ਵੰਨ - ਸੁਵੰਨੇ ਫੁੱਲਾਂ ਦੀ ਕਸ਼ੀਦਾਕਾਰੀ - ਕਵਿਤਾਂਜਲੀ
ਡਾ.ਅਮਰਜੀਤ ਟਾਂਡਾ ਕਿਸੇ ਜਾਣ - ਪਛਾਣ ਦਾ ਮੋਹਤਾਜ ਨਹੀਂ।ਉਸਦੀਆਂ ਚਰਚਿੱਤ ਕਵਿਤਾਵਾਂ ਦੇਸ਼- ਵਿਦੇਸ਼ ਵਿੱਚ ਨਿਰੰਤਰ ਪੜ੍ਹੀਆਂ ਤੇ ਸਲਾਹੀਆਂ ਜਾਂਦੀਆਂ ਹਨ।ਡਾਇਰੈਕਟਰ ' ਵਿਸ਼ਵ ਪੰਜਾਬੀ ਸਾਹਿਤ ਪੀਠ' ਤੇ ਪੰਜਾਬੀ ਸਾਹਿਤ ਅਕਾਦਮੀ ਸਿਡਨੀ ' ਦੇ ਸੰਸਥਾਪਕ ਡਾ.ਟਾਂਡਾ ਦੀ ਇੱਕ ਹੋਰ ਨਵੀਂ ਅਨਮੋਲ ਪੁਸਤਕ 'ਕਵਿਤਾਂਜਲੀ' ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣੀ ਹੈ।
ਟਾਂਡਾ ਦੀਆਂ ਕਵਿਤਾਵਾਂ ਦੀ ਪਰਖ ਪੜਚੋਲ ਕੀਤੀ ਜਾਵੇ ਤਾਂ ਇਹ ਅੰਤਰ - ਰਾਸ਼ਟਰੀ ਪੱਧਰ ਦੀ ਪ੍ਰਸਿੱਧ ਕਵਿਤਾ ਪ੍ਰਤੀਤ ਹੁੰਦੀ ਹੈ।ਸਾਹਿਤ ਸਿਰਜਕ ਟਾਂਡਾ ਲੱਗਭੱਗ 1978 ਤੋਂ ਵੀ ਪਹਿਲਾਂ ਦਾ ਸਾਹਿਤ ਸਿਰਜਣਾ ਵਿੱਚ ਜੁਟਿਆ ਹੋਇਆ ਨਜ਼ਰ ਆਉਂਦਾ ਹੈ।ਸ਼ਾਇਰ ਦੀ ਸ਼ਾਇਰੀ ਸੁਹਜ ,ਸਰਲ ਤੇ ਸੋਹਣੇ ਬਿੰਬਾਂ ,ਪ੍ਰਤੀਕਾਂ ਨਾਲ ਸ਼ਿੰਗਾਰੀ ,ਸਹਿਜੇ ਹੀ ਦਿਲ ਨੂੰ ਧੂਹ ਪਾਉਂਦੀ ਹੈ।ਰੂਹ ਸਰਸ਼ਾਰ ਹੋਜਾਂਦੀ ਹੈ ਤੇ ਦਿਲ ਵਾਰ - ਵਾਰ ਪੜ੍ਹਨ ਨੂੰ ਕਰਦਾ ਹੈ।ਰੂਹ ਨੂੰ ਅਜਿਹਾ ਸਕੂਨ ਮਿਲਦਾ ਹੈ ਕਿ ਧਰਤੀ ਅੰਬਰ ਵੀ ਗਾਉਂਦੇ ਪ੍ਰਤੀਤ ਹੁੰਦੇ ਹਨ।ਦਿਨ ਦੀਆਂ ਸੁਨਹਿਰੀ ਕਿਰਨਾਂ ਵਾਂਗ ਨੂਰ ਵਰਸਾਉਂਦੀਆਂ ਕਵਿਤਾਵਾਂ ,ਦੇਸ਼- ਵਿਦੇਸ਼ ਦੀ ਧਰਤੀ ਤੇ ਵੀ ਚਾਨਣ ਬਣ ਫੈਲਦੀਆਂ ਨਜ਼ਰੀਂ ਪੈਂਦੀਆਂ ਹਨ। ਜਦੋਂ ਰੂਹ ਦੀ ਕੋਈ ਚਿਣਗ 'ਅੱਖਰਾਂ ਦਾ ਰੂਪ 'ਲੈਕੇ ਸ਼ਬਦਾਂ ਦਾ ਆਕਾਰ ਬਣਦੀ ਹੈ ,ਤਾਂ ਕੋਰੇ ਕਾਗਜ਼ 'ਤੇ ਕਵਿਤਾ ਬਣ ਵਿਛ ਜਾਂਦੀ ਹੈ।