ਇਕਬਾਲ ਰਾਮੂਵਾਲੀਆ ਹੱਸਦਾ ਖੇਡਦਾ,ਗਾਉਂਦਾ,ਲਿਖਦਾ ਤੇ ਜ਼ਿੰਦਗੀ ਨਾਲ ਘੋਲ ਕਰਦਾ ਤੁਰ ਗਿਆ ਅਛੋਪਲੇ ਜਿਹੇ ਅੱਜ ਦੇ ਦਿਨ। ਅੱਜ ਉਸਦੀ ਤੀਜੀ ਬਰਸੀ ਮੌਕੇ ਪੰਜਾਬ ਕਲਾ ਪਰਿਸ਼ਦ ਵਲੋਂ ਚੇਅਰਮੈਨ ਡਾ ਸੁਰਜੀਤ ਪਾਤਰ ਜੀ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਉਸਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹੈ ਕਿ ਇਕਬਾਲ ਰਾਮੂਵਾਲੀਆ ਆਪਣੀਆਂ ਰਚਨਾਵਾਂ ਤੇ ਰਸਭਰੀ ਆਵਾਜ ਸਦਕਾ ਸਾਡੇ ਦਿਲਾਂ ਵਿਚ ਸਦਾ ਵਸਦਾ ਰਹੇਗਾ। ਉਸਦੀਆਂ ਕਿਤਾਬਾਂ ਨੂੰ ਪਾਠਕ ਹਿੱਕ ਨਾਲ ਲਾਈ ਰੱਖਣਗੇ ਹਮੇਸ਼ਾ।
ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਹੋਣਹਾਰ ਫਰਜੰਦ ਇਕਬਾਲ ਇਕ ਅਨਮੋਲ ਹੀਰਾ ਸੀ। ਆਪਣੇ ਨਿੱਕੇ ਭਰਾ ਡਾ ਰਛਪਾਲ ਗਿੱਲ ਦੇ ਪਿਛੇ ਪਿਛੇ ਉਹ ਉਨਾ ਵੇਲਿਆਂ ਵਿਚ ਕੈਨੇਡਾ ਪੁੱਜਿਆ ਸੀ,ਜਦੋਂ ਕੈਨੇਡਾ ਵੱਲ ਕੋਈ ਮੂੰਹ ਨਹੀਂ ਸੀ ਕਰਦਾ। ਉਸ ਨੇ ਟੈਕਸੀ ਚਲਾਈ। ਪੜਾਈ ਕੀਤੀ। ਬਹੁਤ ਤਕੜੀ ਜਦੋਜਹਿਦ ਕਰਨ ਬਾਅਦ ਆਪਣੀ ਪਤਨੀ ਸੁਖਸਾਗਰ ਨੂੰ ਸੁਖ ਦੇਣ ਜੋਕਰਾ ਹੋਇਆ। ਦੋ ਧੀਆਂ ਹੋਈਆਂ ਜੌੜੀਆਂ,ਜਿਨਾ ਨੂੰ ਉਹ 'ਪੁੱਤ' ਆਖਦਾ ਸੀ। ਇਕ ਦਾ ਨਾਂ ਕਿਨੂੰ,ਦੂਜੀ ਦਾ ਨਾਂ ਸੁੱਖੀ।
