ਪੰਜਾਬ ਵਿੱਚ ਇਕ ਕਹਾਣੀ ਪ੍ਰਚੱਲਤ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਮ ਲੋਕਾਂ ਵਿੱਚ ਇਸ ਗੱਲ ਦਾ ਜਾਇਜ਼ਾ ਲੈਣ ਲਈ ਘੁੰਮ ਰਹੇ ਸਨ ਕਿ ਦੇਖਿਆ ਜਾਵੇ ਕਿ ਉਨ੍ਹਾਂ ਦੀ ਪਰਜਾ ਕਿੰਨੀ ਸੁਖੀ ਹੈ ਤੇ ਕਿੰਨੀ ਕੁ ਦੁੱਖੀ ਹੈ। ਘੁੰਮਦਿਆਂ-ਘੁੰਮਦਿਆਂ ਇੱਕ ਬਜੁਰਗ ਔਰਤ ਨਿਕਲੀ ਜਿਸ ਨੇ ਸੁਣਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਪਾਰਸ ਹਨ ਅਤੇ ਉਨ੍ਹਾਂ ਨਾਲ ਕੋਈ ਵੀ ਚੀਜ਼ ਛੂਹਾ ਦਿੱਤੀ ਜਾਵੇ ਉਹ ਸੋਨਾ ਬਣ ਜਾਂਦੀ ਹੈ। ਬਜ਼ੁਰਗ ਔਰਤ ਬਹੁਤ ਗਰੀਬ ਸੀ, ਉਸ ਨੇ ਸੋਚਿਆ ਜੇਕਰ ਉਹ ਮਹਾਰਾਜਾ ਸਾਹਿਬ ਦੇ ਉਹ ਤਵਾ ਛੂਹਾ ਦਿੰਦੀ ਹੈ ਤਾਂ ਉਹ ਸੋਨੇ ਦੇ ਬਣ ਜਾਵੇਗਾ ਅਤੇ ਉਸ ਦੀ ਗਰੀਬੀ ਚੁੱਕੀ ਜਾਵੇਗੀ ਤੇ ਉਸ ਦੇ ਦਿਨ ਫਿਰ ਜਾਣਗੇ। ਉਸ ਨੇ ਤਵਾ ਮਹਾਰਾਜਾ ਰਣਜੀਤ ਸਿੰਘ ਦੇ ਕਪੜਿਆਂ ਨਾਲ ਛੂਹਾ ਦਿੱਤਾ ਤਾਂ ਮਹਾਰਾਜਾ ਦੇ ਅੰਗ ਰੱਖਿਅਕਾਂ ਨੇ ਉਸ ਔਰਤ ਨੂੰ ਝਿੜਕਿਆ ਕਿ ਉਸ ਨੇ ਮਹਾਰਾਜਾ ਸਾਹਿਬ ਦੇ ਕੱਪੜੇ ਖਰਾਬ ਕਰ ਦਿੱਤੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਸ ਗਰੀਬ ਔਰਤ ਦੀ ਸਾਰੀ ਕਹਾਣੀ ਸੁਣੀ।
ਉਨ੍ਹਾਂ ਨੂੰ ਸਮਝ ਆ ਗਈ ਕਿ ਬਜ਼ੁਰਗ ਔਰਤ ਗਰੀਬੀ ਦੀ ਮਾਰੀ ਹੈ ਅਤੇ ਉਸ ਨੂੰ ਸਹਾਇਤਾ ਦੀ ਲੋੜ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਔਰਤ ਨੂੰ ਤਵੇ ਦੇ ਭਾਰ ਜਿੰਨੀਆਂ ਮੋਹਰਾਂ ਸਹਾਇਤਾ ਵਜੋਂ ਦੇ ਦਿੱਤੀਆਂ। ਇਹ ਕਹਾਣੀ ਸੱਚ ਹੈ ਜਾਂ ਦੰਦ ਕਥਾ ਇਹ ਤਾਂ ਮੈਨੂੰ ਪਤਾ ਨਹੀਂ ਪਰ ਉਤਰ ਪ੍ਰਦੇਸ਼ ਦੇ ਬਾਂਦਾ ਦੀਆਂ ਰਹਿਣ ਵਾਲੀਆਂ ਜਯੋਤੀ ਅਤੇ ਚੌਬੀ ਦੀ ਸੋਚ ਵੀ ਇਸ ਬਜ਼ੁਰਗ ਔਰਤ ਵਰਗੀ ਹੋ ਗਈ ਕਿ ਉਨ੍ਹਾਂ ਦੇ 'ਅੱਛੇ ਦਿਨ' ਆਉਣ ਵਾਲੇ ਹਨ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਪੈਰ ਧੋ ਰਹੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰ ਰਹੇ ਹਨ। ਗੱਲ 24 ਫਰਵਰੀ 2019 ਦੀ ਹੈ ਜਦੋਂ ਕੁੰਭ ਮੇਲੇ ਦੌਰਾਨ ਪ੍ਰਧਾਨ ਮੰਤਰੀ ਨੇ ਪੰਜ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਸਨ ਕਿਉਂਕਿ ਇਸ ਮੇਲੇ ਦੌਰਾਨ ਸਫਾਈ ਕਰਮਚਾਰੀਆਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਸੀ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਦਿਨ-ਰਾਤ ਕਰਕੇ ਸਫਾਈ ਕਰਨ ਦੀ ਸੇਵਾ ਨਿਭਾਈ ਅਤੇ ਮੇਲੇ ਦੀ ਰੌਣਕ ਵਧਾਈ। ਜਦੋਂ ਇਨ੍ਹਾਂ ਸਫਾਈ ਸੇਵਕਾਂ ਦੇ ਪੈਰ ਧੋਤੇ ਤਾਂ ਕੌਮੀ ਤੇ ਕੌਮਾਂਤਰੀ ਮੀਡੀਏ ਉਤੇ ਨਰਿੰਦਰ ਮੋਦੀ ਨੇ ਜਬਰਦਸਤ ਸੁਰਖੀਆਂ ਬਟੋਰੀਆਂ। ਪਰ ਮੀਡੀਆ ਉਸ ਤੋਂ ਬਾਅਦ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਭੁੱਲ ਗਿਆ ਜਦਕਿ ਉਸ ਸਮੇਂ ਉਥੋਂ ਦੇ ਸਫਾਈ ਸੇਵਕ ਇਹ ਸਮਝਦੇ ਸਨ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਕਿੱਤੇ ਦੀ ਗੰਭੀਰਤਾ ਨੂੰ ਦੇਖਿਆ ਹੈ ਤਾਂ ਇਸ ਨਾਲ ਉਨ੍ਹਾਂ ਦਾ ਭਵਿੱਖ ਨੂੰ ਚੰਗੀ ਸੇਧ ਮਿਲ ਸਕਦੀ ਹੈ। ਚੌਬੀ ਦੱਸਦੀ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਬਦਲਿਆਂ, ਪ੍ਰਸਥਿਤੀਆਂ ਉਥੋਂ ਦੀਆਂ ਉਥੇ ਹੀ ਖੜ੍ਹੀਆਂ ਹਨ।
