ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਪਸਾਰਿਆ ਹੋਇਆ ਹੈ। ਲੋਕਾਈ ਪਹਿਲੇ ਦਿਨ ਤੋਂ ਠੋਸ ਹੱਲ ਲਈ ਸਰਕਾਰਾਂ ਵੱਲ ਗੁਹਾਰ ਲਾ ਰਹੀ ਹੈ ਪਰ ਹੱਲ ਕੋਈ ਵੀ ਨਹੀਂ। ਵਿਸ਼ਵ ਸੰਕਟ ਵਿੱਚ ਜੇ ਇਕੱਲੇ ਭਾਰਤ ਨੂੰ ਨਿਖੇੜ ਕੇ ਗੱਲ ਕਰਾਂ ਤਾਂ ਇੱਥੇ ਹਰ ਮਸਲਾ ਹਮੇਸ਼ਾ ਦਮਨ ਹੀ ਹੋਇਆ ਹੈ। ਸ਼ਾਇਦ ਸਾਡੇ ਭਾਰਤੀ ਸੱਭਿਆਚਾਰ ਦੇ ਡੀ.ਐੱਨ.ਏ. ਵਿੱਚੋਂ ਸਮਝਦਾਰੀ ਖਤਮ ਹੀ ਹੋ ਗਈ ਹੈ ਜੋ ਅਸੀਂ ਹੁਣ ਕਿਸੇ ਸਮੱਸਿਆ ਦਾ ਹੱਲ ਰੱਖਣ /ਕੱਢਣ ਦੀ ਹਿੰਮਤ ਹੀ ਨਹੀਂ ਕਰਦੇ । ਭਲੇ ਜ਼ਮਾਨਿਆਂ ਵਿੱਚ ਮੇਰੇ ਦਾਦਾ ਜੀ ਉਰਦੂ ਦੀਆਂ ਚਾਰ ਜਮਾਤਾਂ ਪੜ੍ਹੇ ਨੇ ਅਤੇ ਅੱਜ ਨੱਬੇ ਸਾਲ ਤੋਂ ਉੱਪਰ ਹਨ। ਤਾਲ਼ਾਬੰਦੀ ਦੇ ਸ਼ੁਰੂਆਤ ਵਿੱਚ ਹੀ ਉਹਨਾਂ ਨੇ ਉਮਰ ਦੇ ਲਿਹਾਜ਼ ਨਾਲ ਹੜਕੰਪ ਮੱਚਦਾ ਦੇਖ ਪੁੱਛਿਆ ਕਿ ਇਹ ਹੋ ਕੀ ਰਿਹਾ । ਜਦੋਂ ਸਾਰੀ ਰਾਮ ਕਹਾਣੀ ਦੱਸੀ ਕਿ ਇਸ ਤਰ੍ਹਾਂ ਦਾ ਕੋਈ ਵਾਇਰਸ ਹੈ ਤਾਂ ਸੁਭਾਵਿਕ ਹੀ ਇਹ ਕਹਿ ਗਏ ਕਿ ਭਾਈ ਜੋ ਮਰਜ਼ੀ ਕਹੋ ਅੰਤ ਸਰਕਾਰਾਂ ਨੇ ਆਪ ਹੀ ਤੋੜ ਦੇਣੇ ਸਭ ਨਿਯਮ। ਮੈਂ ਉਸ ਸਮੇਂ ਤਾਂ ਸੋਚਿਆ ਕਿ ਬਾਪੂ ਜੀ ਨੂੰ ਵਿਸ਼ਵ ਪੱਧਰ ਉੱਤੇ ਫੈਲੇ ਸੰਕਟ ਦਾ ਅਨੁਮਾਨ ਨਹੀਂ ਪਰ ਅੱਜ ਮੈਂ ਮਹਿਸੂਸ ਕਰਦੀ ਹਾਂ ਕਿ ਇਹੀ ਕੁਝ ਤਾਂ ਹੋਇਆ ਹੈ। ਦਰਅਸਲ ਇਹ ਗੱਲ ਇੱਕ ਵਿਅੰਗ ਹੋ ਗਈ ਕਿ ਦੇਸ਼ ਅਤੇ ਦੇਸ਼ਵਾਸੀ ਪਿਛਲੇ ਕਈ ਸਾਲਾਂ ਤੋਂ ਇੱਕ-ਦੂਜੇ ਦਾ ਭੇਤ ਪਾ ਚੁੱਕੇ ਹਨ ਕਿ ਅੰਤ ਨੂੰ ਹੋਣਾ ਕੀ ਹੈ।
ਸ਼ਰਮ ਦੀ ਗੱਲ ਹੈ ਕਿ ਇਸ ਸੰਕਟ ਸਮੇਂ ਵਿੱਚ ਵੀ ਬਹੁਤੇ ਸਿਆਸਤਦਾਨਾਂ ਨੇ ਸਿਰਫ਼ ਸਿਆਸਤ ਕੀਤੀ। ਪਹਿਲਾਂ ਅਨਾਜ ਅਤੇ ਰਾਸ਼ਨ ਪਿੱਛੇ ਤੇ ਫੇਰ ਟੈਕਸ ਬਟੋਰਨ ਪਿੱਛੇ। ਇਸ ਸਾਰੇ ਘਟਨਾਕ੍ਰਮ ਨੂੰ ਵਾਚੀਏ ਤਾਂ ਬਹੁਤ ਗੰਭੀਰ ਮੁੱਦੇ ਉਜਾਗਰ ਹੋਣਗੇ।
ਇਸੇ ਲੜੀ ਵਿੱਚ ਇਸ ਲੇਖ ਜ਼ਰੀਏ ਲਾਕਡਾਊਨ ਦੇ ਸ਼ੁਰੂਅਾਤੀ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਹਾਲਾਤਾਂ ਨੂੰ ਪੜਚੋਲਦੇ ਹਾਂ। ਸ਼ੁਰੂਆਤ ਵਿੱਚ ਲੱਗਦਾ ਸੀ ਕਿ ਰਾਜਨੇਤਾ ਲੋਕਾਂ ਕੋਲ ਵੀ ਸ਼ਾਇਦ ਕੋਈ ਹੱਲ ਨਹੀਂ ਤੇ ਕੋਰੋਨਾ ਇੱਕ ਕੁਦਰਤੀ ਕਰੋਪੀ ਗਰਦਾਨੀ ਗਈ। ਲਿਹਾਜ਼ਾ ਜੋ ਹੋ ਰਿਹਾ ਸੀ ਲੋਕਾਂ ਨੇ ਕੁਦਰਤ ਆਸਰੇ ਛੱਡ ਦਿੱਤਾ। ਹੌਲ਼ੀ-ਹੌਲ਼ੀ ਜਦੋਂ ਕੁਦਰਤ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਖ਼ਲਲ ਪਾਉਣ ਤੇ ਉੱਤਰ ਆਈ ਤਾਂ ਲੋਕਾਂ ਨੂੰ ਖੜੇ ਸਕੂਟਰਾਂ ਵਿੱਚ ਵੜਦੇ ਸੱਪਾਂ, ਨਵੀਆਂ ਬੰਦ ਪਈਆਂ ਗੱਡੀਆਂ ਵਿੱਚ ਪੈ ਰਹੇ ਆਲਣੇ, ਸੜਕਾਂ ਤੇ ਆਏ ਖੂੰਖਾਰ ਚੀਤੇ ਤੇ ਪੂਲਾਂ ਵਿੱਚ ਨਹਾਉੰਦੇ ਬਾਂਦਰ ਚੁਭਣ ਲੱਗ ਪਏ। ਤਦ ਕੁਝ ਜਾ ਕੇ ਸਮਝ ਆਈ ਕਿ ਕੋਰੋਨਾ, ਹੁਣ ਜਬਰਦਸਤੀ ਮਿਲੀ ਵਿਹਲ ਨਾਲ ਦਿਖ ਰਹੇ ਕੁਦਰਤ ਦੇ ਨਜ਼ਾਰੇ, ਯੂਰਪ ਵਰਗੀਆਂ ਸੜਕਾਂ ਅਤੇ ਜਲੰਧਰ 'ਚ ਖੜ੍ਹ ਕੇ ਦਿਖ ਰਹੇ ਪਰਬਤਾਂ ਦੇ ਓਹਲੇ ਨਹੀਂ ਲੁਕਣਾ।
ਖ਼ੈਰ, ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਲਾਕਡਾਊਨ ਵਧ ਰਿਹਾ ਹੈ ਤਾਂ ਲੋਕਾਂ ਦਾ ਰੋਹ ਹੋਰ ਵੀ ਵਧ ਗਿਆ। ਦਰਅਸਲ ਭਾਰਤ ਵਿੱਚੋਂ ਵੀ ਜੇ ਪੰਜਾਬ ਦੇ ਲੋਕਾਂ ਨੂੰ ਵਿਚਾਰਿਆ ਜਾਵੇ ਤਾਂ ਕੋਰੋਨਾ ਦਾ ਪ੍ਰਕੋਪ ਛੇਤੀ ਕੀਤਿਆਂ ਸਵੀਕਾਰ ਹੀ ਨਹੀਂ ਸੀ ਹੋਇਆ। ਵੱਡਾ ਕਾਰਨ ਨਾ ਤਾਂ ਇੱਥੋਂ ਦੇ ਲੋਕਾਂ ਨੂੰ ਫਲੈਟਾਂ ਵਿੱਚ ਬੰਦ ਹੋਣਾ ਸੀ ਨਾ ਹੀ ਕੋਈ ਖਾਣ-ਪੀਣ ਦੀ ਅਜਿਹੀ ਦਿੱਕਤ ਦਾ ਅਹਿਸਾਸ ਸੀ। ਪੰਜਾਬੀਆਂ ਦੀ ਦਰਿਆਦਿਲੀ ਕਿ ਕਿਸੇ ਨੂੰ ਭੁੱਖਾ ਰਹਿਣ ਹੀ ਨਹੀਂ ਦਿੰਦੇ। ਇਸੇ ਲਈ ਪੰਜਾਬ ਦਾ ਇੱਕ ਇੱਕ ਜ਼ਿਲ੍ਹਾ ਭਾਰਤ ਦੇ ਹਰ ਰਾਜ ਨੂੰ ਰੋਟੀ ਦਿੰਦਾ ਰਿਹਾ। ਇਸ ਲਈ ਖ਼ਾਲਸਾ ਏਡ ਅਤੇ ਲੰਗਰ ਦੇ ਰੂਪ ਵਿੱਚ ਲੋਕਾਂ ਦੇ ਨਿੱਜੀ ਯਤਨ ਭੁੱਲਣੇ ਵੀ ਨਹੀਂ ਚਾਹੀਦੇ।