ਫਿਰ ਉਹ ਵੱਖ - ਵੱਖ ਵਿਸ਼ਿਆਂ ਨੂੰ ਵਿਸਥਾਰ ਦਿੰਦੀ ਕੰਡਿਆਲੀਆਂ ਰਾਹਾਂ ,ਖਿੜੇ ਫੁੱਲਾਂ ਤੇ ਬੀਆਬਾਨ ਜੰਗਲਾਂ, ਸਰਸਬਜ਼ ਧਰਤੀ 'ਤੇ ਮਹਿਕਦੀਆਂ ਪੌਣਾਂ ਤੇ ਖੂਬਸੂਰਤ ਨਜ਼ਾਰਿਆਂ ਦਾ ਸਿਰਨਾਵਾਂ ਬਣ ਸਾਰਥਿਕਤਾ ਦੀ ਸਿਖਰ ਤੇ ਪੁੱਜ ਜਾਂਦੀ ਹੈ।
ਡਾ.ਟਾਂਡਾ ਆਸਟ੍ਰੇਲੀਆ ਵਿੱਚ ਰਹਿੰਦਿਆਂ ਜਿੱਥੇ ਉੱਥੋਂ ਦੀਆਂ
ਸਮੱਸਿਆਵਾਂ ਤੋਂ ਜਾਗਰੂਕ ਹਨ ,ਉੱਥੇ ਪੰਜਾਬ ਵਿੱਚ ਮੂਲ ਰੂਪ ਵਿੱਚ ਕੀ ਹੋ ਰਿਹਾ ਹੈ? ਰਿਸ਼ਤਿਆਂ ਦੀ ਟੁੱਟ - ਭੱਜ, ਰਾਜਸੀ ,ਸਮਾਜੀ ਤੇ ਧਾਰਮਿਕ ਗਤੀਵਿਧੀਆਂ ਦੀ ਉਥਲ- ਪੁਥਲ ਲਈ ਵੀ ਕਵੀ ਮਨ ਕਾਫੀ ਚਿੰਤਤ ਪ੍ਰਤੀਤ ਹੁੰਦਾ ਹੈ ,ਜਿਸ ਗੱਲ ਦੀ ਤਰਜ਼ਮਾਨੀ ਉਨ੍ਹਾਂ ਦੀਆਂ ਕਵਿਤਾਵਾਂ ਕਰਦੀਆਂ ਹਨ।ਲੇਖਕ ਦੀ ਇਸ ਰਚਨਾ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ,ਉਹ ਲਿਖਦਾ ਹੈ ---
ਕਿ ਪੰਜਾਬ ਨੇ ਡੁੱਬਣਾ ਸੀ ਆਪਣੇ ਲਹੂ 'ਚ
ਗੀਤ ਨੇ ਮੁਜਰਾ ਬਣ ਚੜ੍ਹਨਾ ਸੀ ਸੂਲੀ
ਨਸ਼ੇ ਦੀ ਲੋਰ ਨੇ ਸੰਗੀਤ ਦਾ ਕਤਲ ਕਰਨਾ ਸੀ।
ਸ਼ਾਇਰ ਵਤਨ ਦੀ ਤੇ ਪ੍ਰਦੇਸ਼ ਦੀ ਸਥਿਤੀ ਨੂੰ ਦਿ੍ਸ਼ਟੀਗੋਚਰ ਕਰਦਿਆਂ ਵਤਨ ਦੀ ਅਸਥ - ਵਿਅਸਥ ਹੋਈ ਸਥਿਤੀ ਨੂੰ ਕਿਵੇਂ ਸੋਨ ਸਵੇਰਿਆਂ ਵਿੱਚ ਬਦਲਿਆ ਜਾਵੇ ,ਇਸ ਬਾਰੇ ਵੀ ਚਿੰਤਾ ਜ਼ਾਹਰ ਕਰਦਾ ਹੈ।
