ਜਦ ਵੀ ਦੇਸ਼ 'ਤੇ ਕੋਈ ਸੰਕਟ ਪੈਂਦਾ ਹੈ ਤਾਂ, ਮਨ ਦੇ ਅੰਦਰ ਕਈ ਵਲਵਲੇ ਉੱਠਦੇ ਹਨ ਕਿ ਕਿਉਂ ਨਾ ਇਹਦੇ ’ਤੇ ਲਿਖਿਆ ਜਾਵੇ। ਪਰ ਫਿਰ ਸੋਚਦੇ ਹਾਂ ਕਿ ਲਿਖ ਤਾਂ ਦੇਈਏ, ਸੁਣੇਗਾ ਕੌਣ? ਦੁਨੀਆ ਭਰ ਵਿਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਦੇ ਵਿਚ ਵੀ ਕੋਰੋਨਾ ਵਾਇਰਸ ਦੇ ਕੇਸ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਸਾਡੀਆ ਸਰਕਾਰਾ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੋਰੋਨਾ ਵਾਇਰਸ ਦੇ ਨਾਲ ਪੀੜਤਾ ਮਰੀਜ਼ਾ ਦੀ ਗਿਣਤੀ ਨੂੰ ਕੰਟਰੋਲ ਕੀਤਾ ਜਾਵੇ, ਪਰ ਵਿਗੜੇ ਰਹੇ ਹਲਾਤਾਂ ਕਾਰਨ ਕੋਰੋਨਾ ਦੇ ਮਰੀਜ਼ ਵਧਦੇ ਜਾ ਰਹੇ ਹਨ।
ਕੋਰੋਨਾ ਕਹਿਰ ਦੇ ਚਲਦਿਆ ਜਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਵਿਚ 22 ਮਾਰਚ 2020 ਨੂੰ ਪਹਿਲਾ ਤਾਲਾਬੰਦੀ ਅਤੇ ਕਰਫ਼ਿਊ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਕਈ ਦਿਹਾੜੀਦਾਰ ਮਜ਼ਦੂਰ ਵਿਹਲੇ ਹੋ ਗਏ ਸਨ। ਭਾਰਤ ਦੇ ਵਿਚ ਜ਼ਿਆਦਾਤਰ ਮਜ਼ਦੂਰ ਤਬਕਾ ਫ਼ੈਕਟਰੀਆ ਕਾਰਖ਼ਾਨਿਆਂ ਤੋਂ ਇਲਾਵਾ ਭੱਠਿਆ ’ਤੇ ਕੰਮ ਕਰਦਾ ਹੈ। ਕਈ ਮਜ਼ਦੂਰ ਖੇਤਾ ਵਿੱਚ ਕਿਸਾਨਾ ਦੇ ਨਾਲ ਕੰਮ ਵੀ ਕਰਦੇ ਹਨ।
ਜਦ ਤਾਲਾਬੰਦੀ ਅਤੇ ਕਰਫ਼ਿਊ ਦਾ ਦੇਸ਼ ਭਰ ਵਿਚ ਐਲਾਨ ਹੋਇਆ ਤਾਂ ਇਹ ਮਜ਼ਦੂਰ ਬਿਲਕੁਲ ਖ਼ਾਲੀ ਹੱਥ ਹੋ ਗਏ। ਕਿਉਂਕਿ ਐਨਾ ਦੇ ਕੋਲ ਨਾ ਤਾਂ ਪੈਸਾ ਬਚਿਆ ਅਤੇ ਨਾ ਹੀ ਕੋਈ ਖਾਣਾ ਦੇਣ ਵਾਲਾ।
ਸਰਕਾਰ ਨੇ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ ਕਿ ਹਰ ਗ਼ਰੀਬ ਦੇ ਕੋਲ ਖਾਣਾ ਪੁੱਜਦਾ ਹੋ ਜਾਵੇ, ਪਰ ਕੁੱਝ ਕੁ ਵਿਚਾਰੇ ਰਹਿ ਗਏ। ਫ਼ੈਕਟਰੀਆ ਅਤੇ ਕਾਰਖ਼ਾਨਿਆ ਵਿਚ ਕੰਮ ਕਰਨ ਵਾਲੇ ਮਜ਼ਦੂਰਾ ਨੂੰ ਜਦ ਤਨਖ਼ਾਹ ਆਦਿ ਮਿਲਣੀ ਬੰਦ ਹੋ
ਗਈ ਤਾਂ, ਉਨ੍ਹਾਂ ਦੇ ਚੁੱਲੇ ਠੰਢੇ ਪੈਣੇ ਸ਼ੁਰੂ ਹੋ ਗਏ। ਇਕ ਵੇਲੇ ਦੀ ਵੀ ਗ਼ਰੀਬ ਰੋਟੀ ਨੂੰ ਤਰਸਣ ਲੱਗੇ। ਮਜ਼ਦੂਰਾਂ ਨੇ ਸਲਾਹ ਕੀਤੀ ਕਿ ਕਿਉਂ ਨਾ, ਇੱਥੇ ਭੁੱਖੇ ਮਰਨ ਨਾਲੋਂ ਚੰਗਾ ਹੈ ਕਿ ਆਪਣੇ ਸੂਬੇ ਵੱਲ ਹੀ ਵਾਪਸ ਚੱਲ ਪਈਏ, ਉੱਥੇ ਜਾ ਕੇ ਕੋਈ ਕੰਮ ਧੰਦਾ ਮਾੜਾ ਮੋਟਾ ਕਰਕੇ, ਗੁਜ਼ਾਰੇ ਜੋਗੇ ਹੋ ਜਾਵਾਗੇ।
ਮਾਰਚ ਦੇ ਆਖ਼ਰੀ ਹਫ਼ਤੇ ਤੋਂ ਮਜ਼ਦੂਰ ਕੋਈ ਪੈਦਲ, ਕੋਈ ਸਾਈਕਲਾਂ ’ਤੇ, ਕੋਈ ਰੇਲ ਪਟੜੀਆ ਰਾਹੀਂ ਅਤੇ ਕਈ ਮਜ਼ਦੂਰ ਹੋਰਨਾ ਸਾਧਨਾ ਰਾਹੀਂ ਆਪਣੇ ਜੱਦੀ ਘਰਾਂ ਨੂੰ ਚਾਲੇ ਪਾਉਣ ਲੱਗ ਪਏ। ਤੁਰਦੇ ਤੁਰਦੇ ਕਈਆ ਦੀਆਂ ਤਾਂ ਚੱਪਲਾਂ ਤੱਕ
ਘਸ ਗਈਆ। ਇਸ ਦਾ ਇਕ ਕਾਰਨ ਸੀ, ਕਿ ਜੇਕਰ ਮਜ਼ਦੂਰਾਂ ਨੂੰ ਕਾਰਖ਼ਾਨਿਆ ਦੇ ਮਾਲਕ, ਫ਼ੈਕਟਰੀਆ ਦੇ ਮਾਲਕ ਇਸ ਤਰ੍ਹਾਂ ਬੇਸਹਾਰਾ ਨਾ ਛੱਡਦੇ ਤਾਂ, ਉਹ ਵੀ ਇੱਥੇ ਰਹਿ ਕੇ ਦੋ ਵੇਲੇ ਦੀ ਨਾ ਸਹੀ, ਇੱਕ ਵੇਲੇ ਦੀ ਤਾਂ ਰੋਟੀ ਖਾਂਦੇ। ਵੱਡਿਆ ਘਰਾਣਿਆ ਨੇ ਮਜ਼ਦੂਰਾਂ ਨੂੰ ਇੰਜ ਆਪਣੇ ਨਾਲੋਂ ਤੋੜ ਦਿੱਤਾ, ਜਿਵੇਂ ਮਜ਼ਦੂਰਾ ਨੇ ਉਨ੍ਹਾਂ ਕੋਲ ਕੋਈ ਕੰਮ ਕਰ ਕੇ ਗੁਨਾਹ ਕੀਤਾ ਹੁੰਦਾ ਹੈ।
ਦੇਸ਼ ਦਾ ਤਕਰੀਬਨ ਹੀ ਸਿਸਟਮ ਪ੍ਰਵਾਸੀ ਮਜ਼ਦੂਰ ਚਲਾਉਦੇ ਹਨ, ਜਿਸ ਦੇ ਕਾਰਨ ਉਕਤ ਸਿਸਟਮ ਤਾਂ ਪਹਿਲਾਂ ਹੀ ਕੋਰੋਨਾ ਦੇ ਕਾਰਨ ਬੰਦ ਹੋ ਚੁੱਕਿਆ ਸੀ, ਪਰ ਜੋ ਵੱਡਾ ਧੱਕਾ ਵੱਡੇ, ਘਰਾਣਾਆ ਨੇ ਲਗਾਇਆ, ਉਹ ਬਰਦਾਸ਼ਤ ਕਰਨ ਯੋਗ ਨਹੀਂ ਸੀ। ਭੱਠਿਆ ਵਾਲਿਆ ਨੇ ਵੀ ਆਪਣੇ ਜ਼ਿਆਦਾਤਰ ਮਜ਼ਦੂਰਾ ਨੂੰ ਆਪਣੇ ਭੱਠੇ ਤੋਂ ਜਾਣ ਲਈ ਮਜਬੂਰ
ਕਰ ਦਿੱਤਾ। ਮਜ਼ਦੂਰਾਂ ਦਾ ਇੱਥੇ ਕੋਈ ਪੱਕਾ ਘਰ ਬਾਹਰ ਤਾਂ ਹੈ ਨਹੀਂ ਸੀ, ਉਹ ਵਿਚਾਰੇ ਔਖੇ ਪੈਂਡੇ ਹੀ ਘਰਾਂ ਨੂੰ ਜਾਣ ਲੱਗ ਪਏ। ਜਦ ਕਿ ਚਾਹੀਦਾ ਤਾਂ, ਇਹ ਸੀ ਕਿ ਭੱਠਿਆ ਦੇ ਮਾਲਕ ਮਜ਼ਦੂਰਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ।
ਸਰਕਾਰ ਜਿੰਨੇ ਜੋਗੀ ਸੀ, ਉਨ੍ਹਾਂ ਨੇ ਮਜ਼ਦੂਰਾਂ ਦੀ ਮਦਦ ਕੀਤੀ, ਪਰ ਫ਼ੈਕਟਰੀਆ ਕਾਰਖ਼ਾਨਿਆਂ ਅਤੇ ਭੱਠਿਆਂ ਵਾਲਿਆ ਨੇ ਮਜ਼ਦੂਰਾ ਦੀ ਬਾਹ ਛਡ ਦਿੱਤੀ। ਘਰ ਜਾਂਦੇ ਸਮੇ ਮਜ਼ਦੂਰਾਂ ਨੂੰ ਕਈ ਪ੍ਰਕਾਰ ਦੀਆ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰ, ਜਿਹੜੇ ਕਿ ਵਿਚਾਰੇ ਪਹਿਲਾਂ ਹੀ ਕਈ ਦੁੱਖ ਤਕਲੀਫ਼ਾ ਦੇ ਮਾਰੇ ਹੋਏ ਸਨ, ਉਹ ਕਈ ਮੁਸੀਬਤਾ ਦੇ ਰਸਤੇ ਵਿਚ ਹੀ ਸ਼ਿਕਾਰ ਹੋ ਗਏ। ਕਈ ਮਜ਼ਦੂਰ ਵਿਚਾਰੇ ਸੜਕ ਹਾਦਸਿਆ ਵਿਚ ਮਾਰੇ ਗਏ, ਕਈ ਵਿਚਾਰੇ ਰੇਲ ਪਟੜੀਆ ’ਤੇ ਮਾਰੇ
ਗਏ, ਕਈਆ ਨੇ ਭੁੱਖ ਕਾਰਨ ਦਮ ਤੋੜ ਦਿੱਤਾ ਅਤੇ ਕਈ ਵਿਚਾਰਿਆ ਨੂੰ ਤਾਂ ਇਹ ਵੀ ਨਹੀ ਸੀ ਪਤਾ ਕਿ ਕਦੋਂ ਉਹ ਘਰ ਜਾਣਗੇ ਅਤੇ ਉੱਥੇ ਬਹਿ ਕੇ ਚੰਗੀ ਤਰ੍ਹਾਂ ਭੋਜਨ ਛਕਣਗੇ। ਇਕ ਤਸਵੀਰ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਬਹੁਤ
ਜ਼ਿਆਦਾ ਵਾਇਰਲ ਹੋਈ, ਜਿਸ ਨੇ ਮੇਰੇ ਮਨ ਨੂੰ ਬਹੁਤ ਦੁਖ ਪਹੁੰਚਾਇਆ, ਕਿਉਕਿ ਉਹ ਤਸਵੀਰ ਹੀ ਐਸੀ ਸੀ, ਕਿ ਉਸ ਨੂੰ ਵੇਖ ਕੇ ਹਰ ਕੋਈ ਰੋਣ ਵਰਗਾ ਹੋ ਜਾਦਾ।
ਤਸਵੀਰ ਦੇ ਵਿਚ ਦੇ ਵਿਚ ਇਕ ਛੋਟਾ ਜਿਹਾ ਬੱਚਾ ਆਪਣੇ ਮਾਲਕ ਦੇ ਜੁਤੇ ਸਾਫ਼ ਕਰ ਰਿਹਾ ਹੁੰਦਾ ਹੈ। ਮਾਲਕ ਬੱਚੇ ਦੇ ਮੋਢੇ ’ਤੇ ਪੈਰ ਧਰਦਾ ਹੈ ਅਤੇ ਉਸ ਬੱਚੇ ਨੂੰ ਦੂਜਾ ਜੁੱਤਾ ਸਾਫ਼ ਕਰਨ ਲਈ ਆਖਦਾ ਹੈ। ‘‘ਮਜ਼ਦੂਰ ਦਾ ਬਚਾ ਆਪਣੇ ਮਾਲਕ ਨੂੰ ਕਹਿੰਦਾ, ਹੁਣ ਅਸੀ ਤਾਂ ਸ਼ਹਿਰ ਛੱਡ ਦਿੱਤਾ ਹੈ, ਤੁਸੀ ਹੁਣ ਜੁੱਤੇ ਕਿਸ ਤੋਂ ਬਣਵਾਉਗੇ ਸਾਹਬ ? ਹੁਣ ਬੇਬਸ ਕਿਸ ਨੂੰ ਕਹੋਗੇ ਅਤੇ ਆਪਣੀ ਅਮੀਰੀ ਕਿਸ ਨੂੰ ਦਿਖਾਉਗੇ ਸਾਹਬ’’।
