ਬਰਨਾਲਾ ਅਦਬ ਦੀ ਧਰਤੀ ਹੈ। ਸਾਹਿਤ ਸਿਰਜਣ ਦੀ ਰਾਜਧਾਨੀ। ਕਿਹੜੇ ਵੇਲਿਆਂ ਤੋਂ ਏਥੋਂ ਦੀ ਲਿਖਾਰੀ ਸਭਾ ਤੇ ਸਾਹਿਤ ਸਭਾ ਆਪਣੇ ਸਰਗਰਮ ਆਗੂਆਂ ਸਦਕਾ ਲਗਪਗ ਪੌਣੀ ਸਦੀ ਤੋਂ ਇਥੇ ਨਵੇਂ ਨਵੇਲੇ ਕਵੀਆਂ ਤੇ ਹੋਰ ਵਿਧਾਵਾਂ ਦੇ ਲਿਖਾਰੀਆਂ ਨੂੰ ਪੂਰਨੇ ਪਾ ਕੇ ਦੇ ਰਹੀ ਹੈ।
ਪ੍ਰੋ: ਰਵਿੰਦਰ ਭੱਠਲ ਅਕਸਰ ਦੱਸਦੇ ਰਹਿੰਦੇ ਹਨ ਕਿ ਕਦੇ ਗੁਰਦਿਆਲ ਸਿੰਘ ਤੇ ਗੁਰਬਚਨ ਸਿੰਘ ਭੁੱਲਰ ਵਰਗੇ ਲਿਖਾਰੀ ਵੀ ਸਭਾ ਦੀਆਂ ਮੀਟਿੰਗਾਂ ਤੇ ਸਾਈਕਲ ਸਵਾਰ ਹੋ ਕੇ ਉਤਸ਼ਾਹ ਨਾਲ ਬਰਨਾਲਾ ਪਹੁੰਚਦੇ ਰਹੇ ਨੇ, ਹੁਣ ਕਾਰਾਂ ਤੇ ਚੜ੍ਹੇ ਲਿਖਾਰੀ ਵੀ ਥੱਕ ਜਾਂਦੇ ਨੇ।
ਸੁਖਾਂ ਦੇ ਗ਼ੁਲਾਮਾਂ ਬਾਰੇ ਹੀ ਤਾਂ ਪ੍ਰੋ. ਦੀਦਾਰ ਸਿੰਘ ਜੀ ਨੇ ‘‘ਕਿੱਸਾ ਸ਼ਹੀਦ ਭਗਤ ਸਿੰਘ” ਵਿੱਚ ਲਿਖਿਆ ਸੀ।
ਸਾਹਿਤ ਸਿਰਜਣਾ ਸੂਰਮਤਾਈ, ਸੂਰਮਿਆਂ ਦਾ ਕੰਮ।
ਕਵੀਆਂ ਉਨ੍ਹਾਂ ਸ਼ਿਅਰ ਕੀ ਕਹਿਣੇ, ਜੋ ਸੁਖ ਰਹਿਣੇ ਚੰਮ।
ਪਰ ਮੇਰਾ ਬਰਨਾਲਵੀ ਸ਼ਾਇਰ ਗੁਰਜੰਟ ਸਿੰਘ ਸਿੱਧੂ ਸੁਖ ਰਹਿਣਾ ਚੰਮ ਨਹੀਂ ਹੈ। ਸ਼ਾਇਰੀ ਉਸ ਲਈ ਸਿਰਜਣਾਤਮਕ ਕੰਮ ਹੈ। ਕੁਝ ਸਾਲ ਪਹਿਲਾਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਰਚਨਾ ‘‘ਜ਼ਫ਼ਰਨਾਮਾ” ਦਾ ਪੰਜਾਬੀ ਕਾਵਿ ਅਨੁਵਾਦ ਕਰਕੇ ਲੋਪੋਂ (ਮੋਗਾ) ਵਿਖੇ ਮੈਥੋਂ , ਪ੍ਰੋ: ਭੱਠਲ ਤੇ ਸੰਤ ਜਗਜੀਤ ਸਿੰਘ ਲੋਪੋਂ ਤੋਂ ਸੰਗਤ ਅਰਪਨ ਕਰਵਾਇਆ ਸੀ।