ਲਾਕਡਾਊਨ ਦੇ ਚੱਲਦਿਆਂ ਤਾਂ ਸਥਿਤੀ ਹੋਰ ਵੀ ਬਦਤਰ ਬਣ ਗਈ ਹੈ। ਪਹਿਲਾਂ ਦਿਹਾੜੀ ਕਰਕੇ ਜੋ ਪੈਸਾ ਕਮਾ ਲੈਂਦੀ ਸੀ ਤਾਂ ਉਹ ਸ਼ਾਮ ਨੂੰ ਪਰਿਵਾਰ ਦੀ ਰੋਟੀ ਲਈ ਖਰਚ ਲਿਆ ਜਾਂਦਾ ਸੀ ਪਰ ਲਾਕਡਾਊਨ ਦੌਰਾਨ ਤਾਂ ਦਿਨ ਚੜ੍ਹਦਿਆਂ ਹੀ ਭੁੱਖ ਦੀ ਚਿੰਤਾ ਸਤਾਉਣ ਲੱਗ ਪੈਂਦੀ ਸੀ। ਮੇਲੇ ਦੀ ਸਫਾਈ ਦਾ ਕੰਮ 12 ਮਹੀਨੇ ਨਹੀਂ ਚੱਲਦਾ। ਬਾਕੀ ਦੇ ਖਾਲੀ ਦਿਨਾਂ ਵਿੱਚ ਉਹ ਬਾਂਸ ਦੀਆਂ ਟੋਕਰੀਆਂ ਬਣਾ ਕੇ ਕੁਝ ਗੁਜ਼ਾਰਾ ਕਰਨ ਲੈਂਦੀ ਸੀ ਪਰ ਹੁਣ ਉਹ ਕੰਮ ਵੀ ਨਹੀਂ ਚੱਲ ਰਿਹਾ। ਨਾ ਉਸ ਨੂੰ ਕੋਈ ਪੱਕੀ ਰਿਹਾਇਸ਼ ਮਿਲੀ ਹੈ, ਨਾ ਰੁਜ਼ਗਾਰ ਅਤੇ ਨਾ ਹੀ ਕੋਈ ਸਰਕਾਰੀ ਯੋਜਨਾ ਦਾ ਲਾਭ। ਜਯੋਤੀ ਦੀ ਕਹਾਣੀ ਕੋਈ ਵੱਖਰੀ ਨਹੀਂ ਹੈ। ਉਹ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਵੀ ਕੋਈ ਫਰਕ ਨਹੀਂ ਆਇਆ। ਸਫਾਈ ਕਰਨ ਦੇ ਨਾਲ-ਨਾਲ ਉਸ ਕੋਲੋਂ ਹਰ ਤਰ੍ਹਾਂ ਦਾ ਕੰਮ ਕਰਵਾਇਆ ਜਾਂਦਾ ਹੈ ਪਰ ਪੈਸੇ ਤਿੰਨ ਮਹੀਨੇ ਤੋਂ ਨਹੀਂ ਮਿਲਿਆ। ਪੈਸਾ ਮੰਗਣ ਉਤੇ ਉਸ ਨੂੰ ਇਹ ਧਮਕੀ ਮਿਲਦੀ ਹੈ ਕਿ ਕੰਮ ਕਰਨਾ ਹੈ ਤਾਂ ਕਰੋ ਨਹੀਂ ਤਾਂ ਜਾਵੋ। ਉਸ ਨੂੰ 318 ਰੁਪਏ ਦੀ ਦਿਹਾੜੀ ਨਾਲ ਤਨਖਾਹ ਮਿਲਦੀ ਹੈ। ਅਪ੍ਰੈਲ ਮਹੀਨੇ ਸਰਕਾਰ ਵਲੋਂ ਤੇਲ ਤੇ ਰਾਸ਼ਨ ਮਿਲਿਆ ਸੀ ਪਰ ਬਾਅਦ ਵਿੱਚ ਕੁਝ ਨਹੀਂ ਮਿਲਿਆ। ਜਯੋਤੀ ਅਤੇ ਚੌਬੀ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਜਨ-ਧਨ ਯੋਜਨਾ ਤਹਿਤ ਖਾਤੇ ਵੀ ਨਹੀਂ ਖੁੱਲ੍ਹੇ ਜਦਕਿ ਕੇਂਦਰ ਸਰਕਾਰ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਨੇ 38 ਕਰੋੜ ਅਜਿਹੇ ਖਾਤੇ ਖੋਲ੍ਹੇ ਹਨ।
