ਤੂੰ ਹੀਂ ਹੋਵੇਂਗੀ
ਹੋਰ ਕੌਣ ਹੋ ਸਕਦਾ ਹੈ-
ਸੱਜਰੀ ਸਵੇਰ ਵਰਗਾ
ਨੈਣ ਨਕਸ਼ ਸਾਰੇ
ਸੋਹਣੀ ਗਜ਼ਲ ਵਰਗੇ-
ਮਹਫ਼ਿਲ ਸਾਰੀ
ਸੁੰਨ੍ਹ ਜੇਹੀ ਹੋ ਗਈ ਸੀ ਤੱਕ ਤੱਕ ਤੈਨੂੰ
ਟੋਰ ਵੀ ਵਧੀਆ ਮਹਿਕਦੇ ਸ਼ੇਅਰਾਂ ਵਰਗੀ
ਇੱਕ ਤੋਂ ਇੱਕ ਵੱਧ ਕਦਮ
ਜਿਵੇਂ ਪੈਲੀਂ ਮਸਤੀ-ਮੋਰਨੀ
ਗਿੱਲੇ ਕਾਲੇ ਵਾਲ ਛੰਡਦੀ ਬੱਦਲੀ ਛੱਤ ਤੇ
ਖਬਰੇ ਸਤਰਾਂ ਦੀ ਵਡਿਆਈ
ਸਰਘੀ ਲੈ ਜਿਵੇਂ ਰਿਸ਼ਮਾਂ ਆਈ
ਇੱਕ ਇੱਕ ਹਰਫ਼ ਸੁਰਮ ਸਿਲਾਈ
ਚਾਨਣੀ ਹਿੱਕ ਜਿਵੇਂ ਭਰੀ ਭਰਾਈ
ਓਦਣ ਚੰਨ ਓਹਲੇ ਹੋ ਕੇ ਛੁਪ ਗਿਆ ਸੀ
ਜਦੋਂ ਤੇਰੇ ਆਉਣ ਨਾਲ ਰਾਤ ਖਿੜ੍ਹ ਗਈ ਸੀ
ਸੁਗੰਧੀਆਂ ਦੀ ਬਰਸਾਤ ਹੋਈ
ਤੇਰੇ ਨਾਲ ਪਹਿਲੀ ਮੁਲਾਕਾਤ ਹੋਈ
ਹਰ ਪੱਬ ਤੇ ਨੱਚ ਉੱਠੇ ਸਿਤਾਰੇ
ਪਰਬਤ ਵਾਦੀ ਚੁੱਪ ਨਜ਼ਾਰੇ
ਦੂਰੋਂ ਸੁਪਨੇ ਸੇਕਣ ਸਾਰੇ-
ਸੁੱਚੇ ਦਰਪਣ ਅਰਸ਼ ਹੁਲਾਰੇ
ਦਿੱਲ ਕਰਦਾ-
ਇੱਕ ਰੁੱਖ ਕਹਿੰਦਾ ਸੀ
ਹੱਥ ਚ ਤੇਰਾ ਹੱਥ ਘੁੱਟ ਲਵਾਂ
ਤੇ ਭੁੱਲ ਜਾਵਾਂ ਮੈਂ ਆਲਮ ਸਾਰਾ
ਜਿਵੇਂ ਅਰਸ਼ ਹੋਵੇ ਹੇਠ ਮੈਂ ਉਡਾਂ ਤੇਰੇ ਨਾਲ ਉਸ ਤੋਂ ਵੀ ਉਪਰ
ਤੇਰੇ ਕੋਲ ਖਬਰੇ ਕੀ ਮੰਤਰ
ਟੁਰਦੀ ਜਾਂਵੇਂ ਲੋਅ ਨਿਰੰਤਰ
ਓਸ ਦਿਨ ਪੰਛੀਆਂ ਨੇ
ਚੁੱਪ ਧਾਰ ਲਈ ਸੀ
ਤੇਰੇ ਗੀਤ ਸੁਣਨ ਲਈ
ਮੰਤਰਮੁਗਧ ਕੀਤੀ ਤੈਂ ਸਾਰੀ ਕਾਇਨਾਤ
ਜਿਵੇਂ ਬੀਨ ਤੇ ਸਰਪ ਮੁਗਧ ਹੋਵੇ ਨੱਚਦਾ
ਮਰਮਰ ਦੀ ਕੋਈ ਜਾਂਪੇ ਬੁੱਤ
ਗੋਦੀ ਚੰਨ ਗੋਰਾ ਜੇਹਾ ਪੁੱਤ
ਪੱਤਝੜ ਉਮਰੇ ਹੁਸਨ ਦੀ ਰੁੱਤ
ਅੰਬਰੀ ਲੱਕ 'ਤੇ ਸੱਪਣੀ ਗੁੱਤ
ਤੂੰ ਆਂਵੇਂ ਤਾਂ ਪਿੰਡ ਵਸਦਾ ਹੈ
ਹਰ ਰੁੱਖ ਚੰਦਰਾ ਦੁੱਖ ਦੱਸਦਾ ਹੈ
