ਗੁਰਦੇਵ ਸਿੰਘ ਮਾਨ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਤੇ ਹਰਫਨ ਮੌਲਾ ਤੇ ਬਹੁ ਪੱਖੀ ਸਾਹਿਤਕਾਰ ਹੈ ਜਿਸਦੀ ਕਲਮ ਨੇ ਜਦੋਂ ਅੰਗੜਾਈ ਲਈ ਤਾਂ ਪੰਜਾਬੀ ਸਾਹਿਤ ਦੀ ਹਰ ਬਹਾਰ ਉਸ ਤੋਂ ਕੁਰਬਾਨ ਗਈ
ਗੁਰਦੇਵ ਸਿੰਘ ਮਾਨ ਨੇ ਗੀਤਕਾਰੀ ਤੋਂ ਸ਼ੁਰੂ ਹੋਕੇ ਵਾਰਤਕ , ਇਕਾਂਗੀ , ਰੇਖਾ ਚਿੱਤਰ
ਕਹਾਣੀ ,ਨਾਵਲ, ਨਾਟਕ , ਹਾਸ ਵਿਅੰਗ , ਬੀਰ ਰਸ , ਵੈਰਾਗ ਰਸ
ਰੋਮਾਂਸ ਤੇ ਜ਼ਿੰਦਗੀ ਦੇ ਹਰ ਪਹਿਲ਼ੂ ਤੇ ਆਪਣੀ ਕਲਮ ਦਾ ਰੰਗ
ਬਾਖੂਬੀ ਬਿਖੇਰਿਆ
ਗੁਰਦੇਵ ਸਿੰਘ ਮਾਨ ਨੇ ਸਾਂਝੇ ਪੰਜਾਬ ਦੇ ਲਾਇਲਪੁਰ ਵਾਲੇ ਇਲਾਕੇ
ਵਿੱਚ 22 ਸਤੰਬਰ 1919 ਨੂੰ ਪਿਤਾ ਕਰਤਾਰ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਜਨਮ ਲੈ ਕੇ ਮੁੱਛ ਫੁੱਟ ਗੱਭਰੂ ਹੋਣ ਸਾਰ ਹੀ ਪੰਜਾਬੀ ਮਿਆਰੀ ਗੀਤਕਾਰੀ ਵਿੱਚ ਸੋਲੋ ਤੇ ਦੁਗਾਣੇ
ਗੀਤਾਂ ਦੀ ਝੜੀ ਲਾ ਦਿੱਤੀ । ਜੱਟ ਵਰਗਾ ਯਾਰ ਨੀ ਥਿਆਉਣਾ ,
ੳ ਅ ੲ ਸ , , ਤਾਣ ਛਤਰੀ ਵੇ ਜਿਹੜੀ ਲੰਡਨੋ ਮੰਗਾਈ ਆ , ਫੁੱਲ ਕੱਢਦਾ ਫੁਲਕਾਰੀ , ਰਾਤੀਂ ਸੀ ਉਡੀਕਾਂ, ਚਰਖੀ ਰੰਗੀਲੀ ਦਾਜ ਦੀ ,ਧਰਤੀ ਨੂੰ ਕਲੀ ਕਰਾ ਦੇ ਵੇ , ਗੱਡੀ ਵਿੱਚ ਬਹਿ ਗਈ ਬੰਤੋ ,
ਬੜਾ ਕਰਾਰਾ ਪੂਦਨਾ ਅਤੇ ਹੋਰ ਅਣਗਿਣਤ ਗੀਤ ਜਿੰਨਾਂ ਨੂੰ
ਪੰਜਾਬ ਦੇ ਨਾਮਵਰ ਗਾਇਕ ਗਾਇਕਾਵਾ ਸੁਰਿੰਦਰਕੌਰ, ਨਰਿੰਦਰ ਬੀਬਾ , ਜਗਮੋਹਨ ਕੌਰ , ਹਰਚਰਨ ਗਰੇਵਾਲ਼ , ਮੁਹੰਮਦ ਸਦੀਕ , ਕਰਮਜੀਤ ਧੂਰੀ , ਕਰਨੈਲ ਗਿੱਲ,
ਸੁਰਜੀਤ ਸਿੰਘ ਮਾਧੋਪੁਰੀ ਤੇ ਅਨੇਕਾਂ ਹੋਰ ਨੇ ਗੁਰਦੇਵਸਿੰਘ ਮਾਨ
ਦੇ ਪੰਜਾਬੀ ਮੂੰਹ ਮੁਹਾਂਦਰੇ ਨਾਲ ਸੱਜੇ ਫਬੇ ਗੀਤ ਗਾ ਕੇ ਬੁਲੰਦੀਆਂ
