ਗਦੂਦਾਂ ਦਾ ਵਧਣਾ ਇਕ ਆਮ ਸਮੱਸਿਆ ਹੈ। ਲਗਭਗ 50 ਫੀਸਦੀ ਪੁਰਸ਼ਾਂ ਦੇ ਗਦੂਦ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਵਧਦੇ ਹਨ ਅਤੇ ਇਹ ਸਮੱਸਿਆ 40 ਤੋਂ 50 ਸਾਲ ਦੀ ਉਮਰ ਵਿਚ ਸ਼ੁਰੂ ਹੋ ਜਾਂਦੀ ਹੈ। ਗਦੂਦਾਂ ਦਾ ਕੈਂਸਰ ਵੀ ਆਮ ਗੱਲ ਹੈ। ਜ਼ਿਆਦਾਤਰ ਗਦੂਦਾਂ ਦਾ ਕੈਂਸਰ ਉਥੇ ਹੋਣ ਦੀ ਸੰਭਾਵਨਾ ਹੈ, ਜੇਕਰ ਗਦੂਦਾਂ ਦਾ ਵਧਣਾ ਨਾ ਰੋਕਿਆ ਜਾਵੇ ਅਤੇ ਕੈਂਸਰ ਲਗਭਗ 65 ਸਾਲ ਦੀ ਉਮਰ ਤੋਂ ਪਿੱਛੋਂ ਹੁੰਦਾ ਹੈ। ਗਦੂਦਾਂ ਦੇ ਕੈਂਸਰ ਦੇ ਜ਼ਿਆਦਾਤਰ ਮਰੀਜ਼ ਉਥੇ ਪਾਏ ਜਾਂਦੇ ਹਨ, ਜਿਨ੍ਹਾਂ ਦੀ ਜੱਦ ਵਿਚ ਇਹ ਪਹਿਲਾਂ ਵਾਪਰਿਆ ਹੋਵੇ ਪਰ 'ਗਦੂਦਾਂ ਦਾ ਵਧਣਾ' ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ।
ਗਦੂਦ ਕੀ ਹੁੰਦੇ ਹਨ : ਗਦੂਦ ਇਕ ਗ੍ਰੰਥੀ ਦਾ ਨਾਂਅ ਹੈ, ਜੋ ਸਾਡੇ ਮਸਾਨੇ ਦੇ ਥੱਲੇ ਹੁੰਦੀ ਹੈ। ਇਸ ਵਿਚੋਂ ਇਕ ਲੇਸਦਾਰ ਪਦਾਰਥ ਨਿਕਲਦਾ ਹੈ ਜੋ ਸ਼ੁਕਰਾਣੂਆਂ ਨੂੰ ਗਤੀਸ਼ੀਲ ਹੋਣ ਵਿਚ ਸਹਾਇਤਾ ਕਰਦਾ ਹੈ। ਚੜ੍ਹਦੀ ਉਮਰ ਵਿਚ ਇਹ ਲੇਸਦਾਰ ਪਦਾਰਥ ਕਿਸੇ ਕਾਮ ਭੜਕਾਊ ਖ਼ਿਆਲ ਨਾਲ ਆਪਣੇ ਆਪ ਹੀ ਰਿਸਣ ਲੱਗ ਪੈਂਦਾ ਹੈ, ਜਿਸਨੂੰ ਧਾਂਤ ਕਹਿੰਦੇ ਹਨ।
ਗਦੂਦ ਵਧਣ ਦੇ ਕਾਰਨ :
1. ਕਿਸੇ ਵੀ ਇਨਫੈਕਸ਼ਨ ਦੇ ਕਾਰਨ : ਪਿਸ਼ਾਬ ਨਾਲੀ ਦੀ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਦੇ ਕਾਰਨ ਗਦੂਦ ਵਧ ਸਕਦੇ ਹਨ। ਅਜਿਹੀ ਸਥਿਤੀ ਵਿਚ ਪਿਸ਼ਾਬ ਚੈੱਕ ਕਰਵਾਉਣ 'ਤੇ ਉਸ ਵਿਚ 'ਪੀਕ' (Puscell) ਪਾਏ ਜਾਂਦੇ ਹਨ ਅਤੇ ਇਹ ਸਥਿਤੀ ਜ਼ਿਆਦਾ ਖ਼ਤਰਨਾਕ ਮੰਨੀ ਜਾਂਦੀ ਹੈ। ਆਮ ਤੌਰ 'ਤੇ ਪਾਏ ਜਾਣ ਵਾਲੇ ਜੀਵਾਣੂ ਈ.