ਬਹੁਮੁੱਲੇ ਇਤਿਹਾਸਕ ਲੇਖ ਪੁਸਤਕ ਦਾ ਹਵਾਲਾ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਕੀਤਾ ਤਾਂ ਇਸ ਨੂੰ ਪੜ੍ਹਨ ਚ ਮੇਰੀ ਦਿਲਚਸਪੀ ਜਾਗੀ। ਇਸ ਪੁਸਤਕ ਦੇ ਪ੍ਰਕਾਸ਼ਕ ਸਿੰਘ ਬਰਦਰਜ਼ ਵਾਲੇ ਵੀਰ ਸ: ਗੁਰਸਾਗਰ ਸਿੰਘ ਜੀ ਨੂੰ ਪੁਸਤਕ ਭੇਜਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਤੁਰੰਤ ਭਿਜਵਾ ਦਿੱਤੀ।
ਪੁਸਤਕ ਵਿਚਲੇ ਸਾਰੇ ਲੇਖ ਗਿਆਨੀ ਹੀਰਾ ਸਿੰਘ ਦਰਦ ਜੀ ਦੇ ਮਾਸਿਕ ਪੱਤਰ ਫੁਲਵਾੜੀ ਦੇ ਇਤਿਹਾਸ ਅੰਕ ਚ ਸ: ਕਰਮ ਸਿੰਘ ਹਿਸਟੋਰੀਅਨ ਜੀ ਨੇ 1930 ਵਿੱਚ ਵਿਸ਼ੇਸ਼ ਲਿਖਾਰੀਆਂ ਤੋਂ ਲਿਖਵਾ ਕੇ ਸੰਪਾਦਿਤ ਕੀਤੇ ਸਨ। ਇਸੇ ਸਾਲ ਹੀ ਮਗਰੋਂ ਉਹ ਸੁਰਗਵਾਸ ਹੋ ਗਏ।
ਸ: ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸ ਪ੍ਰਤੀ ਜ਼ਿੰਮੇਵਾਰੀ ਤੇ ਪਹੁੰਚ ਦਾ ਅੰਦਾਜ਼ਾ ਏਥੋਂ ਹੀ ਲਾ ਲਵੋ ਕਿ ਇਸ ਪੁਸਤਕ ਵਿੱਚ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਲਾਲਾ ਕਿਰਪਾ ਸਾਗਰ, ਅਕਾਲੀ ਕੌਰ ਸਿੰਘ,ਬਾਵਾ ਬੁੱਧ ਸਿੰਘ, ਪ੍ਰੋ: ਤੇਜਾ ਸਿੰਘ, ਸਰਦੂਲ ਸਿੰਘ ਕਵੀਸ਼ਰ, ਧਨੀ ਰਾਮ ਚਾਤ੍ਰਿਕ,ਲਾਲਾ ਰਾਮ ਚੰਦ ਮਨਚੰਦਾ, ਬੀਬੀ ਜਸਵੰਤ ਕੌਰ, ਗਿਆਨੀ ਹੀਰਾ ਸਿੰਘ ਦਰਦ,ਬਾਬਾ ਪ੍ਰੇਮ ਸਿੰਘ ਹੋਤੀ, ਮਾ: ਬੀਰ ਸਿੰਘ ਫੀਰੋਜ਼ਪੁਰ, ਸੋਢੀ ਹਜ਼ਾਰਾ ਸਿੰਘ, ਸ: ਗੰਡਾ ਸਿੰਘ, ਸ: ਮਾਨ ਸਿੰਘ ਵਕੀਲ, ਵਿਧਾਤਾ ਸਿੰਘ ਤੀਰ, ਸ: ਮਹਿਤਾਬ ਸਿੰਘ ਜਿਹਲਮ, ਗਿਆਨੀ ਬੁੱਧ ਸਿੰਘ, ਦਾਤਾ ਅੰਮ੍ਰਿਤਸਰੀ ਤੇ ਗੁਰਪਾਲ ਸਿੰਘ ਲੰਡਨ ਦੇ ਲੇਖ ਸ਼ਾਮਿਲ ਹਨ।
1884 ਚ ਝਬਾਲ(ਅੰਮ੍ਰਿਤਸਰ) ਚ ਪੈਦਾ ਹੋਏ ਸ: ਕਰਮ ਸਿੰਘ ਹਿਸਟੋਰੀਅਨ ਬਾਰੇ ਪ੍ਰਕਾਸ਼ਕ ਲਿਖਦੇ ਹਨ ਕਿ ਉਹ ਸਿੱਖ ਇਤਿਹਾਸ ਦੀ ਵਿਗਿਆਨਕ ਲੀਹਾਂ ਤੇ ਖੋਜ ਪੜਤਾਲ ਕਰਨ ਵਾਲੇ ਪਹਿਲੇ ਉੱਘੇ ਵਿਦਵਾਨ ਸਨ।
1905 ਚ ਉਨ੍ਹਾਂ ਨੇ ਮੌਖਿਕ ਸਰੋਤਾਂ ਤੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਜਾਣਕਾਰੀ ਇਕੱਠੀ ਕੀਤੀ। ਫਾਰਸੀ, ਅਰਬੀ ਤੇ ਅੰਗਰੇਜ਼ੀ ਇਤਿਹਾਸ ਪੁਸਤਕਾਂ ਦਾ ਅਧਿਐਨ ਕੀਤਾ। ਟੁੱਟਵੀਆਂ ਲੜੀਆਂ ਜੋੜੀਆਂ।
ਇਸ ਪੁਸਤਕ ਦੇ ਹੁਣ ਤੀਕ ਪੰਜ ਐਡੀਸ਼ਨ ਛਪ ਚੁਕੇ ਹਨ ਜਦ ਕਿ ਇਹ ਪਹਿਲੀ ਵਾਰ 1963 ਚ ਛਪੀ ਸੀ। 2017 ਚ ਸੱਜਰਾ ਐਡੀਸ਼ਨ ਛਪਿਆ ਹੈ।
ਸ਼ਾਸਤਰ ਨਾਲ ਜੁੜ ਕੇ ਕੌਮਾਂ ਜਿਉਂਦੀਆਂ ਨੇ, ਸ਼ਸਤਰ ਤਾਂ ਸ਼ਾਸਤਰ ਦਾ ਰਖਵਾਲਾ ਹੋ ਸਕਦਾ ਹੈ, ਸਭ ਕੁਝ ਨਹੀਂ।
ਅੱਜ ਛੇ ਜੂਨ ਹੋਣ ਕਾਰਨ ਸਵੇਰੇ ਜਾਗਣ ਸਾਰ 6 ਜੂਨ 1984 ਦਾ ਦਿਨ ਯਾਦ ਆਇਆ। ਇਤਿਹਾਸ ਦੇ ਜ਼ਖ਼ਮੀ ਪੰਨੇ
ਮੇਰੇ ਸਨਮੁਖ ਹਨ। ਕਿੰਨਾ ਕੁਝ ਅੱਗੜ ਪਿੱਛੜ ਕਰਕੇ ਇਤਿਹਾਸ ਦੇ ਪੱਤਰੇ ਧੁੰਦਲੇ ਕੀਤੇ ਜਾ ਰਹੇ ਹਨ।
ਫਿਰ ਵਿਗਿਆਨਕ ਲੀਹਾਂ ਵਾਲੀ ਇਤਿਹਾਸਕਾਰੀ ਲਈ ਇੱਕ ਹੋਰ ਕਰਮ ਸਿੰਘ ਹਿਸਟੋਰੀਅਨ ਦੀ ਅੱਜ ਲੋੜ ਹੈ।
ਮੈਂ ਕੁਝ ਸਤਰਾਂ ਸਵੇਰੇ ਹੀ ਲਿਖੀਆਂ ਹਨ, ਬੰਬਾਂ ਬੰਦੂਕਾਂ ਗੋਲਿਆਂ ਨਾਲ ਢਾਹੇ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਵੇਖ ਕੇ।
ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ।
ਜੂਨ ਚੌਰਾਸੀ
ਕਿਹੜਾ ਕਹਿੰਦੈ
ਬੰਬ , ਬੰਦੂਕਾਂ, ਗੋਲੀਆਂ ਰਲ਼ ਕੇ
ਤਖ਼ਤ ਅਕਾਲ ਨੂੰ ਢਾਹ ਸਕਦੇ ਨੇ!
ਨੀਲੇ ਅੰਬਰੋਂ ਚੰਨ ਤੇ ਤਾਰੇ,
ਸੂਰਜ ਹੇਠਾਂ ਲਾਹ ਸਕਦੇ ਨੇ।
ਨਹੀਂ ,ਨਹੀਂ ,ਹਰਗਿਜ਼ ਨਹੀਂ ਸੰਭਵ,
ਸਾਗਰ ਮੁੱਠੀ ਵਿੱਚ ਬੰਦ ਕਰਨਾ।
ਮੂੰਹ ਅੱਗੇ ਹੱਥ ਧਰਕੇ ਡੱਕਣਾ,
ਨੂਰ ਨੂਰਾਨੀ ਵੰਡਦਾ ਝਰਨਾ।
ਕਿੰਨੇ ਬੱਦਲ ਚੜ੍ਹ ਚੜ੍ਹ ਆਏ,
ਮਾਰੋ ਮਾਰੀ ਗੜ ਗੜ ਕਰਦੇ!
ਸਭ ਇਤਿਹਾਸ ਨੂੰ ਅੱਜ ਵੀ ਚੇਤੇ।
ਅਬਦਾਲੀ ਤੋਂ ਪਹਿਲਾਂ, ਮਗਰੋਂ,
ਹਮਲਾਵਰ ਸਭ ਪਾਗਲ ਘੋੜੇ।
ਆਪ ਅਕਾਲ ਪਿਛਾਂਹ ਨੂੰ ਮੋੜੇ।
ਹਰਗੋਬਿੰਦ ਗੁਰੂ ਜੀ ਏਥੇ
ਭਗਤੀ ਸ਼ਕਤੀ ਰਹਿਣ ਇਕੱਠੇ।
ਮੀਰੀ ਪੀਰੀ ਦੋ ਕਿਰਪਾਨਾਂ
ਸ਼ਾਸਤਰਾਂ ਦਾ ਰਾਖਾ ਸ਼ਸਤਰ।
ਸਾਡਾ ਸ਼ਬਦ ਗੁਰੂ ਰਖਵਾਲਾ।
ਬੰਬ, ਬੰਦੂਕਾਂ ਨਾਲ ਨਾ ਇਸ ਨੂੰ,
ਮੱਥਿਓਂ ਹੇਠਾਂ ਲਾਹ ਸਕਿਆ ਹੈ।
ਮਨ ਮੰਦਰ ਵਿੱਚ ਉੱਸਰਿਆ ਜੋ,
ਜਬਰ ਜ਼ੁਲਮ ਸੰਗ ਢਾਹ ਸਕਿਆ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.