ਮਜ਼ਦੂਰ ਬੱਚੇ ਦੁਆਰਾ ਕਹੇ ਗਏ, ਇਹ ਸ਼ਬਦ ਇੰਨੇ ਦਰਦ ਭਰੇ ਹਨ ਕਿ ਕੋਈ ਆਖਣ ਦੀ ਗੱਲ ਨਹੀਂ। ਜਿਹੜਾ ਅਮੀਰ ਵਿਅਕਤੀ ਜੁੱਤਿਆ ਦੇ ਫੀਤੇ ਵੀ ਮਜ਼ਦੂਰ ਬੱਚੇ ਕੋਲੋਂ ਬੰਨਵਾਉਦਾਂ ਸੀ, ਉਸ ਨੇ ਵੀ ਮਜ਼ਦੂਰ ਬੱਚੇ ਨੂੰ ਘਰੇ ਘੱਲਣ ਨੂੰ ਮਜਬੂਰ ਕਰ ਦਿੱਤਾ।
ਜਿਸ ਬੱਚੇ ਨੇ ਨਿੱਕੀ ਉਮਰ ਤੋਂ ਹੀ ਆਪਣੇ ਮਾਲਕ ਦਾ ਕਹਿਣਾ ਮੰਨਣਾ ਸਿੱਖ ਲਿਆ, ਉਸੇ ਬੱਚੇ ਨੂੰ ਹੀ ਅਮੀਰ ਵਿਅਕਤੀ ਨੇ ਠੁੱਡਾ ਮਾਰ ਦਿੱਤਾ। ਜੇਕਰ ਇਹੀ ਅਮੀਰ ਵਿਅਕਤੀ ਨੇ, ਜਿੰਨਾ ਨੇ ਮਜ਼ਦੂਰਾ ਨੂੰ ਪਹਿਲਾਂ ਰੁਜ਼ਗਾਰ ਦਿੱਤਾ ਸੀ, ਜੇਕਰ
ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰਾਨ ਉਨ੍ਹਾਂ ਗ਼ਰੀਬਾਂ ਦੀ ਮਦਦ ਕਰਦੇ ਤਾਂ, ਕਿੰਨਾ ਚੰਗਾ ਹੁੰਦਾ ਅਤੇ ਉਕਤ ਗ਼ਰੀਬ ਵੀ ਉਨ੍ਹਾਂ ਦੇ ਸਾਰੀ ਉਮਰਾ ਹੀ ਗੁਣ ਗਾਉਦੇ ਰਹਿੰਦੇ। ਪਰ ਅਫ਼ਸੋਸ, ਅਜਿਹਾ ਨਹੀਂ ਹੋ ਸਕਿਆ।
ਅਮੀਰ ਵਿਅਕਤੀ ਨੇ ਆਪਣੀ ਅਮੀਰੀ ਵਿਖਾਉਣੀ ਨਹੀਂ ਛੱਡੀ, ਜਿਸ ਦੇ ਕਾਰਨ ਅਨੇਕਾ ਬੱਚੇ, ਮਜ਼ਦੂਰ, ਔਰਤਾਂ ਭੁੱਖੇ ਥਿਆਏ ਰਸਤੇ ਵਿਚ ਹੀ ਭਟਕਦੇ ਰਹੇ। ਅਮੀਰ ਲੋਕਾਂ ਨੂੰ ਜਦ ਤਾਂ ਮਜ਼ਦੂਰਾਂ ਤੱਕ ਕੰਮ ਹੁੰਦਾ ਸੀ, ਉਦੋਂ ਤਾਂ, ਉਹ ਯੂ.ਪੀ. ਬਿਹਾਰ ਤੋਂ ਮਜ਼ਦੂਰ ਨੂੰ ਲੈ ਕੇ ਆਉਦੇ ਸਨ, ਪਰ ਹੁਣ ਜਦੋਂ ਉਨ੍ਹਾ ’ਤੇ ਮੁਸੀਬਤ ਪਈ ਹੈ, ਕਿਸੇ ਨੇ ਉਨ੍ਹਾਂ ਦੀ ਬਾਤ ਤੱਕ ਨਹੀਂ ਪੁੱਛੀ। ਮਜ਼ਦੂਰ ਜੋ ਪੈਦਲ ਘਰ ਨੂੰ ਹੁਣ ਵੀ ਜਾ ਰਹੇ ਹਨ, ਹੁਣ ਵੀ ਕੋਈ ਉਨ੍ਹਾਂ ਨੂੰ ਰੋਕ ਨਹੀਂ ਰਿਹਾ, ਪਤਾ ਨਹੀ ਕਿਉ ?