ਕੋਲਾਈ ਅਤੇ ਕਲੈਬਸੀਏਲਾ ਹੁੰਦੇ ਹਨ। ਅਜਿਹੀ ਸਥਿਤੀ ਉਥੇ ਵਾਪਰਦੀ ਹੈ, ਜਦ ਅਸੀਂ ਕਿਸੇ ਖੁੱਲ੍ਹੇ ਥਾਂ 'ਤੇ ਪਿਸ਼ਾਬ ਕਰਦੇ ਹਾਂ ਜਾਂ ਪਿਸ਼ਾਬ-ਘਰਾਂ ਦੀ ਲੋੜ ਅਨੁਸਾਰ ਸਫ਼ਾਈ ਨਹੀਂ ਹੁੰਦੀ। ਜਿਵੇਂ ਕਿ ਬੱਸ ਅੱਡੇ, ਰੇਲਵੇ ਸਟੇਸ਼ਨ ਜਾਂ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ, ਦੂਜੇ ਨੰਬਰ 'ਤੇ ਇਹ ਸਥਿਤੀ ਦੀ ਸੰਭਾਵਨਾ ਉਦੋਂ ਹੋ ਸਕਦੀ ਹੈ, ਜਦ ਕਿਸੇ ਪਰਾਈ ਇਸਤਰੀ ਦਾ ਸੰਗ ਕੀਤਾ ਜਾਵੇ। ਉਥੋਂ ਇਕ ਵਾਰ ਪਿਸ਼ਾਬ ਨਾਲੀ ਦੀ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਗਦੂਦਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ।
2. ਵਿਟਾਮਿਨ ਈ ਅਤੇ ਸਲੇਨੀਅਮ ਦੀ ਕਮੀ ਕਾਰਨ ਵੀ ਗਦੂਦਾਂ ਦਾ ਵਾਧਾ ਹੋ ਸਕਦਾ ਹੈ।
3. ਜੱਦੀ-ਪੁਸ਼ਤੀ ਕਾਰਨ : ਜੇਕਰ ਪਹਿਲਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਗਦੂਦਾਂ ਦੀ ਤਕਲੀਫ਼ ਰਹਿ ਚੁੱਕੀ ਹੋਵੇ, ਖ਼ਾਸ ਕਰਕੇ ਗਦੂਦਾਂ ਦਾ ਕੈਂਸਰ ਤਾਂ ਅਗਲੀਆਂ ਪੀੜ੍ਹੀਆਂ ਵਿਚ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਸ਼ਰਾਬ, ਤੰਬਾਕੂ ਅਤੇ ਤੇਜ਼ ਦਵਾਈਆਂ ਵੀ ਗਦੂਦਾਂ ਦੇ ਵਧਣ ਦਾ ਕਾਰਨ ਮੰਨੀਆਂ ਜਾਂਦੀਆਂ ਹਨ।
ਲੱਛਣ : ਗਦੂਦਾਂ ਦੇ ਵਧਣ ਦਾ ਸਭ ਤੋਂ ਪਹਿਲਾ ਅਤੇ ਆਮ ਪਾਇਆ ਜਾਣ ਵਾਲਾ ਲੱਛਣ ਇਹ ਹੁੰਦਾ ਹੈ ਕਿ ਮਰੀਜ਼ ਨੂੰ ਵਾਰ-ਵਾਰ ਪਿਸ਼ਾਬ ਦੀ ਹਾਜ਼ਤ ਹੁੰਦੀ ਹੈ। ਉਹ ਵਾਰ-ਵਾਰ ਪਿਸ਼ਾਬ ਕਰਦਾ ਹੈ ਪਰ ਉਸਦੀ ਹਾਜ਼ਤ ਖ਼ਤਮ ਨਹੀਂ ਹੁੰਦੀ। ਖ਼ਾਸ ਕਰਕੇ ਰਾਤ ਵੇਲੇ ਇਹ ਤਕਲੀਫ਼ ਜ਼ਿਆਦਾ ਵਧ ਜਾਂਦੀ ਹੈ। ਕਈ ਹਾਲਤਾਂ ਵਿਚ ਤਾਂ ਪਿਸ਼ਾਬ ਵਿਚ ਹੀ ਨਿਕਲ ਜਾਂਦਾ ਹੈ ਕਿਉਂਕਿ ਪਿਸ਼ਾਬ 'ਤੇ ਕੰਟਰੋਲ ਨਹੀਂ ਰਹਿੰਦਾ। ਕਈ ਮਰੀਜ਼ ਕਿੰਨਾ-ਕਿੰਨਾ ਚਿਰ ਜ਼ੋਰ ਲਾਉਂਦੇ ਰਹਿੰਦੇ ਹਨ ਪਰ ਪਿਸ਼ਾਬ ਉਤਰਦਾ ਹੀ ਨਹੀਂ। ਰੋਗੀ ਪਿਸ਼ਾਬ-ਘਰ ਵਿਚ ਪਹੁੰਚ ਨਹੀਂ ਪਾਉਂਦਾ ਤੇ ਪਿਸ਼ਾਬ ਵਿਚ ਹੀ ਨਿਕਲ ਜਾਂਦਾ ਹੈ। ਕਈ ਹਾਲਤਾਂ ਵਿਚ ਸਿਰਫ਼ ਤੁਪਕਾ-ਤੁਪਕਾ ਪਿਸ਼ਾਬ ਆਉਂਦਾ ਹੈ ਅਤੇ ਪਿਸ਼ਾਬ ਦੀ ਧਾਰ ਬਣਦੀ ਹੀ ਨਹੀਂ ਤੇ ਪਿਸ਼ਾਬ ਪੈਰਾਂ ਉੱਤੇ ਹੀ ਡੁਲ੍ਹਦਾ ਰਹਿੰਦਾ ਹੈ ਅਤੇ ਪਿਸ਼ਾਬ ਨਾਲੀ ਦੇ ਮੂਹਰਲੇ ਪਾਸੇ ਜਲਣ ਅਤੇ ਤੇਜ਼ ਦਰਦ ਹੁੰਦਾ ਹੈ ਅਤੇ ਕਈ ਵਾਰ ਸਿਰਫ਼ ਪੇਟ ਦੇ ਹੇਠਲੇ ਪਾਸੇ ਦਰਦ ਹੁੰਦਾ ਰਹਿੰਦਾ ਹੈ ਤੇ ਹੋਰ ਕੁਝ ਵੀ ਨਹੀਂ ਵਾਪਰਦਾ। ਅਲਟਰਾਸਾਊਂਡ ਕਰਵਾਉਣ 'ਤੇ ਹੀ ਪਤਾ ਚਲਦਾ ਹੈ।
