- ਸੈਂਪਲ ਇਕੱਤਰ ਕਰਨ 'ਚ ਲੱਗਦਾ ਹੈ 60 ਸੈਕਿੰਡ ਤੋਂ ਵੀ ਘੱਟ ਸਮਾਂ
ਕੋਰੋਨਾ ਮਹਾਂਮਾਰੀ ਨੇ ਸਾਰੇ ਵਿਸ਼ਵ ਭਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਭਿਆਨਕ ਬਿਮਾਰੀ 'ਤੇ ਕਾਬੂ ਪਾਉਣ ਲਈ ਸਰਕਾਰਾਂ, ਸਿਹਤ ਵਿਭਾਗ ਅਤੇ ਮੈਡੀਕਲ ਸੰਸਥਾਵਾਂ ਅੱਡੀ-ਚੋਟੀ ਦਾ ਜੋਰ ਲਗਾ ਰਹੀਆਂ ਹਨ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦੇ ਇਲਾਜ ਲਈ ਭਾਂਵੇ ਵੈਕਸੀਨ ਤਿਆਰ ਕਰਨ ਲਈ ਕਈ ਵਿਗਿਆਨੀਆਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਪਰ ਨੋਵੋਲ ਕੋਰੋਨਾ ਦੀ ਇਸ ਚੇਨ ਨੂੰ ਤੋੜਨ ਲਈ ਇੱਕੋ-ਇੱਕ ਸੁਨੇਹਾਂ ਦਿੱਤਾ ਜਾ ਰਿਹਾ ਹੈ “ਇਲਾਜ ਨਾਲੋਂ ਪਰਰੇਜ ਚੰਗਾ” ਜਿਸ ਦੇ ਸਿੱਟੇ ਵੱਜੋਂ ਕਈ ਦੇਸ਼ਾਂ ਨੇ ਲੰਬਾ ਸਮਾਂ ਲਾਕਡਾਊਨ ਦਾ ਰਸਤਾ ਵੀ ਅਪਨਾਇਆ ਹੈ।
ਕੋਵਿਡ-19 ਦੀ ਜੰਗ ਵਿੱਚ ਉਤਰੇ ਯੋਧੇ ਮੈਡੀਕਲ,ਪੈਰਾ-ਮੈਡੀਕਲ,ਪੁਲਿਸ ਸਟਾਫ,ਪੱਤਰਕਾਰ ਭਾਈਚਾਰਾ ਅਤੇ ਸਫਾਈ-ਸੇਵਕ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ,ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਅਡਵਾਇਜ਼ਰੀਆਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰ ਰਹੇ ਹਨ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪਹਿਲਾਂ ਤਾਂ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਜਾਂ ਉਨ੍ਹਾਂ ਨਾਲ ਸੰਪਰਕ ਵਾਲਿਆਂ ਅਤੇ ਖੰਘ, ਜ਼ੁਕਾਮ, ਬੁਖਾਰ ਜਾਂ ਫਲੂ ਵਰਗੇ ਲੱਛਣ ਹੋਣ ਤੇ ਹੀ ਕੋਰੋਨਾ ਦਾ ਟੈਸਟ ਕਰਨ ਦੀ ਹਦਾਇਤ ਕੀਤੀ ਸੀ।
