ਸੰਕੇਤਕ ਤਸਵੀਰ: ਧੰ. ਜਸਵਿੰਦਰ ਚੌਹਾਨ
ਨੰਦੋ ਬਾਜ਼ੀਗਰਨੀ
ਸੂਈਆਂ , ਕੰਧੂਈਆਂ, ਚਰਮਖ਼ਾਂ ਦਾ
ਹੋਕਾ ਦਿੰਦੀ ਬਾਜ਼ੀਗਰਨੀ ਨੰਦੋ
ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ
ਕਦੇ ਨਹੀਂ ਆਉਂਦੀ।
ਸ਼ਾਇਦ ਮਰ ਖਪ ਗਈ ਹੈ।
ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ
ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ।
ਆਖਦੀ,
ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ
ਲਾਈ ਜਾਇਉ।
ਅਗਲੀ ਵਾਰ ਆਉਂਦੀ ਤਾਂ
ਪਿੱਤਲ ਦੇ ਕੋਕੇ, ਮੁਰਕੀਆਂ
ਕੰਨੀਂ ਪਾ ਆਖਦੀ
ਚਲੋ ਬਈ,
ਧੀ ਮੁਟਿਆਰ ਹੋ ਗਈ।
ਨੰਦੋ ਔਰਤਾਂ ਦੀ ਅੱਧੀ ਵੈਦ ਸੀ।
ਪੇਟ ਦੁਖਦੇ ਤੋਂ ਚੂਰਨ
ਅੱਖ ਆਈ ਤੇ ਸੁਰਮਚੂ ਫੇਰਦੀ।
ਖਰਲ ਚ ਸੁਰਮਾ ਪੀਸਦੀ
ਸਭ ਦੇ ਸਾਹਮਣੇ
ਡਲੀ ਨੂੰ ਰੜਕਣ ਜੋਗਾ ਨਾ ਛੱਡਦੀ।
ਧਰਨ ਪਈ ਤੇ ਢਿੱਡ ਮਲਦਿਆਂ ਆਖਦੀ
ਕੌਡੀ ਹਿੱਲ ਗਈ ਆ
ਬੀਬੀ ਭਾਰ ਨਾ ਚੁੱਕੀਂ
ਪੱਬਾਂ ਭਾਰ ਬਹਿ ਕੇ ਧਾਰ ਨਾ ਕੱਢੀਂ।
ਬਹੁਤ ਕੁਝ ਜਾਣਦੀ ਸੀ ਨੰਦੋ
ਅੱਧ ਪਚੱਧੀ ਧਨੰਤਰ ਵੈਦ ਸੀ।
ਨੰਦੋ ਬਾਜ਼ੀਗਰਨੀ
ਚਲੰਤ ਰੇਡੀਉ ਸੀ ਬਿਨ ਬੈਟਰੀ
ਤੁਰਦੀ ਫਿਰਦੀ ਅਖ਼ਬਾਰ ਸੀ
ਬਿਨ ਅੱਖਰੋਂ
ਸਥਾਨਕ ਖ਼ਬਰਾਂ ਵਾਲੀ।
ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ।
ਦੁਖ ਸੁਖ ਪੁੱਛਦੀ, ਕਦੇ ਆਪਣਾ ਨਾ ਦੱਸਦੀ।
ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ
ਬੁਰੇ ਭਲੇ ਦਾ ਨਿਖੇੜ ਕਰਦੀ
ਪੂਰੇ ਪਿੰਡ ਨੂੰ ਦੱਸਦੀ
ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ।
ਨੰਦੋ ਨਾ ਹੁੰਦੀ ਤਾਂ
ਕਿੰਨੀਆਂ ਧੀਆਂ ਭੈਣਾਂ ਨੂੰ,
ਦਸੂਤੀ ਚਾਦਰ ਤੇ ,
ਮੋਰ ਘੁੱਗੀਆਂ ਦੀ,
ਪੈੜ ਪਾਉਣੀ ਨਹੀਂ ਸੀ ਆਉਣੀ।
ਉਹ ਅੱਟੀਆਂ ਲਿਆਉਂਦੀ ਧਿਆਨਪੁਰੋਂ
ਮਜ਼ਬੂਤ , ਪੱਕੇ ਰੰਗ ਦੀਆਂ।
ਮੇਰੀ ਮਾਂ ਕੋਲੋਂ
ਲੱਸੀ ਦਾ ਗਿਲਾਸ ਫੜਦਿਆਂ
ਰਾਤ ਦੀ ਬਚੀ ਬੇਹੀ ਰੋਟੀ ਮੰਗਦੀ
ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ
ਅਖੇ! ਆਦਤ ਵਿਗੜ ਜਾਂਦੀ ਐ
ਭੈਣ ਤੇਜ ਕੁਰੇ!