ਸੰਭੋਗ ਕਰਨ ਸਮੇਂ ਦਰਦ ਹੋਣਾ ਪਿਸ਼ਾਬ ਵਿੱਚ ਜਾਂ ਵੀਰਜ ਵਿੱਚ ਖ਼ੂਨ ਦਾ ਆਉਣਾ ਗਦੂਦਾਂ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ ।
ਜੇਕਰ ਗਦੂਦਾਂ ਦਾ ਵਧਣਾ ਨਾ ਰੋਕਿਆ ਜਾਵੇ ਤਾਂ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਕੈਂਸਰ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਗਦੂਦਾਂ ਦੇ ਵਧਣ ਕਾਰਨ ਆ ਸਕਦੀਆਂ ਹਨ। ਜਿਵੇਂਕਿ ਜਦੋਂ ਗਦੂਦ ਵਧ ਜਾਂਦੇ ਹਨ ਤਾਂ ਮਸਾਨਾ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਪਾਉਂਦਾ ਜਿਸਦੇ ਕਾਰਨ ਮਸਾਨੇ ਵਿਚ ਪੱਥਰੀਆਂ ਬਣ ਸਕਦੀਆਂ ਹਨ। ਹੌਲੀ-ਹੌਲੀ ਇਨਫੈਕਸ਼ਨ ਦੇ ਵਧਣ ਕਾਰਨ ਗੁਰਦੇ ਵੀ ਖ਼ਰਾਬ ਹੋ ਸਕਦੇ ਹਨ। ਸੋ ਜਿੰਨੀ ਜਲਦੀ ਹੋ ਸਕੇ ਵਧੇ ਹੋਏ ਗਦੂਦਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਗਦੂਦਾਂ ਦੇ ਕੈਂਸਰ ਦਾ ਪਤਾ ਲਾਉਣ ਲਈ ਪੀਐੱਸਏ (PSA)ਟੈਸਟ ਜੋ ਕਿ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਹਰ ਆਦਮੀ ਨੂੰ ਕਰਵਾਉਣਾ ਚਾਹੀਦਾ ਹੈ ਤਾਂ ਕਿ ਅਗਾਊਂ ਹੀ ਇਸ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ ।
ਗਦੂਦਾਂ ਦੇ ਮਰੀਜ਼ ਲਈ ਸ਼ਰਾਬ, ਕੌਫੀ, ਚਾਕਲੇਟ, ਮੀਟ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਵਿਟਾਮਿਨ ਈ, ਜਿੰਕ ਅਤੇ ਸਲੇਨੀਅਮ ਲੋੜੀਂਦੀ ਮਾਤਰਾ ਵਿਚ ਲੈਣਾ ਚਾਹੀਦਾ ਹੈ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, Homeopath ਡਾਕਟਰ, ਬਰਨਾਲਾ
*****************
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.