ਪਰ ਵਿਸ਼ਵ ਸਿਹਤ ਸੰਸਥਾ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਤੇ ਆਏ ਨਤੀਜਿਆਂ ਨੂੰ ਦੇਖਦਿਆਂ ਹੁਣ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ,ਸਿਹਤ ਵਿਭਾਗ ਦਾ ਸਟਾਫ,ਪੁਲਿਸ ਟੀਮਾਂ,ਗਰਭਵਤੀ ਔਰਤਾਂ ਅਤੇ ਪਹਿਲਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਜਾਂ ਬਜ਼ੁਰਗਾਂ ਅਤੇ ਜਿੰਨਾ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਉਨਾਂ ਦੇ ਵੀ ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ। ਕਿਉਂਕਿ ਦੇਖਿਆ ਜਾਵੇ ਤਾਂ ਕਈ ਦੇਸ਼ ਅਜਿਹੇ ਹਨ ਜਿੰਨਾਂ ਨੇ ਆਪਣੀ ਸੈਂਪਲਿੰਗ ਸਮਰਥਾ ਵਿੱਚ ਵਾਧਾ ਕਰਕੇ ਇਸ ਕੋਰੋਨਾ ਵਾਇਰਸ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਦ ਹੁਣ ਕੋਵਿਡ ਦੇ ਸੈਂਪਲ ਇਕੱਤਰ ਕਰਨ ਲਈ ਵੱਡੀ ਗਿਣਤੀ ਵਿੱਚ ਫਲੂ ਕਾਰਨਰ ਸਥਾਪਿਤ ਕੀਤੇ ਗਏ ਹਨ ਤੇ ਸੈਂਪਲਾਂ ਦੀ ਜਾਂਚ ਲਈ ਵੱਡੀਆਂ-ਵੱਡੀਆਂ ਮਸ਼ੀਨਾ ਤੇ ਉਪਕਰਨ ਨਾਲ ਲੈਸ ਲੈਬੋਰੇਟਰੀਆਂ ਤਿਆਰ ਕਰ ਲਈਆਂ ਗਈਆਂ ਹਨ।ਇਹਨਾਂ ਸਭ ਕੁਝ ਕਰਨ ਅਤੇ ਔਖਾਂ ਸਮਾਂ ਹੰਡਾਉਣ ਦੇ ਬਾਵਜੂਦ ਵੀ ਲੋਕਾਂ ਵਿੱਚ ਕੋਰੋਨਾ ਦਾ ਟੈਸਟ ਕਰਵਾਉਣ ਦੀ ਇੱਕ ਬਹੁਤ ਵੱਡੀ ਦਹਿਸ਼ਤ ਨਜ਼ਰ ਆਉਣਾ ਠੀਕ ਨਹੀ, ਸੈਂਪਲ ਦੇਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਅਤੇ ਅਫਵਾਹਾਂ ਲੋਕਾਂ ਵਿੱਚ ਆਮ ਚਰਚਾ ਦਾ ਵਿਸ਼ਾ ਬਣ ਗਈਆਂ ਹਨ।ਕੋਈ ਕਹਿੰਦਾਂ ਹੈ ਬੇਹੋਸ਼ ਤਾਂ ਕਰਦੇ ਹੀ ਹੋਣੇ ਨੇ,ਕੋਈ ਕਹਿੰਦਾ ਗਲ੍ਹੇ ਵਿੱਚ ਸਲਾਈ ਮਾਰਦੇ ਹਨ ਤੇ ਕੋਈ ਕਹਿੰਦਾ ਸਲਾਈ ਨੱਕ ਵਿੱਚ ਦੀ ਦਿਮਾਗ ਤੱਕ ਜਾਂਦੀ ਹੈ ਪਰ ਇਹ ਸੱਭ ਗੱਲਾਂ ਅੱਗੇ ਦੀ ਅੱਗੇ ਦੱਸ ਕੇ ਅਸੀ ਆਪਣਾ ਹੀ ਨੁਕਸਾਨ ਕਰ ਰਹੇ ਹਾਂ ਕਿਉਂਕਿ ਇਹ ਸੱਚ ਨਹੀ ਹੈ ਅਜਿਹਾ ਕੁਝ ਵੀ ਨਹੀ ਹੁੰਦਾ ਕੋਰੋਨਾ ਸੈਂਪਲ ਇਕੱਤਰ ਕਰਨ ਵਿੱਚ।