ਫੁੱਲ ਨਵੇਂ ਖਿੜ੍ਹਨ ਗੁਲਾਬੀਂ
ਸੁਰ ਨਵੇਂ ਤਰਨ ਰਬਾਬੀਂ
ਨਜ਼ਮਾਂ ਸਫ਼ੇ ਤੁਰਨ ਕਿਤਾਬੀਂ
ਰੰਗ ਵਟਣੇ ਦੇ ਚੜ੍ਹਣ ਸ਼ਬਾਬੀਂ
ਜੋਬਨ ਡੁੱਲੇ ਰੁੱਤ ਕੁਆਰੀ
ਅੰਗ ਅੰਗ ਨੂੰ ਚੜ੍ਹੀ ਖ਼ੁਮਾਰੀ
ਚੰਨ ਕਿਸੇ ਨੂੰ ਲੱਭਦੀ ਹਾਰੀ
ਖੁਸ਼ਬੂ ਕਿਰਦੀ ਜਾਵੇ ਸਾਰੀ
ਸਿਖ਼ਰ ਦੁਪਹਿਰਾ ਚਾਅ ਅੰਬਾਂ ਦਾ
ਇਸ਼ਕ ਕੋਈ ਲੱਭਦਾ ਰਾਹ ਖੰਭਾਂ ਦਾ
ਆਵੇ ਕੋਈ ਦਿੱਲ ਜੇਹਾ ਖੋਲ੍ਹੇ
ਮਿਲਣਾ ਚਾਹੇ ਓਹਲੇ ਓਹਲੇ
ਦੁਨੀਆਂ ਨੂੰ ਕੋਈ ਖ਼ਬਰ ਨਾ ਲੱਗੇ
ਇੰਜ਼ ਮਿਲੀਏ ਨੀ ਪਹਿਲੀਏ ਅੱਗੇ
ਮਿਸਰਾ ਆਪੇ ਸ਼ੇਅਰ ਹੈ ਬਣਨਾ
ਜਦ ਬਣ ਸੰਵਰ ਪੱਬ ਬਾਹਰ ਤੂੰ ਧਰਨਾ
ਹੁਸਨ ਨੇ ਜਦ ਛੱਤ ਤੇ ਚੜ੍ਹਨਾ
ਵਾਲ ਸੁਕਾਉਣ ਬਹਾਨਾ ਘੜ੍ਹਨਾ
ਹੁਸਨ ਇਸ਼ਕ ਨੂੰ ਅੱਗ ਨੇ ਖਾਣਾ
ਚਾਨਣੀ ਨੇ ਚੰਨ ਜੰਮਣ ਜਾਣਾ
ਗੱਲਾਂ ਸਨ ਸੱਭ ਮਿੱਠੀਆਂ ਮਿੱਠੀਆਂ
ਖਬਰੇ ਕਿੱਥੋਂ ਆਈਆਂ ਚਿੱਠੀਆਂ
ਇਹੋ ਜੇਹੀਆਂ ਨਾ ਦਿਸਣ ਹਵਾਵਾਂ
ਭਰ ਭਰ ਡੁੱਲ੍ਹਣ ਪਹਿਲੇ ਚਾਵਾਂ
ਮੱਥੇ ਤਾਰੇ ਰਾਹੀਂ ਛਾਂਵਾਂ
ਡਾਹ ਤੂੰ ਹਿੱਕ ਮੈਂ ਗੀਤ ਵਿਛਾਵਾਂ
ਗਜ਼ਲੇ ਨੀ ਓਹਦੇ ਵਰਗੀ ਹੋ ਜਾ
ਪੋਲੇ ਪੱਬ ਧਰ ਹਿੱਕ ਚ ਸਮੋ ਜਾ
ਕੁਝ ਗੰਢਾਂ ਤਾਂ ਗ਼ਮ ਦੀਆਂ ਧੋ ਜਾ
ਸਾਹੀਂ ਡੁੱਲ੍ਹਦਾ ਹੁਸਨ ਪਰੋ ਜਾ
ਪਲ ਉਡੀਕ ਦੇ ਦਰੋਂ ਹੂੰਝਦੇ
ਉਦਾਸ ਰਾਤ ਦੇ ਹੰਝੂ ਪੂੰਝਦੇ
ਤੂੰ ਆਈ ਤਾਂ ਖੁਸ਼ੀਆਂ ਆਉਣਾ
ਨਵਾਂ ਸੂਟ ਸਮਾਇਆ ਪਾਉਣਾ
ਗ਼ਮ ਚੁੱਕ ਨਵਾਰੀ ਪਲੰਘ ਹੈ ਡਾਉਣਾ
ਫਿਰ ਤੈਨੂੰ ਹੋਟਾਂ ਸੰਗ ਲਾਉਣਾ
-
ਡਾ ਅਮਰਜੀਤ ਟਾਂਡਾ, ਲੇਖਕ
drtanda101@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.