ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਦੇ ਮੌਕੇ 'ਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਾ ਸਿਰਫ ਖਾਲਿਸਤਾਨ ਦੀ ਮੰਗ ਦੀ ਹਮਾਇਤ ਹੀ ਕੀਤੀ ਹੈ, ਸਗੋਂ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦੇ ਦਿੰਦੀ ਹੈ ਤਾਂ ਉਹ ਇਸ ਨੂੰ ਲੈ ਲੈਣਗੇ। ਇਸ ਤੋਂ ਵੀ ਅੱਗੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਦੁਨੀਆ ਦਾ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ।
ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਬੇਲੋੜਾ ਅਤੇ ਵਿਵਾਦਪੂਰਨ ਸਮਝਦੇ ਹਾਂ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹੱਤਵਪੂਰਨ ਸੰਸਥਾ ਦੀ ਜਿਸ ਤਰ੍ਹਾਂ ਨਿਰੰਤਰਤਾ ਚਲੀ ਆ ਰਹੀ ਹੈ, ਉਸ 'ਚ ਸ਼੍ਰੋਮਣੀ ਅਕਾਲੀ ਦਲ (ਬ) ਹੀ ਸਰਵੇਸਰਵਾ ਹੈ। ਅਕਾਲੀ ਦਲ ਦੇ ਵੱਡੇ ਆਗੂਆਂ ਦੀ ਮਰਜ਼ੀ ਤੋਂ ਬਗੈਰ ਜਥੇਦਾਰ ਨਹੀਂ ਬਣ ਸਕਦਾ। ਇਸੇ ਹੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਇਨ੍ਹਾਂ ਆਗੂਆਂ ਦੇ ਲਿਫ਼ਾਫ਼ਿਆਂ 'ਚੋਂ ਨਿਕਲਦਾ ਰਿਹਾ ਹੈ। ਅੱਜ ਵੀ ਅਜਿਹੀ ਅਵਸਥਾ ਅਤੇ ਵਿਵਸਥਾ ਕਾਇਮ ਹੈ।
ਅਸੀਂ ਸਮਝਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਲੋਕ ਮਨਾਂ ਨੂੰ ਭੁਚਲਾਉਣ ਵਾਲਾ ਅਤੇ ਉਨ੍ਹਾਂ 'ਚ ਬੇਲੋੜੀ ਦੁਬਿਧਾ ਪੈਦਾ ਕਰਨ ਵਾਲਾ ਹੈ। ਕਿਸੇ ਸਰਕਾਰ ਨੇ ਉਨ੍ਹਾਂ ਨੂੰ ਖਾਲਿਸਤਾਨ ਥਾਲੀ 'ਚ ਪਰੋਸ ਕੇ ਨਹੀਂ ਦੇਣਾ ਅਤੇ ਨਾ ਹੀ ਉਨ੍ਹਾਂ (ਸਿੰਘ ਸਾਹਿਬ) ਵਿਚ ਅਜਿਹੀ ਹਿੰਮਤ ਹੀ ਦਿਖਾਈ ਦਿੰਦੀ ਹੈ ਕਿ ਉਹ ਖਾਲਿਸਤਾਨ ਲਈ ਸਿਰ-ਧੜ ਦੀ ਬਾਜ਼ੀ ਲਗਾ ਕੇ ਮੈਦਾਨ ਵਿਚ ਉਤਰ ਆਉਣ। ਜੇ ਅਜਿਹਾ ਨਹੀਂ ਤਾਂ ਇਕ ਬੇਹੱਦ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਬੈਠ ਕੇ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਤਾਂ ਹੁਣ ਤੱਕ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਹੀ ਚਲਦੇ ਨਜ਼ਰ ਆਏ ਹਨ। ਜੇਕਰ ਉਨ੍ਹਾਂ ਨੂੰ ਖਾਲਿਸਤਾਨ ਸਬੰਧੀ ਅਜਿਹਾ ਇਸ਼ਾਰਾ ਉੱਪਰੋਂ ਮਿਲਿਆ ਹੈ ਤਾਂ ਇਸ ਬਾਰੇ ਅਕਾਲੀ ਦਲ (ਬ) ਦੇ ਆਗੂਆਂ ਨੂੰ ਹਰ ਸੂਰਤ 'ਚ ਲੋਕਾਂ ਸਾਹਮਣੇ ਇਸ ਮਸਲੇ ਪ੍ਰਤੀ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ। ਸ: ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਿਸੇ ਸਮੇਂ ਦਿੱਲੀ ਜਾ ਕੇ ਪ੍ਰਮੁੱਖ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਕਈ ਵਾਰ ਮੁੱਖ ਮੰਤਰੀ ਬਣਨ ਸਮੇਂ ਭਾਜਪਾ ਉਨ੍ਹਾਂ ਦੀ ਸਹਿਯੋਗੀ ਪਾਰਟੀ ਰਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਵਿਚ ਵੀ ਲੰਮੇ ਸਮੇਂ ਤੱਕ ਭਾਈਵਾਲ ਰਹੀ ਹੈ। ਉਹ ਹਮੇਸ਼ਾ ਭਾਜਪਾ ਨਾਲ ਗੱਠਜੋੜ ਬਣਾਈ ਰੱਖਣ ਦੇ ਹੱਕ ਵਿਚ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੇਂਦਰ ਸਰਕਾਰ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਤੋਂ ਬਹੁਤ ਖਫ਼ਾ ਹੋਏ ਨਜ਼ਰ ਆਉਂਦੇ ਹਨ ਪਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਵੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਸਰਕਾਰ 'ਚ ਕੇਂਦਰੀ ਮੰਤਰੀ ਹੈ।
ਜੇਕਰ ਪਿਛਲੇ ਸਮੇਂ 'ਚ ਪੰਜਾਬ ਇਕ ਵੱਡੇ ਲਹੂ-ਰੱਤੇ ਦੁਖਾਂਤ 'ਚੋਂ ਗੁਜ਼ਰਿਆ ਹੈ ਤਾਂ ਉਸ ਵਿਚ ਅਸੀਂ ਸਾਰੀਆਂ ਹੀ ਸਬੰਧਿਤ ਧਿਰਾਂ ਨੂੰ ਜ਼ਿੰਮੇਵਾਰ ਸਮਝਦੇ ਹਾਂ। ਬਿਨਾਂ ਸ਼ੱਕ ਤਤਕਾਲੀ ਰਾਜਸੀ ਆਗੂਆਂ ਨੇ ਉਸ ਸਮੇਂ ਜਦੋਂ ਸਥਿਤੀਆਂ ਇਕ ਵੱਡੇ ਦੁਖਾਂਤ ਦਾ ਰੂਪ ਲੈਣ ਵੱਲ ਵਧ ਰਹੀਆਂ ਸਨ ਤਾਂ ਸਿਆਣੇ ਅਤੇ ਪ੍ਰੋੜ੍ਹ ਤਰੀਕੇ ਨਾਲ ਸੰਕਟ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ, ਸਗੋਂ ਸਮੇਂ-ਸਮੇਂ ਅਪਣਾਈਆਂ ਆਪਣੀਆਂ ਦੋਗਲੀਆਂ ਨੀਤੀਆਂ ਨਾਲ ਮਾਹੌਲ ਨੂੰ ਖ਼ਰਾਬ ਹੋਣ ਦਿੱਤਾ ਗਿਆ, ਜਿਸ ਦਾ ਹਰਜਾਨਾ ਸਮੁੱਚੇ ਪੰਜਾਬੀਆਂ ਨੂੰ ਭੁਗਤਣਾ ਪਿਆ।
