ਅੱਸੀਵੇਂ ਦਹਾਕੇ ਦੇ ਕਿਸੇ ਵਰ੍ਹੇ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕਵੀ-ਦਰਬਾਰ ਸੀ। ਮਿਥੇ ਸਮੇਂ ਤੋਂ ਪਹਿਲਾ ਹੀ ਕਵੀਜਨ ਜੁੜਨੇ ਸ਼ੁਰੂ ਹੋ ਗਏ ਸਨ। ਅਜੇ ਇਕ ਦੂਜੇ ਤੋਂ ਖ਼ੈਰ-ਸੁੱਖ ਪੁੱਛਦੇ ਹੀ ਪਏ ਸਨ ਕਿ ਇੱਕ ਸਾਬਤ-ਸੂਰਤ, ਪ੍ਰਭਾਵ-ਸ਼ਾਲੀ ਅਤੇ ਖ਼ੁਸ਼ ਲਿਬਾਸ ਨੌਜਵਾਨ ਕਮਰੇ ਵਿੱਚ ਦਾਖ਼ਿਲ ਹੋਇਆ। ਸਾਰੇ ਕਵੀ ਅੱਗਲ-ਪਿੱਛਲ ਬੋਲ ਪਏ, "ਸ਼ੀਸ਼ਾ ਝੂਠ ਬੋਲਦਾ ਹੈ।" ਮਗਰੋਂ ਪਤਾ ਲੱਗਾ ਕਿ ਇਹ ਨੌਜਵਾਨ ਪ੍ਰੋ. ਗੁਰਭਜਨ ਗਿੱਲ ਹੈ ਅਤੇ ਇਸਦਾ ਪਹਿਲਾ ਕਾਵਿ-ਸੰਗ੍ਰਹਿ "ਸ਼ੀਸ਼ਾ ਝੂਠ ਬੋਲਦਾ ਹੈ" ਛਪਿਆ ਹੈ। ਉਦੋਂ, ਇਹ ਸੋਚ ਆਉਣੀ ਸੁਭਾਵਕ ਹੀ ਸੀ ਕਿ ਕਹਿੰਦੇ ਹੁੰਦੇ ਨੇ, "ਸ਼ੀਸ਼ਾ ਝੂਠ ਨਹੀਂ ਬੋਲਦਾ ਪਰ ਇਹ....................? ਕਾਫ਼ੀ ਚਿਰ ਬਾਦ ਕਿਸੇ ਇੰਟਰਵੀਊ ਚ ਸੁਣਿਆ ਕਿ "ਠੀਕ ਹੈ, ਚਿਹਰਾ ਮਨ ਦਾ ਅਕਸ ਹੁੰਦਾ ਹੈ ਪਰ, ਵੀਹਵੀਂ ਸਦੀ ਦੇ ਮਨੁੱਖ ਦਾ ਚਿਹਰਾ ਸ਼ੀਸ਼ਾ ਵੀ ਨਹੀਂ ਪੜ੍ਹ ਸਕਦਾ ਕਿਉਂਕਿ ਅੱਜ ਮਨੁੱਖ ਆਪਣੀ ਸੱਚਾਈ ਚਿਹਰੇ ਤੇ ਆਉਣ ਹੀ ਨਹੀਂ ਦੇਂਦਾ॥ ਚਿਹਰਾ ਕੁਝ ਕਹਿੰਦਾ ਐ ਤੇ ਜ਼ਬਾਨ ਕੁਝ ਹੋਰ ਕਹਿੰਦੀ ਹੈ।
ਗੁਰਭਜਨ ਗਿੱਲ ਬਹੁ-ਚਰਚਿਤ, ਬਹੁ-ਪੱਖੀ ਅਤੇ ਬਹੁ-ਸਾਂਸਥਿਕ ਵਿਅਕਤੀਤਵ ਹੈ। ਉਹ ਇੱਕ ਮਾਣ-ਮੱਤਾ ਪ੍ਰੋਫ਼ੈਸਰ, ਇੱਕ ਸਮਰੱਥ ਕਵੀ, ਸਮਾਜ-ਸੁਧਾਰਕ ਤੇ ਕੁਸ਼ਲ ਪ੍ਰਬੰਧਕ ਹੋਣ ਦੇ ਨਾਲ ਨਾਲ ਸੱਭਿਆਚਾਰਕ ਮੇਲਿਆਂ, ਖੇਡ ਟੂਰਨਾਮੈਂਟ ਅਤੇ ਸਾਹਿੱਤਕ ਇੱਕਠਾਂ ਦਾ ਰੂਹ-ਏ-ਰਵਾਂ ਹੈ॥ ਉਸਦੀ ਸਮੁੱਚੀ ਪ੍ਰਤਿਭਾ ਨੂੰ ਸ਼ਬਦਾਂ ਵਿੱਚ ਸਮੇਟਣਾ ਕੋਈ ਸੌਖਾ ਕੰਮ ਨਹੀਂ॥
ਗੁਰਭਜਨ ਗਿੱਲ ਦੇ ਵਡੇਰੇ ਪਾਕਿਸਤਾਨ ‘ਚ ਰਹਿ ਗਈ ਤਹਿਸੀਲ ਨਾਰੋਵਾਲ ਜ਼ਿਲਾ ਸਿਆਲਕੋਟ ਤੋਂ 1947 ਵਿੱਚ ਦੇਸ਼ ਦੀ ਵੰਡ ਸਮੇਂ ਉੱਜੜ ਕੇ ਪਹਿਲਾਂ ਕੱਡੀ ਅਲਾਟਮੈਂਟ ਤੇ ਪਿੰਡ ਕੁਲਾਰ ਤੇ ਮਗਰੋਂ ਪੱਕੇ ਤੌਰ ਤੇ ਪਿੰਡ ਬਸੰਤ-ਕੋਟ (ਡੇਰਾ-ਬਾਬਾ ਨਾਨਕ) ਜ਼ਿਲਾ ਗੁਰਦਾਸਪੁਰ ਵਿੱਚ ਆ ਵੱਸੇ ਸਨ। ਪਿਛਲਾ ਪਿੰਡ ਰਾਵੀ ਤੋਂ ਸੱਤ ਮੀਲ ਪਾਰ ਸੀ ਅਤੇ ਏਧਰਲਾ ਪਿੰਡ ਵੀ ਰਾਵੀ ਤੋਂ ਸੱਤ ਮੀਲ ਉਰਾਰ॥ ਇੰਜ ਕਹੀਏ ਕਿ ਰਾਵੀ ਉਸ ਦੇ ਅੰਗ-ਸੰਗ ਹੈ। ਇਹ ਜੱਗ-ਜ਼ਾਹਿਰ ਹੈ ਕਿ ਸਿਆਲ ਕੋਟ ਦੀਆਂ ਫ਼ਸਲਾਂ ਵੀ ਗੀਤ ਗਾਉਂਦੀਆਂ ਨੇ। ਕਾਦਰਯਾਰ, ਫ਼ੈਜ ਅਹਿਮਦ ਫ਼ੈਜ਼, ਸਰ ਮੁਹੰਮਦ ਇਕਬਾਲ, ਕਰਤਾਰ ਸਿੰਘ ਕਲਾਸਵਾਲੀਆ, ਕਰਤਾਰ ਸਿੰਘ ਬਲੱਗਣ, ਡਾ: ਦੀਵਾਨ ਸਿੰਘ ਕਾਲੇਪਾਣੀ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਨਵੀਂ ਨਸਲ ਦੇ ਅਫ਼ਜ਼ਲ ਅਹਿਸਨ ਰੰਧਾਵਾ ਵਰਗੇ ਕਈ ਸਾਹਿਤਕਾਰ ਸਿਆਲਕੋਟ ਦੀ ਧਰਤੀ ਉੱਤੇ ਹੀ ਜੰਮੇ-ਪਲੇ। ਪ੍ਰਸਿੱਧ ਕਿੱਸਾਕਾਰ ਕਾਦਰਯਾਰ ਨੇ ਸਿਆਲਕੋਟ ਨਾਲ ਹੀ ਸੰਬੰਧਤ ਰਾਜਾ ਸਲਵਾਨ ਦੇ ਪੁੱਤਰ ਪੂਰਨ ਭਗਤ ਬਾਰੇ ਕਿੱਸਾ ਲਿਖਿਆ। ਰਾਵੀਉਂ ਦੀ ਉਰਾਰ ਦੀ ਗੱਲ ਕਰੀਏ ਤਾਂ ਆਈ. ਸੀ. ਨੰਦਾ, ਸੁਜਾਨ ਸਿੰਘ, ਜਸਵੰਤ ਸਿੰਘ ਰਾਹੀ, ਸ਼ਿਵ ਕੁਮਾਰ ਤੇ ਭੂਸ਼ਨ ਵਰਗੇ ਲਿਖਾਰੀ ਪੈਦਾ ਹੋਏ ਹਨ॥ ਇਸ ਚੌਗਿਰਦੇ ਦੀਆਂ ਹਵਾਵਾਂ ਵਿੱਚ ਬਾਸਮਤੀ ਦੀ ਖ਼ੁਸ਼ਬੂ ਹੈ ਜਿਸ ਕਾਰਨ ਕਿਸੇ ਵੀ ਹੁਨਰ ਨੂੰ ਪੁੰਗਰਨ ਵਾਸਤੇ ਉਚੇਚ ਨਹੀਂ ਕਰਨੀ ਪੈਂਦੀ, ਰੁੱਤਾਂ ਫ਼ਿਰਦਿਆਂ ਦੀ ਚੁਫ਼ੇਰੇ ਮਹਿਕ ਉੱਠਦੇ ਹਨ॥
ਛੱਲੇ-ਮੁੰਦੀਆਂ ਵਟਾਉਣ ਦੀ ਉਮਰੇ ਉਸਨੂੰ ਪੜ੍ਹਨ-ਲਿਖਣ ਦੀ ਚੇਟਕ ਲੱਗ ਗਈ॥ ਲੇਖਕਾਂ ਨਾਲ ਸੰਗਤ ਕਰਨ ਨਾਲ ਵਿਚਾਰ ਆਇਆ ਕਿ ਸ਼ਬਦਾਂ ਦੀ ਦੋਸਤੀ ਰਾਹੀਂ ਵੀ ਨਾਇਕ ਬਣਿਆ ਜਾ ਸਕਦਾ ਹੈ॥ ਕਾਲਿਜ ਦੇ ਦਿਨਾਂ ਵਿੱਚ ਪ੍ਰੋ. ਸੁਰਿੰਦਰ ਗਿੱਲ ‘ਚਾਨਣ ਦੇ ਛੱਟੇ' ਦੇ ਰਿਹਾ ਸੀ, ਕੋਈ ਛਿੱਟਾ ਗੁਰਭਜਨ ਗਿੱਲ ਉੱਤੇ ਵੀ ਪੈ ਗਿਆ ਜਿਸਨੇ ਉਸਨੂੰ ਟਿਕਣ ਨਾ ਦਿੱਤਾ ਤੇ ਉਹ ਕਵਿਤਾ ਵੱਲ ਨੂੰ ਹੋ ਤੁਰਿਆ॥ ਪ੍ਰਭਾਤੀ ਗਾਉਣ ਵਾਲਿਆਂ ਤੇ ਅਮਰਜੀਤ ਗੁਰਦਾਪੁਰੀ ਦੇ ਗਾਏ ਗੀਤਾਂ ਨੇ ਉਸ ਨੂੰ ਚੰਗਾ ਸੁਣਨ ਦੀ ਚੇਟਕ ਲਾਈ ਤੇ ਸੁਣਦਿਆਂ ਸੁਣਦਿਆਂ ਉਸ ਦੀ ਲਿਖਣ ਵਲ ਰੁਚੀ ਹੋ ਗਈ, ਸੋ, ਇੰਜ ਵੀ ਕਹਿ ਸਕਦੇ ਹਾਂ ਕਿ ਜਦੋਂ ਕੋਈ ਸੁਲੱਖਣਾ ਕਾਰਜ ਹੋਣਾ ਹੋਵੇ ਤਾਂ ਕਾਰਨ ਕਈ ਬਣ ਜਾਂਦੇ ਹਨ॥
ਜੀਵਨ ਦੇ ਵੱਖੋ ਵੱਖ ਰੰਗਾਂ ਦੇ ਨਾਲ ਨਾਲ ਉਸਦੇ ਵਿਸ਼ੇ ਵੀ ਆਪਣਾ ਰੂਪ ਬਦਲਦੇ ਰਹਿੰਦੇ ਹਨ॥ ਹਰ ਰਚਨਾ ਆਪਣਾ ਰੂਪ ਲੈਕੇ ਆਉਂਦੀ ਹੈ ਉਹ ਭਾਵੇਂ ਬੈਂਤ, ਗ਼ਜ਼ਲ, ਗੀਤ ਜਾਂ ਰੁਬਾਈ ਹੋਵੇ॥ ਉਹ ਮਿਥ ਕੇ ਉਹ ਨਹੀਂ ਲਿਖਦਾ। ਉਸ ਦਾ ਵਿਸ਼ਵਾਸ ਹੈ ਕਿ ਯੋਜਨਾ-ਬੱਧ ਲਿਖਤ ਵਿੱਚ ਕਲਾਕਾਰੀ ਤਾਂ ਹੁੰਦੀ ਹੈ ਪਰ ਕਵਿਤਾ ਨਹੀਂ॥ ਉਹ ਕੋਈ ਵਿਉਂਤ-ਬੰਦੀ ਨਹੀਂ ਕਰਦਾ, ਨਾ ਹੀ ਕੋਈ ਘਾੜਤ ਘੜਦਾ ਹੈ। ਜੋ ਵੀ ਗੱਲ ਕਰਦਾ ਹੈ ਉਹ ਗੱਲ ਉਸਦੇ ਧੁਰ ਅੰਦਰੋਂ ਦਿਲੋਂ ਆਪ-ਮੁਹਾਰੀ ਫੁੱਟਦੀ ਹੈ ਤੇ ਅਸਰ ਰੱਖਦੀ ਹੈ।
ਸਮਾਜਿਕ ਤਾਣੇ-ਬਾਣੇ ਵਿੱਚ, ਜਿੱਥੇ ਵੀ ਅਤੇ ਜੋ ਵੀ ਅਣਸੁਖਾਵਾਂ ਹੋਵੇ, ਉਹ ਉਸ ਨੂੰ ਹਲੂਣ ਦੇਂਦਾ ਹੈ॥ ਜਿੰਨੀ ਸ਼ਿੱਦਤ ਨਾਲ ਉਸਦੇ ਉੱਤੇ ਘਟਨਾ ਅਸਰ ਕਰਦੀ ਹੈ ਉੰਨੀ ਹੀ ਸ਼ਿੱਦਤ ਨਾਲ ਉਸਦੇ ਅੰਦਰੋਂ ਉਹ ਕਵਿਤਾ ਜਾਂ ਕਿਸੇ ਹੋਰ ਸਾਹਿੱਤਕ ਵਿਧਾ ਦਾ ਰੂਪ ਧਾਰ ਕੇ ਬਾਹਰ ਆਉਂਦੀ ਹੈ ਅਤੇ ਉਵੇਂ ਹੀ ਉਹ ਪਾਠਕਾਂ/ਸਰੋਤਿਆਂ ਉੱਤੇ ਡੂੰਘਾ ਪ੍ਰਭਾਵ ਛੱਡਦੀ ਹੈ।
ਜਿੱਥੇ ਜੀਵਨ ਦੇ ਨਾਂਹ-ਪੱਖੀ ਪਹਿਲੂ ਉਸਨੂੰ ਬੇ-ਚੈਨ ਕਰਦੇ ਹਨ ਉਥੇ ਹੀ ਜੀਵਨ ਦੀ ਸੁੰਦਰਤਾ ਵੀ ਉਸਨੂੰ ਭਰਪੂਰ ਹਿਲੋਰ ਵਿੱਚ ਲੈ ਆਉਂਦੀ ਹੈ॥ ਅਜੋਕੇ ਸਮੇਂ ਵਿੱਚ ਸਥਾਪਤ ਲੇਖਕ ਤਾਂ ਕੀ, ਕਈ ਸਿਖਾਂਦਰੂ ਲੇਖਕ ਵੀ ਅੰਬਰੀਂ ਉਡਾਰੀਆਂ ਮਾਰਨ ਲੱਗਿਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਨਕਾਰਦੇ ਹੀ ਨਹੀਂ ਸਗੋਂ ਸੁਚੱਜੇ ਸਮਾਜਿਕ ਪ੍ਰਬੰਧ ਦੇ ਛੱਪੜ ਦੇ ਖਲੋਤੇ-ਬਦਬੂ ਮਾਰਦੇ ਪਾਣੀ ਨਾਲ ਤੁਲਨਾ ਕਰਨ ਲੱਗਦੇ ਹਨ। ਗੁਰਭਜਨ ਗਿੱਲ ਦਾ ਮੰਨਣਾ ਹੈ ਕਿ ਲੇਖਕ ਕੋਈ ਬਹੁਤੀ ਵੱਡੀ ਸ਼ੈਅ ਨਹੀਂ ਸਗੋਂ ਸਮਾਜ ਦੀ ਹੀ ਉਪਜ ਹਨ ਤੇ ਸਮਾਜ ਨਾਲ ਜੁੜਨ ਵਿੱਚ ਹੀ ਉਨ੍ਹਾਂ ਦੀ ਵਡਿਆਈ ਹੈ॥ ਦੂਜੇ ਦੇ ਗੁਣਾਂ ਨੂੰ ਸਲਾਹੁਣ ਵਿੱਚ ਮਹਾਨਤਾ ਹੈ॥ ਉਹ ਕਹਿੰਦਾ ਹੈ:- "ਗੁਰੂ ਨਾਨਕ ਸਾਹਿਬ ਦੇ ਦੱਸਣ ਅਨੁਸਾਰ "ਕਿਛੁ ਸੁਣੀਐ ਕਿਛੁ ਕਹੀਐ" ਦੇ ਸਿੱਧਾਂਤ ਨੂੰ ਅਪਨਾਉਣਾ ਬਹੁਤ ਜ਼ਰੂਰੀ ਹੈ ਜਦ ਕਿ ਅੱਜ-ਕੱਲ੍ਹ "ਕਹੀਐ ਹੀ ਕਹੀਐ" ਦੀ ਪ੍ਰਵਿਰਤੀ ਹੀ ਪ੍ਰਧਾਨ ਹੈ, "ਸੁਣੀਐ" ਦੀ ਨਹੀਂ॥ ਸਮਾਜ ਬਾਰੇ ਵਿਚਾਰ-ਗੋਸ਼ਠੀ ਦਾ ਨਾ ਹੋਣਾ ਅਗਿਆਨਤਾ ਦਾ ਹਨ੍ਹੇਰਾ ਢੋਣ ਬਰਾਬਰ ਹੈ। ਸੱਚ ਦੀ ਰਾਖੀ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਕਿਸੇ ਦੂਜੇ ਦੀ ਹਸਤੀ ਨੂੰ ਪਛਾਣ ਕੇ ਕਬੂਲੀਏ॥"
.
2.
ਉਸ ਦਾ ਕਹਿਣਾ ਹੈ ਕਿ ਸ਼ਰਾਬ ਦੀ ਮਹਿਮਾ ਅਤੇ ਹਥਿਆਰਾਂ ਵਾਲੇ ਗੀਤ ਨੌਜਵਾਨਾਂ ਦੀ ਮਾਨਸਿਕਤਾ ਖੰਡਤ ਕਰਦੇ ਹਨ" ਪਰ "ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣਾ ਜ਼ਰੂਰੀ ਹੈ। ਸੰਵੇਦਨਸ਼ੀਲਤਾ ਗਿਆਨ ਦਾ ਘੇਰਾ ਵਿਸ਼ਾਲ ਕਰਦੀ ਹੈ॥ ਆਪਣਾ ਮੂਲ ਪਛਾਨਣਾ ਬਹੁਤ ਜ਼ਰੂਰੀ ਹੈ।" ਇਹੋ ਜਿਹੇ ਕਿੰਨੇ ਹੀ ਅਣਮੁੱਲੇ ਵਿਚਾਰ ਉਸਦੀ ਗੱਲਬਾਤ ਵਿੱਚ ਸ਼ਾਮਿਲ ਹੁੰਦੇ ਹਨ॥ ਧਰਮ ਵਿੱਚ ਡੂੰਘੀ ਆਸਥਾ ਹੈ ਉਸਦੀ॥ ਆਸਾ ਜੀ ਦੀ ਵਾਰ ਦਾ ਕੀਰਤਨ ਬਿਨਾ-ਨਾਗਾ ਸੁਣਨਾ ਉਸਦੇ ਜੀਵਨ ਦਾ ਅੰਗ ਹੈ॥ ਆਪਣੇ ਅਧਿਆਪਕ ਦੇ ਕਲਮਾਂ ਘੜਨ ਵਾਲੇ ਮਹਾਨ ਗੁਣ ਦੇ ਪ੍ਰਭਾਵ-ਸਦਕਾ ਕਦੀ ਵਾਰ ਨਹਿਰਾਂ ਸੂਇਆਂ ਕੰਢਿਉਂ ਕਾਨੇ ਲਿਆ ਕੇ ਕਲਮਾਂ ਘੜ-ਘੜ ਵੰਡਦਾ ਹੈ ਉਹ।
ਇਹ ਮਾਣ ਮੱਤਾ ਕਵੀ ਜੀਵਨ ਦਾ ਵਲ ਹਰ ਪਲ ਸਿੱਖਦਾ ਰਿਹਾ ਹੈ ਤੇ ਅਜੇ ਵੀ ਸਿੱਖ ਰਿਹਾ ਹੈ। ਉਸਦੀ ਇਹ ਖ਼ੂਬਸੂਰਤ ਗ਼ਜ਼ਲ ਹਰ ਪੜ੍ਹਨ ਸੁਣਨ ਵਾਲੇ ਨੂੰ ਬਚਪਨ ਵਿੱਚ ਲੈ ਜਾਂਦੀ ਹੈ:-
ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿੱਚ ਆ ਜਾਂਦੇ ਨੇ।
ਉੱਡਦੇ ਬਹਿੰਦੇ ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ॥
ਚਾਕੂ ਨਾਲ ਕਲਮ ਨੂੰ ਘੜਕੇ, ਜਿਵੇਂ ਗਿਆਨੀ ਜੀ ਸੀ ਲਿਖਦੇ,
ਪੈਂਤੀ-ਅੱਖਰ ਜਗਦੇ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ।
ਗੁਰੂ ਨਾਨਕ, ਬਾਬਾ ਫ਼ਰੀਦ, ਹਾਸ਼ਮ ਸ਼ਾਹ, ਕਾਦਰਯਾਰ, ਸੁਲਤਾਨ ਬਾਹੂ,ਵਾਰਿਸ ਸ਼ਾਹ ਮੀਆਂ ਮੁਹੰਮਦ ਬਖ਼ਸ਼, ਗੁਲਾਮ ਫ਼ਰੀਦ ਅਤੇ ਹੋਰ ਅਨੇਕ ਪੁਰਾਤਨ ਤੇ ਆਧੁਨਿਕ ਕਵਿਤਾ ਰਚਨਾਕਾਰਾਂ ਦਾ ਸ਼ੈਦਾਈ ਗੁਰਭਜਨ ਗਿੱਲ ਪਤਾ ਨਹੀਂ ਕਿਹੜੇ ਲੋਰ ਵਿੱਚ ਛੇ ਵਾਰ ਜਥਿਆਂ, ਵਿਸ਼ਵ ਪੰਜਾਬੀ ਕਾਨਫਰੰਸ, ਵਿਸ਼ਵ ਪੰਜਾਬੀ ਅਮਨ ਕਾਨਫਰੰਸ ਤੇ 2006 ਚ ਪਹਿਲੀ ਵਾਰ ਨਨਕਾਣਾ ਸਾਹਿਬ ਗਈ ਬੱਸ ਦੇ ਯਾਤਰੀ ਵਜੋਂ ਭਾਰਤ ਸਰਕਾਰ ਦੇ ਡੈਲੀਗੇਸ਼ਨ ਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਆਇਐ। ਬੁਲੰਦ ਵਿਚਾਰਾਂ ਦਾ ਧਾਰਨੀ ਗੁਰਭਜਨ ਗਿੱਲ ਦੱਸਦਾ ਹੈ ਕਿ ਧਰਤੀ ਦੀ ਮਰਿਆਦਾ ਸ਼ਬਦ ਦੀ ਇੱਜ਼ਤ ਕਰਨੀ ਹੈ॥ ਜੇ ਕਿਸੇ ਦਾ ਇੱਕ ਵੀ ਸ਼ਿਅਰ ਵੀ ਸਾਡੇ ਸਮੇਤ ਕਿਸੇ ਵਿੱਚ ਬਦਲਾਅ ਲਿਆ ਸਕਦਾ ਹੋਵੇ ਤਾਂ ਕਮਾਲ ਹੈ॥
ਉਸਦਾ ਨਜ਼ਰੀਆ ਹੈ ਕਿ ਲੋਕ-ਸਾਹਿਤ ਸਮੇਂ-ਸਮੇਂ ਆਪਣਾ ਰੂਪ ਬਦਲਦਾ ਹੈ। ਹਰ ਧਰਤੀ ਦੀ ਪੀੜ ਸਮੇਂ-ਸਮੇਂ ਆਪਣੀ ਤਾਸੀਰ ਬਦਲਦੀ ਹੈ॥ ਬੋਲੀ ਦਾ ਵਿਕਾਸ ਨਵੇਂ ਸ਼ਬਦ ਜੋੜਨ ਨਾਲ ਹੁੰਦਾ ਹੈ। ਭਾਸ਼ਾ ਸਿੱਧੀ ਸਾਦੀ ਹੋਵੇ ਜੋ ਲੋਕ ਸਮਝ ਲੈਣ। ਕਾਲਜਾਂ-ਯੂਨੀਵਰਸਿਟੀਆਂ ਦੀ ਜਟਿਲਤਾ ਤੋਂ ਭਾਸ਼ਾ ਦੀ ਮੁਕਤੀ ਦੀ ਲੋੜ ਹੈ॥