ਸਿਰਜਣਾ ਦੇ ਪੰਧ ਤੇ ਤੁਰਦਿਆਂ ਉਸ ਨੇ ਹੁਣ ਹੀਰ ਦੀ ਵਾਰਤਾ ਮੁੜ ਲਿਖੀ ਹੈ, ਜਿਸ ਨੂੰ ਪ੍ਰੀਤ ਪ੍ਰਕਾਸ਼ਨ ਨਾਭਾ ਨੇ ਪ੍ਰਕਾਸ਼ਿਤ ਕੀਤਾ ਹੈ।
ਗੁਰਜੰਟ ਨੇ ਹੀਰ ਰਾਂਝਾ ਨਹੀਂ, ਰਾਂਝਾ-ਹੀਰ ਦੇ ਰੂਪ ਵਿੱਚ ਲਿਖਿਆ ਹੈ।
ਇੰਝ ਲੱਗਿਆ ਜਿਵੇਂ ਗੁਰਜੰਟ ਸਿੰਘ ਦੇ ਬਹਾਨੇ ਮੈਂ ਵੀ ਵਿਰਾਸਤੀ ਗਲ਼ੀਆਂ ਵਿੱਚ ਮੁੜ ਫੇਰੀ ਪਾ ਲਈ ਹੋਵੇ। ਰਾਂਝੇ ਦੇ ਨਾਲ-ਨਾਲ, ਸਿਆਲਾਂ ਦੀ ਹੀਰ ਦਾ ਪਾਲ਼ੀ ਬਣਨ ਤੀਕ, ਫਿਰ ਅੱਗੇ ਅੰਤਲੇ ਸਵਾਸਾਂ ਤੀਕ ਉਹ ਬਰਾਬਰ ਨਿਭਿਆ ਹੈ।
ਕੁਝ ਸਮਾਂ ਪਹਿਲਾਂ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ,ਪੰਜਾਬ ਦਾ ਫੋਨ ਸੁਨੇਹਾ ਆਇਆ ਕਿ ਗੁਰਜੰਟ ਸਿੰਘ ਨੇ ਬੜਾ ਮੌਲਿਕ ਕੰਮ ਕੀਤਾ ਹੈ। ਇਸ ਬਾਰੇ ਕੁਝ ਜ਼ਰੂਰ ਲਿਖਣਾ। ਪੂਰਬਲੇ ਵਿਸ਼ਵਾਸਾਂ ਦੇ ਨਾਲ-ਨਾਲ ਤੁਰਦਿਆਂ ਹੀਰ ਤੇ ਰਾਂਝੇ ਦੀ ਮੁਹੱਬਤ ਦੀ ਪੁਨਰ ਵਿਆਖਿਆ ਏਨਾ ਸਹਿਲ ਕਾਰਜ ਨਹੀਂ ਹੈ। ਨਿਵੇਕਲੇ ਪਾਂਧੀ ਦੇ ਹਿੱਸੇ ਹੀ ਆਉਂਦੀ ਹੈ ਇਹ ਯਾਤਰਾ।
ਕਿੱਸਾ ਰਾਂਝਾ-ਹੀਰ ਲਿਖਣ ਦੀ ਪ੍ਰੇਰਨਾ ਵਾਰਿਸ ਸ਼ਾਹ ਹੈ, ਜਿਸ ਦੀ ਮੂਲ ਲਿਖਤ ਹੀ ਉਸਦੀ ਪ੍ਰੇਰਨਾ ਬਣਦੀ ਹੈ। ਵਿਚਾਰ ਦੇ ਪੱਧਰ ਤੇ ਉਗਮਿਆ ਬੀਜ, ਬੂਟਾ ਬਣਾਉਣ ਵਿੱਚ ਬਲਬੀਰ ਸਿੰਘ ਘੁੰਨਸ ਵਰਗੇ ਸੱਜਣਾਂ ਦਾ ਹੱਥ ਹੈ। ਮਨੋਰਥ ਇਹ ਹੀ ਹੈ ਕਿ ਵਾਰਿਸ ਦੀ ਹੀਰ ’ਚ ਅਨੇਕਾਂ ਸ਼ਬਦਾਂ ਦੇ ਪ੍ਰਸੰਗ ਸਮਾਂ ਵਿਹਾਜਣ ਨਾਲ ਵਰਤਮਾਨ ਸਮੇਂ ਦੇ ਪਾਠਕਾਂ ਲਈ ਓਪਰੇ ਹੋ ਗਏ ਹਨ। ਭਾਸ਼ਾ ਵੀ ਕੁਝ ਥਾਈਂ ਗੂੜ੍ਹੇ, ਫ਼ਾਰਸੀ ਪ੍ਰਭਾਵ ਕਾਰਨ ਸਮਝੋਂ ਬਾਹਰ ਹੈ।
ਇਸ ਕਿੱਸੇ ਦੀ ਪੁਨਰ ਵਿਆਖਿਆ ਤੇ ਸਹਿਜਵੰਤੀ ਕਾਵਿ ਸਿਰਜਣਾ ਕਰਨ ਵਿੱਚ ਗੁਰਜੰਟ ਸਿੰਘ ਸਿੱਧੂ ਲਗਾਤਾਰ ਕਰਮਸ਼ੀਲ ਰਿਹਾ ਹੈ। ਉਸੇ ਦਾ ਹੀ ਪ੍ਰਤਾਪ ਹੈ ਕਿ ਕਿੱਸਾ ਰਾਂਝਾ-ਹੀਰ ਸੰਪੂਰਨ ਹੋ ਸਕਿਆ।
ਇਸ ਕਿੱਸੇ ਦੀ ਭਾਸ਼ਾ ਮਲਵਈ ਪ੍ਰਭਾਵ ਵਾਲੀ ਹੈ ਕਿਉਂਕਿ ਕਿੱਸਾਕਾਰ ਬਰਨਾਲੇ ਦੀ ਮਿੱਟੀ ਦਾ ਜਾਇਆ ਹੈ। ਹੀਰ ਦੇ ਝੰਗ, ਸਿਆਲਾਂ ਦੀ ਰਹਿਤਲ, ਧੀਦੋ ਰਾਂਝੇ ਦੇ ਤਖ਼ਤ ਹਜ਼ਾਰੇ ਦੀ ਮੋਹਵੰਤੀ ਧਰਤੀ ਤੋਂ ਦੂਰ, ਜੇਕਰ ਬਰਨਾਲੇ ਦਾ ਸ਼ਾਇਰ ਕਲਮ ਅਜ਼ਮਾਈ ਕਰਦਾ ਹੈ ਤਾਂ ਵਣ ਤਿ੍ਰਣ, ਜੀਵ ਜੰਤੂ, ਮਾਹੌਲ, ਮੁਹੱਬਤ ਦੇ ਹਵਾਲੇ, ਰਿਸ਼ਤਾ ਨਾਤਾ ਪ੍ਰਸੰਗ ਦੀ ਵਿਆਖਿਆ ਅਤੇ ਸਮਾਂ ਸਥਾਨ ਤਬਦੀਲ ਹੋਣ ਨਾਲ ਬਹੁਤ ਕੁਝ ਬਦਲਣਾ ਸੁਭਾਵਕ ਹੈ।