ਨਵੇਂ - ਨਵੇਂ ਪ੍ਹਤੀਕਾਂ ਨਾਲ ਸੁਆਰੀ- ਸ਼ਿੰਗਾਰੀ ਕਵਿਤਾ ਧੁਰ ਅੰਦਰ ਤੱਕ ਖਿੱਚ ਪਾਉਂਦੀ ,ਜੀਵਨ ਰਾਹਾਂ ਤੇ ਜਗਦੀ ਲੋਅ ਵਾਂਗ ਰੋਸ਼ਨੀ ਵੰਡਦੀ ਪ੍ਤੀਤ ਹੁੰਦੀ ਹੈ।ਸੋਹਣੇ ਅਲਫਾਜ਼ਾਂ ਦੀ ਤਾਂ ਗੱਲ ਹੀ ਹੋਰ ਹੈ - ਵੇਖੋ ਪੰਨਾ 8' ਤੂੰ ਹੀ ਹੋਵੇਂਗੀ ' ਵਿੱਚੋਂ - - -
ਸਰਘੀ ਲੈ ਜਿਵੇਂ ਰਿਸ਼ਮਾਂ ਆਈ
ਦੂਰੋਂ ਤੈਨੂੰ ਸੇਕਣ ਸਾਰੇ
ਸੁੱਚੇ ਦਰਪਣ ਅਰਸ਼ ਹੁਲਾਰੇ
ਚਿੱਠੀਆਂ ਪਿੱਛੇ ਕਵੀ ਦਾ ਦਰਦ ਡੁੱਲ੍ਹ - ਡੁੱਲ੍ਹ ਪੈਂਦਾ ਹੈ।ਉਸਦੇ ਅੰਤਰੀਵ ਭਾਵਾਂ ਦੀ ਤਰਜਮਾਨੀ ਕਰਦੀ ਇਹ ਸ਼ਬਦਾਵਲੀ ਪੁਰਾਣੇ ਸਮੇਂ ਦਾ ਹਾਲ ਬਿਆਨ ਕਰਦੀ ਅਜੋਕੇ ਸਮੇਂ ਦੇ ਹਾਲਾਤਾਂ 'ਤੇ ਵਿਅੰਗ ਕਰਦੀ ਵੀ ਪ੍ਰਤੀਤ ਹੁੰਦੀ ਹੈ। ਵੇਖੋ ਸਫ਼ਾ 12 - - -'ਚਿੱਠੀਆਂ ਚੁੱਪ- ਚਾਪ ਆਉਂਦੀਆਂ ਸਨ ' ਵਿੱਚੋਂ ––
ਕਦੇ ਡਾਕੀਏ ਦੀ ਉਡੀਕ ਹੁੰਦੀ ਸੀ
ਅੱਖਾਂ ਵਿੱਚ ਚੀਸ ਹੁੰਦੀ ਸੀ ।
ਅੱਜ ਕੱਲ੍ਹ ਈਮੇਲਾਂ ਜਾਂ ਵਟਸਐਪ ਆਉਂਦੇ ਹਨ ।
ਸੱਚਮੁੱਚ ਉਹ ਅਹਿਸਾਸ ,ਉਹ ਉਡੀਕ ਹੁਣ ਕਿੱਥੇ ? ਜੋ ਡਾਕੀਏ ਨੂੰ ਵੇਖਦਿਆਂ ਹੁੰਦੀ ਸੀ ਤੇ ਹਰ ਕਿਸੇ ਦਾ ਚਿਹਰਾ ਖਿੜ ਜਾਂਦਾ ਸੀ।ਕਿਤੇ ਨਾ ਕਿਤੇ ਬਚਪਨ ਦੇ ਗੁਆਚ ਜਾਣ ਦਾ ਹੇਰਵਾ ਵੀ ਸ਼ਾਇਰ ਨੂੰ ਬਹੁਤ ਕੁੱਝ ਯਾਦ ਕਰਾਉਂਦਾ ਹੈ ,ਜੋ ਬਚਪਨ ਵਿੱਚ ਬਹੁਤ ਹੀ ਖੂਬਸੂਰਤ ਅਹਿਸਾਸਾਂ ਨਾਲ ਜੁੜਿਆ ਹੋਇਆ ਸੀ। ਮਾਂ ਪਿਓ ਦੀ ਛਤਰ- ਛਾਇਆ ਤੇ ਪਿਆਰ ਨੂੰ ਮਾਣਦਿਆਂ ,ਕੋਈ ਚਿੰਤਾ ਨੇੜੇ ਨਹੀਂ ਸੀ ਆਉਂਦੀ।