ਸ਼ਬਦ ਗੁਰੂ ਦੀ ਰੋਸ਼ਨੀ ਵਿੱਚ ਜੀਣਾ-ਥੀਣਾ ਹੀ ਉਸ ਲਈ ਆਪਣੀ ਮੰਜ਼ਲ ਦੀ ਪ੍ਰਾਪਤੀ ਦਾ ਸਾਧਨ ਹੈ। ਜੀਵਨ ਦਾ ਲੇਖਾ-ਜੋਖਾ ਆਪ ਹੀ ਨਿਬੇੜਨ ਵਿੱਚ ਵਿਸ਼ਵਾਸ਼ ਹੈ ਉਸਦਾ॥ ਰੱਬ ਨੂੰ ਯਾਰ ਕਹਿਣ ਵਾਲੀ ਖ਼ੁਮਾਰੀ ਵਿੱਚ ਉਸਦੇ ਅੰਦਰ ਤਰਬਾਂ ਛਿੜਦੀਆਂ ਹਨ, ਸਾਜ਼ ਵੱਜਦੇ ਹਨ, ਅਨਹਦ-ਨਾਦ ਗੂੰਜਦਾ ਹੈ, ਮਰਦਾਨੇ ਦੀ ਰਬਾਬ ਚੇਤੇ ਆਉਂਦੀ ਐ ਤੇ ਉਹ ਬਿਹਬਲ ਹੋਕੇ ਕਹਿ ਉੱਠਦਾ ਹੈ:-
ਮਿਲ ਜਾਇਆ ਕਰ।"
ਇੱਕ ਗ਼ਜ਼ਲ ਚ ਉਸਦੇ ਸੁੰਦਰ ਖ਼ਿਆਲ ਵੇਖੋ:-
ਮੌਸਮ ਦੇ ਪੈਰਾਂ ਵਿੱਚ ਝਾਂਜਰ, ਫੁੱਲਾਂ ਨੇ ਛਣਕਾਈ ਫ਼ੇਰ।
ਟਾਹਣੀਆਂ ਉੱਤੇ ਬੈਠੇ ਰੱਬ ਦੇ, ਪੀਲੇ, ਲਾਲ ਗੁਲਾਬੀ ਵੇਸ॥
ਗੱਲ ਕੀ, ਜਿਉਂ ਜਿਉਂ ਬੰਦਾ ਉਸਨੂੰ ਪੜ੍ਹਦਾ ਹੈ, ਸੁਣਦਾ ਹੈ, ਕਿਸੇ ਹੋਰ ਹੀ ਦੁਨੀਆਂ ਵਿੱਚ ਵਿੱਚਰ ਰਿਹਾ ਮਹਿਸੂਸਦਾ ਹੈ॥ ਉਸਦੀ ਭਾਸ਼ਾ ਜਿਥੇ ਸਰਲ-ਸਸ਼ਕਤ ਹੈ ਉਥੇ ਮਿਕਨਾਤੀਸੀ ਖਿੱਚ ਨਾਲ ਭਰਪੂਰ ਵੀ ਹੈ ਜਿਸ ਕਾਰਨ ਪੜ੍ਹਦਿਆਂ/ਸੁਣਦਿਆਂ ਅਕੇਵਾਂ/ ਥਕੇਵਾਂ ਨੇੜੇ ਨਹੀਂ ਆਉਂਦਾ ਸਗੋਂ ਇੱਕ ਅਨੰਦ-ਮਈ ਅਵਸਥਾ ਬਣੀ ਰਹਿੰਦੀ ਹੈ॥
ਉਹ ਜਿਵੇਂ ਕਿਸੇ ਪਹਿਰੇਦਾਰ ਵਾਂਗ ਹਯਾਤੀ ਦੇ ਚੌਰਸਤੇ ਉੱਤੇ ਖਲੋਤਾ ਲੰਘਦੀਆਂ ਪੁਲੰਘਦੀਆਂ ਨਿੱਕੀਆਂ/ਵੱਡੀਆਂ ਘਟਨਾਵਾਂ ਅਤੇ ਵਰਤ ਰਹੇ ਵਰਤਾਰਿਆਂ ਨੂੰ ਘੋਖਦਾ/ਪਰਖਦਾ ਰਹਿੰਦਾ ਹੈ।
ਐਸਾ ਕੁਝ ਵੀ ਜੋ ਉਹਦੀ ਅੱਖ 'ਚ ਰੜਕੇ, ਪਲ 'ਚ ਦਬੋਚ ਕੇ ਉਸਨੂੰ ਕਿਸੇ-ਨਾ-ਕਿਸੇ ਸਾਹਿੱਤਕ ਵੰਨਗੀ ਵਿੱਚ ਚਿੱਤਰ ਲੈਂਦਾ ਹੈ। ਜਦ ਵਿਸ਼ਾ-ਵਸਤੂ ਉਸ ਕੋਲ ਬਲਵਾਨ ਹੁੰਦਾ ਹੈ ਤੇ ਅਦਭੂਤ ਸ਼ਬਦਾਵਲੀ ਉਸਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ॥ ਵਿਸ਼ਾਲ ਸ਼ਬਦ ਭੰਡਾਰ ਹੈ ਉਸ ਕੋਲ ਤੇ ਸ਼ਬਦ ਇੰਨੇ ਸਾਊ ਅਤੇ ਅਗਿਆਕਾਰ ਹਨ ਉਸਦੇ ਕਿ ਅੱਖ ਦੇ ਇਸ਼ਾਰੇ ਨਾਲ ਹੀ ਅਣਗਿਣਤ ਹੱਥ ਬੰਨ੍ਹੀ ਉਦ੍ਹੇ ਅੱਗੇ ਪਿੱਛੇ ਘੁੰਮਣ ਲੱਗਦੇ ਹਨ। ਉਹ ਸ਼ਬਦ ਦੀ ਮਰਿਆਦਾ ਚੰਗੀ ਤਰ੍ਹਾਂ ਸਮਝਦਾ ਹੈ, ਆਦਰ ਕਰਨਾ ਜਾਣਦਾ ਹੈ ਤੇ ਇਸੇ ਤਰ੍ਹਾਂ ਸ਼ਬਦ ਅਤੇ ਗੁਰਭਜਨ ਗਿੱਲ ਇੱਕ ਦੂਜੇ ਦੀ ਆਬਰੂ ਬਣ ਜਾਂਦੇ ਹਨ॥ ਉਸਦੇ ਸ਼ਬਦ "ਜਵਾਨੀ ਨੂੰ ਸ਼ਸਤਰ ਦੀ ਨਹੀਂ ਸ਼ਾਸਤਰ ਦੀ ਸਮਰੱਥਾ ਦੱਸਦੇ ਹਨ।
ਹਰ ਦਿਨ ਹੱਥੀਂ ਕਿਰਤ ਕਰਕੇ ਜੀਵਨ ਤੋਰਨ ਵਾਲਿਆਂ ਵਾਸਤੇ ਉਹ ਦੋ-ਟੁੱਕ ਗੱਲ ਕਰਦਾ ਹੈ।
ਉਸਦੀ ਸਾਫ਼ਗੋਈ ਹੈ ਕਿ:-
3.
