ਸਿੱਖਾਂ ਲਈ ਜੂਨ ਦਾ ਮਹੀਨਾ ਦੋ ਮੁੱਖ ਪੱਖਾਂ ਤੋਂ ਬਹੁਤ ਅਹਿਮ ਗਿਣਿਆ ਜਾਂਦਾ ਹੈ। ਕਿਉਂਕਿ ਇਸੇ ਮਹੀਨੇ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਹੈ ਅਤੇ ਇਸੇ ਮਹੀਨੇ ਵਿੱਚ ਹੀ 1984 ਨੂੰ ਇੰਦਰਾ ਗਾਂਧੀ ਦੇ ਆਦੇਸ਼ਾਂ ਉੱਪਰ ਅਕਾਲ ਤਖਤ ਸਾਹਿਬ ਤੇ ਫੌਜ ਨੇ ਬਹੁਤ ਵੱਡਾ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਨਾਲ ਸਾਰੀ ਸਿੱਖ ਕੌਮ ਮਾਨਸਿਕ ਪੱਖੋਂ ਬਹੁਤ ਬੁਰੀ ਤਰ੍ਹਾਂ ਝੰਜੋੜੀ ਗਈ ਸੀ। ਬੇਸ਼ੱਕ ਉਸ ਸਮੇਂ ਸਰਕਾਰ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਸਿੱਖਾਂ ਵੱਲੋਂ ਇੱਕ ਹਥਿਆਰਬੰਦ ਲੜਾਈ ਲੜੀ ਜਾ ਰਹੀ ਸੀ। ਪਰ ਜਿਸ ਤਰ੍ਹਾਂ ਸਰਕਾਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨਾਲ ਸਰਕਾਰ ਦੀ ਕਰੂਰ ਨੀਯਤ ਤੋਂ ਪਰਦਾ ਹੀ ਨਹੀਂ ਉੱਠਿਆ ਸੀ, ਸਗੋਂ ਸਿੱਖਾਂ 'ਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿੱਚ ਨਫਰਤ ਦੀ ਲਹਿਰ ਨੇ ਵੀ ਜਨਮ ਲਿਆ ਸੀ। ਬੇਸ਼ੱਕ ਇਸ ਨਫਰਤ ਦੀ ਅੱਗ ਨੂੰ ਕੇਂਦਰੀ ਤੇ ਪੰਜਾਬ ਦੇ ਰਾਜਨੀਤਕ ਲੋਕ ਤੀਲੀ ਤਾਂ ਲਗਾਤਾਰ ਆਉਂਦੇ ਆ ਰਹੇ ਸਨ। ਪਰ 1984 ਵਿੱਚ ਇਹ ਅੱਗ ਪੂਰੀ ਤਰ੍ਹਾਂ ਭਾਂਬੜ ਬਣ ਕੇ ਸਿੱਖਾਂ ਦੀ ਨਸਲਕੁਸ਼ੀ ਦਾ ਰੂਪ ਧਾਰਨ ਕਰ ਚੁੱਕੀ ਸੀ।
ਇਸੇ ਵਿਸ਼ੇ ਨੂੰ ਲੈ ਕੇ ਜੇਕਰ ਅਸੀਂ ਥੋੜੀ ਜਿਹੀ ਪਿਛਲਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਦੇ ਇੱਕ ਸਵਾਲ ਦਾ ਜਵਾਬ ਸਿਰਫ਼ ਇੰਨਾ ਕਹਿ ਦੇ ਦਿੱਤਾ ਸੀ ਕਿ ‘ਮਾਸਟਰ ਜੀ ਤਬ ਵਕਤ ਔਰ ਥਾ, ਅਬ ਭੂਲ ਜਾਉ ਪੁਰਾਨੀ ਬਾਤੋਂ ਕੋ’। ਜੋ ਇਸ ਗੱਲ ਦਾ ਪ੍ਰਮਾਣ ਸੀ ਕਿ ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਣ ਲੱਗਾ ਸੀ। ਇਸੇ ਸੰਦਰਭ ਵਿੱਚ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਵੰਡ ਜਿਸ ਆਧਾਰ ‘ਤੇ ਕੀਤੀ ਗਈ ਉਹ ਇੱਕ ਇਤਿਹਾਸਕ ਗਲਤੀ ਨਾਲੋਂ ਸਾਜਿਸ਼ ਜਿਆਦਾ ਕਹੀ ਜਾ ਸਕਦੀ ਹੈ। ਪੰਜਾਬੀਆਂ ਨੂੰ ਗੁੰਮਰਾਹ ਕਰਕੇ ਧਰਮਾਂ ਨੂੰ ਆਧਾਰ ਬਣਾ ਕੇ ਵੰਡ ਦਿੱਤਾ ਗਿਆ। ਬੰਦ ਕਮਰਿਆਂ ਵਿੱਚ ਕੀਤੀਆਂ ਮੀਟਿੰਗਾਂ ਵਿੱਚ ਫੈਸਲੇ ਲੈ ਕੇ ਪੰਜਾਬ ਨੂੰ ਦੋਫਾੜ ਕਰਨ ਤੋਂ ਬਾਅਦ ਸਦੀਆਂ ਤੋਂ ਵੱਸਦੇ ਲੋਕਾਂ ਨੂੰ ਇੱਕ ਦੂਸਰੇ ਦੇ ਦੁਸ਼ਮਣ ਬਣਾ ਦਿੱਤਾ ਗਿਆ। ਇੱਕੋ ਧਰਤੀ ਦੇ ਦੋ ਦੇਸ਼ ਬਣ ਜਾਣ ਦਾ ਲਾਹਾ ਨਹਿਰੂ ਅਤੇ ਜਿਨਾਹ ਲਾਹਾ ਲੈ ਗਏ। ਧਰਮ ਦੇ ਨਾਂ ਉੱਪਰ ਖੇਡੀ ਗਈ ਕੋਝੀ ਰਾਜਨੀਤੀ ਦੀਆਂ ਚਾਲਾਂ ਵਿੱਚ ਭੋਲੇ ਭਾਲੇ ਲੋਕਾਂ ਨੂੰ ਫਸਾਇਆ ਗਿਆ। ਅਖੌਤੀ ਆਗੂਆਂ ਨੂੰ ਕੁਰਸੀਆਂ ਤੇ ਹੋਰ ਲਾਲਚਾਂ ਵਿੱਚ ਉਲਝਾ ਕੇ ਪੰਜਾਬ ਦੀ ਕਿਸਮਤ ਦਾ ਫੈਸਲਾ ਇੰਨੇ ਨੀਵੇਂ ਪੱਧਰ ਦਾ ਕੀਤਾ ਗਿਆ ਕਿ ਵੰਡੇ ਗਏ ਪੰਜਾਬ ਦੇ ਦੋਵਾਂ ਹਿੱਸਿਆਂ ਨੂੰ ਇਸਦਾ ਖਮਿਆਜਾ ਅੱਜ ਵੀ ਭੁਗਤਣਾ ਪੈ ਰਿਹਾ ਹੈ।
ਅੱਗੇ ਚੱਲ ਕੇ ਪੰਜਾਬ ਦੀ ਅਕਾਲੀ ਰਾਜਨੀਤੀ 1947 ਦੀ ਪੰਜਾਬ ਵੰਡ ਤੋਂ ਸਬਕ ਨਾ ਸਿੱਖ ਸਕੀ। ਸਗੋਂ ਅਕਾਲੀ ਹੋਰ ਵੀ ਗਲਤੀਆਂ ਨੂੰ ਲਗਾਤਾਰ ਕਰਦੇ ਰਹੇ ਅਤੇ ਕੇਂਦਰ ਦੀਆਂ ਚਾਲਾਂ ਦੇ ਮੋਹਰੇ ਬਣ ਕੇ ਪੰਜਾਬ ਦੇ ਵਿਰੁਧ ਚੱਲੀਆਂ ਜਾਂਦੀਆਂ ਚਾਲਾਂ ਵਿੱਚ ਭੁਗਤਦੇ ਰਹੇ। ਪੰਜਾਬ ਦੇ ਪਾਣੀਆਂ ਉੱਪਰ ਬੜੀ ਵੱਡੀ ਸਾਜਿਸ਼ ਨਾਲ ਡਾਕਾ ਵੱਜਿਆ ਤੇ ਪੰਜਾਬੀਆਂ ਨੂੰ ਇਸਦਾ ਪਤਾ ਵੀ ਨਾ ਲੱਗਾ। ਪੰਜਾਬ ਵਿੱਚੋਂ ਹਿਮਾਚਲ, ਹਰਿਆਣਾ ਵੱਖਰੇ ਸੂਬੇ ਕੱਢ ਦਿੱਤੇ ਗਏ। ਪਰ ਪੰਜਾਬ ਦੀਆਂ ਰਾਜਸੀ ਧਿਰਾਂ ਤਮਾਸ਼ਾ ਦੇਖਣ ਵਿੱਚ ਮਸਤ ਰਹੀਆਂ। ਅਸਲ ਵਿੱਚ ਅਕਾਲੀਆਂ ਦਾ ਸਾਰਾ ਜ਼ੋਰ ਪੰਜਾਬ ਦੀ ਸੱਤਾ ਹਾਸਲ ਕਰਨ ਉੱਪਰ ਸੀਮਤ ਸੀ। ਪੰਜਾਬ ਵਿੱਚ ਅਕਾਲੀ ਸੱਤਾ ਹਾਸਲ ਤਾਂ ਹੀ ਕਰ ਸਕਦੇ ਸਨ, ਜੇਕਰ ਉਹ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾ ਸਕਦੇ। ਪਰ 1966 ਤੋਂ ਪਹਿਲਾਂ ਪੰਜਾਬ ਵਿੱਚ ਸਿੱਖਾਂ ਨਾਲੋਂ ਹਿੰਦੂਆਂ ਦੀ ਗਿਣਤੀ ਜਿਆਦਾ ਸੀ। ਜਿਸ ਕਰਕੇ ਅਕਾਲੀਆਂ ਨੇ ਵੱਧ ਅਧਿਕਾਰਾਂ ਦਾ ਵਾਸਤਾ ਦੇ ਕੇ ਪੰਜਾਬੀ ਸੂਬੇ ਦਾ ਰਾਗ ਅਲਾਪਿਆ ਤੇ ਅਖੀਰ ਮੋਰਚਾ ਲਾ ਦਿੱਤਾ। ਕੇਂਦਰ ਵਿੱਚਲੇ ਲੋਕ ਤਾਂ ਇਹੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਬਚੇ ਹੋਏ ਪੰਜਾਬ ਨੂੰ ਹੋਰ ਕੈਂਚੀ ਲਾ ਕੇ ਅੱਧੋਂ ਵੱਧ ਹੋਰ ਪਾਸੇ ਵੰਡਿਆ ਜਾਵੇ ਤਾਂ ਕਿ ਕੇਂਦਰ ਵਿੱਚ ਪੰਜਾਬ ਦੀ ਬਹੁਤੀ ਭੂਮਿਕਾ ਨਾ ਰਹਿ ਜਾਵੇ। ਅਕਾਲੀਆਂ ਦੁਆਰਾ ਪੰਜਾਬੀ ਸੂਬਾ ਬਣਾਉਣ ਦੇ ਲਾਏ ਮੋਰਚੇ ਵਿੱਚ ਹਜਾਰਾਂ ਲੋਕਾਂ ਦੀਆਂ ਜਾਨਾਂ ਵੀ ਗਈਆਂ ਤੇ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਜਨਗਣਨਾ ਕਰਵਾਈ ਗਈ। ਜਿਸ ਵਿੱਚ ਅੱਜ ਦੇ ਹਰਿਆਣਾ ਤੇ ਹਿਮਾਚਲ ਵਿਚਲੇ ਲੋਕਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ। ਬਾਕੀ ਪੰਜਾਬ ਦੇ ਬਹੁ ਗਿਣਤੀ ਲੋਕਾਂ ਦੀ ਬੋਲੀ ਪੰਜਾਬੀ ਹੋਣ ਕਰਕੇ ਬੋਲੀ ਨੂੰ ਆਧਾਰ ਬਣਾ ਕੇ 1966 ਵਿੱਚ ਪੰਜਾਬੀ ਸੂਬਾ ਬਣਿਆ। ਅਸਲ ਵਿੱਚ ਇਹ ਪੰਜਾਬ ਦੀ ਰਾਜਨੀਤੀ ਉੱਪਰ ਅਕਾਲੀਆਂ ਦਾ ਕਬਜਾ ਕਿਹਾ ਜਾ ਸਕਦਾ ਹੈ। ਹੁਣ ਪੰਜਾਬ ਦੇ ਅਕਾਲੀ ਕਿਸੇ ਵੀ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਕਾਬਿਲ ਤਾਂ ਹੋ ਗਏ ਸਨ, ਪਰ ਪੰਜਾਬ ਨੂੰ ਕਿੱਥੋਂ ਦਾ ਕਿੱਥੇ ਪਹੁੰਚਾ ਦਿੱਤਾ ਗਿਆ ਸੀ ਇਸ ਬਾਰੇ ਕਿਸੇ ਦੇ ਦਿਲ ਵਿੱਚ ਕੋਈ ਦਰਦ ਨਜ਼ਰ ਨਹੀਂ ਆ ਰਿਹਾ ਸੀ।
ਪੰਜਾਬ ਦੀ ਅਗਵਾਈ ਕਰਨ ਵਾਲੇ ਲੋਕ ਖਾਸ ਕਰਕੇ ਸਿੱਖਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਸੰਤ ਫਤਹਿ ਸਿੰਘ ਨੇ ਮਾਸਟਰ ਤਾਰਾ ਸਿੰਘ ਦੀ ਥਾਂ ਲੈ ਲਈ ਸੀ ਅਤੇ ਪੰਜਾਬ ਦੇ ਰਾਜਨੀਤਕ ਸਮੀਕਰਨ ਲਗਾਤਾਰ ਬਦਲਦੇ ਜਾ ਰਹੇ ਸਨ। ਅਕਾਲੀ ਆਪਣਾ ਆਧਾਰ ਬਹੁਤ ਹੱਦ ਤੱਕ ਗੁਆ ਚੁੱਕੇ ਸਨ। ਸੰਤ ਫਤਹਿ ਸਿੰਘ ਵੀ ਕਈ ਵਾਰ ਮਰਨ ਵਰਤ ਰੱਖਣ ਅਤੇ ਇੱਕ ਸੜ ਕੇ ਮਰਨ ਦਾ ਵਾਅਦਾ ਕਰਨ ਤੋਂ ਪਿੱਛੇ ਹਟ ਜਾਣ ਬਾਅਦ ਆਪਣਾ ਪ੍ਰਭਾਵ ਸਿੱਖਾਂ ਵਿੱਚ ਕਾਇਮ ਨਾ ਰੱਖ ਸਕੇ। ਜਿਸ ਤੋਂ ਬਾਅਦ ਸਿੱਖਾਂ ਨੂੰ ਆਪਣਾ ਆਗੂ ਅਜਿਹਾ ਚਾਹੀਦਾ ਸੀ ਜੋ ਪੂਰੀ ਇਮਾਨਦਾਰੀ ਤੇ ਰਾਜਸੀ ਸੂਝਬੂਝ ਨੂੰ ਮੁੱਖ ਰੱਖਕੇ ਸਹੀ ਅਰਥਾਂ ਵਿੱਚ ਪੂਰੀ ਸਿੱਖ ਕੌਮ ਦੀ ਅਗਵਾਈ ਕਰ ਸਕੇ। ਸਿੱਖਾਂ ਦੇ ਸਿਆਸੀ ਤੇ ਧਾਰਮਿਕ ਮੁੱਦਿਆਂ ਨੂੰ ਕੇਂਦਰ ਕੋਲ ਉਠਾਉਣ ਦੀ ਹਿੰਮਤ ਰੱਖਦਾ ਹੋਵੇ ਤੇ ਇਹਨਾਂ ਉੱਪਰ ਪਹਿਰਾ ਵੀ ਦੇ ਸਕਦਾ ਹੋਵੇ। ਪੰਜਾਬ ਦੀ ਵਜ਼ਾਰਤ ਕੁਝ ਸਮਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਭਾਲੀ ਤੇ ਕੁਝ ਸਮਾਂ ਕਾਂਗਰਸ ਵੱਲੋਂ ਦਰਬਾਰਾ ਸਿੰਘ ਵੀ ਮੁੱਖ ਮੰਤਰੀ ਬਣਿਆ। ਪਰ ਕੇਂਦਰ ਦੀ ਲਗਾਤਾਰ ਦਖਲ ਅੰਦਾਜੀ ਪੰਜਾਬ ਦੇ ਰਾਜਸੀ ਵਾਤਾਵਰਨ ਨੂੰ ਸ਼ਾਂਤ ਨਹੀਂ ਹੋਣ ਦੇ ਰਹੀ ਸੀ।