ਪੰਨਾ 16 ਤੇ - ----' ਮਾਏ ਨੀ ਮੇਰਾ ਬਚਪਨ ਲੱਭ ਦੇ ' 'ਚੋਂ
ਕਿਤੇ ਲੱਭੇ ਜਾਂ ਫਿਰੇ ਗੁਆਚਾ
ਬਚਪਨ ਨੂੰ ਕਹੋ ਘਰ ਆ ਜਾਵੇ
ਪੁੰਗਰਦੀ ਆਸ, ਅੰਗਾਂ ਵਿੱਚ ਝਰਨਾਟਾਂ ,ਖਤ ਸੁਗੰਧੀਆਂ, ਗੋਦੀ ਚੁੱਕ ਚੰਨ ਖਿਡ੍ਹਾਉਣਾ ,ਵਟਣੇ ਨੇ ਮਹਿੰਦੀ ਦਾ ਹੋਣਾ,
ਸ਼ਬਦਾਂ ਦੀ ਖੂਬਸੂਰਤੀ ਸ਼ਬਦਾਵਲੀ ਦੇ ਡੂੰਘੇ ਅਰਥਾਂ ਦੀ ਬਾਤ ਪਾਉਂਦੀ ਹੈ। ਜਦੋਂ ਘਰ ਛੱਡ ਕੇ ਬੇਘਰ ਹੋਣ ਦੇ ਡੂੰਘੇ ਦਰਦ ਦੀ ਬਿਆਨਕਾਰੀ ਤੋਂ ਇਹ ਪਤਾ ਲਗਦਾ ਹੈ ਕਿ ਘਰ ਤੋਂ ਤੇ ਮਾਂ- ਬਾਪ ਤੋਂ ਵਿਛੜਨ ਦਾ ਦੁਖਾਂਤ ਕਿਹੋ ਜਿਹਾ ਹੁੰਦਾ ਹੈ ।ਧੀਆਂ ਲਈ ਵੀ ਬਾਬਲ ਦਾ ਵਿਹੜਾ ,ਮਾਂ ਦੀਆਂ ਲੋਰੀਆਂ, ਗੁੱਡੀਆਂ- ਪਟੋਲਿਆਂ ਦਾ ਛੁੱਟਣਾ ਇੱਕ ਵੱਡਾ ਹਉਕਾ ਹੁੰਦਾ ਹੈ।ਮਾਂ ਪਿਓ ਦੇ ਆਸ਼ੀਰਵਾਦ ਦੀ ਗੱਲ ਕਰਦਿਆਂ ਸ਼ਾਇਰ ਆਖਦਾ ਹੈ - --
ਖਿਡੌਣਿਆਂ ਦੀਆਂ ਭੁੱਖਾਂ ਮੰਗੀਆਂ ਜਾਂਦੀਆਂ ਹਨ।ਕਿੱਲੀਆਂ 'ਤੇ ਸੁੱਖਾਂ ਟੰਗੀਆਂ ਜਾਂਦੀਆਂ ਹਨ।
ਸ਼ਾਇਰ 1947 ਦੇ ਦੁਖਾਂਤ ਨੂੰ ਵੀ ਨਹੀਂ ਭੁੱਲਿਆ ,
ਮੰਦਰਾਂ 'ਚੋਂ ਰੱਬ ਦੌੜ ਕੇ ਮਸਾਂ ਬਚਿਆ
ਅੱਲਾ ਨਾ ਲੱਭਾ ਕਈ ਦਿਨ ।
ਉਸ ਸਮੇਂ ਦਾ ਦਰਦਨਾਕ ਹਾਲ ਬਿਆਨ ਕਰਨ ਲਈ ਇਹ ਦੋ ਸਤਰਾਂ ਹੀ ਕਾਫੀ ਹਨ।ਸਾਰੇ ਦਾ ਸਾਰਾ ਫਿਰਕੂ - ਫਸਾਦ ਦਿ੍ਸ਼ਟੀ ਗੋਚਰ ਹੋ ਜਾਂਦਾ ਹੈ ,ਬਿਆਨ ਕਾਰੀ ਦੀ ਇਹ ਖੂਬਸੂਰਤ ਸ਼ੈਲੀ ਹੀ ਤਾਂ ਹੈ।