"ਲੋਕਰੰਗ" ਹੈ -ਇਹ ਕੋਈ ਧਾਰਾ ਨਹੀਂ-ਡਾ ਅਮਰਜੀਤ ਟਾਂਡਾ
ਲੋਕਰੰਗ (Folklore) ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਕਹਿ ਸਕਦੇ ਹਾਂ।
ਲੋਕਰੰਗ ਦੀ ਪਰਿਭਾਸ਼ਾ
ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਵੀ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਰੰਗ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।
ਲੋਕਰੰਗ ਵਰਗਾ ਉਦਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਰੰਗ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ। ਪੰਜਾਬੀ ਵਿੱਚ ਲੋਕਰੰਗ ਸ਼ਬਦ ਇੱਕ ਕਵਿਤਾ ਕਥਾ ਕਹਾਣੀ ਹੀ ਹੈ। ਮੈਂ ਲੋਕਧਾਰਾ ਦੀ ਵਜਾਏ ਇਹਨੂੰ "ਲੋਕ ਰੰਗ" ਕਹਾਂਗਾ। ਜਿਵੇਂ ਰੰਗਾਂ ਵਿੱਚ ਵੰਨਸੁਵੰਨਤਾ ਹੈ ਤੇ ਇੱਕ ਦੂਸਰੇ ਵਿੱਚ ਘੁਲ ਕੇ ਹੋਰ ਨਵੇਂ ਵੀ ਪੈਦਾ ਹੋ ਜਾਂਦੇ ਨੇ। ਰੰਗਾਂ ਦੀ ਦੁਨੀਆਂ ਦੀ ਉਮਰ ਵੀ ਬਹੁਤ ਹੈ। ਰੰਗ ਸਦੀਵੀ ਵੀ ਹੋ ਸਕਦੇ ਹਨ।
"ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, "ਲੋਕਰੰਗ" ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇ ਕਰਮ-ਕਾਂਡਾਂ ਦਾ ਸੋਮਾ ਹੈ, ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ।
ਲੋਕ ਸਮੂਹ ਦੀ ਸਭਿਆਚਾਰਕ ਸੋਚ ਸਮਝ ਦਾ ਵਿਅਕਤੀਤਵ ਸਰੂਪ ਢੰਗ ਤਰੀਕਾ ਹੀ "ਲੋਕਰੰਗ" ਹੈ। ਧਾਰਾ ਜਾਂ ਧਾਰ ਪਾਣੀ ਦੀ ਹੋ ਸਕਦੀ ਹੈ ਮੀਂਹ ਦੀ ਹੋ ਸਕਦੀ ਹੈ। ਇਸ ਲਈ ਮੈਂ ਲੋਕਧਾਰਾ ਨੂੰ ਨਕਾਰਦਾ ਹਾਂ ਤੇ ਲੋਕਾਂ ਦੇ ਸਾਰੇ ਰੰਗਾਂ ਨੂੰ "ਲੋਕਰੰਗ" ਦਾ ਨਾਮ ਦਿੰਦਾ ਹਾਂ ਤੇ ਅੱਗੇ ਤੋਂ ਇਹੀ ਸ਼ਬਦ ਵਰਤਿਆ ਜਾਵੇ ਤਾਂ ਹੋਰ "ਲੋਕਰੰਗ" ਦਿਸਣਗੇ ਪੈਦਾ ਹੋਣਗੇ।
ਲੋਕਰੰਗ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਰੰਗ ਬਰੰਗੇ ਧਾਗੇ ਦੀ ਵਰਤੋਂ ਨਾਲ ਵੰਨ ਸੁਵੰਨੀ ਕਸ਼ੀਦਗੀ ਹੁੰਦੀ ਹੈ।
ਡਾ ਅਮਰਜੀਤ ਟਾਂਡਾ
ਡਾਇਰੈਕਟਰ
"ਵਿਸ਼ਵ ਪੰਜਾਬੀ ਸਾਹਿਤ ਪੀਠ"
-
ਡਾ ਅਮਰਜੀਤ ਟਾਂਡਾ, ਡਾਇਰੈਕਟਰ "ਵਿਸ਼ਵ ਪੰਜਾਬੀ ਸਾਹਿਤ ਪੀਠ"
drtanda101@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.