( ਕੈਨੇਡਾ ਵਾਸੀ ਸਵਰਗੀ ਹਰਮਿੰਦਰ ਪੁਰੇਵਾਲ ਦੇ ਨੇੜਲੇ ਦੋਸਤ ਅਤੇ ਕੈਨੇਡਾ ਵਾਸੀ ਸਤਵੰਤ ਦੀਪਕ ਵੱਲੋਂ ਹਰਮਿੰਦਰ ਦੇ ਜੀਵਨ ਬਾਰੇ ਲਿਖਿਆ ਲੇਖ ਬਹੁਤ ਲੰਬਾ ਹੈ , ਸ਼ਰਧਾਂਜਲੀ ਵਜੋਂ ਇਸ ਨੂੰ ਅਸੀਂ ਕਿਸ਼ਤਾਂ ਵਿਚ ਪੋਸਟ ਕਰ ਰਹੇ ਹਾਂ l ਪਹਿਲੀ ਕਿਸ਼ਤ ਹਾਜ਼ਰ ਹੈ -ਸੰਪਾਦਕ , ਬਾਬੂਸ਼ਾਹੀ ਨੈਟਵਰਕ )
ਬੇਵਕਤਾ ਹੀ ਤੁਰ ਗਿਆ ਫ਼ੱਕਰ ਤਬੀਅਤ ਵਾਲਾ ਦਰਵੇਸ਼ -ਹਰਮਿੰਦਰ ਪੁਰੇਵਾਲ ... ਬਲਜੀਤ ਬੱਲੀ ਦੀ ਉਦਾਸ ਕਲਮ ਤੋਂ
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਦੂਜੀ..... ਸਤਵੰਤ ਦੀਪਕ ਦੀ ਕਲਮ ਤੋਂ
ਪੂਰੀ ਲਿਖਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ
ਹਰਮਿੰਦਰ ਨਾਲ਼ ਬਿਤਾਏ ਤੇ ਹੰਢਾਏ ਇਹ ਮੇਰੇ ਨਿੱਜੀ ਅਨੁਭਵ ਹਨ, ਉਸ ਸਮੇਂ ਦੇ ਹਾਲਾਤ ਦੇ ਕੌੜੇ-ਮਿੱਠੇ ਤਜਰਬੇ ਹਨ- ਸਤਵੰਤ ਦੀਪਕ
"ਯਾਰ ਬੜੀ ਚੰਗੀ ਚੀਜ਼ ਹੁੰਦੇ ਹਨ । ਸਭ ਤੋਂ ਵੱਡਾ ਸਹਾਰਾ ਆਦਮੀ ਨੂੰ ਆਪਣੇ ਲਹੂ ਦਾ ਹੀ ਹੁੰਦਾ ਹੈ ਪਰ ਲਹੂ ਤਾਹੀਓੁਂ ਜੰਮਣੋਂ ਬਚ ਸਕਦਾ ਹੈ ਜੇ ਯਾਰੀ ਦੀ ਧੂਣੀ 'ਤੇ ਪਿੰਡਾ ਸੇਕਦੇ ਰਹੀਏ ।" (ਪਾਸ਼ ਦੀ ਡਾਇਰੀ - ਆਪਣੇ ਨਾਲ ਗੱਲਾਂ: ਜਨਵਰੀ 23, 1976, ਪੰਨਾ 46)
ਇਕ ਬਹੁਤ ਹੀ ਗ਼ਮਗੀਨ ਖ਼ਬਰ ਹੈ ਕਿ ਸਾਡਾ ਪਰਮ-ਪਿਆਰਾ, ਯਾਰਾਂ ਦਾ ਯਾਰ, ਜ਼ਿੰਦਾ-ਦਿਲ ਇਨਸਾਨ, ਅਗਾਂਹ-ਵਧੂ ਸਰਗਰਮੀਆਂ ਦਾ ਮੋਹਰੀ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦਾ ਸੁਯੋਗ ਵਿਦਿਆਰਥੀ ਤੇ ਮੇਰਾ ਸਹਿ-ਪਾਠੀ, ਕਾਮਰੇਡ ਹਰਮਿੰਦਰ ਪੁਰੇਵਾਲ 23 ਅਪਰੈਲ, 2020 ਨੂੰ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਉਹ ਪਿੱਛੇ ਆਪਣੀ ਧਰਮ-ਪਤਨੀ ਕਲਜਿੰਦਰ ਕੌਰ (ਰਾਣੀ), ਦੋ ਬੇਟੇ ਨਵਦੀਪ (ਨਵੀ) ਅਤੇ ਜਸਦੀਪ (ਜੱਸੀ), ਵੱਡੇ ਵੀਰ ਸੁਰਿੰਦਰ ਤੇ ਪਰਵਾਰ (ਜਲੰਧਰ, ਇੰਡੀਆ), ਛੋਟੇ ਵੀਰ ਦਵਿੰਦਰ ਤੇ ਪਰਵਾਰ (ਟੋਰਾਂਟੋ, ਕੈਨੇਡਾ), ਬਾਕੀ ਭੈਣ-ਭਰਾਵਾਂ, ਰਿਸ਼਼ਤੇਦਾਰਾਂ, ਸਕੀਆਂ-ਸਨੇਹੀਆਂ ਅਤੇ ਪਰਮ-ਪਿਆਰਿਆਂ ਦੇ ਦਿਲਾਂ 'ਤੇ ਸੋਗ-ਦਰੀ ਵਿਛਾ ਗਿਆ ਹੈ । ਹੱਥਲਾ ਲੇਖ ਹਰਮਿੰਦਰ ਦੀ ਬਹੁ-ਪੱਖੀ ਸ਼ਖ਼ਸੀਅਤ, ਪ੍ਰਤੀਬੱਧਤਾ, ਉਸਦੀਆਂ ਸਿਆਸੀ / ਸਮਾਜਿਕ / ਪਰਵਾਰਕ ਸਰਗਰਮੀਆਂ ਦੇ ਪਰਸੰਗ ਵਿਚ ਉਸ ਦੀਆਂ ਸਦਾਬਹਾਰ, ਅਭੁੱਲ ਯਾਦਾਂ ਨੂੰ ਸਮਰਪਿਤ ਹੈ।
ਹਰਮਿੰਦਰ ਪੁਰੇਵਾਲ ਦਾ ਜਨਮ 11 ਸਤੰਬਰ 1953 ਨੂੰ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸ਼ੰਕਰ ਵਿਚ ਇਕ ਮੱਧ-ਵਰਗੀ ਜ਼ਿਮੀਦਾਰ ਪਰਵਾਰ ਵਿਚ ਹੋਇਆ । ਆਰਥਿਕ ਪੱਖੋਂ ਪਰਵਾਰ ਖੁਸ਼ਹਾਲੀ ਅਤੇ ਸੰਤੁਸ਼ਟ ਸੀ । ਪਿਤਾ ਸ: ਮੇਹਰ ਸਿੰਘ ਦਾ ਲਾਡ-ਪਿਆਰ ਸਿਰਫ਼ ਤਿੰਨ ਸਾਲ ਹੀ ਨਸੀਬ ਹੋਇਆ ਕਿ ਉਸ ਦਾ ਸਾਇਆ ਸਿਰ 'ਤੋਂ ਉਠ ਗਿਆ । ਵੱਡੇ ਬੀਜੀ (ਸਵ:) ਸੰਪੂਰਨ ਕੌਰ ਨੇ ਸਪੁੱਤਰ ਸੁਰਿੰਦਰ, (ਸਵ:) ਗੁਰਦੀਪ, ਸਪੁੱਤਰੀ (ਸਵ:) ਹਰਪਾਲ ਕੌਰ; ਅਤੇ ਬੀਜੀ (ਸਵ:) ਰਜਿੰਦਰ ਕੌਰ ਨੇ ਸਪੁੱਤਰ ਹਰਮਿੰਦਰ, ਦਵਿੰਦਰ ਅਤੇ ਸਪੁੱਤਰੀ (ਸਵ:) ਸੁਰਿੰਦਰ ਕੌਰ ਨੂੰ ਬੜੀ ਰੀਝ ਅਤੇ ਸਿਦਕ ਨਾਲ਼ ਪਾਲ਼ਿਆ, ਪੜ੍ਹਾਇਆ ਲਿਖਾਇਆ ਅਤੇ ਜ਼ਿੰਦਗੀ ਵਿਚ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਬਣਾਇਆ । ਛੋਟੀ ਉਮਰ ਵਿਚ ਪਿਤਾ ਦਾ ਸਾਇਆ ਸਿਰ 'ਤੋਂ ਉਠ ਗਿਆ ਹੋਣ ਕਰਕੇ ਅਤੇ ਪਰਵਾਰ ਵਿਚ ਸਭ ਤੋਂ ਵੱਧ ਜ਼ਿੰਮੇਵਾਰ ਬੱਚਾ ਹੋਣ ਕਰਕੇ ਹਰਮਿੰਦਰ ਬਚਪਨ ਤੋਂ ਹੀ ਸੰਜੀਦਾ ਅਤੇ ਮਿਹਨਤੀ ਸੀ । ਦਸਵੀਂ ਉਸਨੇ ਪਿੰਡ ਦੇ ਗੌਰਮਿੰਟ ਸਕੂਲ ਸ਼ੰਕਰ ਵਿਚ ਕੀਤੀ । ਉਹ ਪੜ੍ਹਨ ਵਿਚ ਨਿਪੁੰਨ ਤੇ ਹੋਣਹਾਰ, ਵਿਹਾਰ ਵਿਚ ਸੁਸ਼ੀਲ ਅਤੇ ਸੁਭਾਅ ਦਾ ਮਿਲਾਪੜਾ ਸੀ । ਉਸ ਦੀ ਰੀਝ ਇੰਜਨੀਅਰ ਬਣਨ ਦੀ ਸੀ । ਇਸ ਕਰਕੇ ਉਸਨੇ ਪਰੈੱਪ ਅਤੇ ਪ੍ਰੀ-ਇੰਜਨੀਅਰਿੰਗ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਸੇ ਪਿੰਡ ਦੇ ਰੂਪਿੰਦਰ ਤੱਖਰ ਅਤੇ ਹੋਰ ਸੀਨੀਅਰ ਇੰਜਨੀਅਰਿੰਗ ਵਿਦਿਆਰਥੀਆਂ ਨੇ ਉਸਦੀ ਲਗਨ ਅਤੇ ਪ੍ਰਿਤਭਾ ਦੇਖ ਕੇ ਉਸਨੂੰ ਪ੍ਰੇਰ ਕੇ ਆਪਣੇ ਨਾਲ਼ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਚ ਦਾਖ਼ਲਾ ਦਿਵਾ ਦਿਤਾ।
ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਪੇਂਡੂ ਖਿੱਤੇ ਦੇ ਵਿਦਿਆਰਥੀਆਂ ਲਈ ਇੰਜਨੀਅਰਿੰਗ ਦੀ ਤਕਨੀਕੀ ਪੜ੍ਹਾਈ ਦੇ ਗਿਆਨ ਦੀ ਕਾਸ਼ੀ ਹੈ । ਹਰਮਿੰਦਰ ਤੇ ਮੈਂ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ (1971-1975) ਤੋਂ ਲੈ ਕੇ ਅੰਤ ਤੱਕ ਸੰਗੀ-ਸਾਥੀ ਰਹੇ ਹਾਂ । ਉਸ ਦੇ ਚਲੇ ਜਾਣ 'ਤੇ ਉਸ ਨਾਲ ਜੁੜੀਆਂ ਯਾਦਾਂ-ਸਿਮ੍ਰਤੀਆਂ ਨੂੰ ਇਕੱਠਾ ਕਰਨ ਦਾ ਯਤਨ ਕਰ ਰਿਹਾ ਹਾਂ । 1971 ਤੋਂ ਲੈ ਕੇ ਹੁਣ ਤੱਕ ਦੇ ਸਮਂੇ ਦੌਰਾਨ ਉਸ ਨਾਲ਼ ਜੁੜੀਆਂ ਸਭ ਯਾਦਾਂ ਨੂੰ ਇਕ ਥਾਂ ਇਕੱਠਾ ਕਰਨ ਦਾ ਕਾਰਜ ਭਾਵੇਂ ਅਸੰਭਵ ਨਹੀਂ, ਪਰ ਬਹੁਤ ਔਖਾ ਹੈ । ਅੱਧੀ ਸਦੀ ਦਾ ਲੇਖਾ-ਜੋਖਾ ਕਰਦਿਆਂ ਨਾਵਾਂ, ਥਾਵਾਂ, ਘਟਨਾਵਾਂ, ਪਰਸੰਗਾਂ ਨੂੰ ਬਿਆਨ ਕਰਨ ਵਿਚ ਕਚਿਆਈ ਜਾਂ ਉੱਕਾਈ ਰਹਿਣੀ ਸੰਭਵ ਹੈ, ਇਸ ਕਰਕੇ ਆਰੰਭ ਵਿਚ ਹੀ ਮੁਆਫ਼ੀ ਲਈ ਬਿਨੈਕਾਰ ਹਾਂ । ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਸਿਆਸੀ ਪਾਰਟੀ ਜਾਂ ਇਨਕਲਾਬੀ ਗਰੁੱਪਾਂ ਦਾ ਇਤਿਹਾਸ ਨਹੀਂ ਲਿਖ ਰਿਹਾ, ਨਾ ਹੀ ਕਿਸੇ ਵਿਅਕਤੀ-ਵਿਸ਼ੇਸ਼ ਦੇ ਪੋਤੜੇ ਫਰੋਲ਼ ਰਿਹਾ ਹਾਂ । ਹਰਮਿੰਦਰ ਦੇ ਮਿੱਤਰਾਂ ਦਾ ਘੇਰਾ ਵਿਸ਼ਾਲ ਹੈ, ਉਹਨਾ ਵੀ ਉਸ ਦੀਆਂ ਯਾਦਾਂ ਸੀਨੇ ਲਾਕੇ ਰੱਖੀਆਂ ਹੋਣਗੀਆਂ । ਹਰਮਿੰਦਰ ਨਾਲ਼ ਬਿਤਾਏ ਤੇ ਹੰਢਾਏ ਇਹ ਮੇਰੇ ਨਿੱਜੀ ਅਨੁਭਵ ਹਨ, ਉਸ ਸਮੇਂ ਦੇ ਹਾਲਾਤ ਦੇ ਕੌੜੇ-ਮਿੱਠੇ ਤਜਰਬੇ ਹਨ।