ਸਾਰੇ ਪਿੰਡਾਂ ਚ ਤੇ ਨਹੀਂ ਨਾ ਤੇਰੇ ਵਰਗੀਆਂ।
ਚੌਂਕੇ ਚ ਮਾਂ ਮੁੱਢ ਬੈਠੇ
ਨਿਆਣਿਆਂ ਦਾ ਮੱਥਾ
ਦੂਰੋਂ ਤਾੜਦੀ ਤੇ ਕਹਿੰਦੀ
ਸਕੂਲ ਨਹੀਂ ਗਿਆ? ਬੁਖ਼ਾਰ ਈ।
ਚਰਖ਼ੇ ਦੀ ਚਰਮਖ਼ ਤੋਂ ਕਾਲਖ ਉਤਾਰਦੀ
ਤੇ ਮੇਰੇ ਵਰਗਿਆਂ ਦੇ
ਕੰਨ ਪਿੱਛੇ ਲਾ ਕੇ ਕਹਿੰਦੀ
ਬੁਖ਼ਾਰ ਦੀ ਐਸੀ ਕੀ ਤੈਸੀ
ਰਾਹ ਭੁੱਲ ਜੂ ਪੁੱਤ ਤਾਪ!
ਸਵੇਰ ਨੂੰ ਸਰੀਰ ਹੌਲਾ ਫੁੱਲ ਹੋ
ਮੈਂ ਸਕੂਲੇ ਤੁਰ ਪੈਂਦਾ ਬਸਤਾ ਚੁੱਕੀ।
ਨੰਦੋ ਦੀ ਮੋਟੇ ਤਰੋਪਿਆਂ ਨਾਲ
ਨਿਗੰਦੀ ਬਗਲੀ ‘ਚ ਪੂਰਾ ਸੰਸਾਰ ਸੀ।
ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ।
ਪਿੱਤਲ ਦੇ ਛਾਪਾਂ ਛੱਲੇ ਮੁਹੱਬਤੀਆਂ ਲਈ
ਨਿੱਕੇ ਨਿਆਣਿਆਂ ਲਈ
ਕਾਨਿਆਂ ਦੇ ਛਣਕਣੇ ,ਪੀਪਨੀਆਂ, ਵਾਜੇ
ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ‘ਚੋਂ
ਲਿਆਂਦੇ ਸੁੱਚੇ ਮੋਤੀਏ ਦੇ ਹਾਰ।
ਮੇਰੀ ਮਾਂ ਨੂੰ ਦਿੰਦੀ ਤੇ ਕਹਿੰਦੀ
ਮਹਿਕਦਾ ਰਹੇ ਤੇਰਾ ਪਰਿਵਾਰ ਗੁਲਜ਼ਾਰ
ਅਸੀਸਾਂ ਵੰਡਦੀ ਬੇ ਦਾਮ।
ਆਟੇ ਦੀ ਲੱਪ ਲੱਪ ਨਾਲ
ਆਪਣੀ ਬਗਲੀ ਭਰਦੀ,
ਵੰਡਦੀ ਕਿੰਨਾ ਕੁਝ।
ਘਾਹ ਦੀਆਂ ਤਿੜਾਂ ਤੋਂ
ਅੰਗੂਠੀ ਬੁਣਨੀ
ਉਸ ਨੇ ਹੀ ਮੈਨੂੰ ਸਿਖਾਈ ਸੀ।
ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ
ਪਰ ਹੁਣ ਮੈਂ ਸ਼ਬਦ ਬੁਣਦਾ ਹਾਂ।
ਅੱਖਰ ਅੱਖਰ ਘਾਹ ਦੀਆਂ ਤਿੜਾਂ ਜਹੇ।
ਨੰਦੋ ਦਾ ਕੋਈ ਪਿੰਡ ਨਹੀਂ ਸੀ
ਬੇ ਨਾਮ ਟੱਪਰੀਆਂ ਸਨ।
ਸਿਰਨਾਵਾਂ ਨਹੀਂ ਸੀ ਕੋਈ,
ਪਰ ਨੰਦੋ ਬਾਜ਼ੀਗਰਨੀ
ਘਰ ਘਰ ਦੀ ਕਹਾਣੀ ਸੀ।
ਸਾਡੇ ਸਕੂਲ ਦੇ ਨੇੜ ਹੀ ਸਨ
ਨੰਦੋ ਕੀਆਂ ਟੱਪਰੀਆਂ
ਪਰ ਇੱਕ ਵੀ ਬਾਲ ਸਕੂਲੇ ਨਾ ਆਉਂਦਾ।
ਸਦਾ ਆਖਦੀ,
ਇਹ ਸਾਡੀਆਂ ਕੁੱਲੀਆਂ ਢਾਹ ਕੇ ਬਣਿਐ
ਸਾਡੀ ਨਿਸ਼ਾਨੀ ਬੋਹੜ ਹੀ ਹੈ ਇਕੱਲਾ
ਬਾਕੀ ਸਾਰਾ ਕੁਝ ਪੈਸੇ ਵਾਲਿਆਂ ਦਾ।
ਗਿਆਨ ਦੇ ਨਾਂ ਤੇ ਹੱਟੀਆਂ
ਗਰੀਬਾਂ ਲਈ ਖੁਆਰੀਆਂ ਤੇ ਚੱਟੀਆਂ।
ਸਾਡੇ ਜੀਅ ਤਾਂ
ਇਹਦੇ ਨਲਕਿਉਂ ਪਾਣੀ ਵੀ ਨਹੀਂ ਭਰਦੇ।
ਛੱਪੜੀ ਦਾ ਪਾਣੀ ਮਨਜ਼ੂਰ ,
ਇਹ ਜ਼ਹਿਰ ਜਿਹਾ ਲੱਗਦੈ ਸਾਨੂੰ।
ਸਾਡੀ ਆਪਣੀ ਜ਼ਬਾਨ ਹੈ ਵੇ ਲੋਕਾ
ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇਗਾ।
ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ।
ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ।
ਟਾਂਗੇ ਵਾਲਾ ਘੋੜਾ ਬਣਾਵੇਗਾ।
ਚੁਫ਼ੇਰੇ ਵੇਖਣ ਤੋਂ ਵਰਜੇਗਾ।
ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ
ਕਿਸੇ ਪੁੱਛਣਾ ਨੰਦੋ!
