ਉਹ ਹੁਣ ਪੰਜਾਹ ਸਾਲ ਪਹਿਲਾਂ ਵਾਲਾ
ਕੈਲਾ ਆੜ੍ਹਤੀਆ ਨਹੀਂ ਰਿਹਾ
ਪਿੰਡੋ ਪਿੰਡ ਪੈਲੀਆਂ ਚੋਂ
ਬੋਹਲ ਖ਼ਰੀਦਦਾ
ਬੋਰੀਆਂ ਭਰ ਕੇ
ਸੂਏ ਸੇਬੇ ਨਾਲ ਸਿਊਂਦਾ
ਮੋਢੇ ਚੁੱਕ ਖੱਚਰ ਰੇੜ੍ਹੇ ਤੇ ਲੱਦ
ਸ਼ਹਿਰ ਵਾਲੀ ਪੱਕੀ ਮੰਡੀ ਚ
ਢੇਰੀ ਕਰਦਾ ਛਾਣਾ ਲੁਆ
ਡੇਢੇ ਭਾਅ ਵੇਚਦਾ ਵੇਚਦਾ ਹੁਣ
ਸਰਦਾਰ ਕਰਨੈਲ ਸਿੰਘ ਬਣ ਗਿਆ ਹੈ।
ਤੇ ਖੇਤਾਂ ਦਾ ਰਾਜਾ
ਸਰਦਾਰ ਜਰਨੈਲ ਸਿੰਘ ਹੁਣ
ਜੈਲੂ ਬਣ ਗਿਆ ਹੈ।
ਵਾਲ ਵਾਲ ਕਰਜ਼ੇ ਚ ਵਿੰਨ੍ਹਿਆ
ਰੱਸੇ ਲੱਭਦਾ ਫਿਰਦਾ ਹੈ।
ਜਦ ਤੋਂ ਖੇਤੀ ਨੂੰ ਮਸ਼ੀਨਾਂ ਸੰਭਾਲਿਐ
ਘਰ ਚ ਰੱਸੇ ਰੱਸੀਆਂ
ਮਰਨ ਨੂੰ ਵੀ ਨਹੀਂ ਲੱਭਦੇ।
ਕਲਪੁਰਜ਼ੇ ਪਏ ਨੇ ਥਾਂ ਕੁ ਥਾਂ।
ਅੱਡੀਆਂ ਚ ਖੁਭਦੇ ਕਿੱਲ ਕਾਂਟੇ
ਰੂਹ ਚ ਬੋਲਦੀ ਹੈ ਇੰਜਨ ਦੀ ਨੋਜ਼ਲ
ਸੌਣ ਨਹੀਂ ਦੇਂਦੀ
ਸਰਦਾਰ ਕਰਨੈਲ ਸਿੰਘ ਆੜ੍ਹਤੀਏ ਦੀ
ਖ਼ੂਨ ਪੀਣੀ ਵਹੀ।
ਬਹੁਤ ਤੇਜ਼ ਸੂੰਦੀ ਹੈ ਸੂਰਨੀ ਵਾਂਗ।
ਵਿਆਜ਼ ਦਰ ਵਿਆਜ਼ ਦਾ ਪਹੀਆ
ਬਹੁਤ ਤੇਜ਼ ਘੁੰਮਦਾ ਹੈ
ਮਸ਼ੀਨੀ ਟੋਕੇ ਵਾਂਗ
ਸੁਪਨੇ ਰੀਝਾਂ ਉਮੰਗਾਂ ਕੁਤਰੀ ਜਾਂਦਾ ਹੈ।
ਹੁਣ ਜੈਲੂ ਰੇਡੀਓ ਦੇ
ਦਿਹਾਤੀ ਪ੍ਰੋਗਰਾਮ ਤੋਂ
ਮੰਡੀਆਂ ਦੇ ਭਾਅ ਨਹੀਂ ਸੁਣਦਾ।
ਮਨ ਡੁੱਬਦਾ ਹੈ ਸੁਣਦਿਆਂ
ਜਦ ਵਟਾਲੇ ਮੰਡੀ ਵਿਕਦੀ ਗੋਭੀ
ਬਾਜ਼ਾਰ ਨਾਲੋਂ ਚਵਾਨੀ ਭਾਅ ਵਿਕਦੀ।
ਨਿਰੀ ਠੱਗੀ ਕਹਿ ਕੇ
ਖੰਘੂਰਾ ਤਾਂ ਮਾਰਦੈ