ਡਾ.ਟਾਂਡਾ ਦੀ ਕਵਿਤਾ ਨਦੀ ਦੇ ਵਹਿਣ ਵਾਂਗ ਵਹਿੰਦੀ ਚਲੀ ਜਾਂਦੀ ਹੈ -'ਮੈਂ ਤੇ ਅਜੇ ਬੀਜ ਨੂੰ'ਵਿੱਚ ਸ਼ਾਇਰ ਹੱਸਦੇ ਹੋਏ ਬੂਟੇ ਨਾਲ ਦੁੱਖ- ਸੁੱਖ ਕਰਦਾ ਹੋਇਆ, ਸਾਹਾਂ ਨਾਲ ਇਸ਼ਕ ਕਰਨ ਤੇ ਪੈੜਾਂ ਨਾਲ ਮੰਜ਼ਿਲਾਂ ਤਹਿ ਕਰਨ ਦੇ ਸੁਪਨੇ ਸਾਕਾਰ ਕਰਨ ਲਈ ਕਹਿੰਦਾ ਹੈ।'ਇਸ ਘਰ ਵਿੱਚ 'ਵਿਛੜੇ ਮਾਂ- ਪਿਓ ਦੇ ਨਿੱਘ, ਭੈਣਾਂ ਦੇ ਖਿੜਦੇ ਚਾਅ ,ਤੇ ਦਾਦੀ ਦੀਆਂ ਕੁੱਟੀਆਂ ਚੂਰੀਆਂ ,ਚਾਵਲ,ਛੱਲੀਆਂ, ਕੂਲੀਆਂ ਗੰਦਲਾਂ ,ਲੋਹੜੀਆਂ, ਵੰਗਾਂ, ਗਿੱਧੇ- ਭੰਗੜੇ ਪੰਜਾਬੀ ਵਿਰਸੇ ਦੀ ਖੂਬਸੂਰਤ ਤਸਵੀਰ ਖਿੱਚਦਿਆਂ ,ਵਤਨ ਦੀ ਮਿੱਟੀ ਤੇ ਵਾਪਰੀ ਹਰ ਘਟਨਾ ਨੂੰ ਜੀਊਂਦੀ ਰੱਖਿਆ ਹੈ।ਅੱਜ ਦੇ ਦਿਨ ਵਿੱਚ ਕਵੀ ਨੇ ਕਾਇਨਾਤ ਵਿੱਚ ਇੱਕ- ਮਿੱਕ ਹੁੰਦੇ ਸਾਰੇ ਰੰਗਾਂ ਦੇ ਜਲੌ ਨੂੰ ਵੱਖਰੇ - ਵੱਖਰੇ ਸ਼ਾਬਦਿਕ ਰੰਗਾਂ ਦੀ ਖੂਬਸੂਰਤ ਰੰਗੋਲੀ ਬਣਾ ਕੇ ਪੇਸ਼ ਕੀਤਾ ਹੈ।
' ਚੱਲ ਤੂੰ ਨਾ ਵੜਨ ਦੇਵੀਂਂ ਪੰਜਾਬ ਵਿੱਚ 'ਕਵਿਤਾ ਕਵੀ ਦੇ ਭੂ- ਹੇਰਵੇ ਦੀ ਗੱਲ ਕਰਦੀ ,ਉਸ ਦੇ ਅੰਤਰਮਨ ਦੀ ਤਰਜ਼ਮਾਨੀ ਕਰਦੀ ਹੋਈ ,ਜੀਵਨ ਸਾਗਰ ਦੀਆਂ ਉੱਠਦੀਆਂ ਛੱਲਾਂ ਦੇ ਅਹਿਸਾਸ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀ ਹੈ ,ਅਜ੍ਹੇ ਤਾਂ ਉਸ ਮਿੱਟੀ ਤੇ ਲਿਟਣਾ ਹੈ ਤੇ ਤੁਰ- ਤੁਰ ਡਿੱਗਣਾ ਹੈ,ਅਜ੍ਹੇ ਤਾਂ ਸਪੀਕਰ ਟੰਗਣੇ ਨੇ ਮੰਜ਼ਿਆਂ - ਬਨੇਰਿਆਂ 'ਤੇ- - ਸਤਿਗੁਰੂ ਨਾਨਕ ਨੂੰ ਸੱਦਣਾ ਹੈ - ਡੂੰਘੀਆਂ ਭਾਵਨਾਵਾਂ ਨਾਲ ਓਤਪੋਤ ਦਿਲ ਵਿੱਚ ਕਿਤੇ ਡੂੰਘੇ ਉਤਰ ਜਾਂਦੀ ਹੈ।'ਕੱਲ੍ਹ ਟੁਰ ਗਏ ਜਿਹੜੇ ਵਿੱਚ 'ਵਿੱਚ ਦਿਲੀ ਪਿਆਰਿਆਂ ਦੇ ਟੁਰ ਜਾਣ ਦਾ ਦੁਖਾਂਤ ਜੋ ਕਦੇ ਵਾਪਸ ਨਹੀਂ ਆਉਂਦੇ ,ਘਰ ਦਾ ਵਿਹੜਾ ਸੁੰਨਾ ਰਹਿੰਦਾ ਹੈ,ਦੇ ਡੁੱਲ੍ਹ - ਡੁੱਲ੍ਹ ਪੈਂਦੇ ਦਰਦ ਦਾ ਜ਼ਿਕਰ ਹੈ।'ਸਪੀਕਰ ਦੀ ਇੱਕ ਅਨਾਉਂਸ ਮੈਂਟ ਤੇ 'ਕਿੰਨਾ ਦਰਦਨਾਕ ਬਿਆਨ ਹੈ ,ਜੰਗ ਦੇ ਡਰ ਕਾਰਨ ਮਨੁੱਖੀ ਜੀਵਨ ਦੀ ਉਥਲ- ਪੁਥਲ ਦਾ ,ਕਿ ਸਪੀਕਰ ਦੀ ਇੱਕ ਅਨਾਉਂਸਮੈਂਟ ਦੇ ਤੌਖਲੇ ਨੇ ਹਰ ਬੂਹਾ ਹੀ ਚੁੱਪ ਕਰਾ ਦਿੱਤਾ, ਜਦੋਂ ਕਿ ਜੰਗ ਦੇ ਬੱਦਲ ਕਿਤੇ ਵੀ ਨਹੀਂ ਸਨ। 'ਬਹੁਤ ਕੁੱਝ ਸੀ ਘਰ ਵਿੱਚ ' ਕਵੀ ਨੇ ਮਾਂ- ਪਿਓ,ਮਾਸੀ ,ਭੂਆ ਹਰ ਰਿਸ਼ਤੇ ਤੇ ਘਰ ਦੀ ਹਰ ਸ਼ੈਅ ਨਾਲ ਆਪਣੇ ਦਿਲੀ ਮੋਹ ਦਾ ਪ੍ਰਗਟਾਵਾ ਕੀਤਾ ਹੈ।ਸੂਰਜ ਵਰਗਾ ਬਾਪ,ਨੀਲੇ ਅਰਸ਼ ਵਰਗੀ ਮਾਂ ,ਚੌਂਕੇ- ਚੁੱਲ੍ਹੇ ,ਵਿਹੜਿਆਂ ਵਿੱਚ ਨੱਚਦੀ ਰੌਣਕ ਕਿੱਥੇ ਭੁੱਲਦੀ ਹੈ ? ਮਾਂ ,ਇੱਕ ਖੁੱਲ੍ਹੀ ਕਿਤਾਬ , ਇੱਕ ਪਿੰਡ, ਛਾਂ ,ਅਸੀਸਾਂ ਦਾ ਚਸ਼ਮਾ ,ਕਲਪ ਬਿਰਖ ,ਗੁਰੂ ਪੀਰ - ਪੈਗੰਬਰ ਵਰਗੇ ਖੂਬਸੂਰਤ ਸ਼ਬਦਾਂ ਦਾ ਤਾਜ ਪਹਿਨਾ ਕੇ ,ਰੱਬ ਵਰਗੀ ਮਾਂ ਨੂੰ ਪਰਮ ਸਤਿਕਾਰ ਦਿੰਦਿਆਂ ਆਖਦਾ ਹੈ