ਸੈਂਪਲ ਬਣਾਓਟੀ ਰੂੰਈਂ ਜਾਂ ਨਾਇਲੋਨ ਦੇ ਬਣੇ ਫੰਭੇ ਨਾਲ ਨੱਕ ਜਾਂ ਗਲ੍ਹੇ ਵਿੱਚ ਸਿਰਫ ਛੂਹਿਆ ਹੀ ਜਾਂਦਾ ਹੈ ਤਾਂ ਜੋ ਵਾਇਰਸ ਦੇ ਕਣ ਰੂਈਂ ਨਾਲ ਲੱੱਗ ਜਾਣ ਤੇ ਉਸ ਫੰਬੇ ਨੂੰ ਟਿਊਬ ਵਿੱਚ ਚੰੰਗੀ ਤਰ੍ਹਾਂ ਸੀਲ ਕਰਕੇ ਜਾਂਚ ਲਈ ਭੇਜਿਆ ਜਾ ਸਕੇ।ਸੈਂਪਲ ਲੈਣ ਲਈ ਟੀਮਾਂ ਦੇ ਸਮਾਨ,ਉਪਕਰਨ,ਸੁਰੱਖਿਆ ਕਿੱਟ ਪਹਿਨਣ ਅਤੇ ਪ੍ਰਬੰਧਾਂ ਲਈ ਹੋ ਸਕਦਾ ਕੁਝ ਘੰਟੇ ਵੀ ਲੱਗ ਜਾਣ ਪਰ ਇੱਕ ਵਿਅਕਤੀ ਦਾ ਕੋਰੋਨਾ ਸੈਂਪਲ ਇਕੱਤਰ ਕਰਨ ਵਿੱੱਚ 60 ਸੈਕਿੰਡ ਤੋਂ ਵੀ ਘੱਟ ਸਮਾਂ ਲੱਗਦਾ ਹੈ।ਸੈਂਪਲ ਦੇਣ ਵਾਲੇ ਨੂੰ ਬੜ੍ਹੇ ਅਰਾਮ ਨਾਲ ਬਿਠਾਇਆ ਜਾਂਦਾ ਹੈ ਤੇ ਮੈਡੀਕਲ ਟੀਮ ਉਸਦਾ ਪੂਰਾ ਸਹਿਯੋਗ ਤੇ ਮਦਦ ਕਰਦੇ ਹਨ,ਤੇ ਉਸਨੂੰ ਸੈਂਪਲ ਦਿੰਦਿਆਂ ਨਾ ਤਾਂ ਕੋਈ ਤਕਲੀਫ ਹੁੰਦੀ ਹੈ ਤੇ ਨਾ ਹੀ ਕੋਈ ਕਿਸੇ ਵੀ ਕਿਸਮ ਦੀ ਸਰੀਰ ਨੂੰ ਕੋਈ ਖਰਾਸ਼ ਜਾਂ ਜਖਮ ਹੁੰਦਾ ਹੈ।
ਇਸੇ ਲਈ ਕਹਿੰਦੇ ਹਨ ਘੱਟ ਜਾਂ ਅਧੂਰੀ ਜਾਣਕਾਰੀ ਨੁਕਸਾਨਦਾਇਕ ਹੋ ਸਕਦੀ ਹੈ ਤੇ ਅਫਵਾਹਾਂ ਤੇ ਭਰੋਸਾ ਕਰਨਾ ਬੇਵਕੂਫੀ ਹੈ।ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇ ਕਰ ਰਹੀਆਂ ਟੀਮਾਂ,ਵਿਭਾਗ ਦੀ ਮਾਸ ਮੀਡੀਆ ਸ਼ਾਖਾ,ਲੋਕ ਸੰਪਰਕ ਵਿਭਾਗ ਅਤੇ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਹਿਯੋਗ ਦੇਣ ਲਈ ਸੇਵਾਵਾਂ ਨਿਭਾ ਰਿਹਾ ਹੈ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਸ-ਪਾਸ ਰਹਿੰਦੇ ਲੋਕਾਂ ਤੱਕ ਇਸ ਜਾਂਚ ਦੀ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਰਾਂਹੀ ਸੁਚੇਤ ਕਰੀਏ ਤਾਂ ਜੋ ਲੋਕਾਂ ਵਿੱਚ ਕੋਰੋਨਾ ਸੈਂਪਲਿੰਗ ਦਾ ਡਰ ਅਤੇ ਸਹਿਮ ਖਤਮ ਹੋ ਸਕੇ ਅਤੇ ਲੋਕ ਨਿਡਰ ਹੋ ਕੇ ਇਸਨੂੰ ਵੀ ਆਮ ਟੈਸਟਾਂ ਵਾਂਗ ਹੀ ਸਮਝਣ ਤਾਂ ਕਿ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।
-
ਡਾ.ਪ੍ਰਭਦੀਪ ਸਿੰਘ ਚਾਵਲਾ ਬੀ.ਈ.ਈ., ਮੀਡੀਆ ਇੰਚਾਰਜ ਕੋਵਿਡ-19 ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
*****************
9814656257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.