ਹੁਣ ਮਾਜਰਾ ਸੀ ਕਿ ਸਭ ਚੱਲੇਗਾ ਕਿੰਨੀ ਦੇਰ? ਲੋਕ ਅੱਕੇ ਰਹੇ, ਪੁਲਿਸ ਦੀ ਕੁੱਟ ਵੀ ਖਾਧੀ, ਸਿਫ਼ਾਰਿਸ਼ਾਂ ਵਾਲੇ ਪਾਸ ਵੀ ਚਲਾਏ, ਅੜੇ ਥੁੜੇ ਕੰਮ ਮੁਕਾ ਲਏ, ਨਾਮੀ ਗਰਾਮੀ ਹਸਤੀਆਂ ਅੱਖਾਂ ਅੱਗੇ ਤੁਰ ਗਈਆਂ, ਕੋਰੋਨਾ ਕਾਰਨ ਲਾਸ਼ਾਂ ਸਾਂਭਣ ਪਿੱਛੇ ਚਿੱਟੇ ਹੋਏ ਲਹੂ ਦੇਖ ਲਏ, ਰਾਸ਼ਨ ਕਿਤੇ ਘੱਟ ,ਕਿਤੇ ਵੱਧ ਮਿਲਣ ਪਿੱਛੇ ਉੱਠਦੇ ਮਸਲੇ ਦੇਖ ਲਏ ਅਤੇ ਜਿੰਨ੍ਹਾਂ ਐੱਨ.ਆਰ.ਆਈਆਂ ਸਿਰੋਂ ਪੰਜਾਬ, ਪੰਜਾਬ ਦੇ ਸਮਾਰਟ ਸਕੂਲ, ਕਬੱਡੀ ਦੇ ਮੈਦਾਨ ਤੇ ਪਿੰਡਾਂ ਦੀਆਂ ਜਿੰਮਾਂ ਚੱਲਦੀਆਂ ਨੇ ਉਹਨਾਂ ਨੂੰ ਵਿਸਫ਼ੋਟਕ ਬੰਬ ਤੱਕ ਗਰਦਾਨ ਦਿੱਤਾ। ਤਬਲੀਗੀ ਜਮਾਤ ਨਾਲ ਨਫ਼ਰਤ ਤੇ ਗੁੱਜਰਾਂ ਨਾਲ ਦੁੱਧ ਪਿੱਛੇ ਬਾਈਕਾਟ, ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਗਾਲ਼ੀ ਗਲੋਚ ਅਤੇ ਅਨੁਸ਼ਾਸਨ ਬਣਾਈ ਰੱਖਣ ਦੇ ਬਦਲੇ ਗੁੱਟ ਵੱਢਣ ਦੀ ਬੇਵਕੂਫ਼ੀ, ਕੋਰੋਨਾ ਸਮੇਂ ਦੀਆਂ ਖਾਸ ਘਟਨਾਵਾਂ ਰਹੀਆਂ।
ਫ਼ਲਾਂ ਤੇ ਲੱਗਾ ਥੁੱਕ ਤਾਂ ਬਹੁਤਿਆਂ ਨੂੰ ਦਿਖ ਗਿਆ ਪਰ ਪੂਰੇ ਲਾਕਡਾਊਨ ਵਿੱਚ ਕਿਸੇ ਆਮ ਜਾਂ ਖ਼ਾਸ ਨੇ ਨੋਟਾਂ ਤੇ ਲੱਗਦੇ ਥੁੱਕ ਨੂੰ ਨਹੀਂ ਚਿਤਾਰਿਆ। ਕਿਸੇ ਮਾਈ ਦੇ ਲਾਲ ਨੇ ਨੋਟ ਸੈਨੇਟਾਇਜ਼ ਕਰਨ/ ਕਰਵਾਉਣ ਦੀ ਗੱਲ ਹੀ ਉਜਾਗਰ ਨਹੀਂ ਕੀਤੀ। ਬੇਸ਼ੱਕ ਇਹ ਮਸਲੇ ਛੋਟੇ, ਗੰਭੀਰ ਜਾਂ ਬਹੁਪਰਤੀ ਰਹੇ ਹੋਣ ਪਰ ਸਮਾਜ ਦਾ, ਸਰਕਾਰ ਦਾ ਅਸਲੀ ਚਿਹਰਾ ਬੇਪਰਦਾ ਕਰ ਦਿੱਤਾ। ਬੇਹੱਦ ਸ਼ਰਮਿੰਦਗੀ ਨਾਲ ਲਿਖਣਾ ਪੈ ਰਿਹਾ ਕਿ ਅਸੀਂ ਉਸੇ ਇਨਕਰੇਡੀਬਲ ਇੰਡੀਆ ਦੇ ਵਾਸੀ ਹਾਂ ਜਿਹਨਾਂ ਨੇ ਅਤਿਥੀ ਦੇਵੋ ਭਵ ਦੀ ਬਜਾਏ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਝੱਲਦੇ ਮਜਦੂਰ, ਸੜਕਾਂ 'ਤੇ ਮਰਨ ਦਿੱਤੇ। ਇੱਥੇ ਵਹਿਮ ਵਿੱਚ ਨਾ ਰਹਿਣਾ ਕਿ ਅੱਗ ਸਾਡੇ ਘਰਾਂ ਤੱਕ ਨਹੀਂ ਆਈ। ਇਤਿਹਾਸ ਸਾਡੇ ਤੋਂ ਇਸ ਸਵਾਲ ਦਾ ਜਵਾਬ ਡੰਕੇ ਦੀ ਚੋਟ ਤੇ ਲਵੇਗਾ।
ਹੁਣ ਇਸ ਸਾਰੇ ਸੰਦਰਭ ਵਿੱਚ ਰਾਜਨੀਤਕ ਮਸਲੇ ਤੇ ਰਾਜਨੀਤਕ ਲੋਕਾਂ ਦੀ ਪਹੁੰਚ ਗੌਲਣਯੋਗ ਮਸਲਾ ਰਹੀ ਹੈ। ਦੇਸ਼ ਦੇ ਮੋਢੀ ਪ੍ਰਧਾਨ ਮੰਤਰੀ ਇਸ ਸਮੂਹ ਤਾਲਾਬੰਦੀ ਵਿਚ ਮਹਿਜ਼ ਮਜ਼ਾਕ ਦਾ ਪਾਤਰ ਬਣਦੇ ਰਹੇ। ਉਹ ਚਾਹੇ ਉਹਨਾਂ ਵੱਲੋਂ ਕੋਰੋਨਾ ਨੂੰ ਲਾਈਟਾਂ ਬੁਝਾ ਕੇ ਅੰਨ੍ਹਾ ਕਰਨ ਦੀ ਪਲਾਨਿੰਗ ਸੀ ਜਾਂ ਸ਼ੋਰ ਮਚਾ ਕੇ ਬੋਲਾ ਕਰਨ ਦੀ। ਸੰਜੀਦਗੀ ਤਾਂ ਹਰ ਪਾਸਿਓਂ ਮਨਫ਼ੀ ਸੀ।
ਇਸਦੇ ਉਲਟ ਕੋਰੋਨਾ ਮਹਾਂਮਾਰੀ ਇਸ ਮੰਤਰੀ ਮੰਡਲ ਨੂੰ ਕੁੱਬੇ ਨੂੰ ਮਾਰੀ ਲੱਤ ਤੇ ਉਸ ਦਾ ਕੁੱਬ ਨਿੱਕਲ ਗਿਆ ਵਾਂਗੂੰ ਰਾਸ ਆਈ।
ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ ਤਾਂ ਨੋਟਬੰਦੀ ਦੇ ਘਾਟੇ ਕਾਰਨ ਦੇਸ਼ ਦੇ ਅਰਥਚਾਰਾ ਚਿੰਤਕ, ਪਾੜ੍ਹੇ, ਫ਼ਿਲਾਸਫ਼ਰ ਅਤੇ ਕਾਰੋਬਾਰੀ ਲੋਕਾਂ ਦੀਆਂ ਚਿੰਤਾਵਾਂ ਤੇ ਗਿਲੇ ਅਜੇ ਮੰਤਰੀ ਮੋਦੀ ਵੱਲ ਉਂਝ ਹੀ ਖੜ੍ਹੇ ਸਨ। ਉੱਪਰੋਂ ਨੋਟਬੰਦੀ ਦਾ ਉਖਾੜਿਆ ਅਰਥਚਾਰਾ ਹੁਣ ਜਦੋਂ ਤਾਲਾਬੰਦੀ ਦੌਰਾਨ ਮੂਧੇ ਮੂੰਹ ਡਿੱਗ ਰਿਹੈ ਤਾਂ ਇਸਦਾ ਸਾਰਾ ਭਾਂਡਾ ਵੀ ਮਾੜੇ ਇੰਜਨੀਅਰ ਵਾਂਗੂੰ ਕੋਰੋਨਾ ਸਿਰ ਭੰਨਿਆ ਜਾ ਰਿਹਾ। ਜਦਕਿ ਅਸੀਂ ਜਾਣ ਹੀ ਚੁੱਕੇ ਹਾਂ ਕਿ ਸਾਡੇ ਦੇਸ਼ ਵਿੱਚ ਇੱਕ ਪੁਲ ਬਣਨ ਤੋਂ ਡਿੱਗਣ ਤੱਕ ਕੌਣ-ਕੌਣ ਜ਼ਿੰਮੇਵਾਰ ਹੁੰਦਾ ਹੈ।
ਹਾਂ ਸੱਚ, ਗੁਰਦਾਸ ਮਾਨ ਦੇ ਗਾਏ ਗੀਤ ਵਾਂਗੂੰ ਧਰਮ ਦੇ ਨਾਮ ਤੇ ਜਿੰਨਾ ਮਰਜ਼ੀ ਲੁੱਟ ਲੈ ਲੋਕਾਂ ਨੂੰ ਵਾਲਾ ਫ਼ਾਰਮੂਲਾ ਵੀ ਖ਼ੂਬ ਘਸਾਇਆ ਗਿਆ। ਰਾਹਤ ਫ਼ੰਡ ਦੇ ਨਾਮ ਤੇ ਜਿੰਨਾ ਕੁਝ ਜਮਾਂ ਕੀਤਾ ਸੋ ਕੀਤਾ ਕੋਰੋਨਾ ਸੰਕਟ ਨੂੰ ਜੰਗ ਦਾ ਰੂਪ ਦੇ ਕੇ ਮਾਤਾਵਾਂ,ਭੈਣਾਂ ਨੂੰ ਆਪਣੇ ਗਹਿਣੇ ਤੱਕ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇੱਥੋਂ ਤੱਕ ਕਿ ਆਪਣੇ ਕੋਲੋਂ ਮਦਦ ਦੀ ਬਜਾਇ ਲੋਕਾਂ ਨੂੰ ਕਲਾਕਾਰਾਂ ਤੇ ਕ੍ਰਿਕਟਰਾਂ ਲਈ ਭੜਕਾਇਆ ਕਿ ਫਲਾਂ ਕ੍ਰਿਕਟਰ ਨੇ ਘੱਟ ਦਾਨ ਕਿਉਂ ਕੀਤਾ ਤੇ ਫਲਾਂ ਕਲਾਕਾਰ ਨੇ ਘੱਟ ਪੈਸੇ ਕਿਉਂ ਦਿੱਤੇ। ਅੰਤ ਉਹਨਾਂ ਲੋਕਾਂ ਨੂੰ ਵੀ ਇਹ ਟਵੀਟ ਕਰਨਾ ਪਿਆ ਕਿ ਵੋਟਾਂ ਤੁਸੀਂ ਨੇਤਾਵਾਂ ਨੂੰ ਪਾਈਆਂ ਸੀ ਨਾ ਕਿ ਕ੍ਰਿਕਟਰਾਂ ਜਾਂ ਕਲਾਕਾਰਾਂ ਨੂੰ।
