ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਮਿੱਤ ਅਰਦਾਸ 7 ਜੂਨ ਨੂੰ ਸੈਕਟਰ 36 ਸਥਿਤ ਉਨ੍ਹਾਂ ਦੀ ਬੇਟੀ ਸੁਸ਼ਬੀਰ ਕੌਰ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸ਼ਾਮਲ ਹੋਇਆ। ਕੋਵਿਡ-19 ਕਾਰਨ ਜਾਰੀ ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਦਿਆਂ 15 ਕੁ ਹੀ ਰਿਸ਼ਤੇਦਾਰ ਤੇ ਸਨੇਹੀ ਸ਼ਾਮਲ ਹੋਏ। ਸਾਦੇ ਸ਼ਰਧਾਂਜਲੀ ਸਮਾਰੋਹ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ।
ਬਲਬੀਰ ਸਰ ਦੇ ਰਿਸ਼ਤੇਦਾਰ ਅਤੇ ਸਾਬਕਾ ਆਈ.ਏ.ਐਸ. ਕੁਲਬੀਰ ਸਿੰਘ ਸਿੱਧੂ ਹੁਰਾਂ ਨੇ ਦੇਵ ਸਮਾਜ ਸਕੂਲ ਮੋਗਾ ਦੀ ਗੱਲ ਸੁਣਾਈ ਕਿ ਜਦੋਂ ਚਾਰ ਕੁ ਵਰ੍ਹੇ ਪਹਿਲਾਂ ਉਹ, ਬਲਬੀਰ ਸਰ ਤੇ ਪ੍ਰਿੰਸੀਪਲ ਸਰਵਣ ਸਿੰਘ ਆਪਣੇ ਸਕੂਲ ਨੂੰ ਨਤਮਸਤਕ ਹੋਣ ਗਏ ਤਾਂ ਕੁਲਬੀਰ ਸਿੰਘ ਤੇ ਪ੍ਰਿੰਸੀਪਲ ਸਾਬ ਤਾਂ ਥੋੜਾਂ ਝੁਕ ਕੇ ਨਤਮਸਤਕ ਹੋਏ ਪਰ ਬਲਬੀਰ ਸਰ ਨੇ 93 ਵਰ੍ਹਿਆਂ ਦੀ ਉਮਰੇ ਪੂਰੀ ਤਰ੍ਹਾਂ ਲੇਟ ਕੇ ਮਿੱਟੀ ਨੂੰ ਚੁੰਮਿਆ ਅਤੇ ਇਕਦਮ ਜੰਪ ਮਾਰ ਕੇ ਉਠੇ। ਬਲਬੀਰ ਸਰ ਨੂੰ ਹੈਡਮਾਸਟਰ ਨੇ ਆਪਣੀ ਕੁਰਸੀ ਆਫਰ ਕੀਤੀ ਪਰ ਉਨ੍ਹਾਂ ਨਾਂਹ ਕਰ ਦਿੱਤੀ।
ਸੀਨੀਅਰ ਜੀ ਤੇ ਕੁਲਬੀਰ ਸਿੰਘ ਦੋਵੇਂ ਹੀ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ। ਕੁਲਬੀਰ ਸਿੰਘ ਦੇ ਦਾਦਾ ਜੀ ਇਸ ਸਕੂਲ ਦੇ ਫਾਊਂਡਰ ਸਨ। ਮੋਗਾ ਸ਼ਹਿਰ ਵਿੱਚ ਐਂਟਰੀ ਉਤੇ ਮੋਗਾ ਪੁਲਿਸ ਵੱਲੋਂ ਕੋਈ ਜਿਪਸੀ ਜਾਂ ਐਸਕਾਰਟ ਜੀਪ ਅੱਗੇ ਲਗਾਉਣ ਦੀ ਬਜਾਏ ਉਸ ਵੇਲੇ ਦੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਖੁਦ ਅੱਗੇ ਹੋ ਕੇ ਆਪਣੀ ਗੱਡੀ ਐਸਕਾਰਟ ਵਜੋਂ ਲਗਾਈ।