ਡਾਂਗ ਚੁੱਕੀ ਫਿਰਦੀ ਹੈਂ,
ਸਾਡੇ ਪਿੰਡ ਦੇ ਕੁੱਤੇ ਤਾਂ ਤੈਨੂੰ ਪਛਾਣਦੇ ਨੇ
ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ?
ਆਖਦੀ!
ਸਰਦਾਰੋ !
ਸਾਰੇ ਕੁੱਤੇ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ।
ਇਹ ਦੋ ਲੱਤਾਂ ਵਾਲਿਆਂ ਵਾਸਤੇ ਹੈ।
ਨੰਦੋ ਦੱਸਦੀ
ਬਈ ਸਾਡੀ ਬਾਜ਼ੀਗਰਾਂ ਦੀ
ਆਪਣੀ ਪੰਚਾਇਤ ਹੈ ਸਰਦਾਰੋ।
ਅਸੀਂ ਤੁਹਾਡੀਆਂ ਕਚਹਿਰੀਆਂ ਚ
ਨਹੀਂ ਵੜਦੇ, ਚੜ੍ਹਦੇ।
ਸਾਡੇ ਵਡੇਰੇ ਇਨਸਾਫ਼ ਕਰਦੇ ਨੇ,
ਫ਼ੈਸਲੇ ਨਹੀਂ।
ਤੁਹਾਡੀਆਂ ਅਦਾਲਤਾਂ ਚ
ਇਨਸਾਫ਼ ਨਹੀਂ,ਫ਼ੈਸਲੇ ਹੁੰਦੇ ਨੇ।
ਸੂਰਜ ਗਵਾਹ ਹੈ
ਹਨ੍ਹੇਰਾ ਉੱਤਰਨੋਂ ਪਹਿਲਾਂ
ਸਾਡਾ ਟੱਪਰੀਆਂ ਚ ਪਹੁੰਚਣਾ
ਲਾਜ਼ਮੀ ਹੁੰਦਾ ਹੈ।
ਰਾਤ ਪਈ ਤੇ ਗੱਲ ਗਈ,
ਅਕਸਰ ਏਨਾ ਕੁ ਕਹਿ
ਉਹ ਬਹੁਤ ਕੁਝ ਸਮਝਾਉਂਦੀ।
ਪਰ ਸਾਨੂੰ
ਬਿਲਕੁਲ ਸਮਝ ਨਾ ਆਉਂਦੀ।
ਸਾਡੀਆਂ ਧੀਆਂ
ਮੰਗਣ ਨਹੀਂ ਚੜ੍ਹਦੀਆਂ
ਤੇ ਨੂੰਹਾਂ ਵਿਹਲੀਆਂ ਨਹੀਂ ਖਾਂਦੀਆਂ
ਫੇਰੀ ਚੜ੍ਹਦੀਆਂ।
ਨੰਦੋ ਕੀਆਂ ਟੱਪਰੀਆਂ, ਝੁੱਗੀਆਂ ਦਾ
ਹੁਣ ਸਰਕਾਰ ਨੇ ਪੰਚਾਇਤੀ ਨਾਮ
ਲਾਲਪੁਰਾ ਰੱਖਿਆ ਦੱਸਦੇ ਨੇ।
ਪਰ ਬਾਜ਼ੀਗਰ ਅਜੇ ਵੀ
ਬਾਜ਼ੀਗਰ ਬਸਤੀ ਕਹਿ ਕੇ ਬੁਲਾਉਂਦੇ ਨੇ।
ਨੰਦੋ ਚਿਰੋਕਣੀ ਗੁਜ਼ਰ ਗਈ ਹੈ
ਪਰ ਪੁੱਤਰ ਤਾਂ ਜੀਉਂਦੇ ਨੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.