ਹਾਸਲ ਕੀਤੀਆਂ ।ਪੰਜਾਬੀ ਮੁਹਾਵਰੇ ਤੇ ਆਲੰਕਾਰਾ ਦੀ ਢੁਕਵੀਂ ਵਰਤੋਂ
ਆਪਣੇ ਗੀਤਾਂ ਵਿੱਚ ਬਾ ਕਮਾਲ ਕੀਤੀ ।
ਪੰਜਾਬ ਵਿੱਚ ਪਬਲਿਕ ਰੀਲੇਸ਼ਨ ਅਫਸਰ ਹੁੰਦਿਆਂ ਮਾਨ ਨੇ ਬਹੁਤ
ਸਾਰੇ ਕਲਾਕਾਰਾਂ ਨੂੰ ਸਰਕਾਰੀ ਨੌਕਰੀਆਂ ਦੁਆਕੇ ਅਤੇ ਸਰਕਾਰੀ ਪ੍ਰੋਗਰਾਮਾਂ ਤੇ ਬੁਲਾ ਕੇ ਉਨਾਂ ਦੇ ਰੁਜ਼ਗਾਰ ਤੇ ਕਲਾ ਵਿੱਚ ਨਿਖਾਰ ਲਿਆਉਣ ਵਿੱਚ ਵੱਡਾ ਯੋਗਦਾਨ ਪਾਇਆ
ਹਾਸ ਵਿਅੰਗ ਦੇ ਖੇਤਰ ਵਿੱਚ ਉਸਦੀ ਕਲਮ ਨੇ ਐਸਾ ਕਲਵਾਟ
ਪਾਇਆ ਕਿ ਸਚਿੱਤਰ ਕੌਮੀ ਏਕਤਾ ਵਿੱਚ ਕਈ ਸਾਲਉਸਦਾ ਕਾਲਮ
ਕੁੰਡਾ ਖੋਲ ਬਸੰਤਰੀਏ ਰਾਜਨੀਤਕ , ਸਮਾਜਿਕ ਕਟਾਖਸ਼ ਕਰਦਾ
ਹਸਾ ਹਸਾ ਕੇ ਪਾਠਕਾਂ ਦੀ ਪਹਿਲੀ ਪਸੰਦ ਬਣਿਆਂ ਰਿਹਾ
ਰੇਡੀਓ ਰਗੜਸਤਾਨ ਗੁਰਦੇਵ ਸਿੰਘ ਮਾਨ ਦਾ ਇਕ ਹੋਰ ਹਾਸ
ਵਿਅੰਗ ਲਗਾਤਾਰ ਤਾਰਾ ਸਿੰਘ ਹੇਅਰ ਵੱਲੋਂ ਇੰਡੋ ਕੈਨੇਡੀਅਨ ਟਾਈਮਜ ਵਿੱਚ ਛਪਦਾ ਰਿਹਾ ।
ਬਹੁ ਪੱਖੀ ਸ਼ਖ਼ਸੀਅਤ ਗੁਰਦੇਵ ਸਿੰਘ ਮਾਨ ਨੇ ਜ਼ਿੰਦਗੀ ਦਾ ਲੰਬਾ ਹਿੱਸਾ ਵੈਨਕੁਵਰ ਕੈਨੇਡਾ ਵਿੱਚ ਬਿਤਾਇਆ ਪਰ ਉਸਨੇ ਆਪਣੀ ਕਲਮ ਨੂੰ ਕਦੀ ਖੁੰਢਾ ਨਹੀਂ ਹੋਣ ਦਿੱਤਾ ।
ਧਾਰਮਿਕ ਖੇਤਰ ਵਿੱਚ ਉਸਦੇ ਮਹਾਂ ਕਾਵਿ ਚੜਿਆ ਸੋਧਣ ਧਰਤ ਲੋਕਾਈ ਗੁਰੂ ਨਾਨਾਕ , ਤੇਗ ਬਹਾਦਰ ਬੋਲਿਆ, ਬੇਦਾਵਾ , ਅਕਾਲੀ ਫੂਲਾ ਸਿੰਘ ਦੀ ਵਾਰ ਤੇ ਅਕਾਲ ਤਖਤ ਦੀ ਵਾਰ ਦਾ ਜਾਦੂ ਪਾਠਕਾਂ ਅਤੇ ਸ੍ਰੋਤਿਆਂ ਦੇ ਸਿਰ ਚੜ੍ਹਕੇ ਬੋਲਦਾ ਰਿਹਾ ।ਇਹ ਰਚਨਾਵਾਂ ਲੂੰ
ਕੰਡੇ ਖੜੇ ਕਰ ਦੇਣ ਵਾਲ਼ੀਆਂ ਹਨ । ਕਿੱਸਾ ਕਾਰੀ ਵਿੱਚ ਹੀਰ ਰਾਂਝਾ
ਉਂਨਾਂ ਦੀ ਸ਼ਾਹਕਾਰ ਰਚਨਾਵਲੀ ਹੈ
ਗੁਰਦੇਵ ਸਿੰਘ ਮਾਨ ਦੀ ਹਸਤੀ ਦਾ ਇਕ ਹੋਰ ਪਹਿਲ਼ੂ ਕਿ
ਉਹ ਹਰ ਮਹਿਫ਼ਲ ਲੁੱਟ ਲੈਂਦੇ ਸਨ । ਸਟੇਜ ਉਤੇ ਕਵੀ ਦਰਬਾਰਾਂ