ਡਾ. ਰਾਜਿੰਦਰ ਕਾਲੜਾ ਬਲਬੀਰ ਸਰ ਦੇ ਸਭ ਤੋਂ ਪੁਰਾਣੇ ਸਾਥੀ ਹਨ। ਉਨ੍ਹਾਂ ਵੀ ਅੱਜ ਦੋ ਕਿੱਸੇ ਸੁਣਾਏ। 1975 ਵਿਸ਼ਵ ਕੱਪ ਦਾ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲੱਗਿਆ ਹੋਇਆ ਸੀ। ਉਸ ਵੇਲੇ ਪੀ.ਜੀ.ਆਈ. ਦੇ ਡਾਇਰੈਕਟਰ ਡਾ. ਚੁਟਾਨੀ ਆਪਣੇ ਨਾਲ ਡਾ.ਕਾਲੜਾ ਨੂੰ ਨਾਲ ਲੈ ਕੇ ਗਏ। ਉਸ ਦਿਨ ਤੋਂ ਹੀ ਡਾ. ਕਾਲੜਾ ਭਾਰਤੀ ਹਾਕੀ ਟੀਮ ਨਾਲ ਪੱਕੇ ਤੌਰ 'ਤੇ ਜੁੜ ਗਏ। ਕੁਆਲਾ ਲੰਪਰ ਵਿਖੇ ਵਿਸ਼ਵ ਕੱਪ ਦੌਰਾਨ ਜਦੋਂ ਬਲਬੀਰ ਸਿੰਘ ਸੀਨੀਅਰ ਅਸਲਮ ਸ਼ੇਰ ਖਾਨ ਨੂੰ ਨਮਾਜ ਅਦਾ ਕਰਵਾਉਣ ਲਈ ਮਸਜਿਦ ਗਏ ਸਨ ਤਾਂ ਡਾ. ਕਾਲੜਾ ਵੀ ਨਾਲ ਸਨ। ਕੁਆਲਾ ਲੰਪਰ ਵਿਖੇ ਹੀ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਮਿਲੀ ਹਾਰ ਬਾਰੇ ਇਕ ਖੁਲਾਸਾ ਕਰਦਿਆਂ ਡਾ. ਕਾਲੜਾ ਨੇ ਦੱਸਿਆ ਕਿ ਫਾਈਨਲ ਲਈ ਟੀਮ ਦੇ ਮੈਨੇਜਰ ਬਲਬੀਰ ਸਿੰਘ ਸੀਨੀਅਰ ਨੇ ਆਖਰੀ ਇਲੈਵਨ ਚੁਣ ਲਈ ਸੀ ਪਰ ਐਨ ਮੌਕੇ ਜਦੋਂ ਭਾਰਤੀ ਹਾਕੀ ਫੈਡਰੇਸ਼ਨ ਨੇ ਟੀਮ ਇਲੈਵਨ ਵਿੱਚ ਫੇਰਬਦਲ ਕਰ ਦਿੱਤੀ। ਉਸੇ ਵੇਲੇ ਬਲਬੀਰ ਸਿੰਘ ਨੇ ਡਾ. ਕਾਲੜਾ ਨੇ ਕਿਹਾ ਕਿ ਹੁਣ ਆਪਾਂ ਟੀਮ ਨਾਲ ਜੁੜੇ ਨਹੀਂ ਰਹਿ ਸਕਦੇ।