ਮਜ਼ਦੂਰ ਦਾ
ਕੋਈ ਦਿਹਾੜਾ ਨਹੀਂ ਹੁੰਦਾ
ਸਿਰਫ਼ ਦਿਹਾੜੀ ਹੁੰਦੀ ਹੈ।
ਦਿਹਾੜੀ ਟੁਟਦਿਆਂ
ਮਜ਼ਦੂਰ ਟੁੱਟਦਾ ਹੈ,
ਘਰ-ਬਾਹਰ ਟੁੱਟਦਾ ਹੈ।"
ਜਦੋਂ ਧਰਤ ਸੌਂ ਜਾਂਦੀ ਹੈ, ਕਿਤੇ ਦੂਰ ਟਟੀਹਰੀ ਬੋਲਦੀ ਹੈ, ਗਲੀਆਂ 'ਚ ਚੁੱਪ ਪਸਰੀ ਹੈ, ਤੇ ਅਜੇ ਤੀਕ ਮਾਂ ਦਾ ਜਾਗਣਾ ਉਸਨੂੰ ਝਿੰਜੋੜਦਾ ਹੈ ਤੇ ਉਹ ਆਖਦਾ ਹੈ:-"
ਮਾਂ ਵੱਡਾ ਸਾਰਾ ਰੱਬ ਹੈ।"
ਉਸਦਾ ਸਮੁੱਚਾ ਕਾਵਿ-ਪ੍ਰਬੰਧ ਵੇਖਦਿਆਂ ਪਰਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਕਵਿਤਾ ਲਿਖਦਾ ਨਹੀਂ ਸਗੋਂ ਕਵਿਤਾ ਉਸਨੂੰ ਉੱਤਰਦੀ ਹੈ ਜਾਂ ਕਹੀਏ ਕਿ ਨਾਜ਼ਲ ਹੁੰਦੀ ਹੈ।
ਸਿਰਜਣ ਪ੍ਰਕ੍ਰਿਆ ਦੌਰਾਨ ਤਮਾਮ ਕਾਇਨਾਤ ਉਸਦੇ ਅੰਗ-ਸੰਗ ਹੁੰਦੀ ਹੈ। ਉਸਦੀ ਜਗਦੀ ਬੁਝਦੀ ਸ਼ਬਦਾਵਲੀ ਤਾਰਿਆਂ ਦੀ ਛੁਪਣ ਛੋਤ ਦਾ ਭਰਮ ਪਾਉਂਦੀ ਹੈ ਅਤੇ ਧਰਤੀ-ਅੰਬਰ ਇੱਕੋ ਜਿਹੇ ਲੱਗਣ ਲੱਗ ਪੈਂਦੇ ਹਨ॥
ਉਸਦੀ ਸਿਰਜਣਾ ਦਾ ਧਰਾਤਲ ਇੰਨਾ ਵਿਸ਼ਾਲ ਹੈ ਕਿ ਉਹ ਮੁੱਢ-ਕਦੀਮੀ ਮਨੁੱਖੀ ਸਮੱਸਿਆਵਾਂ ਤੋਂ ਲੈਕੇ ਅੱਜ ਤਕ ਦੇ ਜੀਵਨ ਵਿੱਚ ਪੈਰ-ਪੈਰ ਤੇ ਆਉਂਦੀਆਂ ਔਕੜਾਂ ਅਤੇ ਅੱਜ ਦੇ ਕੋਰੋਨਾ-ਮਹਾਂਮਾਰੀ ਦੇ ਪ੍ਰਕੋਪ ਦੀ ਧੁੱਪ/ਛਾਂ ਤੋਂ ਵੀ ਭਲੀ ਭਾਂਤ ਚੇਤੰਨ ਹੈ। ਭਰੂਣ ਹੱਤਿਆ ਖ਼ਿਲਾਫ਼ ਉਸਦੀ ਲਿਖੀ ਹੋਈ "ਲੋਰੀ" ਜੋ ਹਰ ਪੰਜਾਬੀ ਦੀ ਰੂਹ ਤਕ ਅੱਪੜੀ ਹੈ:-
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ
ਇਕ ਲੋਰੀ ਦੇ ਦੇ।
ਮੰਨਿਆ ਤੇਰੇ ਘਰ ਵਿਚ ਵਧ ਗਏ,
ਧੀਆਂ ਵਾਲੇ ਗੁੱਡੀ ਪਟੋਲੇ।
ਤੇਰੇ ਦਿਲ ਦਾ ਹਉਕਾ ਨੀ ਮੈਂ,
ਸੁਣਦੀ ਰਹੀ ਆਂ ਤੇਰੇ ਓਹਲੇ।
ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ,
ਤੂੰਹੀਉਂ ਪਹਿਲਾਂ ਤੋਰੀ,
ਨੀ ਇਕ ਲੋਰੀ ਦੇ ਦੇ।
ਮਾਏ ਨੀ ਤੇਰੀ ਗੋਦੀ ਅੰਦਰ,
ਬੈਠਣ ਨੂੰ ਮੇਰਾ ਜੀਅ ਕਰਦਾ ਸੀ।
ਬਾਬਲ ਦੀ ਤਿਊੜੀ ਨੂੰ ਤੱਕ ਕੇ,
ਹਰ ਵਾਰੀ ਮੇਰਾ ਜੀਅ ਡਰਦਾ ਸੀ।
ਧੀਆਂ ਬਣ ਕੇ ਜੰਮਣਾ ਏਥੇ ,
ਕਿਉਂ ਬਣ ਗਈ ਕਮਜ਼ੋਰੀ,
ਨੀ ਇਕ ਲੋਰੀ ਦੇ ਦੇ।
ਮਾਏ ਨੀ ਮੇਰੀ ਨਾਨੀ ਦੇ ਘਰ,
ਤੂੰ ਵੀ ਸੀ ਕਦੇ ਧੀ ਬਣ ਜੰਮੀ।
ਕੁੱਖ ਵਿਚ ਕਤਲ ਕਰਾਵਣ ਵਾਲੀ,
ਕਿਉਂ ਕੀਤੀ ਤੂੰ ਗੱਲ ਨਿਕੰਮੀ,
ਵੀਰਾ ਲੱਭਦੀ ਲੱਭਦੀ ਹੋ ਗਈ,
ਕਿਉਂ ਮਮਤਾ ਤੋਂ ਕੋਰੀ ?