ਵਿੱਚ ਉਂਨਾਂ ਦਾ ਕੋਈ ਸਾਨੀ ਨਹੀਂ ਸੀ । ਅਤੇ ਸ਼ਾਮ ਦੀ ਰੰਗੀਨ ਮਹਿਫ਼ਲ ਵਿੱਚ ਵੀ ਆਪਣੀ ਵਿਦਵੱਤਾ , ਸ਼ੇਅਰੋ ਸ਼ਾਇਰੀ ,ਹਾਜ਼ਰ ਜਵਾਬੀ , ਸ਼ਬਦਾਂ
ਦੇ ਅਥਾਹ ਪ੍ਰਵਾਹ ਤੇ ਹਾਸਿਆਂ ਦੀ ਪਟਾਰੀ ਦੇ ਨਾਲ ਉਹ ਛਾਏ
ਰਹਿੰਦੇ ਸਨ । ਗੁਰਦੇਵ ਸਿੰਘ ਮਾਨ ਦੇ ਰੋਮ ਰੋਮ ਵਿੱਚ ਪੰਜਾਬ ਪੰਜਾਬੀਅਤ ਦਾ ਬੋਲ ਬਾਲਾ ਸੀ ਅਤੇ ਉਂਨਾਂ ਦੀਆਂ ਰਚਨਾਵਾਂ ਚੋ
ਪੰਜਾਬ ਬੋਲਦਾ ਹੈ । ਭਾਸ਼ਾ ਵਿਭਾਗ ਪੰਜਾਬ ਤੇ ਦੇਸ਼ ਵਿਦੇਸ਼ ਵਿੱਚ ਗੁਰਦੇਵਸਿੰਘ ਮਾਨ ਨੂੰ ਅਣਗਿਣਤ ਮਾਣ ਸਨਮਾਨਾਂ ਨਾਲ ਨਿਵਾਜਿਆ ਗਿਆ ! 14 ਜੂਨ 2004 ਨੂੰ ਪੰਜਾਬੀਅਤ ਦਾ ਇਹ ਅਲੰਬਰਦਾਰ ਸਾਥੋਂ ਸਦਾ ਲਈ ਵਿਦਾ ਹੋ ਗਿਆ ।
20 ਜੂਨ 2020 ਨੂੰ ਹਰ ਸਾਲ ਦੀ ਤਰਾਂ ਪ੍ਰਸਿੱਧ ਗਾਇਕ ਸੁਰਜੀਤ ਮਾਧੋਪੁਰੀ ਜੀ ਦੇ
ਉੱਦਮ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਵਲੌ ਸਰੀ ( ਕੈਨੇਡਾ ) ਵਿਖੇ ਔਨ ਲਾਈਨ ਸ਼ਰਧਾਂਜਲੀ ਸਮਾਗਮ ਵਿੱਚ ਸਤਿੰਦਰ ਪਾਲ ਸਿੰਘ ਸਿੱਧਵਾ ਨੂੰ ਵੀ
ਸ਼ਾਮਲ ਕੀਤਾ ਗਿਆ ਤੇ ਅਸਾਂ ਵੀ ਗੁਰਦੇਵ ਸਿੰਘ ਮਾਨ ਨਾਲ
ਬਾਪੂ ਪਾਰਸ ਤੇ ਮੇਰੇ ਪਿਤਾ ਜੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਤੇ ਮੇਰੀਆਂ ਆਪਣੀਆਂ ਸਾਂਝਾ ਦਾ ਜ਼ਿਕਰ ਕਰਕੇ ਲੂਣ ਦੀ ਡਲੀ ਪੇਸ਼ ਕੀਤੀ । ਕੰਨਾ ਵਿੱਚ ਟੁਣਕਾਰ ਪੈ ਰਹੀ ਹੈ
ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ
ਸੱਜਣਾਂ ਦੀ ਗੜਵੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ !
-
ਸਤਿੰਦਰ ਪਾਲ ਸਿੰਘ ਸਿੱਧਵਾਂ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.