ਇਕਬਾਲ ਰਾਮੂਵਾਲੀਆ ਦੀਆਂ ਕਿਤਾਬਾਂ "ਕਵਿਤਾ ਮੈਨੂੰ ਲਿਖਦੀ ਹੈ" ,"ਪਲੰਘ ਪੰਘੂੜਾ, "ਇਕ ਪਾਸਪੋਰਟ ਦੀ ਮੌਤ" (ਜੋ ਅੰਗਰੇਜ਼ੀ ਵਿਚ ਅਨੁਵਾਦ ਹੋਇਆ) ਸਵੈ ਜੀਵਨੀ-"ਸੜਦੇ ਸਾਜ ਦੀ ਸਰਗਮ", ਤੇ "ਬਰਫ ਵਿਚ ਉਗਦਿਆਂ" ਪਾਠਕਾਂ ਨੇ ਖੂਬ ਪੜੀਆਂ ਤੇ ਸਲਾਹੀਆਂ।
ਇਕਬਾਲ ਰਾਮੂਵਾਲੀਆ ਕਮਾਲ ਦਾ ਕਵੀ ਤਾਂ ਹੈ ਈ ਸੀ,ਤੇ ਗਵੱਈਆ ਵੀ ਉਹ ਲੋਕ ਧਾਰਾ ਦਾ ਸੀ,ਇਕ ਤਾਰਾ ਵੀ ਵਜਾਉਂਦਾ ਸੀ,ਪਰ ਵਾਰਤਕ ਵਿਚ ਉਸ ਨੇ ਬਿਲਕੁਲ ਨਵੇਂ ਤਜੱਰਬੇ ਕੀਤੇ। ਇਕਦਮ ਹਟਵੀਂ ਸ਼ੈਲੀ ਤੇ ਸ਼ਬਦਾਵਲੀ ਸੀ ਓਸ ਕੋਲ। ਤਸ਼ਬੀਹਾਂ, ਬਿੰਬਾਂ ਤੇ ਆਲੰਕਾਰਾਂ ਦੀ ਕੋਈ ਤੋਟ ਨਹੀ ਸੀ ਉਸਨੂੰ।ਬਸ,ਗੁਣਾਂ ਦਾ ਗੁਥਲਾ ਹੀ ਸੀ। ਮਿਲਾਪੜਾ ਵੀ ਸਿਰੇ ਦਾ ਸੀ।
ਗੋਰਿਆਂ ਨੂੰ ਅੰਗਰੇਜ਼ੀ ਪੜਾਉਂਦਾ ਰਿਹਾ, ਵਧੀਆ ਸੇਵਾਮੁਕਤੀ ਹੋਈ ਪਰ ਗੋਰਿਆਂ ਦੀ ਭੋਰਾ ਭਰ ਪਾਹ ਨਾ ਚੜੀ ਉਸਨੂੰ।
ਡਾ ਸੁਰਜੀਤ ਪਾਤਰ ਆਖਦੇ ਹਨ ਕਿ ਉਹ ਮੋਹਵੰਤਾ ਇਨਸਾਨ ਸੀ। ਉਸਨੂੰ ਮੋਹ ਲੈਣਾ ਵੀ ਆਉਂਦਾ ਸੀ ਤੇ ਦੇਣਾ ਵੀ। ਡਾ ਲਖਵਿੰਦਰ ਜੌਹਲ ਆਖਦੇ ਹਨ ਕਿ ਇਕਬਾਲ ਰਾਮੂਵਾਲੀਆ ਇਕ ਸੰਸਥਾ ਸੀ ਆਪਣੇ ਆਪ ਵਿਚ। ਉਸ ਨੇ ਹਾਲੇ ਬੜਾ ਕੁਝ ਕਰਨਾ ਸੀ ਪਰ ਕੁਦਰਤ ਅੱਗੇ ਕਿਹਦਾ ਜੋਰ?
ਅੱਜ ਇਕਬਾਲ ਰਾਮੂਵਾਲੀਆ ਨੂੰ ਚੇਤੇ ਕਰਦਿਆਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਉਸਦੇ ਪਰਿਵਾਰ ਨੂੰ ਢਾਸਣਾ ਵੀ ਦਿੰਦੀ ਹੈ ਤੇ ਉਸਦਾ ਸਾਹਿਤਕ ਖਜ਼ਾਨਾ ਸਾਂਭ ਕੇ ਰੱਖਣ ਦੀ ਬੇਨਤੀ ਵੀ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.