ਨੀ ਇਕ ਲੋਰੀ ਦੇ ਦੇ।
ਹਸਪਤਾਲ ਦੇ ਕਮਰੇ ਅੰਦਰ,
ਪਈਆਂ ਨੇ ਜੋ ਅਜਬ ਮਸ਼ੀਨਾਂ।
ਪੁੱਤਰਾਂ ਨੂੰ ਇਹ ਕੁਝ ਨਾ ਆਖਣ,
ਸਾਡੇ ਲਈ ਕਿਉਂ ਬਣਨ ਸੰਗੀਨਾਂ।
ਡਾਕਟਰਾਂ ਚਹੁੰ ਸਿੱਕਿਆਂ ਖਾਤਰ,
ਕੱਟੀ ਜੀਵਨ ਡੋਰੀ,
ਨੀ ਇਕ ਲੋਰੀ ਦੇ ਦੇ।
ਧੀ ਤਿਤਲੀ ਨੂੰ ਮਸਲਣ ਵੇਲੇ,
ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ,
ਗੂੰਗੇ ਬੋਲੇ ਹੋ ਗਏ ਸਾਰੇ,
ਨੱਕ ਨਮੂਜ਼ਾਂ ਸ਼ਰਮਾਂ ਵਾਲੇ।
ਬਿਨ ਡੋਲੀ ਤੋਂ ਧਰਮੀ ਮਾਪਿਆਂ,
ਕਿੱਧਰ ਨੂੰ ਧੀ ਤੋਰੀ ?
ਨੀ ਇਕ ਲੋਰੀ ਦੇ ਦੇ।
ਸੁੱਤਿਆਂ ਲਈ ਸੌ ਯਤਨ ਵਸੀਲੇ,
ਜਾਗਦਿਆਂ ਨੂੰ ਕਿਵੇਂ ਜਗਾਵਾਂ?
ਰੱਖੜੀ ਦੀ ਤੰਦ ਖ਼ਤਰੇ ਵਿਚ ਹੈ,
ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ।
ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ,
ਦੇਈਂ ਨਾ ਜ਼ਹਿਰ ਕਟੋਰੀ,
ਨੀ ਇਕ ਲੋਰੀ ਦੇ ਦੇ।
ਇਹ ਗੀਤ ਸੁਣਕੇ ਕਈ ਪੱਥਰ ਦਿਲ ਪਿਘਲੇ ਅਤੇ ਧੀ-ਪੁੱਤਰ ਦੇ ਵਖਰੇਵੇਂ ਦੇ ਰੁਝਾਨ ਵਿੱਚ ਤਬਦੀਲੀ ਵੀ ਆਈ॥ ਲੋਕਾਂ ਨੇ ਧੀਆਂ ਦੀਆਂ ਲੋਹੜੀਆਂ ਵੰਡਣੀਆਂ ਸ਼ੁਰੂ ਕੀਤੀਆਂ। ਜੋ ਲਿਖਤ ਸਮਾਜਿਕ ਬਦਲਾਅ ਦੀ ਸਮਰਥਾ ਰੱਖਦੀ ਹੋਵੇ, ਉਹ ਲਿਖਤ ਸਾਰਥਕ ਹੋ ਜਾਂਦੀ ਹੈ॥
ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਲਾੱਕ ਡਾਊਨ ਦੀ ਗੱਲ ਕਰਦਿਆਂ ਉਹ ਲਿਖਦਾ ਹੈ:-
ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਹਨ
ਕੁਝ ਵੀ ਨਾ ਕਰਕੇ।
ਹਵਾ ਨੂੰ ਸਾਹ ਆਉਣ ਲੱਗਾ ਹੈ,
ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ,
ਚੁੱਪ ਦਾ ਸਾਜ਼ ਸੁਣਾਈ ਦੇ ਰਿਹਾ ਹੈ,
ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ,
ਅਕਾਸ਼ ਗੰਗਾ,
ਸਿਤਾਰੇ ਝਿਲਮਿਲ ਕਰਨ ਲੱਗੇ ਹਨ,
ਸੁਹਾਣੀ ਧਰਤੀ
ਆਪਣੇ ਜੀਅ ਜੰਤ ਸੰਗ ਮੁੜ ਪਰਤੀ ਹੈ,
ਆਪਣੇ ਆਪੇ ਕੋਲ॥
-0-
ਕਦੇ ਕਦੇ ਤਾਂ ਜਾਪਦਾ ਹੈ ਕਿ ਗੁਰਭਜਨ ਗਿੱਲ ਸਾਹਿੱਤਕ ਸੂਰਜ ਦੀਆਂ ਸੁਨਹਿਰੀ ਰਿਸ਼ਮਾਂ ਨਾਲ ਪ੍ਰਿਜ਼ਮੀਆਂ ਸਿਰਜਨਾ ਦੀਆਂ ਬਰਫ਼ੀਲੀਆਂ ਚੋਟੀਆਂ ਚੋਂ ਫੁੱਟਦਾ ਅਲ-ਮਸਤ ਝਰਨਾ ਹੈ ਜੋ ਬੇ-ਫ਼ਿਕਰ ਆਪਣੀ ਧੁਨ ਵਿੱਚ ਉੱਛਲਦਾ, ਗਾਉਂਦਾ ਵਹੀ ਜਾ ਰਿਹਾ ਹੈ॥ ਜੇ ਵਾਸਤਵਿਕਤਾ ਦੀ ਦ੍ਰਿਸ਼ਟੀ ਤੋਂ ਵੇਖੋ ਤਾਂ ਇਸਦਾ ਉਦਗਮ ਸਥਲ ਤਾਂ ਭਾਵੇਂ ਬਸੰਤਕੋਟ ਹੀ ਹੈ ਪਰ ਇਸਦੀ ਚੰਚਲ ਪਾਣੀਆਂ ਦੀ ਤਹਿ ਵਿੱਚ ਜੋ ਮਿੱਟੀ ਬਿਰਾਜਮਾਨ ਹੈ ਉਹ ਕਿਸੇ ਵੇਲੇ ਖੌਰੂ ਪਾਉਂਦੀ ਹੈ, ਗਾਉਂਦੀ ਹੈ, ਤੇ ਗੁਰਭਜਨ ਗਿੱਲ ਆਪ-ਮੁਹਾਰੇ ਹੀ ਸਿਰਜਕ ਹੋ ਜਾਂਦਾ ਹੈ॥
ਉਸਦੇ ਸਮਾਂਨਾਂਤਰ ਵਿਚਾਰਧਾਰਾ ਦੀਆਂ ਅਨੇਕ ਨਿੱਕੀਆਂ/ਵੱਡੀਆਂ ਨਦੀਆਂ ਵੀ ਵਲ-ਵਲੇਵੇਂ ਖਾਂਦੀਆਂ, ਕਦੇ ਠਰ੍ਹੰਮੇ ਅਤੇ ਕਦੇ ਵੇਗ ਵਿੱਚ ਵਗਦੀਆਂ ਹਨ, ਉਹ ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਾ, ਰਚਨਾਵਾਂ ਰਾਹੀਂ ਦੁਖ-ਸੁਖ ਸਾਂਝੇ ਕਰਦਾ, ਟਿੱਚਰਾਂ ਕਰਦਾ, ਖ਼ੈਰ-ਸੁੱਖ ਪੁਛਦਾ ਕਦਮ-ਤਾਲ ਕਰਦਾ ਹੈ।
ਉਹ ਉਨ੍ਹਾਂ ਦੀਆਂ ਉੱਛਲ ਉੱਛਲ ਪੈਂਦੀਆਂ ਲਹਿਰਾਂ ਨਾਲ ਦੁਨੀਆਂ ਭਰ ਵਿੱਚ ਵਾਪਰਦੀਆਂ ਘਟਨਾਵਾਂ, ਬੇ-ਇਨਸਾਫ਼ੀ ਹੱਕ-ਨਾ-ਹੱਕ ਦਾ ਚਰਚਾ ਤਾਂ ਖੁੱਲ੍ਹ ਕੇ ਕਰਦਾ ਹੈ ਪਰ ਉਨ੍ਹਾਂ ਵਿੱਚ ਰਲਦਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ-ਆਪ ਉੱਤੇ ਹਾਵੀ ਹੋਣ ਦੇਂਦਾ ਹੈ॥ ਕਦੀ ਕਦਾਈ ਇਹ ਵੀ ਲੱਗਦਾ ਹੈ ਕਿ ਜ਼ਰਾ ਕੁ ਵਿੱਥ ਉੱਤੇ ਵਗਦੀ ਪ੍ਰੋਫ਼ੈਸਰ ਮੋਹਣ ਸਿੰਘ ਦੀ ਕਾਵਿ-ਧਾਰਾ ਚੋਂ ਕੋਈ ਵੱਡੀ ਸਾਰੀ ਛੱਲ ਸੁਤੇ-ਸਿੱਧ ਹੀ ਇਸ ਝਰਨੇ ਵਿੱਚ ਆ ਰਲੀ ਹੋਵੇ॥
ਅੱਜ ਦਾ ਸਮਾਂ ਗੁੰਝਲਾਂ ਨਾਲ ਭਰਿਆ ਹੋਇਆ ਹੈ, ਉਲਝੇਵਿਆਂ ਦੀਆਂ ਤੰਦਾਂ ਦਾ ਕੋਈ ਸਿਰਾ ਹੀ ਹੱਥ ਨਹੀਂ ਔਂਦਾ॥ ਤਾਣੀਆਂ ਤਾਂ ਸੁਲਝਣ ਦੀ ਥਾਂ ਹੋਰ ਹੀ ਉਲਝਦੀਆਂ ਜਾਂਦੀਆਂ ਹਨ॥ ਕਹਿੰਦੇ ਹਨ ਕਿ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ, ਪਰਹਰ ਇੱਕ ਗੰਭੀਰ ਸਮੱਸਿਆ ਉੱਤੇ ਵੀ ਕੁਝ ਇਸਤਰ੍ਹਾਂ ਬਿਆਨ-ਬਾਜ਼ੀਆਂ ਤਕ ਹੀ ਗੱਲ ਸੀਮਤ ਨਾ ਹੋਵੇ ਕਿਉਂਕਿ ਅੱਜ ਹੋਰ ਤੇ ਕਲ੍ਹ ਹੋਰ ਸਥਿਤੀ ਕਾਰਨ ਸਿਰਜਣਾ ਪੇਤਲਾਪਨ ਅਖ਼ਤਿਆਰ ਕਰ ਲੈਂਦੀ ਹੈ ਤੇ ਅੰਤ ਮਰ-ਮੁੱਕ ਜਾਂਦੀ ਹੈ। ਮਗਰੋਂ ਉਸ ਵਰਗੀਆਂ ਕਈ ਹੋਰ ਸਮੱਸਿਆਵਾਂ ਸਿਰ ਚੁੱਕ ਲੈਂਦੀਆਂ ਹਨ॥ ਸਿਰਜਕ ਬੁੱਧੀਜੀਵੀ ਵਰਗ ਨੂੰ ਹੋਰ ਗੰਭੀਰ ਹੋਣ ਦੀ ਲੋੜ ਹੈ। ਨਿਜੀ ਸੁਪਨਿਆਂ ਦੀ ਥਾਂ ਸਾਂਝੇ ਸੁਪਨੇ ਸਿਰਜਣ ਦਾ ਵੇਲਾ ਹੈ॥ ਸਮੱਸਿਆਵਾਂ ਉਭਾਰ ਕੇ, ਸਾਹਮਣੇ ਲਿਆ ਕੇ ਸਾਂਝੇ ਤੌਰ ਤੇ ਉਹਨਾਂ ਨੂੰ ਕਿਸੇ ਸੁਖਾਵੇਂ ਹੱਲ ਵੱਲ ਵੀ ਤੋਰਿਆ ਜਾਏ।
ਗੁਰਭਜਨ ਗਿੱਲ ਤੋਂ ਇਸਤਰ੍ਹਾਂ ਦੀ ਆਸ ਬੱਝਦੀ ਹੈ ਕਿ ਉਸ ਦੀ ਸੰਵੇਦਨਾ ਕੇਵਲ ਭਾਵਨਾਵਾਂ ਤਕ ਸੀਮਤ ਨਾ ਰਹਿਕੇ ਕਿਸੇ ਠੋਸ ਵਿਚਾਰਧਾਰਾ ਦਾ ਰੂਪ ਧਾਰਨ ਕਰ ਲਵੇ॥
ਸ਼ੁਭ ਇੱਛਾਵਾਂ।
-
ਸੁਰਜੀਤ ਕੌਰ ਸਖੀ, ਲੇਖਕ, ਸੈਨਹੋਜ਼ੇ (ਕੈਲੀਫ਼ੋਰਨੀਆਂ) ਯੂ. ਐਸ. ਏ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.