1978 ਦੇ ਨਿਰੰਕਾਰੀ ਕਾਂਡ ਨੇ ਪੰਜਾਬ ਦੀ ਆਬੋ ਹਵਾ ਵਿੱਚ ਇੱਕ ਤਰ੍ਹਾਂ ਜ਼ਹਿਰ ਘੋਲ ਦਿੱਤਾ। ਇਸ ਵਿੱਚ ਨਿਰੰਕਾਰੀਆਂ ਨੇ 13 ਸਿੰਘਾਂ ਦਾ ਕਤਲ ਕਰ ਦਿੱਤਾ। ਜਿਸ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਪੂਰੀ ਸ਼ਹਿ ਸੀ। ਇੱਥੋਂ ਸ਼ੁਰੂ ਹੋ ਕੇ ਇਹ ਅੱਗ ਦਿਨ ਬ ਦਿਨ ਅੱਗੇ ਵੱਧਦੀ ਗਈ ਅਤੇ ਸਿੱਖਾਂ ਦਾ ਭਾਰਤ ਸਰਕਾਰ ਤੋਂ ਯਕੀਨ ਉੱਠਣ ਲੱਗਾ। ਸੌੜੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਕਦੋਂ ਇਸ ਲੜਾਈ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਦਿੱਤਾ ਗਿਆ। ਉਸਦੀ ਸਮਝ ਨਾ ਸਿੱਖਾਂ ਨੂੰ ਲੱਗੀ ਤੇ ਨਾ ਹੀ ਹਿੰਦੂ ਜਾਣ ਸਕੇ। ਪੰਜਾਬ ਦੇ ਕੁਝ ਅਖਬਾਰਾਂ ਨੇ ਵੀ ਇਸ ਸਮੇਂ ਬੜੀ ਗੈਰਜਿ਼ੰਮੇਵਾਰਾਨਾ ਭੂਮਿਕਾ ਨਿਭਾ ਕੇ ਬਲਦੀ ਉੱਪਰ ਤੇਲ ਪਾਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਦੀ ਅੱਗ ਨੂੰ ਹੋਰ ਤੇਜ ਕੀਤਾ। ਪੰਜਾਬ ਵਿੱਚ ਸਿੱਖਾਂ ਦੇ ਆਗੂ ਵਜੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਣ ਲੱਗਾ ਅਤੇ ਬਾਕੀ ਸਿੱਖ ਆਗੂਆਂ ਦਾ ਪ੍ਰਭਾਵ ਦਿਨ ਬ ਦਿਨ ਘੱਟਣ ਲੱਗਾ।
ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਹਿੱਤਾਂ ਪ੍ਰਤੀ ਕੇਂਦਰ ਸਰਕਾਰ ਨਾਲ ਹਿੱਕ ਠੋਕ ਕੇ ਲੜਨ ਦੀ ਗੱਲ ਕਰਦੇ ਸਨ। ਉੱਥੇ ਪੰਜਾਬ ਦੇ ਅਕਾਲੀ ਆਗੂ ਕਿਸੇ ਤਰ੍ਹਾਂ ਵਿੱਚ ਵਿਚਾਲਾ ਕਰਕੇ ਕੇਂਦਰ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਲੱਗੇ ਹੋਏ ਸਨ। ਉਹ ਸੰਤ ਜਰਨੈਲ ਸਿੰਘ ਨਾਲ ਵੀ ਆਪਣਾ ਕਿਸੇ ਤਰ੍ਹਾਂ ਵਿਗਾੜਨਾ ਨਹੀਂ ਚਾਹੁੰਦੇ ਸਨ ਤੇ ਨਾ ਹੀ ਕੇਂਦਰ ਵਿਚਲੀ ਇੰਦਰਾ ਸਰਕਾਰ ਨਾਲ ਕੋਈ ਵੈਰ ਸਹੇੜਨ ਦੇ ਹੱਕ ਵਿੱਚ ਸਨ। ਪਰ ਕੇਂਦਰ ਦੀ ਸਰਕਾਰ ਸਿੱਖਾਂ ਪ੍ਰਤੀ ਬਹੁਤੀ ਹਮਦਰਦ ਨਹੀਂ ਸੀ। ਸਿੱਖ ਰਾਸ਼ਟਰਪਤੀ ਹੋਣ ਦਾ ਵੀ ਸਿੱਖਾਂ ਨੂੰ ਬਹੁਤਾ ਫਾਇਦਾ ਨਜ਼ਰ ਨਹੀਂ ਆ ਰਿਹਾ ਸੀ। ਜਿਸ ਕਰਕੇ ਸੰਤ ਜਰਨੈਲ ਸਿੰਘ ਤੇ ਕੇਂਦਰ ਵਿਚਕਾਰ ਹਰ ਪੱਖ ਤੋਂ ਪਾੜਾ ਵੱਧਦਾ ਹੀ ਗਿਆ। ਪੰਜਾਬ ਇਕ ਵਾਰ ਫਿਰ ਮਾੜੇ ਸਮੇਂ ਵੱਲ ਵੱਧ ਰਿਹਾ ਸੀ। ਪੰਜਾਬ ਦੀ ਨੌਜਵਾਨੀ ਸੰਤ ਜਰਨੈਲ ਸਿੰਘ ਨੂੰ ਆਗੂ ਮੰਨ ਕੇ ਮਰ ਮਿਟਣ ਲਈ ਤਿਆਰ ਸੀ ਅਤੇ ਪੰਜਾਬ ਦੇ ਹੀ ਕੁਝ ਲੋਕ ਪੰਜਾਬ ਨੂੰ ਬਲਦੀ ਦੇ ਬੂਥੇ ਪਾ ਕੇ ਸਿਆਸੀ ਰੋਟੀਆਂ ਸੇਕਣ ਲਈ ਆਪਣਾ ਆਪ ਤਿਆਰ ਕਰ ਰਹੇ ਸਨ। ਸੰਤ ਜਰਨੈਲ ਸਿੰਘ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਜਿੱਧਰ ਵੀ ਜਾਂਦੇ ਲੋਕ ਉਹਨਾਂ ਨੂੰ ਹੱਥਾਂ ਤੇ ਚੱੁਕ ਲੈਂਦੇ। ਬਹੁਗਿਣਤੀ ਲੋਕ ਆਪਣੇ ਆਗੂ ਦੇ ਤੌਰ ‘ਤੇ ਸੰਤਾਂ ਨੂੰ ਮਾਨਤਾ ਦੇ ਚੁੱਕੇ ਸਨ। ਲੋਕ ਉਹਨਾਂ ਵੱਲੋਂ ਕੀਤੇ ਜਾ ਰਹੇ ਜਲਸਿਆਂ ਤੇ ਸਮਾਗਮਾਂ ਵਿੱਚ ਵੱਡੀ ਗਿਣਤੀ ਪੁੱਜਦੇ। ਜਿਸ ਨਾਲ ਪੰਜਾਬ ਦੀ ਕਾਂਗਰਸ ਧਿਰ ਨਾਲੋਂ ਪੰਜਾਬ ਦੀਆਂ ਅਕਾਲੀ ਸਫ਼ਾਂ ਜਿਆਦਾ ਪ੍ਰੇਸ਼ਾਨ ਸਨ। ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੀਆਂ ਸਿਆਸੀ ਚਾਲਾਂ ਨੂੰ ਪਿੱਛੇ ਛੱਡ ਚੁੱਕਾ ਸੀ।
ਅਖੀਰ ਵਿੱਚ ਸਿਆਸੀ ਧਿਰਾਂ ਦਾ ਦਬਾਅ, ਅਖਬਾਰਾਂ ਦੀ ਫਿਰਕੂ ਬਿਆਨਬਾਜ਼ੀ ਤੇ ਕੇਂਦਰ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਏ ਗਏ ਇੱਕ ਧਿਰੀ ਫੈਸਲੇ ਨੂੰ ਅੰਤਮ ਰੂਪ ਦੇਣ ਲਈ ਪੰਜਾਬ ਵਿੱਚ ਫੌਜ ਭੇਜਣੀ ਸ਼ੁਰੂ ਕਰ ਦਿੱਤੀ ਗਈ। ਇੱਧਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹਥਿਆਰਬੰਦ ਲੜਾਈ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਪਰ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਇਕੱਤਰਤਾ ਸਮੇਂ ਜੋ ਕਾਰਵਾਈ ਕੀਤੀ ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਕਿਉਂਕਿ ਲੜਾਈ ਇੱਕ ਪਾਸੇ ਤੋਂ ਸਰਕਾਰ ਲੜ ਰਹੀ ਸੀ ਤਾਂ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਲੜ ਰਿਹਾ ਸੀ। ਆਮ ਸੰਗਤਾਂ ਸਿਰਫ਼ ਦਰਬਾਰ ਸਾਹਿਬ ਗੁਰੂ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਨਤਮਸਤਕ ਹੋਣ ਆਈਆਂ ਸਨ। ਉਹਨਾਂ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਤੇ ਨੌਜਵਾਨ ਸਭ ਵਰਗ ਸਨ। ਕੀ ਉਹ ਸਭ ਹਥਿਆਰ ਚੁੱਕੀ ਫਿਰਦੇ ਸਨ? ਕਦੇ ਵੀ ਨਹੀ। ਪਰ ਸਰਕਾਰ ਤਾਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ। ਸਦਾ ਲਈ ਸਬਕ ਸਿਖਾਉਣਾ ਚਾਹੁੰਦੀ ਸੀ। ਸ਼ਹੀਦੀ ਗੁਰਪੁਰਬ ਦੇ ਲੱਖਾਂ ਦੇ ਇਕੱਠ ਸਮੇਂ ਟੈਂਕਾਂ ਤੋਪਾਂ ਨਾਲ ਫੌਜ ਵੱਲੋਂ ਕੀਤੀ ਗਈ ਚੜਾਈ ਨੇ ਭਾਰਤ ਹੀ ਨਹੀਂ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਜਿਸ ਦੇਸ਼ ਦੇ ਤਿਲਕ ਜੰਝੂ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਬਲੀਦਾਨ ਕੀਤਾ ਹੋਵੇ, ਜਿਸ ਦੇਸ਼ ਦੀਆਂ ਬਹੂ ਬੇਟੀਆਂ ਨੂੰ ਵਿਦੇਸ਼ੀ ਧਾੜਵੀਆਂ ਕੋਲੋਂ ਛੁਡਾ ਕੇ ਸਿੱਖ ਉਹਨਾਂ ਦੇ ਘਰ ਪਹੁੰਚਾਉਂਦੇ ਰਹੇ ਸਨ, ਜਿਸ ਦੇਸ਼ ਦੀ ਆਜਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਿੱਖ ਸਨ। ਉਹਨਾਂ ਦੇ ਸਰਵਉੱਚ ਧਾਰਮਿਕ ਸਥਾਨ ਉੱਪਰ ਸਮੇਂ ਦੀ ਸਰਕਾਰ ਫੌਜੀ ਕਾਰਵਾਈ ਕਰਕੇ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਹੈ। ਜਿਸ ਸਰੋਵਰ ਵਿੱਚ ਹਰ ਰੋਜ਼ ਲੱਖਾਂ ਲੋਕ ਇਸ਼ਨਾਨ ਕਰਕੇ ਮੁਕਤੀ ਪ੍ਰਾਪਤ ਕਰਦੇ ਹੋਣ ਉਸ ਦੇ ਪਵਿੱਤਰ ਜਲ ਨੂੰ ਲਾਸ਼ਾਂ ਦੇ ਲਹੂ ਨਾਲ ਲਾਲ ਕਰ ਦਿੱਤਾ ਜਾਵੇ। ਬੇਦੋਸ਼ੇ ਸ਼ਰਧਾਲੂਆਂ ਨੂੰ ਅੰਨੇਵਾਹ ਗੋਲਾਬਾਰੀ ਦਾ ਸਿ਼ਕਾਰ ਬਣਾ ਦਿੱਤਾ ਜਾਵੇ। ਹਰ ਪੱਖ ਤੋਂ ਧਾਰਮਿਕ ਭਾਵਨਾਵਾਂ ਦਾ ਘਾਣ ਕਰ ਦਿੱਤਾ ਜਾਵੇ। ਆਪਣੇ ਹੀ ਦੇਸ ਵਾਸੀਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਵੇ। ਫਿਰ ਕੋਈ ਵੀ ਦੇਸਵਾਸੀ ਆਪਣੇ ਆਪ ਨੂੰ ਅਲੱਗ ਥਲੱਗ ਹੀ ਸਮਝੇਗਾ। ਇਸ ਘਿਨੌਣੀ ਕਾਰਵਾਈ ਨੇ ਸਿੱਖਾਂ ਨੂੰ ਧੁਰ ਅੰਦਰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਤੋਂ ਬਾਅਦ ਵੀ ਸਿੱਖਾਂ ਅਤੇ ਸਰਕਾਰ ਵਿੱਚ ਲਗਾਤਾਰ ਖਿੱਚੋਤਾਣ ਚੱਲਦੀ ਰਹੀ। ਦੋਵਾਂ ਧਿਰਾਂ ਵੱਲੋਂ ਹਥਿਆਰਾਂ ਨਾਲ ਲੜੀ ਜਾ ਰਹੀ ਲੜਾਈ ਵਿੱਚ ਹਜਾਰਾਂ ਲੋਕ ਮਾਰੇ ਗਏ। ਪੰਜਾਬ ਦੀ ਨੌਜਵਾਨੀ ਕਿਸੇ ਵੀ ਰਾਹ ਤੋਂ ਜਾਣੂ ਨਹੀਂ ਸੀ। ਥਾਂ ਥਾਂ ਤੇ ਨੌਜਵਾਨਾਂ ਦੇ ਹੋ ਰਹੇ ਸਰਕਾਰੀ ਕਤਲਾਂ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਮੁਰਦੇਹਾਣੀ ਛਾ ਚੁੱਕੀ ਸੀ। ਹਿੰਦੂ ਲੋਕ ਡਰ ਦੇ ਮਾਰੇ ਹੋਏ ਹਿਜਰਤ ਕਰਕੇ ਜਾ ਰਹੇ ਸਨ। ਸਿੱਖ ਅੱਤਵਾਦ ਦੇ ਨਾਂ ਹੇਠ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢੀਆਂ ਜਾ ਰਹੀਆਂ ਸਨ। ਲੋਕਾਂ ਨੂੰ ਜਾਨਵਰਾਂ ਤੋਂ ਵੀ ਬੁਰੀ ਤਰ੍ਹਾਂ ਮਾਰਿਆ ਜਾ ਰਿਹਾ ਸੀ। ਕੋਈ ਸਿਆਸੀ ਆਗੂ ਜਾਂ ਜਿੰ਼ਮੇਵਾਰ ਲੋਕ ਕਿਸੇ ਵੀ ਧਿਰ ਨੂੰ ਗਲ ਲਾਉਣ ਦੀ ਪਹਿਲ ਨਾ ਕਰ ਸਕੇ। ਸਿਰਫ਼ ਬੰਦੂਕ ਦੀ ਭਾਸ਼ਾ ਨਾਲ ਮਸਲਾ ਕਰਨ ਦੀ ਧਾਰੀ ਹੋਈ ਜਿ਼ਦ ਨੇ ਪੰਜਾਬ ਨੂੰ ਹਰ ਪੱਖ ਤੋਂ ਪਛਾੜ ਦਿੱਤਾ।
ਕਿਸੇ ਵੀ ਦੇਸ਼ ਦੀ ਉਨਤੀ ਦੀ ਕੁੰਜੀ ਨੌਜਵਾਨ ਹੁੰਦੇ ਹਨ ਪਰ ਪੰਜਾਬ ਦੇ ਨੌਜਵਾਨ ਜਾਂ ਤਾਂ ਹਥਿਆਰਾਂ ਨੂੰ ਅਪਣਾ ਚੁਕੇ ਸਨ, ਜਾਂ ਵਿਦੇਸ਼ੀਂ ਨਿੱਕਲ ਗਏ ਸਨ। ਪੰਜਾਬ ਖਾਲੀ ਹੋ ਚੁੱਕਾ ਸੀ। ਪੰਜਾਬ ਬਰਬਾਦੀ ਦਾ ਦੂਸਰਾ ਨਾਂ ਬਣ ਚੱੁਕਾ ਸੀ। ਹਮਦਰਦੀ ਜਿਹਾ ਕੋਈ ਸ਼ਬਦ ਪੰਜਾਬ ਵਾਸੀਆਂ ਲਈ ਮਲੱਮ ਨਾ ਬਣ ਸਕਿਆ। ਪੰਜਾਬ ਦੀ ਧਰਤੀ, ਇੱਥੋਂ ਦੇ ਪਾਣੀਆਂ ਤੇ ਹੋਰ ਬਹੁਤ ਸਾਰੇ ਸੋਮਿਆਂ ਨੂੰ ਬੁਰੀ ਤਰ੍ਹਾਂ ਖਤਮ ਕਰਨ ਤੋਂ ਬਾਅਦ ਵੀ ਇੱਥੋਂ ਦੇ ਸਿਆਸੀ ਆਗੂਆਂ ਦੀ ਧਾਰੀ ਹੋਈ ਚੁੱਪ ਨੇ ਪੰਜਾਬ ਵਾਸੀਆਂ ਨੂੰ ਬਹੁਤ ਨਿਰਾਸ਼ ਕੀਤਾ। ਸਾਕਾ ਨੀਲਾ ਤਾਰਾ ਤੋਂ ਬਾਅਦ ਇੰਦਰਾਂ ਗਾਂਧੀ ਦਾ ਕਤਲ ਅਤੇ ਫਿਰ ਦਿੱਲੀ ਦੀ ਸਿੱਖ ਨਸਲਕੁਸ਼ੀ ਨਾਲ ਸਿੱਖਾਂ ਦੇ ਜ਼ਖਮ ਬੁਰੀ ਛਿੱਲੇ ਨਹੀਂ ਸਗੋਂ ਝਰੀਟੇ ਗਏ ਸਨ। ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ, ਇਜ਼ਤਾਂ ਲੁੱਟੀਆਂ ਗਈਆਂ। ਸਰਕਾਰ ਸ਼ਾਂਤਮਈ ਤਮਾਸ਼ਾ ਦੇਖਦੀ ਰਹੀ।
