29 ਅਪ੍ਰੈਲ , 2020 ਨੂੰ ਮੇਰੇ ਮੋਬਾਈਲ ਫ਼ੋਨ 'ਤੇ ਇਕ ਐਸ.ਐਮ.ਐਸ ਆਇਆ ਕੈਨੇਡਾ ਤੋਂ ਡਾ ਸ਼ਿੰਦਰ ਸਿੰਘ ਪੁਰੇਵਾਲ ਦਾ। ਪਰ ਮੈਨੂੰ ਪਤਾ ਨਹੀਂ ਲੱਗਾ। ਕਿਤੇ ਇਹ ਅੱਖੋਂ ਓਹਲੇ ਹੋ ਗਿਆ। 15 ਮਈ ਨੂੰ ਮੈਂ ਅਚਾਨਕ ਦੇਖਿਆ। ਇਹ ਇੱਕ ਸ਼ੋਕਮਈ ਸੁਨੇਹਾ ਸੀ। 45 ਸਾਲ ਤੋਂ ਵੀ ਪੁਰਾਣੇ ਮੇਰੇ ਮਿੱਤਰ ਹਰਮਿੰਦਰ ਪੁਰੇਵਾਲ ਦੀ ਮੌਤ ਦਾ ਅਫ਼ਸੋਸਨਾਕ ਮੈਸੇਜ ਸੀ ਇਹ। ਉਸ ਨੇ ਲਿਖਿਆ ਸੀ "ਤੁਹਾਡਾ ਦੋਸਤ ਹਰਮਿੰਦਰ ਫ਼ੌਤ ਹੋ ਗਿਆ ਹੈ। ਮੈਂ ਇੱਕ ਛੋਟਾ ਜਿਹਾ ਲੇਖ ਲਿਖਿਆ ਹੈ ਉਸ ਬਾਰੇ ਭੇਜਾਂਗਾ।"
ਸਦਮੇ 'ਚ ਮੈਂ ਮੋੜਵਾਂ ਸਵਾਲ ਕੀਤਾ, "ਇਹ ਕਿਵੇਂ ਤੇ ਕਦੋਂ ਹੋਇਆ ?" ਜਵਾਬੀ ਐਸ.ਐਮ.ਐਸ ਇਸ ਤਰ੍ਹਾਂ ਸੀ, "23 ਅਪ੍ਰੈਲ ਤੜਕੇ ਉਸ ਨੂੰ ਦਿਲ ਦਾ ਦੌਰਾ ਪਿਆ। ਸਤਵੰਤ ਦੀਪਕ ਇੱਕ ਲੇਖ ਲਿਖ ਰਿਹਾ ਹੈ। ਉਹ ਤੁਹਾਨੂੰ ਸੰਪਰਕ ਕਰੇਗਾ।"
ਮੈਂ ਆਪਣੀ ਬੀਵੀ ਨਾਲ ਇਹ ਦੁਖਦ ਘਟਨਾ ਸ਼ੇਅਰ ਕੀਤੀ। ਮੇਰੇ ਸਾਹਮਣੇ 1972-73 ਦੇ ਲੁਧਿਆਣੇ ਦੇ ਇੰਜੀਨੀਅਰਿੰਗ ਕਾਲਜ ਦੇ ਦਿਨਾਂ ਤੋਂ ਲੈ ਕੇ 2014 ਵਿਚ ਹਰਮਿੰਦਰ ਨਾਲ ਟੋਰਾਂਟੋ ਏਅਰਪੋਰਟ 'ਤੇ ਹੋਈ ਆਖ਼ਰੀ ਮਿਲਣੀ ਤੱਕ ਰੀਲ ਜਿਹੀ ਘੁੰਮ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਨੇਤਾ ਹੁੰਦੇ ਹੋਏ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿਚ ਅਕਸਰ ਹਰਮਿੰਦਰ ਕੋਲ ਜਾਇਆ ਕਰਦੇ ਸੀ। ਉਹ ਬਹੁਤ ਨਿੱਘੇ ਅਤੇ ਫ਼ੱਕਰ ਸੁਭਾਅ ਦਾ ਮਾਲਕ ਸੀ।
ਪੰਜਾਬ 'ਚ ਦਹਿਸ਼ਤਵਾਦ ਦੇ ਦੌਰ 'ਚ ਬਾਕੀ ਦੁਆਬੀਆਂ ਵਾਂਗ ਉਹ ਵੀ ਕੈਨੇਡਾ ਚਲਿਆ ਗਿਆ। ਬਹੁਤ ਲੰਮਾ ਸਮਾਂ ਕੋਈ ਰਾਬਤਾ ਨਹੀਂ ਰਿਹਾ।
ਫੇਰ ਜਦੋਂ 1997'ਚ ਕੈਨੇਡਾ ਫੇਰੀ ਦੌਰਾਨ ਫੇਰ ਮੁਲਾਕਾਤ ਹੋਈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਦਿਨਾਂ ਦੇ ਹੀ ਸਾਡੇ ਸਾਂਝੇ ਮਿੱਤਰ ਬਲਦੇਵ ਰਹਿਪਾ ਨੇ ਸਾਡੀ ਮੁਲਾਕਾਤ ਕਰਾਈ। ਉਸਦਾ ਚਿਹਰਾ -ਮੋਹਰਾ ਕਾਫ਼ੀ ਬਦਲਿਆ ਹੋਇਆ ਸੀ ਪਰ ਸੁਭਾਅ 'ਚ ਉਹੀ ਨਿੱਘ, ਘੱਟ ਬੋਲਣਾ ਪਰ ਕਾਹਲੀ-ਕਾਹਲੀ ਗੱਲ ਕਰਨੀ - ਇੰਨੀ ਕਾਹਲੀ ਕਿ ਕਈ ਵਾਰ ਗੱਲ ਨੂੰ ਦੁਹਰਾ ਕੇ ਪੁੱਛਣਾ ਪੈਂਦਾ ਸੀ। ਉਸ ਨੇ ਦੱਸਿਆ ਕਿ ਉਹ ਏਅਰਪੋਰਟ ਤੇ ਟੈਕਸੀ ਚਲਾਉਂਦਾ ਸੀ।
1997 'ਚ ਪੁਰੇਵਾਲ ਨਾਲ ਟੋਰਾਂਟੋ 'ਚ ਮੇਰੀ ਤਸਵੀਰ
ਇੰਜੀਨੀਅਰਿੰਗ ਦੀ ਡਿਗਰੀ ਉੱਥੇ ਜਾ ਉਸ ਲਈ ਬੇਮਾਅਨੀ ਹੋ ਗਈ ਸੀ। ਉਸ ਤੋਂ ਬਾਅਦ 2014 ਤੱਕ ਜਿੰਨੇ ਵਾਰ ਵੀ ਮੈਂ ਟੋਰਾਂਟੋ -ਬਰੈਂਪਟਨ ਗਿਆ ਤਾਂ ਹਰਮਿੰਦਰ ਨੂੰ ਮਿਲਣਾ ਪੱਕਾ ਹੁੰਦਾ ਸੀ। ਹਾਲਾਂਕਿ ਉਹ ਏਅਰਪੋਰਟ 'ਤੇ ਆਪਣੀ ਲਿਮੋਜ਼ੀਨ ਚਲਾਉਣ 'ਚ ਕਾਫ਼ੀ ਬਿਜ਼ੀ ਹੁੰਦਾ ਸੀ ਪਰ ਫੇਰ ਵੀ ਉਹਦੀ ਪੱਕੀ ਆਫ਼ਰ ਹੁੰਦੀ ਸੀ, "ਜਦੋਂ ਕਿਤੇ ਜਾਣਾ ਹੋਵੇ ਮੈਨੂੰ ਫ਼ੋਨ ਕਰ ਦਿਆ ਕਰ। ਟੋਰਾਂਟੋ ਤੋਂ ਵਾਪਸੀ ਫਲਾਈਟ ਲੈਣ ਵੇਲੇ ਮੈਨੂੰ ਏਅਰਪੋਰਟ'ਤੇ ਛੱਡਣ ਦੀ ਡਿਊਟੀ ਤਾਂ ਉਸਨੇ ਆਪਣੇ ਆਪ ਹੀ ਲਾ ਰੱਖੀ ਸੀ।