ਗੁਰਜੰਟ ਸਿੰਘ ਸਿੱਧੂ ਨੇ ਬਹੁਤ ਕੁਝ ਪੁਰਾਤਨ ਹਵਾਲਿਆਂ ਨੂੰ ਅਨੁਕੂਲ ਰੱਖਣ ਦੀ ਕੋਸ਼ਿਸ਼ ਤਾਂ ਕੀਤੀ ਹੈ। ਪਰ ਫਿਰ ਵੀ ਕੁਝ ਕੁਝ ਮਲਵਈ ਮੁਹਾਂਦਰਾ ਦੋਹਾਂ ਮੁਹੱਬਤੀ ਰੂਹਾਂ ’ਚੋਂ ਝਲਕਾਰੇ ਮਾਰਦਾ ਹੈ। ਇਹ ਲਾਜ਼ਮੀ ਹੀ ਹੈ ਕਿ ਕਹਾਣੀ ਪੁਨਰ ਸੁਰਜੀਤ ਕਰਨ ਦਾ ਕਾਰਜ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਹੋ ਰਿਹਾ ਹੈ।
ਰਾਂਝਾ ਤੇ ਹੀਰ ਸਾਡੇ ਖ਼ੂਨ ’ਚ ਰਚੇ ਮਿਚੇ ਹੋਣ ਕਾਰਨ ਇਹ ਕਿਰਦਾਰ ਸਾਡੇ ਲਈ ਓਪਰੇ ਨਹੀਂ, ਪਰ ਫਿਰ ਵੀ ਹਰ ਪਲ ਹਰ ਸਿਰਜਕ ਪਾਸੋਂ ਕੁਝ ਹੋਰ ਸੁਣਨ ਨੂੰ ਦਿਲ ਤਾਂਘਦਾ ਹੈ।
ਕਿੱਸਾਕਾਰ ਦਮੋਦਰ ਹੋਵੇ ਜਾਂ ਮੁਕਬਲ, ਵਾਰਿਸ ਹੋਵੇ ਜਾਂ ਕਿਸ਼ਨ ਸਿੰਘ ਆਰਿਫ਼, ਕਿਸ਼ੋਰ ਚੰਦ ਬੱਦੋਵਾਲੀਆ, ਸੂਬਾ ਸਿੰਘ ਹੋਵੇ ਜਾਂ ਗੁਰਦੇਵ ਸਿੰਘ ਮਾਨ, ਸਭ ਦੇ ਅੰਦਰ ਬੈਠੀ ਹੀਰ ਆਪੋ ਆਪਣੀ ਹੈ ਤੇ ਰਾਂਝੇ ਵੀ ਆਪੋ ਆਪਣੇ।
ਸਾਡੀ ਕੇਵਲ ਧਰਤੀ ਹੈ ਜਿਥੇ ਝਨਾਓਂ ਪਾਰ ਜਾ ਕੇ ਰਾਂਝਾ ਨੈਣਾਂ ਦੇ ਮੰਗੂ ਚਾਰਦਾ ਹੈ। ਚੂਰੀਆਂ ਤੇ ਝਿੜਕਾਂ ਬਰਾਬਰ ਖਾਂਦਾ ਹੈ। ਕੈਦੋਂ ਦੀ ਲੰਗੜੀ ਸੋਚ ਦਾ ਪਸਾਰ ਇੱਕੀਵੀਂ ਸਦੀ ਦੇ ਵਿਹੜੇ ’ਚ ਵੀ ਅਮਰਵੇਲ ਵਾਂਗ ਫ਼ੈਲ ਗਿਆ ਹੈ। ਅੱਖ ਦਾ ਟੀਰ ਹੀ ਦ੍ਰਿਸ਼ਟੀਕੋਨ ਤਬਦੀਲ ਕਰ ਦਿੰਦਾ ਹੈ। ਹੀਰ ਤੇ ਰਾਂਝੇ ਦੀ ਵਾਰਤਾ ਪੜ੍ਹਦਿਆਂ ਇਹ ਗੱਲ ਥਾਂ-ਥਾਂ ਉੱਭਰਦੀ ਹੈ ਕਿ ਮੁਹੱਬਤ ਵਿੱਚ ਜਿਸਮ ਗ਼ੈਰਹਾਜ਼ਰ ਨੇ, ਜਦ ਕਿ ਵਾਰਿਸ ਤੇ ਹੋਰ ਕਵੀਆਂ ਦਾ ਬਿਰਤਾਂਤ ਜਿਸਮ ਦੇ ਆਦਿ ਬਿੰਦੂ ਤੋਂ ਤੁਰ ਕੇ ਹੀ ਅੱਗੇ ਫ਼ੈਲਦਾ ਹੈ।