ਇਹ ਕਹਾਣੀ ਸਿਰਫ ਜਯੋਤੀ ਅਤੇ ਚੌਬੀ ਦੀ ਨਹੀਂ ਹੈ, ਇਹ ਦਰਦ ਕਰੋੜਾਂ ਸਫਾਈ ਸੇਵਕਾਂ ਅਤੇ ਮਜਦੂਰਾਂ ਦਾ ਹੈ ਜੋ ਕਿ ਲਾਕਡਾਊਨ ਦੌਰਾਨ ਖਾਸ ਕਰਕੇ ਅਤੇ ਆਮ ਦਿਨਾਂ ਵਿੱਚ ਆਮ ਕਰਕੇ ਦਿਨ-ਰਾਤ ਮਿਹਨਤਾਂ ਕਰਦੇ ਹਨ ਪਰ ਪੱਲੇ ਸਮਾਜਿਕ ਨਫਰਤ ਤਾਂ ਪੈਂਦੀ ਹੈ ਪਰ ਇੱਜ਼ਤ ਭਰੀ ਦੋ ਵਕਤ ਦੀ ਰੋਟੀ ਨਹੀਂ। ਇਹ ਦੁਰਦਸ਼ਾ ਅਸੀਂ ਹਾਲ ਵਿੱਚ ਕੜਕਦੀ ਧੁੱਪ ਵਿੱਚ ਆਪਣੇ ਸੂਬਿਆਂ ਵੱਲ ਜਾਂਦੇ ਹੋਏ ਮਜਦੂਰਾਂ ਦੀਆਂ ਦਰਦਭਰੀਆਂ ਕਹਾਣੀਆਂ ਵਿੱਚੋਂ ਦੇਖ ਸਕਦੇ ਹਾਂ। ਇਨ੍ਹਾਂ ਮਜਦੂਰਾਂ ਦਾ ਵਿਸ਼ਵਾਸ ਇੰਨਾ ਹਿੱਲ ਗਿਆ ਹੈ ਕਿ ਉਹ ਜਿਸ ਰੋਜ਼ੀ ਰੋਟੀ ਦੇ ਲਈ ਦੂਜੇ ਸੂਬਿਆਂ ਵਿੱਚ ਗਏ ਸਨ, ਉਥੇ ਦੇ ਕਾਰੋਬਾਰੀਆਂ ਤੇ ਫੈਕਟਰੀਆਂ ਦੇ ਮਾਲਕਾਂ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਦ ਕਿ ਚੰਗੇ ਦਿਨਾਂ ਵਿੱਚ ਉਹ ਉਨ੍ਹਾਂ ਦੇ ਕਾਰੋਬਾਰ ਜਾਂ ਫੈਕਟਰੀਆਂ ਦੀ ਉਨਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਆਏ ਸਨ। ਸਰਮਾਏਦਾਰਾਂ ਨੇ ਚੰਗੇ ਮੁਨਾਫੇ ਵੀ ਹਾਸਲ ਕੀਤੇ ਪਰ ਜਦੋਂ ਅੱਜ ਕੰਮ ਨਹੀਂ ਚੱਲ ਰਿਹਾ ਤਾਂ ਇਹ ਮਜਦੂਰ ਉਸ ਪ੍ਰਬੰਧ ਦਾ ਹਿੱਸਾ ਹੀ ਨਹੀਂ ਹਨ। ਇਹੀ ਕਾਰਨ ਰਿਹਾ ਕਿ ਉਨ੍ਹਾਂ ਨੇ ਆਪਣੇ ਪਿੰਡਾਂ ਦੇ ਰੁਖ ਕੀਤੇ ਅਤੇ ਰਸਤਿਆਂ ਵਿੱਚ ਉਹ ਟਰੱਕਾਂ ਹੇਠ ਆ ਗਏ ਤੇ ਕਿਤੇ ਰੇਲ ਗੱਡੀਆਂ ਹੇਠ ਆ ਗਏ। ਉਪਰੋਂ ਸਰਕਾਰ ਦੀਆਂ ਸਹੂਲਤਾਂ ਵੀ ਨਿਗੂਣੀਆਂ ਹੀ ਸਾਬਤ ਹੋਈਆਂ ਹਨ। ਪੰਜ ਕਿਲੋ ਆਟਾ, ਇਕ ਕਿਲੋ ਦਾਲ। ਦੱਸੋ ਇਹ ਕਿੰਨੇ ਦਿਨ ਚੱਲ ਸਕਦਾ ਹੈ। ਖਾਤਿਆਂ ਵਿੱਚ ਪਾਇਆ 500 ਰੁਪਿਆ ਕਿੰਨੇ ਦਿਨ ਖੀਸੇ ਵਿੱਚ ਰਹਿ ਸਕਦਾ ਹੈ।