ਪਰ ਇਕੱਲਾ ਹੀ
ਆਪਣੀ ਆਵਾਜ਼ ਸੁਣ
ਵੱਡਾ ਸਾਰਾ ਹਾਉਕਾ ਭਰਦਾ ਹੈ।
ਮੀਂਹ ਕਣੀ ਚ ਕੋਠਾ ਚੋਂਦਾ ਹੈ
ਕੋਠੇ ਜਿੱਡੀ ਧੀ ਦਾ
ਕੱਦ ਡਰਾਉਂਦਾ ਹੈ
ਸਕੂਲੋਂ ਹਟੇ ਪੁੱਤਰ ਨੂੰ
ਫੌਜ ਵੀ ਨਹੀਂ ਲੈਂਦੀ।
ਅਖੇ ਛਾਤੀ ਘੱਟ ਚੌੜੀ ਹੈ!
ਕੌਣ ਦੱਸੇ,
ਹੋਰ ਸੁੰਗੜ ਜਾਣੀ ਹੈ
ਇੰਜ ਹੀ ਪੁੜਾਂ ਹੇਠ।
ਹੱਟੀ ਤੇ ਜਾ ਕੇ ਅਖ਼ਬਾਰ ਸੁਣਦਾ ਹੈ।
ਮਰਨ ਰੁੱਤੇ
ਕਿੱਥੇ ਕਿੱਥੇ ਕੌਣ ਗਿਆ
ਹਰ ਕੇ ਦੁਆਰ।
ਅੱਖੀਆਂ ਪੂੰਝਦਾ ਖ਼ੁਦ ਨੂੰ ਕਹਿੰਦਾ ਹੈ।
ਓ ਜਰਨੈਲਾ!
ਤੂੰ ਨਾ ਮਰੀਂ, ਇਉਂ ਨਾ ਕਰੀਂ
ਜਦ ਤੀਕ ਜੀਣਾ ਹੈ,
ਅੜਨਾ ਹੈ,ਖੜ੍ਹਨਾ ਹੈ।
ਮਰਨੋਂ ਪਹਿਲਾਂ ਲੜਨਾ ਹੈ।
ਜਵਾਨੀ ਵੇਲੇ ਸੁਣਿਆ ਨਾਅਰਾ
ਉਸਨੂੰ ਹੁਣ ਵੀ ਚੇਤੇ ਹੈ
ਪਰ ਸੁਣਾਉਣ ਵਾਲੇ
ਖਿੱਲਰ ਪੁੱਲਰ ਗਏ
ਸ਼ਾਹ ਅਸਵਾਰ।
ਆਲ੍ਹਣਾ ਤੀਲੋ ਤੀਲ ਹੋਇਆ
ਕਿਤੋਂ ਅੱਥਰੂ ਨਾ ਚੋਇਆ।
ਖਿੰਘਰ ਵਾਂਗ ਮੱਥੇ ਚ ਵੱਜਦੀ ਹੈ
ਧਰਮ ਸਥਾਨ ਤੇ ਲੱਗੀ
ਸੰਗਮਰਮਰੀ ਸਿੱਲ
ਜਿਸ ਤੇ ਲਿਖਿਆ ਹੈ
ਗੁਰੂ ਪਿਆਰੇ ਗੁਰੂ ਸੰਵਾਰੇ
ਕੈਲੂ ਆੜ੍ਹਤੀਏ ਦਾ ਦਾਨ ਵੇਰਵਾ।
ਸਰਦਾਰ ਕਰਨੈਲ ਸਿੰਘ ਦੇ ਨਾਂ ਹੇਠ।
ਪੱਖਿਆਂ ਤੇ ਲਿਖਿਆ ਉਸ ਦਾ ਨਾਂ
ਤਪਦੀ ਹਵਾ ਮਾਰਦਾ ਹੈ।
ਦਮ ਘੱੁਟਦਾ ਹੈ ਹੁੰਮਸ ਵਿੱਚ।
ਘਰ ਦੀਆਂ ਗ਼ਰਜ਼ਾਂ ਤੇ ਫ਼ਰਜ਼ਾਂ
ਪੂਰਨ ਲਈ ਪੱਲੇ ਪੂੰਜੀ ਹਰ ਵੇਲੇ
ਥੁੜੀ ਰਹਿੰਦੀ ਹੈ ਸਰਕਾਰ!
ਦੋ ਪੱਟੇ ਖੜ ਖੜ ਕਰਦੇ
ਚਿੱਟੇ ਚਾਦਰੇ ਵਾਲਾ
ਸਰਦਾਰ ਜਰਨੈਲ ਸਿੰਘ
ਮੈਲੇ ਪਰਨੇ ਵਾਲਾ ਜੈਲੂ ਕਦੋਂ ਬਣਿਆ?
ਦੋ ਪੱਟਾ ਚਾਦਰਾ ਸੁੰਗੜ ਕੇ
ਪਰੋਲੇ ਜਿਹਾ ਪਰਨਾ ਕਦੋਂ ਬਣਿਆ?
ਹੇਠ ਵਿਛੀ ਦਰੀ
ਕਦੋਂ ਖਿੱਚ ਕੇ ਕੋਈ ਲੈ ਗਿਆ
ਪਤਾ ਹੀ ਨਹੀਂ ਲੱਗਿਆ।
ਉੱਪਰ ਓਹੜੀ ਚਾਦਰ
ਲੱਕ ਬੰਨ੍ਹਦਾ ਹੈ ਤਾਂ ਸਿਰ ਨੰਗਾ
ਸਿਰ ਬੰਨ੍ਹਦਾ ਹੈ ਤਾਂ ਤੇੜ ਨੰਗਾ।
ਅਕਲ ਹਾਰ ਗਈ ਹੈ
ਹਕੀਕਤਾਂ ਦੇ ਦਵਾਰ।
ਨਵੇਂ ਬਣੇ ਸਿਆਣਿਆਂ ਦੇ
ਅਣਿਆਲੇ ਤੀਰ ਹਿੱਕ ਚ ਵੱਜਦੇ ਨੇ
ਅਖੇ !
ਫੈਲਸੂਫ਼ੀਆਂ ਬੰਦ ਕਰੇ ਵਾਹੀਵਾਨ।
ਘਿਰ ਗਿਆ ਹੈ ਜਰਨੈਲ
ਅਨੇਕ ਸ਼ਾਤਰ ਦੁਸ਼ਮਣਾਂ ਵਿੱਚ
ਕਿੱਧਰ ਜਾਵੇ?
ਅਕਲਾਂ ਵਾਲਿਓ,ਵਿਦਵਾਨੋ
ਹਕੂਮਤੋ, ਬੁੱਧੀਮਾਨੋ
ਪਤਾ ਲੱਗੇ ਤਾਂ ਉਸਨੂੰ ਰਾਹ ਪਾਉਣਾ।
ਮੇਰੇ ਮਰਨ ਮਗਰੋਂ ਅੰਕੜੇ ਗਿਣਨ ਵਾਲੇ
ਅਰਥ ਸ਼ਾਸਤਰੀਓ!
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.