ਕੌਣ ਕਹੇ ਕਿ ਮੁਹੱਬਤ ਵਰਗੀ ਮਹਿਕ ਜਿਸਮਾਂ ਦੀ ਗ਼ੁਲਾਮ ਨਹੀਂ ਹੁੰਦੀ। ਇਹ ਮੁਹੱਬਤ ਹੀ ਤਾਂ ਬਾਰ-ਬਾਰ ਸਾਨੂੰ ਹੀਰ ਤੇ ਰਾਂਝੇ ਨਾਲ ਰਿਸ਼ਤਾ ਜੋੜਨ ਦੀ ਪ੍ਰੇਰਨਾ ਦਿੰਦੀ ਹੈ। ਬਾਰ-ਬਾਰ ਵਿਰਾਸਤੀ ਗਲ਼ੀਆਂ ’ਚ ਫੇਰਾ ਮਾਰਨ ਦਾ ਸੁਨੇਹਾ ਦਿੰਦੀ ਹੈ।
ਆਪਣੇ ਚਾਰ ਦੀਵਾਰੀਏ ਘਰਾਂ ’ਚ ਹੀਰ ਤੇ ਰਾਂਝਾ ਵਰਜਿਤ ਰਿਸ਼ਤੇ ਹਨ ਪਰ ਅਸੀਂ ਵੀ ਅਮੋੜ ਪੰਜਾਬੀ ਹਾਂ, ਓਹੀ ਕੰਮ ਵੱਧ ਉਤਸ਼ਾਹ ਤੇ ਚਾਅ ਨਾਲ ਕਰਦੇ ਹਾਂ ਜਿਸ ਤੋਂ ਵਰਜਿਆ ਜਾਵੇ। ਭਾਵੇਂ ਸ਼ਹਾਦਤਾਂ ਹੀ ਕਿਉਂ ਨਾ ਦੇਣੀਆਂ ਪੈਣ। ਸਾਡਾ ਝੱਲ ਹੀ ਸਾਡੀ ਸ਼ਕਤੀ ਹੈ ਜੋ ਸਾਨੂੰ ਨਿਜ ਨਾਲੋਂ ਤੋੜ ਕੇ ਸਮੂਹ ਨਾਲ ਜੋੜਦਾ ਹੈ।
ਗੁਰਜੰਟ ਸਿੰਘ ਸਿੱਧੂ ਦਾ ਕਿੱਸਾ ਰਾਂਝਾ-ਹੀਰ ਪੜ੍ਹਦਿਆਂ ਇਹ ਗੱਲ ਆਦਿਕਾ ’ਚ ਹੀ ਸਪਸ਼ਟ ਹੋ ਜਾਂਦੀ ਹੈ ਕਿ
ਆਮ ਲੋਕਾਂ ਦੀ ਸਮਝ ਨਾ ਪਵੇ ਜਿਹੜਾ,
ਗਿਆਨ ਹੁੰਦਾ ਨਾ ਕਦੇ ਪਸਾਰ ਲੋਕੋ।
ਬੋਲੀ ਸ਼ੈਲੀ ਦਾ ਆਪਣਾ ਵੇਗ ਹੰੁਦਾ,
ਰਹੇ ਬਦਲਦੀ ਸਮੇਂ ਅਨੁਸਾਰ ਲੋਕੋ।
ਸੱਚ ਦੇ ਪਾਰਦਰਸ਼ੀ ਰਿਸ਼ਤੇ ਨੂੰ ਗੁਰਜੰਟ ਸਿੰਘ ਬਾਖੂਬੀ ਜਾਣਦਾ ਹੈ, ਸ਼ਾਇਦ ਇਸੇ ਕਰਕੇ ਹੀ ਉਹ ਲਿਖਦਾ ਹੈ