ਜਿਥੋਂ ਤੱਕ ਖਾਲਿਸਤਾਨ ਦੀ ਗੱਲ ਹੈ ਇਸ ਸਬੰਧੀ ਕਦੇ ਵੀ ਕਿਸੇ ਖਾਲਿਸਤਾਨੀ ਵਿਦਵਾਨ ਨੇ ਅਮਲੀ ਰੂਪ ਵਿਚ ਇਸ ਦਾ ਨਕਸ਼ਾ ਪੇਸ਼ ਨਹੀਂ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਆਪਣੀ ਹਯਾਤੀ ਵਿਚ ਕਦੀ ਖਾਲਿਸਤਾਨ ਦੇ ਸੰਕਲਪ ਦਾ ਵਿਸਥਾਰ ਪੇਸ਼ ਨਹੀਂ ਸੀ ਕੀਤਾ, ਨਾ ਹੀ ਉਨ੍ਹਾਂ ਨੇ ਇਸ ਮਸਲੇ 'ਤੇ ਕੋਈ ਮੋਰਚਾ ਹੀ ਆਰੰਭ ਕੀਤਾ ਸੀ। ਕਪੂਰੀ ਵੇਲੇ ਨਹਿਰ ਦੀ ਖੁਦਾਈ ਸਮੇਂ ਅਕਾਲੀਆਂ ਸਮੇਤ ਪੰਜਾਬ ਦੀਆਂ ਕੁਝ ਹੋਰ ਪਾਰਟੀਆਂ ਨੇ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ ਸੀ ਜੋ ਅਖੀਰ ਧਰਮ ਯੁੱਧ ਮੋਰਚੇ ਵਿਚ ਬਦਲ ਗਿਆ। ਪਿੰਡ ਕਪੂਰੀ ਤੋਂ ਹਟ ਕੇ ਇਸ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਬਣ ਗਿਆ ਅਤੇ ਕਾਫੀ ਸਮੇਂ ਤੱਕ ਇਹ ਮੋਰਚਾ ਸ਼ਾਂਤਮਈ ਚੱਲਿਆ ਪਰ ਉਸ ਤੋਂ ਬਾਅਦ ਭਿਆਨਕ ਖ਼ੂਨੀ ਵਾਰਦਾਤਾਂ ਸ਼ੁਰੂ ਹੋ ਗਈਆਂ। ਅਜਿਹੇ ਸਮੇਂ ਵਿਚ ਵੱਡੇ ਅਕਾਲੀ ਆਗੂ ਆਪਣਾ ਕੋਈ ਠੋਸ ਬਣਦਾ ਰੋਲ ਅਦਾ ਕਰਨ ਦੀ ਬਜਾਏ ਡਰ ਤੇ ਭੈਅ ਦੇ ਮਾਹੌਲ ਵਿਚ ਸਿਆਸੀ ਖੇਤਰ 'ਚੋਂ ਪੂਰੀ ਤਰ੍ਹਾਂ ਅਲੋਪ ਹੋ ਗਏ ਅਤੇ ਉਸ ਤੋਂ ਬਾਅਦ ਉਹ ਭਿਆਨਕ ਸਾਕੇ ਵਾਪਰੇ, ਜੋ ਸਦਾ-ਸਦਾ ਲਈ ਸਿੱਖ ਮਾਨਸਿਕਤਾ ਦਾ ਇਕ ਹਿੱਸਾ ਬਣ ਗਏ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਈ ਰੂਪ 'ਚ ਥਾਪੇ ਗਏ ਜਥੇਦਾਰ ਹੋ ਸਕਦੇ ਹਨ ਪਰ ਇਸ ਅਹੁਦੇ 'ਤੇ ਹੁੰਦਿਆਂ ਜੇਕਰ ਉਹ ਖਾਲਿਸਤਾਨ ਦੇ ਮੁੱਦੇ ਨੂੰ ਸਾਰੇ ਸਿੱਖ ਜਗਤ ਨਾਲ ਜੋੜਦੇ ਹਨ ਤਾਂ ਅਸੀਂ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ ਹਾਂ।
ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਬਉੱਚ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਇਸ ਮਸਲੇ 'ਤੇ ਸਮੁੱਚੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਕੋਈ ਹੱਕ ਨਹੀਂ ਹੈ। ਅੱਜ ਸਿੱਖ ਜਗਤ ਪੰਜਾਬ ਤੱਕ ਹੀ ਨਹੀਂ, ਦੇਸ਼ ਤੱਕ ਹੀ ਨਹੀਂ, ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ ਅਤੇ ਆਪਣੇ ਕਰਮਾਂ ਨਾਲ ਆਪੋ-ਆਪਣੀ ਥਾਂ 'ਤੇ ਜਸ ਖੱਟ ਰਿਹਾ ਹੈ। ਇਸ ਲਈ ਸਮੁੱਚੇ ਸਿੱਖ ਜਗਤ ਨੂੰ ਇਕ ਅਜਿਹੀ ਮੰਗ ਨਾਲ ਜੋੜਨਾ (ਜਿਸ ਦੀ ਰੂਪ ਰੇਖਾ ਕਦੇ ਵੀ ਸਪੱਸ਼ਟ ਰੂਪ 'ਚ ਸਾਹਮਣੇ ਨਹੀਂ ਆਈ ਅਤੇ ਨਾ ਹੀ ਜ਼ਿੰਮੇਵਾਰ ਸਿੱਖ ਲੀਡਰਸ਼ਿਪ ਨੇ ਕਦੇ ਪੂਰੇ ਸਿੱਖ ਪੰਥ ਨੂੰ ਇਸ ਸਬੰਧੀ ਵਿਸ਼ਵਾਸ ਵਿਚ ਲਿਆ ਹੈ) ਵੱਡੀ ਬੇਇਨਸਾਫ਼ੀ ਹੈ। ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਹੀ ਨਹੀਂ, ਦੁਨੀਆ ਭਰ ਦੇ ਬਹੁਤੇ ਲੋਕਾਂ ਲਈ ਇਕ ਪਵਿੱਤਰ ਆਸਥਾ ਦਾ ਕੇਂਦਰ ਹੈ। ਸਿੱਖ ਵਿਚਾਰਧਾਰਾ ਅਤੇ ਫ਼ਿਲਾਸਫ਼ੀ ਕਿਸੇ ਇਕ ਜਾਤ ਜਾਂ ਇਕ ਧਾਰਮਿਕ ਭਾਈਚਾਰੇ ਤੱਕ ਸੀਮਤ ਨਹੀਂ ਹੋਈ ਸਗੋਂ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈਣ ਦੀ ਭਾਵਨਾ ਦਾ ਪ੍ਰਗਟਾਵਾ ਕਰਦੀ ਹੈ। ਸਿੱਖ ਨਿਮਰਤਾ ਅਤੇ ਸੇਵਾ ਦੀ ਮੂਰਤ ਹੈ।
ਸਿੱਖ ਦਾ ਹਿਰਦਾ ਵਿਸ਼ਾਲ ਹੈ। ਸਿੱਖ ਜਾਤਾਂ ਬਿਰਾਦਰੀਆਂ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈਂਦਾ ਹੈ। ਘੱਟੋ-ਘੱਟ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਹੁਣ ਤੱਕ ਅਸੀਂ ਅਜਿਹੀ ਹੀ ਪ੍ਰੇਰਨਾ ਲਈ ਹੈ। ਉਨ੍ਹਾਂ ਕਿਸੇ ਇਕ ਖਿੱਤੇ ਨੂੰ ਹੀ ਆਪਣੀ ਕਰਮ ਭੂਮੀ ਨਹੀਂ ਬਣਾਇਆ, ਸਗੋਂ ਦੁਨੀਆ ਭਰ ਨੂੰ ਆਪਣੇ ਪਿਆਰ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਅਤੇ ਸਮੁੱਚੀ ਧਰਤੀ ਨੂੰ ਹੀ ਆਪਣਾ ਆਸ਼ਿਆਨਾ ਬਣਾਉਣ ਦਾ ਯਤਨ ਕੀਤਾ ਹੈ। ਅਜਿਹੀ ਵਿਸ਼ਾਲ ਅਤੇ ਪ੍ਰੇਰਨਾ ਸਰੋਤ ਵਿਚਾਰਧਾਰਾ ਲਈ ਕੋਈ ਛੋਟਾ ਜਾਂ ਵੱਡਾ ਖਿੱਤਾ ਅਰਥ ਨਹੀਂ ਰੱਖਦਾ। ਜੇਕਰ ਅੱਜ ਸਿੱਖ ਸੰਸਥਾਵਾਂ ਦੇ ਥਾਪੇ ਮੁਖੀ ਹੀ ਸੌੜੀਆਂ ਸੋਚਾਂ ਅਪਣਾ ਕੇ ਇਨ੍ਹਾਂ ਦਾ ਪ੍ਰਚਾਰ ਕਰਨ ਲੱਗਣ ਤਾਂ ਬਿਨਾਂ ਸ਼ੱਕ ਉਹ ਸਿੱਖ ਵਿਚਾਰਧਾਰਾ ਨੂੰ ਅਣਗੌਲਿਆ ਕਰਕੇ ਇਸ ਦੀਆਂ ਕਦਰਾਂ-ਕੀਮਤਾਂ ਤੋਂ ਪਿਛਾਂਹ ਹਟ ਰਹੇ ਹਨ। ਇਸ ਲਈ ਸਿੱਖ ਜਗਤ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।
10 - 06 - 2020
-
ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ, ਅਜੀਤ ਜਲੰਧਰ
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.