ਇਸ ਸਭ ਵਿੱਚ ਸਿੱਖ ਆਗੂਆਂ ਦਾ ਰੋਲ ਬੜਾ ਨਾਂਹਪੱਖੀ ਰਿਹਾ ਹੈ। ਕਿਉਂਕਿ ਸਿੱਖਾਂ ਨੇ ਜਿਸ ਉੱਪਰ ਵੀ ਵਿਸ਼ਵਾਸ ਕੀਤਾ ਉਸਨੇ ਹੀ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਸਿੱਖਾਂ ਨੇ ਭਰੋਸਾ ਜਿਤਾਇਆ ਪਰ ਉਹ ਵੀ ਰਾਜੀਵ ਗਾਂਧੀ ਨਾਲ ਆਨੰਦਪੁਰ ਦੇ ਸਮਝੌਤੇ ਸਮੇਂ ਕਿਤੇ ਨਾ ਕਿਤੇ ਰਾਜਸੀ ਜੋੜ ਤੋੜ ਦਾ ਸਿ਼ਕਾਰ ਹੋ ਕੇ ਰਹਿ ਗਏ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਸੁਰਜੀਤ ਸਿੰਘ ਬਰਨਾਲਾ ਵੀ ਪੂਰੀ ਤਰ੍ਹਾਂ ਸਰਕਾਰੀ ਧਿਰ ਬਣ ਕੇ ਹੀ ਰਹਿਣ ਕਾਰਨ ਸਿੱਖਾਂ ਦੇ ਦਿਲਾਂ ਤੋਂ ਦੂਰ ਹੋਏ। ਸਿੱਖਾਂ ਨੇ ਜੇਲ ਵਿੱਚ ਬੰਦ ਸਿਮਰਨਜੀਤ ਸਿੰਘ ਮਾਨ ਤੇ ਵਿਸ਼ਵਾਸ ਜਤਾ ਕੇ ਉਸਨੂੰ ਵੱਡੀ ਜਿੱਤ ਦਿਵਾ ਕੇ ਪਾਰਲੀਮੈਂਟ ਦੀ ਸੀਟ ਜਿਤਾਈ। ਪਰ ਮਾਨ ਸਾਹਿਬ ਕਿਰਪਾਨ ਦੇ ਮੁੱਦੇ ਤੋਂ ਅੱਗੇ ਨਾ ਵੱਧ ਸਕੇ ਅਤੇ ਉਹ ਸਿੱਖਾਂ ਦੀ ਯੋਗ ਅਗਵਾਈ ਕਰਨ ਦਾ ਮੌਕਾ ਗਵਾ ਬੈਠੇ। ਭਾਈ ਜਸਬੀਰ ਸਿੰਘ ਰੋਡੇ ਨੂੰ ਵੀ ਸਿੱਖਾਂ ਨੇ ਵੱਡੀ ਜਿ਼ੰਮੇਵਾਰੀ ਸੌਂਪੀ ਉਹ ਵੀ ਸਹੀ ਅਗਵਾਈ ਨਾ ਦੇ ਸਕੇ। ਸਿੱਖਾਂ ਦਾ ਭੀਸ਼ਮ ਪਿਤਾਮਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਆਖਰੀ ਸਮੇਂ ਸਿੱਖ ਭਾਵਨਾਵਾਂ ਤੋਂ ਦੂਰ ਨਜ਼ਰ ਆਏ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਸਿਆਸੀ ਲੜਾਈ ਹਾਰ ਗਏ। ਪ੍ਰਕਾਸ਼ ਸਿੰਘ ਬਾਦਲ ਵੀ ਲਗਾਤਾਰ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਤਾਂ ਬਣੇ ਪਰ ਉਹ ਵੀ ਸਿੱਖਾਂ ਦੀਆਂ ਸਭ ਧਿਰਾਂ ਨੂੰ ਖੁਸ਼ ਨਾ ਕਰ ਸਕੇ ਅਤੇ ਵੋਟ ਰਾਜਨੀਤੀ ਵਿੱਚ ਸਿੱਖ ਵਿਰੋਧੀ ਤਾਕਤਾਂ ਦੇ ਮੁਦਈ ਬਣਦੇ ਨਜ਼ਰ ਆਏ। ਜਿਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਨੂੰ ਦੁਬਾਰਾ ਚੁਣਿਆ। ਪਰ ਅਜੇ ਤੱਕ ਦੁਨੀਆ ਭਰ ਦੇ ਸਿੱਖਾਂ ਦੇ ਦਿਲਾਂ ਵਿੱਚ ਜੂਨ 1984 ਜਿਉਂ ਦਾ ਤਿਉਂ ਹੈ। ਸਰਕਾਰਾਂ ਜਾਂ ਹੋਰ ਬਹੁਤ ਲੋਕਾਂ ਵੱਲੋਂ ਇਸ ਨੂੰ ਭੁੱਲਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਸਿੱਖ ਆਗੂ ਤਾਂ ਬੇਸ਼ੱਕ ਆਪਣੇ ਸਿਆਸੀ ਲਾਹੇ ਖਾਤਿਰ ਭੁੱਲ ਚੁੱਕੇ ਹੋਣਗੇ ਪਰ ਸਿੱਖਾਂ ਲਈ ਇਸਨੂੰ ਭੁਲਾਉਣਾ ਮੁਸ਼ਕਿਲ ਨਹੀਂ ਅਸੰਭਵ ਹੈ।
-
ਬਲਵਿੰਦਰ ਸਿੰਘ ਚਾਹਲ ਯੂਕੇ , *********
bindachahal@gmail.com
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.