਾ ਕੇ ਕਦੇ ਕਦੇ 'ਰੂੜੀ ਮਾਰਕਾ' (ਦੇਸੀ ਸ਼ਰਾਬ) ਦਾ ਸੇਵਨ ਕਰ ਲੈਂਦਾ ਸੀ ।
ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਚ ਹੀ ਸਾਨੂੰ ਮਾਰਕਸਵਾਦ ਦੇ ਬੁਨਿਆਦੀ ਸਿਧਾਂਤ, ਕਮਿਉਨਿਸਟ ਮੈਨੀਫ਼ੈੱਸਟੋ, ਮਾਓ ਦੀ 'ਲਾਲ ਕਿਤਾਬ', ਚੀਨੀ ਅਤੇ ਰੂਸੀ ਸਾਹਿਤ, ਪੜ੍ਹਨ ਦਾ ਸੁਭਾਗ ਮਿਲ਼ਿਆ । 'ਲਾਲ ਕਿਤਾਬ' ਰੱਖਣੀ ਉਹਨੀ ਦਿਨੀ ਨਾਜਾਇਜ਼ ਅਸਲਾ ਰੱਖਣ ਤੋਂ ਵੀ ਵੱਧ ਸੰਗੀਨ ਜ਼ੁਰਮ ਸੀ । ਹਰਭਜਨ ਹਲਵਾਰਵੀ ਸਮੇਤ ਹੋਰ ਬਹੁਤ ਸਾਰੇ ਰੂਪੋਸ਼ ਕਾਮਰੇਡ ਸਾਥੀ ਉਥੇ ਆਉਂਦੇ । ਸਾਰਿਆਂ ਦੀ ਤਫ਼ਸੀਲ ਦੇਣੀ ਇਥੇ ਪ੍ਰਸੰਗਕ ਨਹੀ । ਲੋਕ-ਯੁੱਧ, ਹੇਮ-ਜਯੋਤੀ ਅਤੇ ਦਸਤਾਵੇਜ਼ ਪਰਚੇ ਅਸੀਂ ਇਕ ਦੂਜੇ ਤੋਂ ਮੰਗ ਕੇ ਪੜ੍ਹਦੇ ਅਤੇ ਭਖਵੀਆਂ ਬਹਿਸਾਂ ਹੁੰਦੀਆਂ । 'ਮਿੱਟੀ ਦਾ ਰੰਗ' ਅਤੇ ਹੋਰਨਾ ਪੁਸਤਕਾਂ ਵਿਚੋਂ ਵਿਚੋਂ ਪਾਸ਼, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਸੁਰਜੀਤ ਪਾਤਰ ਦੀਆਂ ਕਵਿਤਾਵਾਂ ਗਾਉਂਦੇ । ਵਰਿਆਮ ਸੰਧੂ ਦੀ 'ਲੋਹੇ ਦੇ ਹੱਥ', ਗੁਰਦਿਆਲ ਸਿੰਘ ਦੀ 'ਅਣਹੋਏ', 'ਬਕੱਲਮ-ਖ਼ੁਦ', ਸੁਰਿੰਦਰ ਧੰਜਲ ਦੀ 'ਸੂਰਜਾਂ ਦੇ ਹਮਸਫ਼ਰ' ਅਤੇ ਬੂਟਾ ਰਾਮ ਸ਼ਰਮਾ ਦੀ 'ਗਹਿਰੀ ਅੱਖ' ਉਥੇ ਹੀ ਪੜ੍ਹੀਆਂ । ਰਾਤਾਂ ਨੂੰ ਰੂਪੋਸ਼ ਕਾਮਰੇਡ ਸਾਥੀਆਂ ਵੱਲੋਂ ਮਾਰਕਸ-ਲੈਨਿਨ-ਮਾਓਵਾਦ ਬਾਰੇ 'ਸਕੂਲ' ਲਾਏ ਜਾਂਦੇ । ਸਾਥੀਆਂ ਦੀ ਰਿਹਾਇਸ਼ ਅਤੇ ਖਾਣੇ ਦੀ ਜ਼ਿੰਮੇਵਾਰੀ ਪਹਿਲਾਂ ਸੀਨੀਅਰ ਵਿਦਿਆਰਥੀਆਂ ਦੀ ਹੁੰਦੀ ਸੀ, ਪਰ ਉਹਨਾਂ ਦੇ ਗਰੈਜੂਏਟ ਹੋ ਜਾਣ ਪਿੱਛੋਂ ਇਹ ਸਾਰੀ ਜ਼ਿੰਮੇਵਾਰੀ ਹਰਮਿੰਦਰ ਪੁਰੇਵਾਲ, ਕੁਲਬੀਰ ਮਾਨ, ਬਲਜੀਤ ਢਿੱਲੋਂ ਅਤੇ ਸਤਵੰਤ ਦੀਪਕ ਨੇ ਸੰਭਾਲੀ । ਹੋਸਟਲ ਦੀ ਮੈੱਸ ਅਤੇ 'ਕੇਵਲ ਜੀ' ਦੀ ਕੰਨਟੀਨ ਵਾਲ਼ਿਆਂ ਨੂੰ ਪਤਾ ਹੁੰਦਾ ਸੀ ਕਿ ਇਹ ਖਰਚਾ ਕਿਵੇਂ ਚਾਰਾਂ ਦੇ ਖ਼ਾਤੇ ਵਿਚ ਵੰਡ ਕੇ ਪਾਉਣਾ ਹੈ । ਇਸ ਨੂੰ ਯੂ ਡੀ ਐੱਲ (ਸਿਵਲ - ਸਟਰੱਕਚਰਲ ਇੰਜਨੀਅਰਿੰਗ ਟਰਮ 'ਯੂਨੀਫਾਰਮਲੀ ਡਿਸਟ੍ਰੀਬਿਊਟਿਡ ਲੋਡ' ਦਾ ਸੰਖੇਪ) ਕਿਹਾ ਜਾਂਦਾ ਸੀ । ਬਾਹਰੋਂ ਆਉਣ ਵਾਲ਼ਿਆਂ ਦੀ ਰਿਹਾਇਸ਼ ਲਈ ਤਿੰਨ ਚਾਰ ਕਿਊਬੀਕਲ ਰਾਖਵੇਂ ਰੱਖੇ ਹੁੰਦੇ ਸਨ । ਇਹ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਕਮਰਿਆਂ ਦੀ ਵੰਡ-ਵੰਡਾਈ ਸਮੇ ਦੋ ਕਮਰੇ ਜਿਵੇਂ ਇਕ ਨੰਬਰ, ਤਿੰਨ ਨੰਬਰ ਵਾਲ਼ੇ ਕਮਰੇ ਅਲਾਟ ਕਰਵਾ ਕੇ ਵਿਚਕਾਰਲਾ ਦੋ ਨੰਬਰ ਕਮਰਾ ਕੋਈ ਨਾ ਲੈਂਦਾ । ਇਸ ਤਰ੍ਹਾਂ ਹੋਰ ਕਮਰੇ ਵੀ ਖ਼ਾਲੀ ਰੱਖੇ ਜਾਂਦੇ । ਬਹੁਤੇ ਆਪੋ-ਆਪਣੇ 'ਗਰੁੱਪਾਂ' ਦੇ ਵਿਦਿਆਰਥੀਆਂ ਨਾਲ਼ ਇਕੱਠੇ ਰਹਿਣ ਨੂੰ ਹੀ ਤਰਜੀਹ ਦਿੰਦੇ ਅਤੇ ਮਹਿਫ਼ੂਜ਼ ਸਮਝਦੇ ਸਨ । ਇਹ ਵਿਚਕਾਰਲੇ ਕਮਰੇ 'ਚੰਦਰੇ ਗਵਾਂਢ' ਵਾਂਗੂੰ ਸਨ ਜਿਨ੍ਹਾ ਵਿਚ ਹੋਰ ਗਰੁੱਪ ਵਾਲ਼ਾ ਕੋਈ ਰਹਿਣ ਨੂੰ ਤਿਆਰ ਨਹੀਂ ਸੀ । ਇਸ ਤਰ੍ਹਾਂ ਇਹ ਕਮਰੇ ਬਾਹਰੋਂ ਆਏ ਸਾਥੀਆਂ ਲਈ ਵਰਤੋਂ ਵਿਚ ਆਉਂਦੇ । ਕਈ ਵਾਰੀ ਵੱਡੀਆਂ ਗੁਪਤ ਮੀਟਿੰਗਾਂ ਸਮੇਂ ਸਾਡੇ ਕਮਰੇ ਵੀ ਰੁਕ ਜਾਂਦੇ ਤੇ ਅਸੀਂ ਦੋ ਦੋ ਜਣੇ ਇਕ ਰੂਮ ਵਿਚ ਪੈ ਕੇ ਸਾਰਦੇ, ਪਰ ਇਹ ਸਭ ਕਰਦਿਆਂ ਸਾਨੂੰ ਵਿਆਹ ਵਰਗਾ ਚਾਅ ਚੜ੍ਹਿਆ ਹੁੰਦਾ ਤੇ ਮਨ ਨੂੰ ਅਥਾਹ ਸਕੂਨ ਮਿਲ਼ਦਾ ਕਿ ਅਸੀਂ ਇਸ ਮਹਾਨ ਵਿਰਸੇ ਦੇ ਵਾਰਸ ਬਣਨ ਦੇ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ ।
ਅਸੀਂ ਚੇਅਰਮੈਨ ਮਾਓ ਦੀ ਜੀਵਨੀ ਵਿਚ ਕਿਤੇ ਪੜ੍ਹਿਆ ਸੀ ਕਿ ਉਹ ਬਹੁਤ ਪੜ੍ਹਦਾ ਸੀ, ਤੇ ਕਈ ਕਈ ਦਿਨ ਤੇ ਰਾਤਾਂ ਲਗਾਤਾਰ ਪੜ੍ਹਦਾ ਹੀ ਰਹਿੰਦਾ ਸੀ, ਉਨੀਂਦਰੇ ਨਾਲ਼ ਉਸਦੀਆਂ ਅੱਖਾਂ ਸੁੱਜ ਕੇ ਲਾਲ ਹੋ ਜਾਂਦੀਆਂ ਸਨ । ਅਜੇਹੇ ਸਮੇਂ ਮਾਓ ਭੋਜਨ ਤੱਕ ਵੀ ਨਹੀਂ ਖਾਂਦਾ ਸੀ, ਸਿਰਫ਼ ਲਗਾਤਾਰ ਸਿਗਰਟ ਪੀਂਦਾ, ਉਹ ਚੇਨ-ਸਮੋਕਰ ਸੀ । ਹਰਮਿੰਦਰ ਬਹੁਤ ਪੜ੍ਹਦਾ, ਤੇ ਮਹੱਤਵਪੂਰਨ ਟਿੱਪਣੀਆਂ, ਕੁਟੇਸ਼ਨਜ਼ ਆਦਿ ਦੇ ਲਗਾਤਾਰ ਨੋਟਸ ਵੀ ਲਿਖੀ ਜਾਂਦਾ । ਉਹ ਕਦੇ ਕਦੇ ਕਵਿਤਾ ਵੀ ਲਿਖਦਾ ਸੀ, ਇਕ ਦਮ ਪਾਸ਼ ਵਾਂਗ ਟੁਣਕਵੀਆਂ ਤਸ਼ਬੀਹਾਂ ਵਾਲ਼ੀ 'ਠਾਹ' ਕਰਦੀ ! ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ ਲਏ ਇਸ ਮਾਰਕਸ-ਲੈਨਿਨ-ਮਾਓ ਵਿਚਾਰਧਾਰਾ ਦੇ ਗਿਆਨ ਦੀ ਕੁਠਾਲ਼ੀ ਵਿਚ ਢਲ਼ ਕੇ ਉਹ ਖ਼ਾਲਸ ਸਟੀਲ ਬਣ ਗਿਆ ਸੀ ।
ਉਹ ਇਕ ਨਿੱਧੜਕ ਤੇ ਜੁਝਾਰੂ ਯੋਧਾ ਸੀ । ਜਦੋਂ ਅਕਤੂਬਰ 1972 ਦੀ 'ਮੋਗਾ ਮੂਵਮੈਂਟ' ਆਪਣੀ ਚਰਮ ਸੀਮਾਂ 'ਤੇ ਸੀ ਤਾਂ ਪੁਲੀਸ ਕਾਲਜਾਂ ਵਿਚੋਂ 'ਰੈਡੀਕਲ' ਵਿਦਿਆਰਥੀਆਂ ਦੀ ਫੜ੍ਹੋ-ਫੜ੍ਹਾਈ ਕਰ ਰਹੀ ਸੀ । ਹਰਮਿੰਦਰ ਤੇ ਬਲਜੀਤ ਬਾਹਰੋਂ ਚਾਹ ਪੀ ਕੇ ਜਿਉਂ ਹੀ ਕਾਲਜ ਦੇ ਗੇਟ ਅੰਦਰ ਹੋਏ, ਸਾਹਮਣਿਉਂ ਆਉਂਦੇ ਕਾਲਜ ਦੇ ਮੂਵੀ-ਪ੍ਰੋਜੈੱਕਟਰ ਓਪਰੇਟਰ ਨੇ ਦੱਸਿਆ ਕਿ ਪੋਸਟ-ਆਫ਼ਿਸ ਦੇ ਕਰਮਚਾਰੀਆਂ ਤੋਂ ਸੀ ਆਈ ਡੀ ਵਾਲ਼ੇ ਕਾਲਜ ਦੀ ਖ਼ੁਫੀਆ ਜਾਣਕਾਰੀ ਲੈ ਰਹੇ ਹਨ । ਬੱਸ ਫਿਰ ਕੀ ਸੀ ? ਹਰਮਿੰਦਰ ਕਹਿੰਦਾ 'ਚਲੋ ਬਾਕੀ ਫੇਰ ਦੇਖਾਂਗੇ, ਪਹਿਲਾਂ ਇਹਨਾਂ ਨਾਲ਼ ਹੀ ਨਿਪਟ ਲੈਨੇ ਹਾਂ' ਤੇ ਉਹ ਉਥੋਂ ਹੀ ਸਿੱਧੇ ਪੋਸਟ-ਆਫ਼ਿਸ ਵੱਲ ਹੋ ਤੁਰੇ । ਜਾਂਦਿਆਂ ਹੀ ਉਸਨੇ ਪੋਸਟ-ਆਫ਼ਿਸ ਦੇ ਕਰਮਚਾਰੀ ਦੀ ਬਾਂਹ ਫੜ੍ਹੀ ਤੇ ਵਰਕਸ਼ਾਪਾਂ ਦੇ ਪਿੱਛੇ ਬਾਹਰ ਕੱਢ ਲਿਆ ਤੇ ਸਖ਼ਤੀ ਨਾਲ਼ ਪੁੱਛਿਆ ਕਿ ਇਹ ਬੰਦੇ ਕੌਣ ਹਨ ? ਉਹ ਕਹਿੰਦਾ ਕਿ ਉਸਦੇ ਰਿਸ਼ਤੇਦਾਰ ਹਨ । ਹਰਮਿੰਦਰ ਨੇ ਉਸਦੀ ਬਾਂਹ ਮਰੋੜ ਕੇ ਥੱਪੜ ਮਾਰਨੇ ਸ਼ੁਰੂ ਕੀਤੇ ਕਿ 'ਸੱਚ ਦੱਸ ਇਹ ਕੌਣ ਨੇ, ਨਹੀਂ ਤਾਂ ਵੇਖ ਲੈ ਰਿਸ਼ਤੇਦਾਰੀ ਹੋਰ ਗੂਹੜ੍ਹੀ ਕਰ ਦਿਆਂਗੇ ।' ਦੂਸਰੇ ਦੋ-ਤਿੰਨ ਜਣਿਆਂ ਨੂੰ ਬਲਜੀਤ ਨੇ ਅੰਦਰੇ ਹੀ ਡੱਕੀ ਰੱਖਿਆ । ਉਹਨਾਂ ਦੱਸਿਆ ਕਿ ਉਹ ਸਕੂਲ ਟੀਚਰ ਹਨ ਤੇ ਇਸ ਮਿੱਤਰ ਨੂੰ ਮਿਲਣ ਆਏ ਹਨ । ਉਦੋਂ ਤੱਕ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਸੀ । ਉਹਨਾਂ ਨੂੰ ਵਰਕਸ਼ਾਪਾਂ ਵਿਚੋਂ ਕੱਢ ਲਿਆਂਦਾ ਤੇ ਜਿੰਨੀ ਹੋ ਸਕਦੀ ਸੀ 'ਸੇਵਾ' ਕੀਤੀ । ਇਸੇ ਦੌਰਾਨ ਕਾਲਜ ਦਾ ਇਕ ਹੋਰ ਵਿਦਿਆਰਥੀ (ਇਹ ਬੰਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਲਾਂਟ ਕੀਤਾ ਗਿਆ ਸੀ, ਜਿਸ ਦਾ ਸਾਨੂੰ ਬਾਅਦ ਜਾ ਕੇ ਪਤਾ ਚੱਲਿਆ, ਇਸ ਦੀਆਂ ਕਰਤੂਤਾਂ ਦਾ ਪੂਰਾ ਵੇਰਵਾ ਲੇਖ ਵਿਚ ਅੱਗੇ ਚੱਲ ਕੇ ਲਿਖਿਆ ਹੈ) ਅਚਾਨਕ ਕਿਧਰੋਂ ਟਪਕ ਪਿਆ ਤੇ ਉਸਨੇ ਲਾਗੇ ਪਿਆ ਗਮਲਾ ਚੁੱਕ ਕੇ ਸੀ ਆਈ ਡੀ ਵਾਲ਼ਿਆਂ ਵਿਚੋਂ ਇਕ ਦੇ ਸਿਰ ਵਿਚ ਦੇ ਮਾਰਿਆ । ਉਹ ਲਹੂ-ਲੁਹਾਣ ਹੋ ਗਿਆ । ਰੌਲ਼ਾ ਸੁਣ ਕੇ ਪ੍ਰਿੰਸੀਪਲ ਗਰੇਵਾਲ ਤੇ ਕੁੱਝ ਹੋਰ ਪ੍ਰੋਫੈਸਰ ਉਥੇ ਆ ਗਏ । ਗਰੇਵਾਲ ਸਾਹਿਬ ਨੇ ਆਪਣੇ ਸੁਭਾਅ ਮੁਤਾਬਿਕ ਕਿਹਾ ਕਿ 'ਤੁਸੀਂ ਬਹੁਤ ਗਲਤ ਕੀਤਾ ਹੈ ਕਿ ਕਾਨੂੰਨ ਆਪਣੇ ਹੱਥ ਵਿਚ ਲਿਆ ਹੈ, ਦਫ਼ਤਰ ਵਿਚ ਸਾਨੂੰ ਇਤਲਾਹ ਕਰਨੀ ਚਾਹੀਦੀ ਸੀ' ਵਗੈਰਾ ਵਗੈਰਾ । ਹਰਮਿੰਦਰ ਉਹਨਾਂ ਦੇ ਗਲ਼ ਪੈ ਗਿਆ ਕਿ 'ਤੁਸੀਂ ਆਪ ਇਹਨਾਂ ਨੂੰ ਕਾਲਜ ਵਿਚ ਬੁਲਾਉਂਦੇ ਹੋ, ਤੁਸੀਂ ਸਾਨੂੰ ਮਰਵਾਉਣਾ ਚਾਹੁੰਦੇ ਹੋ।' ਕੁੱਝ ਦੇਰ ਵਿਚ ਮਾਮਲਾ ਸ਼ਾਂਤ ਹੋ ਗਿਆ, ਹਰਮਿੰਦਰ ਤੇ ਬਲਜੀਤ ਵਾਪਸ ਹੋਸਟਲ ਵਿਚ ਆ ਗਏ ।
ਅਗਲੀ ਸਵੇਰ ਕਨਸੋ ਮਿਲ਼ੀ ਕਿ ਅੱਜ ਪੁਲੀਸ ਕਾਲਜ ਵਿਚ ਐਂਟਰ ਕਰੇਗੀ । ਇਹ ਸੁਣ ਕੇ ਸਾਰੇ ਵਿਦਿਆਰਥੀ ਕਾਲਜ ਗੇਟ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਗੇਟ ਬੰਦ ਕਰ ਦਿਤਾ ਗਿਆ । ਵਿਦਿਆਰਥੀ ਨੁਮਾਇੰਦੇ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਗਏ ਕਿ ਉਹ ਪੁਲੀਸ ਨੂੰ ਅੰਦਰ ਆਉਣ ਤੋਂ ਰੋਕਣ, ਜਿਸ ਨੇ ਨਹਿਰ ਦੇ ਪੁਲ਼ ਕੋਲ਼ ਛਾਉਣੀ ਬਣਾ ਰੱਖੀ ਸੀ । ਵਿਦਿਆਰਥੀਆਂ ਨਾਲ਼ ਥੋੜੇ ਬਹੁਤੇ ਤਕਰਾਰ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਦੋ-ਤਿੰਨ ਪ੍ਰੋਫੈਸਰਜ਼ ਨੂੰ ਨਾਲ਼ ਲੈ ਕੇ ਪੁਲੀਸ ਦੇ ਉਚ-ਅਧਿਕਾਰੀਆਂ ਨੂੰ ਮਿਲਣ ਗਏ ਅਤੇ ਫਿਰ ਵਿਦਿਆਰਥੀਆਂ ਤੇ ਪੁਲੀਸ ਵਿਚਕਾਰ ਸਾਲਸੀ ਬਣੇ ਰਹੇ । ਆਖ਼ਰ ਵਿਚ ਸਾਰਿਆਂ ਨੂੰ ਕਾਲਜ ਦੇ ਦਫ਼ਤਰ ਕੋਲ਼ ਇਕੱਠੇ ਹੋਣ ਲਈ ਆਖਿਆ । ਪ੍ਰਿੰਸੀਪਲ ਸਾਹਿਬ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੁਲੀਸ ਜ਼ਰੂਰ ਅੰਦਰ ਆਵੇਗੀ ਅਤੇ ਵਿਦਿਆਰਥੀਆਂ ਨੂੰ ਸਮਝਾਉਣ ਲੱਗ ਗਏ ਕਿ ਕਿਸੇ ਤਰ੍ਹਾਂ ਦੀ ਹੁੱਲ੍ਹੜਬਾਜ਼ੀ ਨਾ ਹੋਵੇ ਤੇ ਬਾਕੀ ਉਹ ਸੰਭਾਲ ਲੈਣਗੇ । ਇਸ 'ਤੇ ਹਰਮਿੰਦਰ ਨੇ ਉਹਨਾਂ ਨੂੰ ਫਿਰ ਕਿਹਾ ਕਿ 'ਤੁਸੀਂ ਆਪ ਉਹਨਾਂ ਨੂੰ ਬੁਲਾ ਰਹੇ ਹੋ ਸਾਨੂੰ ਫੜਾਉਣ ਲਈ ਪਰ ਇਹ ਸਮਝ ਲਵੋ ਕਿ ਅਸੀਂ ਇਕੱਲੇ ਜੇਹਲ ਵਿਚ ਨਹੀਂ ਜਾਣਾ, ਤੁਹਾਨੂੰ ਵੀ ਨਾਲ਼ ਹੀ ਲੈ ਕੇ ਜਾਵਾਂਗੇ ।' ਕਾਫ਼ੀ ਗਰਮਾ-ਗਰਮੀ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ 'ਤੁਹਾਨੂੰ ਰੀਕੁਇਸਟ ਕਰਦਾ ਹਾਂ ਕਿ ਤੁਸੀਂ ਸੰਭਲ ਕੇ ਨਿਕਲ ਜਾਓ ਬਾਕੀ ਮੈਂ ਸਾਂਭ ਲਵਾਂਗਾ ।' ਬਾਕੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਡੀਟੋਰੀਅਮ ਵਿਚ ਇਕੱਠੇ ਹੋਣ ।
ਬਾਕੀ ਅਗਲੀ ਕਿਸ਼ਤ 'ਚ
-
ਸਤਵੰਤ ਦੀਪਕ, ਲੇਖਕ ਅਤੇ ਕਲਾਕਾਰ ,ਕੈਨੇਡਾ
satwantdeepak@gmail.com
+1-604-910-9953
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.