ਪ੍ਰਵਾਸੀ ਮਜ਼ਦੂਰਾ ਦੇ ਬਹੁਤੇ ਬੱਚੇ ਬਹੁਤ ਹੁਸ਼ਿਆਰ ਸਨ, ਜੋ ਕਿ ਇੱਥੇ ਮੈਰਿਟ ਵਿਚ ਵੀ ਆਉਂਦੇ ਸਨ। ਪੰਜਾਬ ਦੇ ਅੰਦਰ ਰਹਿ ਕੇ ਉਹ ਕਾਫ਼ੀ ਜ਼ਿਆਦਾ ਵਧੀਆ ਪੜ੍ਹਾਈ ਕਰ ਰਹੇ ਸਨ। ਪਰ ਜਦ ਹੁਣ ਉਹ ਬੱਚੇ ਇੱਥੋਂ ਜਾ ਚੁੱਕੇ ਹਨ ਤਾਂ ਉਨ੍ਹਾਂ ਦਾ ਭਵਿੱਖ
ਉੱਥੇ ਸੁਰੱਖਿਅਤ ਨਹੀਂ ਹੋਵੇਗਾ।
ਯੂ.ਪੀ. ਬਿਹਾਰ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਹੋਰਨਾ ਰਾਜਾਂ ਤੋਂ ਜਿਹੜੇ ਮਜ਼ਦੂਰ ਪੰਜਾਬ ਕੰਮ ਕਰਨ ਆਏ ਸਨ, ਉਨ੍ਹਾਂ ਦੇ ਬੱਚੇ ਇਥੇ ਪੰਜਾਬ ਵਿਚ ਹੀ ਪੜ੍ਹ ਲਿਖ ਕੇ ਵਡੇ ਅਫ਼ਸਰ ਬਣ ਗਏ, ਪਰ ਹੁਣ ਬਹੁਤੇ ਬੱਚਿਆ ਦਾ ਅਫ਼ਸਰ ਬਣਨ ਦਾ ਸੁਪਨਾ ਵੀ ਖ਼ਤਮ ਹੋ ਜਾਵੇਗਾ। ਗ਼ਰੀਬਾ ਦੇ ਹਥੋਂ ਕੋਰੋਨਾ ਵਾਇਰਸ ਪੜ੍ਹਾਈ ਹੀ ਖੋਹ ਕੇ ਲੈ ਗਿਆ ਹੈ। ਦੇਸ਼ ਦਾ ਵੱਡਾ ਹਿੱਸਾ ਗ਼ਰੀਬ ਮਜ਼ਦੂਰ ਤਬਕਾ ਕਾਰਖ਼ਾਨਿਆ ਤੇ ਫ਼ੈਕਟਰੀਆ ਅਤੇ ਭਠਿਆ ’ਤੇ ਕੰਮ ਕਰਦਾ ਹੈ, ਜੇਕਰ ਇਹੀ ਕਾਰਖ਼ਾਨਿਆ ਵਾਲੇ, ਫ਼ੈਕਟਰੀਆ ਵਾਲੇ ਅਤੇ ਭੱਠਿਆ ਵਾਲੇ ਮਜ਼ਦੂਰਾ ਦੀ ਮਦਦ ਕਰਦੇ ਤਾਂ, ਖੋਰੇ ਉਨ੍ਹਾਂ ਮਜ਼ਦੂਰਾ ਨੂੰ ਇੱਥੌਂ ਜਾਣਾ ਹੀ ਨਾ ਪੈਂਦਾ।
ਗਰਭਵਤੀ ਔਰਤਾਂ, ਜੋ ਕਿ ਰਸਤੇ ਦੇ ਵਿਚ ਹੀ ਕਈ ਮੁਸੀਬਤਾਂ ਝੱਲਦੀਆਂ ਰਹੀਆਂ, ਕਈ ਵਿਚਾਰੀਆਂ ਨੇ ਰਸਤੇ ਦੇ ਵਿਚਕਾਰ ਬੱਚਿਆਂ ਨੂੰ ਜਨਮ ਦਿੱਤਾ, ਉਨ੍ਹਾਂ ਦੀਆਂ ਤਸਵੀਰਾਂ ਵੇਖ ਕੇ ਮਨ ਬਹੁਤ ਦੁਖੀ ਹੋ ਜਾਦਾ ਹੈ। ਕਈ ਵਿਚਾਰੇ ਰੋਟੀ ਨੂੰ ਤਰਸ ਗਏ, ਕਈਆਂ ਨੂੰ ਦਿਹਾੜੀ ਨਹੀਂ ਮਿਲੀ ਅਤੇ ਕਈ ਰਸਤੇ ਵਿੱਚ ਹੀ ਮਾਰੇ ਗਏ। ਕੋਰੋਨਾ ਬਿਮਾਰੀ ਵਾਕਿਆ ਹੀ ਬੜੀ ਖ਼ਤਰਨਾਕ ਹੈ, ਜਿਸ ਨੇ ਹੁਣ ਤੱਕ ਦੁਨੀਆ ਨੂੰ ਹੀ ਆਪਣੀ ਲਪੇਟ ਵਿਚ ਲੈ ਕੇ ਰੱਖ ਲਿਆ ਹੈ। ਕੋਰੋਨਾ ਵਰਗੀ ਭਿਆਨਕ ਬਿਮਾਰੀ, ਰੱਬ ਕਿਸੇ ਨੂੰ ਨਾ ਲਾਵੇ। ਕੋਰੋਨਾ ਨੇ ਜਿੱਥੇ ਬਹੁਤ ਸਾਰੇ ਪ੍ਰਾਈਵੇਟ ਕਾਮਿਆ ਨੂੰ ਬੇਰੁਜ਼ਗਾਰ ਕਰ ਦਿੱਤਾ, ਉਥੇ ਹੀ ਵੱਡਾ ਹਿਸਾ ਗ਼ਰੀਬਾਂ ਦਾ ਵੀ ਵਿਹਲਾ ਹੋ ਗਿਆ।
ਮਜ਼ਦੂਰ, ਕਿਸਾਨ ਕਿਰਤੀ, ਵਿਦਿਆਰਥੀ, ਨੌਜਵਾਨ ਬੇਰੁਜ਼ਗਾਰਾਂ ਨੂੰ ਕੋਰੋਨਾ ਵਾਇਰਸ ਦੇ ਚਲਦਿਆ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਨੇ ਉਜਾੜ ਕੇ ਰੱਖ ਦਿੱਤਾ ਹੈ ਗ਼ਰੀਬਾ ਦੀ ਤਾਂ ਪਹਿਲਾਂ ਹੀ ਰੋਟੀ ਪੂਰੀ ਨਹੀਂ ਸੀ ਹੁੰਦੀ, ਉੱਪਰੋਂ ਤਾਲਾਬੰਦੀ ਅਤੇ ਕਰਫ਼ਿਊ ਨੇ ਉਨ੍ਹਾਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ। ਚਲੋ ਤਾਲਾਬੰਦੀ ਅਤੇ ਕਰਫ਼ਿਊ ਵੀ ਬਿਮਾਰੀ ਤੋਂ ਬਚਣ ਲਈ ਜ਼ਰੂਰੀ ਸੀ, ਕਿਉਕਿ ਬਿਮਾਰੀ ਖ਼ਤਰਨਾਕ ਸੀ। ਪਰ ਗ਼ਰੀਬਾਂ ਵਿਚਾਰੇ ਤਾਂ, ਭੁੱਖੇ ਹੀ ਘਰਾਂ ਨੂੰ ਚਲੇ ਗਏ। ਕਿਸੇ ਨੂੰ ਇਕ ਵੇਲੇ ਦੀ ਰੋਟੀ ਮਿਲੀ, ਕਈ 10/10 ਦਿਨਾਂ ਦੇ ਭੁੱਖੇ ਰਸਤਿਆ ਵਿਚ ਹੀ ਭਟਕਦੇ ਰਹੇ। ਕੋਈ ਵੀ ਵਿਅਕਤੀ ਰੋਕਣ ਵਾਲਾ, ਇਨ੍ਹਾ ਮਜ਼ਦੂਰਾ ਨੂੰ ਨਹੀਂ ਆਇਆ।