ਸੱਚ ਯਾਦ ਆਇਆ, ਪਹਿਲੀ ਵਾਰੀ ਮੈਨੂੰ ਨਿਆਗਰਾ ਫ਼ਾਲਜ ਘੁਮਾਓਂ ਵੀ ਹਰਮਿੰਦਰ ਹੀ ਲੈਕੇ ਗਿਆ ਸੀ। ਇੱਕ ਵਾਰ ਮੈਨੂੰ ਉਸਨੇ ਬਹੁਤ ਵੀ ਵਧੀਆ ਸਪੋਰਟਸ ਸ਼ੂਜ਼ ਵੀ ਲੈਕੇ ਦਿੱਤੇ ਸਨ। ਡਰੈੱਸ ਵੀ ਉਹਦੀ ਅਕਸਰ ਪੱਕੀ ਹੁੰਦੀ ਸੀ। ਲੈਦਰ ਦੀ ਜੈਕੇਟ ਅਤੇ ਸਿਰ ਤੇ ਕੈਪ। ਉਹ ਆਖ਼ਰ ਤੱਕ ਖੱਬੇ-ਪੱਖੀ ਵਿਚਾਰਧਾਰਾ ਦਾ ਅਤੇ ਸਰਗਰਮੀਆਂ ਨਾਲ ਜੁੜਿਆ ਰਿਹਾ। ਪੀ.ਐਸ.ਯੂ ਵੇਲੇ ਦੀਆਂ ਗੱਲਾਂ ਵੀ ਯਾਦ ਕਰਦਾ ਰਹਿੰਦਾ ਸੀ ਉਹ ਤੇ ਹੁਣ ਇੰਡੀਆ 'ਚ ਖੱਬੇ ਪੱਖੀਆਂ ਦਾ ਹਾਲ ਵੀ ਪੁੱਛਦਾ ਰਹਿੰਦਾ ਸੀ। ਦਰਵੇਸ਼ ਕਿਸਮ ਦਾ ਉਹ ਇਨਸਾਨ ਲਗਭਗ ਮੇਰੀ ਉਮਰ ਦਾ ਹੀ ਸੀ, ਦੋ ਕੁ ਮਹੀਨੇ ਹੀ ਮੇਰੇ ਨਾਲੋਂ ਵੱਡਾ ਸੀ।
ਮੈਂ 2014 ਤੋਂ ਬਾਅਦ ਅਮਰੀਕਾ-ਕੈਨੇਡਾ ਤਾਂ ਕਈ ਵਾਰ ਗਿਆ ਪਰ ਟੋਰਾਂਟੋ ਨਹੀਂ ਗਿਆ ਇਸ ਲਈ ਉਸ ਤੋਂ ਬਾਅਦ ਪੁਰੇਵਾਲ ਨਾਲ ਮੁਲਾਕਾਤ ਨਹੀਂ ਹੋਈ। ਇੱਕ ਵਾਰ ਉਹ ਜਦੋਂ ਇੰਡੀਆ ਆਇਆ ਤਾਂ ਚੰਡੀਗੜ੍ਹ ਵੀ ਆਇਆ ਸੀ ਮੈਨੂੰ ਮਿਲਣ। ਮੈਂ ਉਸ ਵੇਲੇ ਹੈਰਾਨ ਵੀ ਹੋਇਆ ਸਾਂ ਕਿ ਕੈਨੇਡਾ 'ਚ ਸਾਰਾ ਦਿਨ ਲਿਮੋਜ਼ੀਨ'ਚ ਘੁੰਮਣ ਵਾਲਾ ਸ਼ਖ਼ਸ ਆਪਣੇ ਜੱਦੀ ਪਿੰਡ ਸ਼ੰਕਰ ਤੋਂ ਬੱਸ 'ਤੇ ਹੀ ਚੰਡੀਗੜ੍ਹ ਆਇਆ ਸੀ। ਉਸਦੇ ਫ਼ੱਕਰਪੁਣੇ ਦਾ ਇਹ ਇੱਕ ਨਮੂਨਾ ਹੀ ਸੀ। ਜਿੰਨੇ ਮਰਜ਼ੀ ਸਮੇਂ ਬਾਅਦ ਅਸੀਂ ਮਿਲਦੇ ਸੀ ਪਰ ਆਪਸੀ ਖੁੱਲ੍ਹਦਿਲੀ, ਪੂਰੀ ਤਰ੍ਹਾਂ ਗੈਰ ਰਸਮੀ ਵਿਹਾਰ, ਅਪਣੱਤ ਅਤੇ ਨਿੱਘ ਉਦੋਂ ਹੀ ਤਰੋ-ਤਾਜ਼ਾ ਹੋ ਜਾਂਦਾ ਸੀ।
ਤਿੰਨ ਦਿਨ ਪਹਿਲਾਂ ਕੈਨੇਡਾ ਤੋਂ, ਪੀ.ਐਸ.ਯੂ ਵੇਲੇ ਦੇ ਹੀ ਸਾਡੇ ਸਾਂਝੇ ਵਾਕਫ਼ ਸਤਵੰਤ ਦੀਪਕ ਦਾ ਲਿਖਿਆ ਲੰਮਾ ਲੇਖ ਮੈਨੂੰ ਮਿਲਿਆ ਬਾਬੂਸ਼ਾਹੀ ਡਾਟ ਕਾਮ 'ਚ ਪੋਸਟ ਕਰਨ ਲਈ ਦੋ ਤਿੰਨ ਫ਼ੋਟੋਆਂ ਵੀ ਨਾਲ ਸਨ। ਬਹੁਤ ਹੀ ਖ਼ੂਬਸੂਰਤੀ ਨਾਲ ਵੇਰਵੇ ਸਹਿਤ ਹਰਮਿੰਦਰ ਦਾ ਜੀਵਨ-ਚਿੱਤਰ ਪੇਸ਼ ਕੀਤਾ। ਮੈਂ ਕੋਸ਼ਿਸ਼ ਕੀਤੀ ਕਿ ਹਰਮਿੰਦਰ ਦੀਆਂ ਅਤੇ ਸਾਡੀਆਂ ਦੋਵਾਂ ਇਕੱਠਿਆਂ ਦੀਆਂ ਤਸਵੀਰਾਂ ਮਿਲ ਜਾਣ ਪਰ ਜਿਸ ਹਾਰਡ ਡਰਾਈਵ 'ਚ ਇਹ ਤਸਵੀਰਾਂ ਸਨ, ਇਸ ਵਿਚ ਕੋਈ ਵਾਇਰਸ (ਕੋਰੋਨਾ ਨਹੀਂ) ਆ ਗਿਆ। ਅਜੇ ਇਹ ਫੋਟੋਜ਼ ਵੀ ਇੱਧਰੋਂ ਉਧਰੋਂ ਲੱਭ ਰਿਹਾ ਹਾਂ।
ਦੀਪਕ ਵੱਲੋਂ ਹਰਮਿੰਦਰ ਬਾਰੇ ਲਿਖਿਆ ਲੇਖ ਬਹੁਤ ਲੰਬਾ ਹੈ, ਸ਼ਰਧਾਂਜਲੀ ਵਜੋਂ ਇਸ ਨੂੰ ਕਿਸ਼ਤਾਂ ਵਿਚ ਪੋਸਟ ਕਰ ਰਹੇ ਹਾਂ।
15 ਜੂਨ , 2020
ਪਿਛੋਂ ਸੁੱਝੀ : ਹਥਲੀ ਲਿਖਤ ਪੋਸਟ ਕਰਨ ਤੋਂ ਬਾਅਦ 1997 ਤੋਂ 1999 ਦੇ ਦੌਰ ਦੀਆਂ 2-4 ਫੋਟੋਆਂ ਮਿਲ ਗਈਆਂ ਹਨ ਜੋ ਇਨ੍ਹਾਂ ਲਿਖਤਾਂਨਾਲ ਪੋਸਟ ਕਰ ਰਹੇ ਹਾਂ .
ਇਹ ਵੀ ਜ਼ਰੂਰ ਪੜ੍ਹੋ :
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਨੈੱਟਵਰਕ
tirshinazar@gmail.com
+91 99151 77722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.