ਸਰਕਾਰ ਕਹਿੰਦੀ ਹੈ ਕਿ ਕੋਰੋਨਾ ਵਾਇਰਸ ਨਾਲ ਲੜਾਈ ਲੜਨ ਦੇ ਲਈ ਤਿੰਨ ਯੋਧੇ ਹਨ। ਡਾਕਟਰ, ਪੁਲਿਸ ਵਾਲੇ ਅਤੇ ਸਫਾਈ ਸੇਵਕ। ਥਾਂ-ਥਾਂ ਉਤੇ ਉਨ੍ਹਾਂ ਦਾ ਸਨਮਾਨ ਵੀ ਹੋਇਆ। ਪ੍ਰਧਾਨ ਮੰਤਰੀ ਨੇ ਉਚੇਚੇ ਤੌਰ 'ਤੇ ਇਨ੍ਹਾਂ ਸਭ 'ਤੇ ਫੁੱਲਾਂ ਦੀ ਵਰਖਾ ਕਰਨ ਦੇ ਨਿਰਦੇਸ਼ ਦਿੱਤੇ। ਇਹ ਸਨਮਾਨ ਹੋਣਾ ਵੀ ਚਾਹੀਦਾ ਹੈ। ਇਹ ਸਾਰੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਲਈ ਇਨ੍ਹਾਂ ਯੋਧਿਆਂ ਨੂੰ ਇਨ੍ਹਾਂ ਦੀ ਮਿਹਨਤ ਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਡਾਕਟਰਾਂ ਅਤੇ ਪੁਲਿਸ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਵਲੋਂ ਕੁਝ ਨਾ ਕੁਝ ਯਤਨ ਕੀਤੇ ਜਾ ਰਹੇ ਹਨ ਪਰ ਕੀ ਸਫਾਈ ਸੇਵਕਾਂ ਦੇ ਕੋਈ ਮੈਡਲ ਲੱਗਿਆ ਹੈ? ਉਪਰ ਫੁੱਲ ਡਿੱਗਦੇ ਹੋਣ ਤਾਂ ਖੁਸ਼ੀ ਤਾਂ ਹੁੰਦੀ ਹੈ ਪਰ ਇਸ ਨਾਲ ਢਿੱਡ ਨਹੀਂ ਭਰਦਾ। ਢਿੱਡ ਦੀ ਅੱਗ ਤਾਂ ਪੈਸੇ ਨਾਲ ਹੀ ਬੁੱਝਦੀ ਹੈ। ਪੁੱਛੋ ਇਨ੍ਹਾਂ ਸਫਾਈ ਸੇਵਕਾਂ ਦੀ ਤਨਖਾਹ ਕਿੰਨੀ ਹੈ? ਕੀ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਦੁੱਗਣੀਆਂ ਕਰੇਗੀ? ਇਕ ਸਫਾਈ ਸੇਵਕਾ ਨੇ ਪੰਜਾਬ ਦੇ ਇਕ ਮੰਤਰੀ ਨੂੰ ਤਨਖਾਹ ਜ਼ਿਆਦਾ ਕਰਨ ਦੀ ਬੇਨਤੀ ਕਰ ਬੈਠੀ, ਇਹ ਬੇਨਤੀ ਇੱਕ ਗੁਨਾਹ ਸਾਬਤ ਹੋ ਗਿਆ ਅਤੇ ਮੰਤਰੀ ਨੇ ਤਾਂ ਉਸ ਨੂੰ ਨੌਕਰੀਓਂ ਕੱਢਣ ਤੱਕ ਦੇ ਹੁਕਮ ਦੇ ਦਿੱਤੇ।
ਮੈਂ ਪਿੱਛਲੇ ਦਿਨੀਂ ਸਵਰਗੀ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ 'ਕੁਆਰੰਟੀਨ' ਪੜ੍ਹ ਰਿਹਾ ਸੀ ਜੋ ਕਿ 1918 ਵਿੱਚ ਫੈਲੀ ਪਲੇਗ ਦੇ ਸਮੇਂ ਦੇ ਤਜਰਬੇ ਉਤੇ ਅਧਾਰਿਤ ਸੀ। ਇਸ ਵਿੱਚ ਇੱਕ ਡਾਕਟਰ ਇੱਕ ਸਫਾਈ ਸੇਵਕ ਵਿਲੀਅਮ ਭਾਗਵ ਦੀ ਮਾਨਵਤਾ ਪ੍ਰਤੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਉਸ ਨੂੰ ਕੰਮ ਕਰਦਿਆਂ ਦੇਖ ਕੇ ਡਾਕਟਰ ਨੂੰ ਵੀ ਜੋਸ਼ ਚੜ੍ਹਦਾ ਹੈ ਕਿ ਉਹ ਵੀ ਉਸ ਵਾਂਗ ਮਰੀਜ਼ਾਂ ਦੀ ਸੇਵਾ ਕਰੇ ਪਰ ਜਦੋਂ ਉਹ ਪਲੇਗ ਤੋਂ ਪੀੜਤ ਮਰੀਜ਼ਾਂ ਕੋਲ ਜਾਂਦਾ ਹੈ ਤਾਂ ਉਸ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਉਨ੍ਹਾਂ ਨੂੰ ਹੱਥ ਵੀ ਲਗਾਵੇ। ਇਸ ਬਿਮਾਰੀ ਕਾਰਨ ਵਿਲੀਅਮ ਭਾਗਵ ਦੀ ਪਤਨੀ ਅਤੇ ਬੱਚੇ ਦੀ ਵੀ ਮੌਤ ਹੋ ਜਾਂਦੀ ਹੈ ਪਰ ਫਿਰ ਉਹ ਲੋਕ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਜਦੋਂ ਮਹਾਂਮਾਰੀ ਖਤਮ ਹੁੰਦੀ ਹੈ ਤਾਂ ਸਰਕਾਰ ਡਾਕਟਰ ਤੋਂ ਖੁਸ਼ ਹੁੰਦੀ ਹੈ ਤੇ ਇੱਕ ਸਮਾਗਮ ਕਰਕੇ ਡਾਕਟਰ ਨੂੰ ਸਨਮਾਨਿਤ ਕਰਦੀ ਹੈ ਅਤੇ ਉਸ ਨੂੰ ਇਕ ਹਜ਼ਾਰ ਰੁਪਏ ਦਾ ਇਨਾਮ ਵੀ ਦਿੰਦੀ ਹੈ। ਜਦੋਂ ਡਾਕਟਰ ਸਨਮਾਨ ਲੈ ਕੇ ਘਰ ਪੁੱਜਦਾ ਹੈ ਤਾਂ ਓਹੀ ਵਿਲੀਅਮ ਭਾਗਵ ਡਾਕਟਰ ਨੂੰ ਮੁਬਾਰਕਬਾਦ ਦਿੰਦਾ ਹੈ। ਇਸ ਉਤੇ ਡਾਕਟਰ ਕਹਿੰਦਾ ਹੈ,'ਦੁਨੀਆਂ ਤੈਨੂੰ ਨਹੀਂ ਜਾਣਦੀ ਭਾਗਵ, ਤਾਂ ਨਾ ਜਾਣੇ ਮੈਂ ਤਾਂ ਜਾਣਦਾ ਹਾਂ...'' ਉਸ ਵਕਤ ਗੱਲ ਕਰਦਿਆਂ ਡਾਕਟਰ ਦਾ ਗਲਾ ਸੁੱਕ ਜਾਂਦਾ ਹੈ।
ਸਨਮਾਨ ਸਭ ਦਾ ਹੋਣਾ ਚਾਹੀਦਾ ਹੈ ਪਰ ਗਰੀਬਾਂ ਦੇ ਕੋਈ ਆਰਥਿਕ ਤੇ ਸਮਾਜਿਕ ਭਵਿੱਖ ਨੂੰ ਸਰਕਾਰ ਦੀਆਂ ਨੀਤੀਆਂ ਦਾ ਹਿੱਸਾ ਹੋਣਾ ਚਾਹੀਦਾ ਹੈ। ਅਸਲ ਵਿੱਚ ਅਸੀਂ ਇਕ ਦੇਸ਼ ਵਿੱਚ ਦੋ ਹਿੱਸਿਆਂ ਵਿੱਚ ਰਹਿ ਰਹੇ ਹਾਂ। ਇੱਕ ਹਿੱਸੇ ਵਿੱਚ ਇੰਡੀਅਨ ਰਹਿੰਦੇ ਹਨ ਅਤੇ ਦੂਜੇ ਹਿੱਸੇ ਵਿੱਚ ਭਾਰਤੀ। ਇੰਨੀਅਨ ਕੋਲ ਬੇਪਨਾਹ ਦੌਲਤ ਹੈ ਤੇ ਉਹ ਜੋ ਚਾਹੁਣ ਕੁਝ ਵੀ ਕਰ ਸਕਦੇ ਹਨ। ਸਰਕਾਰ ਦੀਆਂ ਜ਼ਿਆਦਾਤਰ ਨੀਤੀਆਂ ਉਨ੍ਹਾਂ ਉਤੇ ਹੀ ਕੇਂਦਰਿਤ ਹਨ। ਇਸ ਸਮੇਂ ਜਦੋਂ ਇਕ ਮਜਦੂਰ ਆਪਣੇ ਘਰ ਜਾਣ ਲਈ ਤਰਸਦਾ ਹੈ ਅਤੇ ਰੇਲ ਗੱਡੀ ਵਿੱਚ ਜਾਣ ਲਈ ਅਧਿਕਾਰੀਆਂ ਦੀਆਂ ਮਿਨਤਾਂ ਕਰਦਾ ਤਾਂ ਉਸ ਨੂੰ ਪੁਲਿਸ ਦੇ ਡੰਡਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਇਕ ਸ਼ਰਾਬ ਦੇ ਕਾਰੋਬਾਰੀ ਦੀ ਧੀ ਭੂਪਾਲ ਵਿੱਚ ਦੋ ਮਹੀਨਿਆਂ ਬੈਠੀ ਹੈ ਤੇ ਨਾਲ ਬੱਚੇ ਅਤੇ ਨੌਕਰਾਣੀ ਵੀ ਤਾਂ ਉਹ 10 ਲੱਖ ਵਿੱਚ 140 ਸੀਟਾਂ ਵਾਲੇ ਜਹਾਜ਼ ਵਿੱਚ ਬੈਠਾ ਕੇ ਉਨ੍ਹਾਂ ਨੂੰ ਦਿੱਲੀ ਵੀ ਲੈ ਆਉਂਦਾ ਹੈ।
ਨਰਿੰਦਰ ਮੋਦੀ ਨੇ 'ਪੰਜ' ਮਜਦੂਰਾਂ ਦੇ ਪੈਰ ਧੋ ਕੇ ਕਰੋੜਾਂ ਗਰੀਬਾਂ ਦੀਆਂ ਕਰੋੜਾਂ ਵੋਟਾਂ ਹਾਸਲ ਕਰ ਲਈਆਂ। ਗਰੀਬ ਲੋਕਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਇਹ ਆਸ ਬੱਝ ਗਈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਚੰਗੇ ਭਵਿੱਖ ਦਾ ਹਿੱਸਾ ਬਣ ਜਾਣਗੇ ਪਰ ਇਸ ਲਾਕਡਾਊਨ ਨੇ ਸਾਡੀਆਂ ਸਰਕਾਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਅਸਲ ਵਿੱਚ ਇਹ ਗਰੀਬ, ਮਜਦੂਰ ਜਾਂ ਸਫਾਈ ਸੇਵਕ ਸਿਰਫ ਲਾਕਡਾਊਨ ਵਿੱਚ ਹੀ ਡਾਊਨ ਨਹੀਂ ਹੋਏ ਬਲਕਿ ਉਹ ਹਮੇਸ਼ਾ ਡਾਊਨ ਰਹੇ ਹਨ ਤੇ ਭਵਿੱਖ ਵਿੱਚ ਵੀ ਡਾਊਨ ਰਹਿਣਗੇ। ਇਹ ਲੀਡਰ ਪਾਰਸ ਨਹੀਂ ਹਨ, ਬਹਿਰੂਪੀਏ ਹਨ, ਮੂਰਖ ਬਣਾਉਣ ਦੀ ਕਲਾਕਾਰੀ ਸਿਰਫ ਤੇ ਸਿਰਫ ਇਨ੍ਹਾਂ ਨੂੰ ਹੀ ਆਉਂਦੀ ਹੈ।
-
ਦਰਸ਼ਨ ਸਿੰਘ ਦਰਸ਼ਕ, *********
******
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.