1997 ਕੈਨੇਡਾ ਟੋਰਾਂਟੋ ਏਰੀਆ' ਦੀ ਤਸਵੀਰ .( ਖੱਬਿਓਂ -ਸੱਜੇ ) : ਇਕਬਾਲ ਰਾਮੂਵਾਲੀਆ , ਬਲਦੇਵ ਰਹਿਪਾ , ਬਲਜੀਤ ਬੱਲੀ , ਹਰਮਿੰਦਰ ਪੁਰੇਵਾਲ ਅਤੇ ਅਮਰ ਭੁੱਲਰ
ਸਾਲ 1971 ਉਹ ਸਮਾਂ ਸੀ ਜਦੋਂ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੇ ਪੰਜਾਬ ਦੇ ਬਾਕੀ ਕਾਲਜਾਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਮੁੜ-ਸੁਰਜੀਤ ਹੋ ਰਹੀ ਸੀ । ਇਸ ਦੇ ਪਿਛੋਕੜ ਵਿਚ ਸੀ ਭਾਰਤ ਦੀਆਂ ਕ੍ਰਾਂਤੀਕਾਰੀ ਲਹਿਰਾਂ ਵਿਚੋਂ ਇਕ ਬਹੁਤ ਅਹਿਮ ਕਿਸਾਨੀ ਲਹਿਰ, ਜੋ 1967 ਵਿਚ ਬੰਗਾਲ ਦੀ ਧਰਤੀ 'ਤੋਂ ਉੱਠੀ, ਜਿਸਨੂੰ 'ਨਕਸਲਬਾੜੀ' ਲਹਿਰ ਨਾਲ਼ ਜਾਣਿਆ ਜਾਂਦਾ ਹੈ । ਨਕਸਲਬਾੜੀ ਲਹਿਰ ਨੂੰ ਪੀਕਿੰਗ ਰੇਡੀਓ ਨੇ ੰਪਰਨਿਗ ਠਹੁਨਦੲਰ ੋਵੲਰ ੀਨਦਅਿ (ਬਸੰਤ ਦੀ ਗਰਜ) ਕਿਹਾ ਸੀ । ਨਕਸਲਬਾੜੀ ਪਿੰਡ ਤੋਂ ਆਰੰਭ ਹੋਇਆ ਇਹ ਜੁਝਾਰੂ ਕਿਸਾਨੀ ਸੰਘਰਸ਼ ਜੰਗਲ ਦੀ ਅੱਗ ਵਾਂਗ ਛੇਤੀ ਹੀ ਸਾਰੇ ਦੇਸ਼ ਵਿਚ ਫੈਲ ਗਿਆ । ਇਸ ਲਹਿਰ ਨੇ ਫ਼ੈਸਲਾਕੁਨ ਤੌਰ 'ਤੇ ਸੰਸਦਵਾਦ ਅਤੇ ਸਮਝੌਤਾਵਾਦ ਦੀ ਜਿੱਲ੍ਹਣ ਵਿਚ ਫਸੀਆਂ ਸਾਰੀਆਂ ਸਰਕਾਰੀ ਧਿਰਾਂ - ਸਮੇਤ ਸੱਜੀਆਂ ਅਤੇ ਖੱਬੀਆਂ ਕਮਿਉਨਿਸਟ ਪਾਰਟੀਆਂ ਤੋਂ ਮੁਕੰਮਲ ਤੋੜ-ਵਿਛੋੜਾ ਕਰਕੇ ਇਨਕਲਾਬੀ ਵਿਰਾਸਤ ਨੂੰ ਬਰਕਰਾਰ ਰੱਖਦਿਆਂ, ਸਦੀਆਂ ਤੋਂ ਪਿਸਦੇ ਆ ਰਹੇ ਦਲਿਤ, ਦਮਿਤ ਤੇ ਮਿਹਨਤਕਸ਼ ਲੋਕਾਂ ਲਈ ਹੱਕ-ਸੱਚ ਦੇ ਸੰਗਰਾਮ ਦਾ ਬਿਗਲ ਵਜਾ ਦਿਤਾ । ਇਹ ਸੱਚੇ-ਸੁੱਚੇ ਇਮਾਨਦਾਰ ਕਮਿਉਨਿਸਟ ਇਨਕਲਾਬੀ ਸੰਸਦੀ ਚੋਣਾਂ 'ਤੇ ਟੇਕ ਰੱਖਣ ਦੀ ਬਜਾਇ ਸਿਰਫ਼ ਹਥਿਆਰਬੰਦ ਸੰਘਰਸ਼ ਰਾਹੀਂ ਲੋਕ-ਇਨਕਲਾਬ ਕਰਨ ਲਈ ਸਿਰਧੜ ਦੀ ਬਾਜ਼ੀ ਲਗਾ ਗਏ । ਸਰਕਾਰੀ ਸਟੇਟ ਮਸ਼ੀਨਰੀ, ਜੁਡੀਸ਼ਰੀ ਅਤੇ ਪੁਲਸ ਵੱਲੋਂ ਹਜ਼ਾਰਾਂ ਸਿਰਲੱਥ ਸੂਰਬੀਰਾਂ ਨੂੰ ਦਿਲ ਕੰਬਾ ਦੇਣ ਵਾਲ਼ੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ ।
ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ 'ਤੇ ਵੀ ਇਸ ਲਹਿਰ ਦਾ ਵਿਆਪਕ ਅਸਰ ਪਿਆ । ਪੰਜਾਬ ਵਿਚ ਇਸ ਲਹਿਰ ਨੂੰ ਕੁਚਲਣ ਲਈ ਉਸ ਵਕਤ ਦੀਆਂ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਨੇ ਸੌ ਤੋਂ ਵੱਧ ਕਮਿਉਨਿਸਟ ਇਨਕਲਾਬੀਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿਤਾ ਸੀ । ਪੰਜਾਬ ਵਿਚ ਸਭ ਤੋਂ ਵੱਧ ਕਤਲ ਅਕਾਲੀ ਪਾਰਟੀ ਦੀ ਸਰਕਾਰ ਦੌਰਾਨ ਕੀਤੇ ਗਏ । ਪਰ ਉਹ ਸਿਦਕੀ-ਸੂਰਮੇ ਹਕੂਮਤੀ ਅੱਤਿਆਚਾਰ ਅਤੇ ਪੁਲਸ ਦੇ ਤਸ਼ੱਦਦ ਅੱਗੇ ਸ਼ਹਾਦਤਾਂ ਦੀ ਮਾਣ-ਮੱਤੀ ਵਿਰਾਸਤ ਦੇ ਰਸਤੇ 'ਤੇ ਚੱਲਦਿਆਂ ਮਹਾਨ ਕੁਰਬਾਨੀਆਂ ਦਾ ਸ਼ਾਨਾਮੱਤਾ ਅਤੇ ਮਾਣ-ਮੱਤਾ ਇਤਿਹਾਸ ਸਿਰਜ ਗਏ।
ਪੂਰੀ ਲਿਖਤ ਪੜ੍ਹਨ ਲਈ ਲਿੰਕ ਤੇ ਕਲਿੱਕ ਕਰੋ
ਇਸ ਮਹਾਨ ਲੋਕ ਸੰਗਰਾਮ ਅਤੇ ਬੇਮਿਸਾਲ ਕੁਰਬਾਨੀਆਂ ਨੇ ਜਿਥੇ ਸਾਹਿਤਕਾਰਾਂ, ਕਲਾਕਾਰਾਂ, ਅਤੇ ਸੰਗੀਤਕਾਰਾਂ ਨੂੰ ਝੰਜੋੜਿਆ, ਉਥੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਇਸ ਦਾ ਗਹਿਰਾ ਅਸਰ ਹੋਇਆ । 1967 ਤੋਂ ਖ਼ਾਮੋਸ਼ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਫਿਰ ਪੈਰਾਂ ਸਿਰ ਹੋ ਰਹੀ ਸੀ । ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ, ਮੈਡੀਕਲ ਕਾਲਜ ਪਟਿਆਲ਼ਾ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਰਗਰਮੀਆਂ ਦੇ ਮੁਖ ਕੇਂਦਰ ਬਣ ਗਏ । ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਪੰਜਾਬ ਵਿਚ ਨਕਸਲਬਾੜੀ ਲਹਿਰ ਦੇ ਬਖ਼ਸ਼ੀਸ਼ ਸਿੰਘ ਮੋਰਕਰੀਮਾ ਅਤੇ ਸ਼ਿਵ ਲਾਲ ਬਾਂਸਲ ਵਰਗੇ ਸ਼ਹੀਦ ਸਪੂਤ ਪੈਦਾ ਕਰਨ ਦਾ ਮਾਣ ਹਾਸਲ ਹੈ । 2018 ਵਿਚ ਛਪੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪਹਿਲੇ ਜਨਰਲ ਸਕੱਤਰ ਦਰਸ਼ਨ ਖਹਿਰਾ (ਬਾਗ਼ੀ) ਦੀ "ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ" ਪੁਸਤਕ ਵਿਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਬਾਰੇ ਪੂਰੇ ਦੋ ਚੈਪਟਰ ਹਨ । ਇਸ ਕਾਲਜ ਨੂੰ ਬਾਗ਼ੀ ਦੇ ਸ਼ਬਦਾਂ ਵਿਚ ਮਾਰਕਸੀ ਸਰਕਲਾਂ ਵਿਚ ਪੀ ਐੱਸ ਯੂ ਦਾ 'ਲੈਨਿਨਗਰਾਡ' ਕਿਹਾ ਜਾਂਦਾ ਸੀ । ਇਸ ਕਾਲਜ ਨੇ ਨਕਸਲਬਾੜੀ ਲਹਿਰ ਦੇ ਸ਼ਹੀਦ ਬਖ਼ਸ਼ੀਸ਼ ਸਿੰਘ ਮੋਰਕਰੀਮਾਂ, ਸ਼ਹੀਦ ਸ਼ਿਵ ਲਾਲ ਬਾਂਸਲ, (ਸਵ:) ਦਰਸ਼ਨ ਕੂਹਲੀ, ਸਰਵਣ ਸੈਣੀ, ਮੇਜਰ ਸਿੰਘ, ਗੋਵਿੰਦਰ ਸਿੰਘ (ਅਜਮੇਰ ਸਿੰਘ), ਕੁਲਦੀਪ ਸਿੰਘ ਹੰਸਰਾ, ਰਣਜੀਤ ਹੁੰਦਲ, (ਸਵ:) ਰਾਜਿੰਦਰ ਹਾਂਸ, ਅਮੋਲਕ ਸਿੰਘ, ਸੁਰਿੰਦਰ ਧੰਜਲ, ਬੂਟਾ ਰਾਮ ਸ਼ਰਮਾ, ਅਤੇ ਅਗਲੇ ਪੂਰ ਦੇ ਸਾਥੀ ਸੁਰਜੀਤ ਤੁਰਨਾ (ਭਾਅ ਜੀ), ਰੂਪਿੰਦਰ ਤੱਖਰ ਵਰਗੇ ਖੱਬੇ-ਪੱਖੀ ਕਮਿਉਨਿਸਟ ਲਹਿਰ ਵਿਚ ਉੱਘਾ ਯੋਗਦਾਨ ਪਾਉਣ ਵਾਲ਼ੇ ਵਿਦਿਆਰਥੀ ਪੈਦਾ ਕੀਤੇ ।
10 ਜੂਨ , 2020
... ਬਾਕੀ ਅਗਲੀ ਕਿਸ਼ਤ 'ਚ
ਇਹ ਵੀ ਜ਼ਰੂਰ ਪੜ੍ਹੋ :
-
ਸਤਵੰਤ ਦੀਪਕ, ਲੇਖਕ ਅਤੇ ਕਲਾਕਾਰ ,ਕੈਨੇਡਾ
satwantdeepak@gmail.com
+1-604-910-9953
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.