ਅੱਜ ਅੰਤਿਮ ਅਰਦਾਸ ਤੋਂ ਬਾਅਦ ਬਲਬੀਰ ਸਿੰਘ ਸੀਨੀਅਰ ਦੀ ਬੇਟੀ ਸੁਸ਼ਬੀਰ ਕੌਰ ਵੱਲੋਂ ਘਰ ਹੀ ਤਿਆਰ ਕੀਤਾ ਖਾਣਾ ਛਕਾਇਆ ਗਿਆ। ਵਾਪਸੀ 'ਤੇ ਜਦੋਂ ਸਾਰੇ ਉਠਣ ਲੱਗੇ ਤਾਂ ਉਨ੍ਹਾਂ ਉਚੇਚ ਨਾਲ ਕਿਹਾ, ''ਖੀਰ ਹੋਰ ਖਾ ਕੇ ਜਾਓ ਕਿਉਂਕਿ ਪਾਪਾ ਜੀ ਦੀ ਖੀਰ ਬਹੁਤ ਪਸੰਦੀਦਾ ਡਿਸ਼ ਸੀ।'' ਉਨ੍ਹਾਂ ਖੀਰ ਨਾਲ ਜੁੜੀ ਇਕ ਗੱਲ ਸੁਣਾਉਂਦਿਆਂ ਕਿਹਾ ਕਿ ਇਕ ਵਾਰ ਘਰ ਮਹਿਮਾਨ ਸ਼ੂਗਰ ਦੇ ਬਾਵਜੂਦ ਦੂਜੀ ਵਾਰ ਖੀਰ ਮੰਗਦਾ ਕਹਿਣ ਲੱਗਾ ਕਿ ਖੀਰ ਮੈਨੂੰ ਬਹੁਤ ਪਸੰਦ ਹੈ।
ਬਲਬੀਰ ਸਿੰਘ ਹੁਰਾਂ ਨੇ ਤੁਰੰਤ ਜਵਾਬ ਦਿੱਤਾ, ''ਕਿਸ ਨੂੰ ਖੀਰ ਨਹੀਂ ਪਸੰਦ?'' ਬਲਬੀਰ ਸਿੰਘ ਸੀਨੀਅਰ ਨੂੰ ਨੇੜਿਓ ਜਾਣਨ ਵਾਲੇ ਦੱਸਦੇ ਹਨ ਕਿ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦਾ ਰਾਜ਼ ਡਾ. ਕਾਲੜਾ ਦੀ ਡਾਕਟਰੀ ਸਾਂਭ ਸੰਭਾਲ, ਸੁਸ਼ਬੀਰ ਕੌਰ ਵੱਲੋਂ ਘਰ ਵਿੱਚ ਖਾਣ-ਪੀਣ ਦਾ ਰੱਖਿਆ ਜਾਂਦਾ ਖਿਆਲ ਅਤੇ ਦੋਹਤੇ ਕਬੀਰ ਸਿੰਘ ਵੱਲੋਂ ਸਮਾਗਮਾਂ ਦੌਰਾਨ ਰੱਖਿਆ ਜਾਂਦਾ ਖਿਆਲ ਹੀ ਸੀ। ਸੁਸ਼ਬੀਰ ਕੌਰ ਜੀ ਨੇ ਦੱਸਿਆ ਕਿ ਜਦੋਂ ਵੀ ਪਾਪਾ ਜੀ ਦੀ ਇੰਟਰਵਿਊ ਕਰਨ ਵਾਲਾ ਖਾਣ-ਪੀਣ ਦੀ ਸਖਤੀ ਬਾਰੇ ਪੁੱਛਦਾ ਤਾਂ ਬਲਬੀਰ ਸਿੰਘ ਸੀਨੀਅਰ ਆਪਣੀ ਬੇਟੀ ਵੱਲ ਹੱਥ ਕਰ ਕੇ ਕਹਿੰਦੇ, ''ਮੇਰੀ ਬੇਟੀ ਹੀ ਮੇਰੀ ਘਰ ਵਿੱਚ ਇੰਸਪੈਕਟਰ ਹੈ।'' ਅੱਜ ਤੁਰਨ ਲੱਗਿਆ ਰਿਸ਼ਤੇਦਾਰ ਸਨੇਹੀਆਂ ਕੋਲ ਖੜ੍ਹਿਆਂ ਉਨ੍ਹਾਂ ਦੀ ਬੇਟੀ ਭਾਵੁਕ ਹੋ ਗਈ।
ਉਨ੍ਹਾਂ ਕਿਹਾ ਕਿ ਜਦੋਂ ਦੇ ਪਾਪਾ ਜੀ ਗਏ ਹਨ ਉਦੋਂ ਤੋਂ ਉਹ ਡਰਾਇੰਗ ਰੂਮ ਵਿੱਚ ਨਹੀਂ ਗਏ ਕਿਉਂਕਿ ਉਨ੍ਹਾਂ ਦੀਆਂ ਨਿਸ਼ਾਨੀਆਂ ਦੇਖ ਕੇ ਦਿਲ ਭਰ ਆਉਂਦਾ ਹੈ।ਸੱਚ ਇਕ ਗੱਲ ਹੋਰ। ਬਲਬੀਰ ਸਰ ਦੇ ਪਰਿਵਾਰ ਵੱਲੋਂ ਅੱਜ ਸੋਨੇ ਰੰਗੇ ਤਿੰਨ ਬਿਸਕੁਟਾਂ ਉਪਰ ਚਾਕਲੇਟ ਨਾਲ 1948, 1952 ਤੇ 1956 ਲਿਖਿਆਂ ਹੋਇਆਂ ਸੀ ਜੋ ਪਲੇਟ ਵਿੱਚ ਤਿੰਨ ਓਲੰਪਿਕਸ ਸੋਨ ਤਮਗਿਆਂ ਦੀ ਯਾਦ ਦਿਵਾ ਰਹੇ ਜੋ ਉਨ੍ਹਾਂ ਜਿੱਤੇ ਸਨ। ਨਾਲ ਹੀ ਦੋ ਹਾਕੀਆਂ ਬਣਾ ਕੇ ਸਜਾਈਆਂ ਹੋਈਆਂ ਸਨ।