ਸੱਚੀ ਗੱਲ ਦਾ ਕਾਹਦਾ ਮਲਾਲ ਹੁੰਦਾ,
ਸੱਚ ਹੁੰਦਾ ਏ ਪਾਰ ਉਰਵਾਰ ਲੋਕੋ।
ਨਾ ਮੈਂ ਗਿਆਨੀ ਤੇ ਨਾ ਹੀ ਵਿਦਵਾਨ ਬਹੁਤਾ ਕਲਮ ਦਿੱਤੀ ਹੈ ਆਪ ਕਰਤਾਰ ਲੋਕੋ।
ਮੁੱਢਲੇ ਬੈਤਾਂ ਵਿੱਚ ਗੁਰਜੰਟ ਸਿੰਘ ਕਲਾਮਿ ਸ਼ਾਇਰ ਵੀ ਸਿਧਾਂਤਕ ਪਰਿਪੇਖ ਉਸਾਰਦਾ ਹੈ।
ਤੱਤ ਇਸ਼ਕ ਦਾ ਜਾਣਦੇ ਪ੍ਰੇਮ ਰੱਤੇ,
ਖੜਕੇ ਇਸ਼ਕ ਦੀ ਅੰਦਰੋਂ ਤਾਰ ਲੋਕੋ।
ਅੱਠੋ ਪਹਿਰ ਮਤਵਾਲੜੇ ਮਸਤ ਰਹਿੰਦੇ,
ਰੂਹ ਰਹਿੰਦੀ ਹੈ ਸਬਜ਼ ਬਹਾਰ ਲੋਕੋ।
ਇਸ ਕਿੱਸੇ ਵਿੱਚ ਮੁਹੱਬਤ ਦਾ ਅਨਹਦ ਨਾਦ ਹੈ। ਨਿਰੰਤਰ ਵੱਜਦਾ। ਵਿਸਥਾਰ ਨਹੀਂ ਮੰਗਦਾ। ਸ਼ਬਦ ਹਾਰ ਜਾਂਦੇ ਨੇ ਭਾਵਨਾ ਅੱਗੇ। ਮੈਂ ਇਸ ਵੱਡ ਅਕਾਰੀ ਲਿਖਤ ਨੂੰ ਮਾਣਿਆ ਹੈ। ਇੱਕ ਇੱਕ ਸ਼ਬਦ ਸਾਹੀਂ ਸਵਾਸੀਂ ਮਿਸ਼ਰੀ ਵਾਂਗ ਘੁਲ਼ਦਾ ਹੈ। ਇਸ ਲਿਖਤ ਦਾ ਹਰ ਪਾਸਿਓਂ ਸਵਾਗਤ ਹੋਵੇਗਾ ਕਿਉਂਕਿ ਇਹ ਸਿਆਹੀ ਨਾਲ ਨਹੀਂ, ਭਾਵਨਾ ਨਾਲ ਲਿਖੀ ਕਿਰਤ ਹੈ।
ਬਰਨਾਲਾ ਤੇ ਉਸਦੀ ਸਿਰਜਣ ਭੂਮੀ ਜ਼ਿੰਦਾਬਾਦ।
ਇਹ ਕਿਤਾਬ ਪ੍ਰੀਤ ਪ੍ਰਕਾਸ਼ਨ ਨਾਭਾ ਦੇ ਸੁਰਿੰਦਰਜੀਤ ਚੌਹਾਨ (98141 01312) ਜਾਂ ਗੁਰਜੰਟ ਸਿੰਘ ਸਿੱਧੂ (98153 77100)ਪਾਸੋਂ ਮੰਗਵਾਈ ਜਾ ਸਕਦੀ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.