- ਪੰਜਾਬ ਦੇ ਹਰ ਸਕੂਲ ਵਿੱਚ ਓਲੰਪਿਕ ਲਹਿਰ ਸ਼ੁਰੂ ਹੋਵੇ
ਲੁਧਿਆਣਾ, 28 ਜੂਨ 2020 - ਇੱਕ ਵਕਤ ਸੀ ਜਦੋਂ ਪੰਜਾਬ ਦੀ ਖੇਡਾਂ ਸਿੱਖਿਆ ਖੇਤੀਬਾੜੀ ਸਨਅਤ ਆਦਿ ਹੋਰ ਖੇਤਰਾਂ ਵਿੱਚ ਪੂਰੀ ਦੁਨੀਆਂ ਵਿੱਚ ਇੱਕ ਵਿਲੱਖਣ ਪਹਿਚਾਣ ਸੀ ਪਰ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਸਨਅਤਕਾਰ ਇਥੋਂ ਕੂਚ ਕਰ ਰਹੇ ਹਨ ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜਬੂਰ ਹੈ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੀ ਕੈਟਾਗਰੀ ਵਿੱਚ ਆਪਣੇ ਪਹਿਚਾਣ ਵਿੱਚ ਗਵਾ ਚੁੱਕਾ ਹੈ ਇਹ ਸਰਕਾਰੀ ਸਕੂਲ ਹੀ ਕਿਸੇ ਵੇਲੇ ਆਈਏਐੱਸ ਅਤੇ ਆਈਪੀਐੱਸ ਅਫ਼ਸਰ ਪੈਦਾ ਕਰਦੇ ਸਨ ਪਰ ਅੱਜ ਕੋਈ ਮੰਤਰੀ ਸੰਤਰੀ ਤਾਂ ਛੱਡੋ ਉੱਥੇ ਗਰੀਬ ਦਾ ਬੱਚਾ ਵੀ ਪੜ੍ਹਨ ਨੂੰ ਤਿਆਰ ਨਹੀਂ । ਕਿਸੇ ਵੇਲੇ ਦਾ ਨੰਬਰ ਇੱਕ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿੱਚ 13ਵੇਂ ਨੰਬਰ ਤੇ ਹੈ ਜਦ ਕਿ ਪੰਜਾਬ ਦਾ ਖੇਡ ਸੱਭਿਆਚਾਰ ਤਾਂ ਉੱਜੜ ਕੇ ਹੀ ਰਹਿ ਗਿਆ ਹੈ ਖਿਡਾਰੀਆਂ ਨੂੰ ਕੋਈ ਸਹੂਲਤ ਨਹੀ ,ਨੌਕਰੀ ਨਹੀਂ , ਇਨਾਮਾਂ ਤੋਂ ਵਾਂਝੇ ਖਿਡਾਰੀ ਬਾਹਰਲੇ ਰਾਜਾਂ ਵਿੱਚ ਖੇਡਣ ਨੂੰ ਤਰਸਦੇ ਹਨ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਖੇਡ ਸਿਸਟਮ ਅਪਣਾਇਆ ਹੈ ਉੱਥੇ ਬੱਚਿਆਂ ਦਾ ਖੇਡਣਾਂ ਦਾ ਦੂਰ ਦੀ ਗੱਲ ,ਕੋਈ ਪੜ੍ਹਾਈ ਕਰਨ ਨੂੰ ਤਿਆਰ ਨਹੀਂ ਹੈ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕੀ ਹੈ ਨਸ਼ਿਆਂ ਦੇ ਦਰਿਆ ਨੂੰ ਕੋਈ ਠੱਲ ਨਹੀਂ ਪੈ ਰਹੀ ਜੋ ਥੋੜ੍ਹੇ ਬਹੁਤੇ ਬੱਚੇ ਸਿੱਖਿਆ ਵਿੱਚ ਹੁਨਰਮੰਦ ਸਨ ਉਹ ਬੱਚੇ ਵਿਦੇਸ਼ਾਂ ਨੂੰ ਦੌੜ ਗਏ ਹਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਬੇਖਬਰ ਹੋ ਕੇ ਪੰਜਾਬ ਦੀ ਲੁੱਟ ਖਸੁੱਟ ਕਰਨ ਵਿੱਚ ਲੱਗੇ ਹੋਏ ਹਨ ।
ਅੱਜ ਪੰਜਾਬ ਨੂੰ ਹਰ ਖੇਤਰ ਵਿੱਚ ਕਦਮ ਕਦਮ ਤੇ ਬਚਾਉਣ ਦੀ ਲੋੜ ਹੈ ,ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਪ੍ਰਤੀ ਉਨ੍ਹਾਂ ਸੁਹਿਰਦ ਅਤੇ ਫਿਕਰਮੰਦ ਲੋਕਾਂ ਦੀ ਦਿੱਤੀ ਸਲਾਹ ਦੀ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜੇਕਰ ਉਹ ਮੰਨ ਲੈਣ ,ਬੇਨਤੀ ਹੈ ਕਿ ਕੈਪਟਨ ਸਾਹਿਬ ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਸਾਰੇ ਪਬਲਿਕ ਅਤੇ ਸਰਕਾਰੀ ਸਕੂਲਾਂ ਵਿੱਚ ਖੇਡਾਂ ਨੂੰ ਲਾਜ਼ਮੀ ਵਿਸ਼ਾ ਬਣਾ ਦਿਓ ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰੀ ਸ੍ਰੀ ਕਿਰਨ ਰਿਜਿਜੂ ਨੇ ਰਾਸ਼ਟਰੀ ਖੇਡ ਸਿੱਖਿਆ ਬੋਰਡ ਬਣਾਉਣ ਦਾ ਐਲਾਨ ਕੀਤਾ ਜਿਸ ਵਿੱਚ ਸ੍ਰੀ ਰਿਜੀਜੂ ਨੇ ਵੀ ਪੂਰੇ ਮੁਲਕ ਵਿੱਚ ਨਵੀੰ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਲਾਜ਼ਮੀ ਵਿਸ਼ਾ ਬਣਾਉਣ ਦੀ ਵਕਾਲਤ ਕੀਤੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਪਹਿਲਾਂ ਵੀ ਕਈ ਵਾਰ ਕਈ ਮੰਤਰੀਆਂ ਨੇ ਕੀਤੀ ਹੈ ਪਰ ਅਮਲ ਕਦੇ ਵੀ ਕਿਸੇ ਨੇ ਨਹੀਂ ਕੀਤਾ ।
ਪਰ ਜੇਕਰ ਮੁੱਖ ਮੰਤਰੀ ਪੰਜਾਬ ,ਕੈਪਟਨ ਸਾਹਿਬ ਇਹ ਪਹਿਲ ਕਦਮੀ ਕਰ ਲੈਣ ਹੋ ਸਕਦੈ ਪੰਜਾਬ ਦੀ ਕਿਸਮਤ ਦੇ ਭਾਗ ਖੁੱਲ੍ਹ ਜਾਣ, ਸਕੂਲਾਂ ਕਾਲਜਾਂ ਵਿੱਚ ਖੇਡਾਂ ਲਾਜ਼ਮੀ ਵਿਸ਼ਾ ਬਨਣ ਇਸ ਵਿੱਚ ਗੱਤਕਾ ,ਯੋਗਾ ਅਤੇ ਖੇਡਾਂ ਨੂੰ ਇਕੱਠਿਆਂ ਕਰਕੇ ਅਮਲ ਸ਼ੁਰੂ ਹੋਵੇ ਕੁਝ ਖਾਸ ਖੇਡਾਂ ਦੀ ਚੋਣ ਕੀਤੀ ਜਾਵੇ ਜਿਨ੍ਹਾਂ ਵਿੱਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੇ ਵਧੀਆ ਨਤੀਜੇ ਦੇ ਸਕਦੇ ਹਨ ਸਕੂਲਾਂ ਦੇ ਵਕਤ ਦਾ ਆਖਰੀ ਇੱਕ ਘੰਟਾ ਸਿਰਫ ਖੇਡਾਂ ਲਈ ਹੀ ਹੋਵੇ ਜਿਨ੍ਹਾਂ ਬੱਚਿਆਂ ਦੀ ਖੇਡਾਂ ਵਿੱਚ ਕਾਰਗੁਜ਼ਾਰੀ ਵਧੀਆ ਹੋਵੇ ਉਨ੍ਹਾਂ ਵੱਲ ਇੱਕ ਵਿਸ਼ੇਸ਼ ਧਿਆਨ ਵਾਲੀ ਇਹ ਯੋਜਨਾ ਤਿਆਰ ਹੋਵੇ ਜਿਸ ਤਰ੍ਹਾਂ ਯੂਰਪੀਨ ਮੁਲਕਾਂ ਦੇ ਬੱਚੇ ਸਕੂਲਾਂ ਵਿੱਚ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿਥਦੇ ਹਨ ਕਿ ਉਨ੍ਹਾਂ ਨੇ ਕਿਹੜੀ ਖੇਡ ਵਿੱਚ ਅੱਗੇ ਜਾਣਾ ਹੈ ਫਿਰ ਮਾਪੇ ਵੀ ਅਤੇ ਉਥੋਂ ਦੀਆਂ ਸਰਕਾਰਾਂ ਵੀ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੰਦੀਆਂ ਹਨ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਉਸ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਆਪਣਾ ਮਿੱਥਿਆ ਟੀਚਾ ਪੂਰਾ ਕਰ ਸਕਣ ਖਾਸ ਕਰਕੇ ਅਮਰੀਕਾ, ਰੂਸ, ਚੀਨ ਤੋਂ ਇਲਾਵਾ ਬਹੁਤ ਸਾਰੇ ਯੂਰਪੀਨ ਮੁਲਕਾਂ ਦੇ ਵਿੱਚ ਪੜ੍ਹਾਈ ਅਤੇ ਖੇਡਾਂ ਦੇ ਸਿਸਟਮ ਦੀੇ ਸਾਨੂੰ ਨਕਲ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਮੁਲਕਾਂ ਨੇ ਆਪਣੇ ਯੂਥ ਨੂੰ ਸੰਭਾਲਿਆ ਹੋਇਆ ਹੈ ਅਤੇ ਦੇਸ਼ ਦੀ ਬਿਹਤਰੀ ਲਈ ਵਰਤਿਆ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਮੁਲਕਾਂ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਪੋਰਟਸ ਨੂੰ ਲਾਜ਼ਮੀ ਅਤੇ ਉਨ੍ਹਾਂ ਦਾ ਸ਼ੌਂਕ ਬਣਾਇਆ ਹੋਇਆ ਹੈ ਇੱਥੋਂ ਤੱਕ ਕੇ ਭੁੱਖ ਨਾ ਲੜਦੇ ,ਸਹੂਲਤਾਂ ਦੀ ਘਾਟ ਦੇ ਬਾਵਜੂਦ ਅਫਰੀਕਨ ਮੁਲਕ ਘਾਨਾ ,ਕੀਨੀਆ , ਨਜ਼ੀਰੀਆ, ਦੱਖਣੀ ਅਫਰੀਕਾ ਆਦਿ ਮੁਲਕਾਂ ਦੇ ਸਕੂਲਾਂ ਦੀ ਖੇਡ ਪ੍ਰਣਾਲੀ ਵੀ ਬੇਹੱਦ ਸ਼ਲਾਘਾਯੋਗ ਹੈ ।
ਅੱਜ ਦੇ ਪੰਜਾਬ ਦੇ ਸਕੂਲਾਂ ਦਾ ਕੋਈ ਵੀ ਵਿਦਿਆਰਥੀ ਜਾਂ ਬੱਚਾ ਕੰਪਿਊਟਰ ਜਾਂ ਮੋਬਾਈਲ ਫੋਨ ਤੱਕ ਸੀਮਤ ਰਹਿ ਗਿਆ ਹੈ ਪਰ ਜੇਕਰ ਇੱਕ ਲਾਜ਼ਮੀ ਵਿਸ਼ਾ ਸਿੱਖਿਆ ਦੇ ਨਾਲ ਨਾਲ ਖੇਡਾਂ ਦਾ ਹੋਵੇਗਾ ਤਾਂ ਹਰ ਬੱਚਾ ਖੇਡਾਂ ਨਾਲ ਜੁੜੇਗਾ ਤਾਂ ਉਸ ਨੂੰ ਸਰੀਰਕ ਤੰਦਰੁਸਤੀ ਮਿਲੇਗੀ ਓੁਹ ਮਾਨਸਿਕ ਤੌਰ ਤੇ ਮਜ਼ਬੂਤ ਹੋਵੇਗਾ ।ਖੇਡਾਂ ਇਨਸਾਨ ਵਿੱਚ ਜਿੱਥੇ ਦ੍ਰਿੜ੍ਹਤਾ ਨਿਡਰਤਾ ਤੇ ਦਲੇਰੀ ਦੀ ਭਾਵਨਾ ਪੈਦਾ ਕਰਦੀਆ ਹਨ ਉੱਥੇ ਇੱਕ ਮਿੱਤਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਇੱਕ ਟੀਮ ਦੇ ਤੌਰ ਤੇ ਅੱਗੇ ਵਧਣਾ ਸਿਖਾਉਂਦੀਆਂ ਹਨ ਖੇਡਾਂ ਦੇ ਜ਼ਰੀਏ ਹੀ ਸਿੱਖਣ ਦਾ ਮਾਦਾ ਅਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ, ਖੇਡਾਂ ਹੀ ਮਾਣ ਨਾਲ ਜਿੱਤਣਾ ਅਤੇ ਹਾਰਨਾ ਨਾਲ ਸਿਖਾਉਂਦੀਆਂ ਹਨ ਖੇਡਾਂ ਦੇ ਜੇਤੂ ਬੱਚੇ ਦੂਸਰਿਆਂ ਲਈ ਰੋਲ ਆਫ ਮਾਡਲ ਬਣਦੇ ਹਨ ਜਿਸ ਤਰ੍ਹਾਂ ਅੱਜ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ,ਸਰਦਾਰਾ ਸਿੰਘ ,ਬਾਸਕਟਬਾਲ ਵਾਲਾ ਸਟਾਰ ਅਰਸ਼ਪ੍ਰੀਤ ਸਿੰਘ ਭੁੱਲਰ , ਹਾਕੀ ਸਟਾਰ ਗੁਰਜੀਤ ਕੌਰ ,ਕ੍ਰਿਕਟਰ ਹਰਮਨਪ੍ਰੀਤ ਕੌਰ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹਨ ।ਪੂਰੀ ਦੁਨੀਆਂ ਵਿੱਚ ਖੇਡਾਂ ਹੀ ਇੱਕ ਸਰਬ ਧਰਮ ਹਨ ਇੱਥੇ ਕੋਈ ਧਰਮ ਜਾਂ ਜਾਤ ਪਾਤ ਨਹੀਂ ਗਿਣੀ ਜਾਂਦੀ ਜੋ ਜਿੱਤਦਾ ਹੈ ਉਹੀ ਹੀਰੋ ਬਣਦਾ ਹੈ ਹਰ ਸਕੂਲ ਕਾਲਜ ਵਿੱਚ ਓਲੰਪਿਕ ਲਹਿਰ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਓਲੰਪਿਕ ਖੇਡਾਂ ਦੇ ਇਤਿਹਾਸ ਅਤੇ ਓਲੰਪਿਕ ਦੇ ਜੇਤੂਆਂ ਬਾਰੇ ਪਤਾ ਹੋਵੇ ਅਤੇ ਉਹ ਭਵਿੱਖ ਵਿੱਚ ਆਪਣਾ ਟੀਚਾ ਓਲੰਪਿਕ ਜੇਤੂ ਬਣਨ ਦਾ ਮਿੱਥਣ , ਸਰਕਾਰ ਅਤੇ ਮਾਪੇ ਉਨ੍ਹਾਂ ਦੀ ਸਪੋਰਟ ਤੇ ਖੜ੍ਹੇ ਹੋਣ ਫਿਰ ਦੇਖਣਾ ਕਿ ਕੁਝ ਮਹੀਨਿਆਂ ਵਿੱਚ ਪੂਰਾ ਪੰਜਾਬ ਨਸ਼ਾ ਰਹਿਤ ਹੋ ਜਾਵੇਗਾ । ਕੈਪਟਨ ਸਾਹਿਬ, ਪਿਛਲੀ ਸਰਕਾਰ ਨੇ 10 ਸਾਲ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿੱਚ ਘਾਣ ਕੀਤਾ ਅੱਜ ਕੁਦਰਤ ਨੇ ਤੁਹਾਨੂੰ ਰਾਜਨੀਤਕ ਤਾਕਤ ਦਿੱਤੀ ਹੈ ਕਿ ਤੁਸੀਂ ਮੌਤ ਦੇ ਖੂਹ ਚ ਡਿੱਗ ਰਹੇ ਬੱਚਿਆਂ ਨੂੰ ਬਚਾ ਲਓੁ, ਇਹ ਪੰਜਾਬ ਦੇ ਲੋਕਾਂ ਦੀ ਪੁਕਾਰ ਹੈ ਪੰਜਾਬ ਦੇ ਭਲੇ ਦਾ ਕੀਤਾ ਇਹ ਕਰਮ ਰਹਿੰਦੀ ਦੁਨੀਆ ਤੱਕ ਤੁਹਾਡਾ ਦੀਵਾ ਜਗਾਏਗਾ ਜੇਕਰ ਖੁੰਝ ਗਏ ਤਾਂ ਬਾਦਲਾਂ ਦੇ ਮੱਥੇ ਤੇ ਜਵਾਨੀ ਨੂੰ ਖਤਮ ਕਰਨ ਦਾ ਲੱਗਿਆ ਕਲੰਕ ਹੋਰ ਗਹਿਰਾ ਹੋ ਕੇ ਤੁਹਾਡੇ ਸ਼ਾਹੀ ਖਾਨਦਾਨ ਨੂੰ ਸਦਾ ਲਈ ਕਲੰਕਤ ਕਰਦਾ ਰਹੇਗਾ। ਕੈਪਟਨ ਸਾਹਿਬ, ਤੁਸੀਂ ਖੁਦ ਆਪ ਸਿਆਣੇ ਅਤੇ ਸੂਝਵਾਨ ਇਨਸਾਨ ਹੋ, ਪੰਜਾਬ ਦੀ ਸਿਆਸਤ ਦੇ ਰਹਿਨੁਮਾ ਹੋ ਸਾਡੇ ਵਰਗੇ ਆਮ ਲੋਕਾਂ ਦੀਆਂ ਮੱਤਾਂ ਦੀ ਤੁਹਾਨੂੰ ਲੋੜ ਨਹੀਂ ਪਰ ਬਚਾ ਲੋ ਪੰਜਾਬ ਜਿਵੇਂ ਵੀ ,ਕਿਵੇਂ ਵੀ, ਤਿਵੇਂ ਵੀ, ਜੇ ਬੱਚਦਾ ,ਬੱਸ ਤੁਹਾਡੇ ਤੇ ਹੀ ਆਸਾਂ ਹਨ। ਆਸ ਕਰਦੇ ਹਾਂ ਕਿ ਖੇਡਾਂ ਅਗਲੇ ਵਰ੍ਹੇ ਪੰਜਾਬ ਦੇ ਸਕੂਲਾਂ ਵਿੱਚ ਇੱਕ ਲਾਜ਼ਮੀ ਵਿਸ਼ਾ ਹੋਣਗੀਆਂ ।ਪੰਜਾਬ ਦੇ ਬੱਚਿਆਂ ਦਾ ਰੱਬ ਰਾਖਾ !
-
ਜਗਰੂਪ ਸਿੰਘ ਜਰਖੜ, ਲੇਖਕ ਤੇ ਪੱਤਰਕਾਰ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.