ਮਜ਼ਦੂਰਾ ਦੀ ਹਾਲਤ ਇਸ ਵੇਲੇ ਬੇਹਦ ਮਾੜੀ ਹੋ ਚੁੱਕੀ ਹੈ। ਸਾਡੀਆਂ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਨਾਲ ਹੀ ਸਾਡੀ ਉਨ੍ਹਾਂ ਕਾਰਖ਼ਾਨਿਆਂ, ਭੱਠਿਆ ਵਾਲਿਆ ਅਤੇ ਫ਼ੈਕਟਰੀਆ ਦੇ ਮਾਲਕਾ ਨੂੰ ਵੀ ਅਪੀਲ ਹੈ ਕਿ ਉਹ ਹੁਣ
ਜਦੋਂ ਵੀ ਮਜ਼ਦੂਰਾ ਨੂੰ ਦੂਜੇ ਸੂਬਿਆਂ ਤੋਂ ਲੈ ਕੇ ਆਉਣ ਤਾਂ, ਉਨ੍ਹਾਂ ਦੀ ਪੂਰੀ ਕੇਅਰ ਕਰਨ। ਕਿਉਂਕਿ ਮਜ਼ਦੂਰਾਂ ਬਿਨਾਂ ਸਾਡਾ ਦੇਸ਼ ਨਹੀਂ ਚੱਲ ਸਕਦਾ। ਮਜ਼ਦੂਰ ਜਮਾਤ ਹੀ ਇਕ ਅਜਿਹੀ ਜਮਾਤ ਹੈ, ਜਿਸ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਉੱਪਰ ਚੁੱਕਣ
ਵਿਚ ਮਦਦ ਕਰਨੀ ਹੁੰਦੀ ਹੈ, ਪਰ ਜੇਕਰ ਮਜ਼ਦੂਰ ਹੀ ਨਾ ਬਚੇ ਤਾ ਦੇਸ਼ ਕਿਵੇ ਬਚੇਗਾ।
ਇਸ ਲਈ ਹੁਣ ਵੇਲਾ ਹੈ, ਔਖੀ ਘੜੀ ਦੇ ਵਿਚ ਮਜ਼ਦੂਰਾ ਦੇ ਨਾਲ ਖੜੇ ਹੋਣ ਦਾ। ਜਿੰਨਾਂ ਹੋ ਸਕੇ, ਗ਼ਰੀਬ ਮਜ਼ਦੂਰਾਂ ਦੀ ਮਦਦ ਕਰੋ ਤਾਂ, ਜੋ ਉਹ ਇੱਥੇ ਰਹਿ ਕੇ ਹੀ ਗੁਜ਼ਾਰਾ ਕਰ ਸਕਣ ਅਤੇ ਸਿਸਟਮ ਨੂੰ ਚਲਾਉਣ ਵਿਚ ਮਦਦ ਕਰ ਸਕਣ। ਉਮੀਦ ਹੈ ਕਿ ਸਾਡੀਆਂ ਸਰਕਾਰਾਂ, ਕਾਰਖ਼ਾਨਿਆਂ, ਭਠਿਆਂ ਅਤੇ ਫ਼ੈਕਟਰੀਆਂ ਦੇ ਮਾਲਕ ਮਜ਼ਦੂਰਾਂ ਦੀ ਮਦਦ ਲਈ ਜ਼ਰੂਰ ਅੱਗੇ ਆਉਣਗੇ।
-
ਪਰਮਜੀਤ ਕੌਰ ਸਿੱਧੂ, ਲੇਖਕ
*****************
+91 981489 0905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.