ਦੋਸਤੋ ਬਹੁਤ ਮੁਸ਼ਕਲ ਹੁੰਦਾ ਹੈ ਮੁਖਾਤਿਬ ਹੋਣਾ ਬੰਦ ਬੂਹਿਆਂ ਨੂੰ - - ।'ਨਿਮਰਤਾ ਦਾ ਮੁਜੱਸਮਾ 'ਵਿੱਚ ਮਾਂ ਦੇ ਮਮਤਾ ਭਰੇ ਬੋਲ ਚਿਰਾਗ ਬਣ ਜਗਦੇ ,ਤੁਰਦੀ ਫਿਰਦੀ ਜ਼ੰਨਤ ਦੇ ਨਿੱਘ ਦਾ ਅਹਿਸਾਸ ਕਰਾਉਂਦੇ ਹਨ।'ਬੱਚਾ ' ਮਾਸੂਮ ਕਿਲਕਾਰੀਆਂ ਮਾਰਦਾ ,ਅਕਾਸ਼ ਘਰ ਦਾ ,ਅਕਸ ਰੱਬ ਦਾ ,ਮਿੱਟੀ ਵਿੱਚ ਖੇਡ੍ਹਦਾ ਚੰਨ ,ਧਰੂ ਤਾਰਾ ਬਾਪ ਦਾ।,ਮੌਜੀ ਠਾਕੁਰ ,ਬਾਦਸ਼ਾਹ ਸੰਸਾਰ ਦਾ - - - ਵਾਹ ਬੱਚੇ ਲਈ ਖੂਬਸੂਰਤ ਸ਼ਬਦਾਂ ਦਾ ਉਣਿਆ ਚੰਦੋਆ ਤਾਂ ਡਾਕਟਰ ਟਾਂਡਾ ਹੀ ਤਿਆਰ ਕਰ ਸਕਦਾ ਹੈ।ਆਪਸੀ ਗੱਲ ਵਿੱਚ ਸੋਨ ਸੂਰਜੀ ਰਿਸ਼ਮਾਂ ਦੇ ਧਾਗਿਆਂ ਨਾਲ ਬਣਾਈ ਪਿਆਰ ਦੀ ਪੱਕੀ ਡੋਰ ਦੇ ਰੰਗ ਨਜ਼ਰੀਂ ਪੈਂਦੇ ਹਨ ।'ਇਹ ਜੋ ਦਸੂਤੀ' ਦਸੂਤੀ ਤੋਂ ਕੁੱਖਾਂ ਨਾਲ ਨਾਨਕ ਤੇ ਗੋਬਿੰਦ ਯੋਧੇ ਦਾ ਬਾਕਮਾਲ ਰੂਪ ਪੇਸ਼ ਕੀਤਾ ਹੈ।'ਕੱਲ੍ਹ ਤੂੰ ਮਿਲੀਂ ' ਹੋਵੇ ਜਿਵੇਂ ਰਿਮਝਿਮ ਦੀ ਝੜੀ , ਦਰਾਂ ਮੇਰਿਆਂ ਤੇ ਖੜ੍ਹੀ- - - ਕਵੀ ਦੀ ਰਚਨਾ ਦੇ ਅਦਭੁੱਤ ਰਸ ਨੂੰ ਉਜਾਗਰ ਕਰਦੀ ਹੈ।
ਡਾ.ਟਾਂਡਾ ਕੋਲ ਬੁੱਧੀ ,ਚੇਤਨਤਾ, ਵਿਗਿਆਨਕ ਸੂਝ- ਬੂਝ ,ਤੇ ਸ਼ਬਦਾਂ ਦਾ ਬਹੁਮੁੱਲਾ ਭੰਡਾਰ ਹੈ। ਖਿਆਲਾਂ ਦੇ ਵਹਿਣ ਵਿੱਚ ਵਹਿੰਦਿਆਂ ,ਜਿਸ ਮੁਹੱਬਤ ਵਿੱਚ ਡੁੱਬ ਕੇ ਪੰਜਾਬ ਦੀ ਮਿੱਟੀ ,ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਜਿਨ੍ਹਾਂ ਨਿੱਘੇ ਅਹਿਸਾਸਾਂ ਨੂੰ ਕਵੀ ਨੇ ਜਿੱਥੇ ਖੂਬਸੂਰਤ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ ,ਉੱਥੇ ਹੀ ਉਹ ਸਮਾਜਿਕ ਬੁਰਾਈਆਂ, ਗਿਰ ਰਹੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਵੱਖ - ਵੱਖ ਵਿਸ਼ਿਆਂ ਵਿੱਚ ਰੂਪਾਂਤਰਣ ਕਰਦਾ ਚਾਨਣ ਭਰੇ ਨਵੇਂ ਸਵੇਰੇ ਲਿਆਉਣ ਦੀ ਗੱਲ ਕਰਦਾ ਹੈ।ਖੂਬਸੂਰਤ ਸ਼ਬਦਾਂ ਦੀ ਜੜਤ ਵਿੱਚ ਕਵੀ ਨੇ ਆਪਣੇ ਵਤਨ ਦੀ ਮਿੱਟੀ ਦੇ ਕਣ - ਕਣ ਵਿੱਚ ਵਸੇ ਹਰ ਅਹਿਸਾਸ ਨੂੰ ਮੋਤੀਆਂ ਵਾਂਗ ਪਰੋਇਆ ਹੈ ,ਜਿਹੜੇ ਸਾਹਿਤ ਦੇ ਅੰਬਰ ਤੇ ਸਿਤਾਰਿਆਂ ਵਾਂਗ ਚਮਕਣਗੇ।
ਪੁਸਤਕ ' ਕਵਿਤਾਂਜਲੀ ' ਪੰਜਾਬੀ ਪਿਆਰਿਆਂ ਲਈ ਸਾਹਿਤ ਦਾ ਅਨਮੋਲ ਖਜ਼ਾਨਾ ਹੈ।ਇਹ ਸ਼ਾਹਕਾਰ ਰਚਨਾ ਚਾਨਣ ਦੀ ਫੁਲਕਾਰੀ ਬਣ ਦੂਰ - ਦੂਰ ਤੱਕ ਚਾਨਣ ਵੰਡਣ ਵਿੱਚ ਕਾਮਯਾਬ ਹੋਵੇਗੀ ।ਪ੍ਰਦੇਸ਼ ਵਿੱਚ ਰਹਿੰਦਾ ਵੀ ਸ਼ਾਇਰ ਆਪਣੀ ਮਿੱਟੀ ਨਾਲ ਜੁੜਿਆ ,ਪੰਜਾਬੀ ਸਾਹਿਤ ਦਾ ਭੰਡਾਰ ਭਰਨ ਲਈ ਜਤਨਸ਼ੀਲ ਹੈ। ਉਹ ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਝੰਡੇ ਨੂੰ ਬਰਕਰਾਰ ਰੱਖੇ- - ਇਸੇ ਦਿਲੀ ਦੂਆ ਨਾਲ - - -
ਮਾਂ ਬੋਲੀ ਪੰਜਾਬੀ ਦੀ ਸੇਵਕਾ
ਮਨਜੀਤ ਕੌਰ ਅੰਬਾਲਵੀ
ਮੀਤ ਪ੍ਰਧਾਨ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ
-
ਮਨਜੀਤ ਕੌਰ ਅੰਬਾਲਵੀ, ਮੀਤ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ
*******
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.