ਪਰਿਵਾਰ ਨਾਲ ਨੇੜਿਓ ਜੁੜੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਅਤੇ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਭਾਵੇਂ ਕੋਵਿਡ-19 ਦੇ ਇਹਤਿਆਤ ਕਰ ਕੇ ਨਿੱਜੀ ਤੌਰ ਉਤੇ ਨਹੀਂ ਸ਼ਾਮਲ ਹੋ ਸਕੇ ਪਰ ਉਨ੍ਹਾਂ ਆਨਲਾਈਨ ਹੀ ਸ਼ਰਧਾਂਜਲੀ ਭੇਂਟ ਕੀਤੀ। ਬਲਬੀਰ ਸਿੰਘ ਸੀਨੀਅਰ ਦੇ ਰਿਸ਼ਤੇਦਾਰ, ਸਨੇਹੀਆਂ, ਸ਼ੁਭਚਿੰਤਕਾਂ, ਪ੍ਰਸੰਸਕਾਂ ਵੱਲੋਂ ਇਕ ਪ੍ਰਣ ਵੀ ਲਿਆ ਗਿਆ ਕਿ ਓਲੰਪਿਕ ਰਤਨ ਨਾਲ ਸਨਮਾਨੇ ਜਾ ਚੁੱਕੇ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਲਈ ਫੇਰ ਮੁਹਿੰਮ ਭਖਾਈ ਜਾਵੇ। ਪੰਜਾਬ ਸਰਕਾਰ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਪਹਿਲਾਂ ਵੀ ਸਿਫਾਰਸ਼ ਕਰ ਚੁੱਕੀ ਹੈ। ਰਾਜਦੀਪ ਸਿੰਘ ਗਿੱਲ ਨੇ ਸਾਰਾ ਕੇਸ ਆਪਣੇ ਹੱਥੀਂ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਗੁਆਚੇ ਗਏ ਬਲਬੀਰ ਸਿੰਘ ਸੀਨੀਅਰ ਦੇ ਓਲੰਪਿਕ ਮੈਡਲ ਅਤੇ ਹੋਰ ਨਿਸ਼ਾਨੀਆਂ ਨੂੰ ਲੱਭਣ ਲਈ ਤਰੱਦਦ ਕੀਤਾ ਜਾਵੇ। ਬਲਬੀਰ ਸਿੰਘ ਸੀਨੀਅਰ ਨੂੰ ਇਹੋ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
-
ਨਵਦੀਪ ਸਿੰਘ ਗਿੱਲ, ਲੇਖਕ
*****************
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.