ਮੈਨੂੰ ਲੱਗਦਾ ਕਿ ਇਸ ਰਾਮ ਰੌਲੇ ਵਿੱਚੋਂ ਸਭ ਤੋਂ ਲੋੜੀਂਦਾ ਸਵਾਲ ਹੀ ਇਹ ਹੈ ਕਿ ਅਸੀਂ ਚੁਣਿਆ ਕੀ ਹੈ? ਜੇ ਰਮਾਇਣ ਸੁਣਾ ਕੇ ਮਹਾਂਭਾਰਤ ਦਿਖਾ ਕੇ, ਠੇਕਿਆਂ ਤੇ ਹੀ ਲਿਜਾ ਕੇ ਸੁੱਟਣਾ ਸੀ ਤਾਂ ਪਹਿਲਾਂ ਹੀ ਦੱਸ ਦੇਣਾ ਸੀ ਕਿ ਹੈ ਨਹੀਂ ਭਾਰਤੀ ਰਾਜਨੀਤਕ ਤਿਲਾਂ ਵਿੱਚ ਤੇਲ। ਖ਼ੈਰ, ਮੈਂ ਵੀ ਕੀ ਲਿਖ ਰਹੀ ਹਾਂ ਤੇਲ ਛੱਡੋ ਹੁਣ ਤਾਂ ਇਹਨਾਂ ਨੂੰ ਕਿਸੇ ਦੇ ਬੀਜ ਮੰਨਣ ਤੋਂ ਵੀ ਦਿਲ ਇਨਕਾਰ ਕਰ ਰਿਹਾ ਹੈ। ਇਹ ਖ਼ੁਸ਼ਕ ਤਬੀਅਤ,ਪੈਸੇ ਦੇ ਪੀਰ, ਏ.ਸੀ.ਕਮਰਿਆਂ ਵਿੱਚ ਬਿਨ੍ਹਾਂ ਮਾਸਕ ਦੇ ਵੀਡੀਓ ਕਾਨਫਰੰਸਿਗ ਮੀਟਿੰਗ ਕਰਨ ਵਾਲੇ ਅੈਕਟਰ ਕੀ ਜਾਣਨ ਕਿ ਅਸਲ ਜ਼ਿੰਦਗੀ ਵਿੱਚ ਲੋਕ ਬਿਨਾਂ ਕੋਰੋਨਾ ਤੋਂ ਵੀ ਭੁੱਖ ਨਾਲ, ਬਿਮਾਰੀ ਨਾਲ, ਬੇਰੁਜ਼ਗਾਰੀ ਨਾਲ ਮਰਦੇ ਰਹੇ ਨੇ, ਉਸ ਵੇਲੇ ਇਹਨਾਂ ਦੇ ਕੀ ਯਤਨ ਸਨ?
ਮੈਂ ਆਸ ਕਰਦੀ ਹਾਂ ਕਿ ਉਹ ਦਿਨ ਜ਼ਰੂਰ ਆਏਗਾ ਜਦੋਂ ਲੋਕ ਟਿਕ ਟਾਕ, ਵਟਸਅੈਪ ਅਤੇ ਨੈੱਟਫਲਿਕਸ ਤੋਂ ਅੱਖਾਂ ਉਤਾਂਹ ਚੁੱਕ ਕੇ ਇਹਨਾਂ ਦੇ ਗਲ ਅੰਗੂਠਾ ਦੇ ਕੇ ਪੁੱਛਣਗੇ ਕਿ 73 ਸਾਲਾਂ ਤੋਂ ਖਾ ਰਹੇ ਦੇਸ਼ ਤੋਂ ਦੋ ਮਹੀਨੇ ਵੀ ਦੇਸ਼ ਵਾਸੀਆਂ ਨੂੰ ਰੋਟੀ ਕਿਉਂ ਨਹੀਂ ਦਿੱਤੀ ਗਈ? ਪਾਪਾ ਜੀ ਨਾ ਪੀਓ ਸ਼ਰਾਬ ਦੇ ਨਾਅਰੇ ਲੁਆ ਕੇ ਫ਼ੇਰ ਸ਼ਰਾਬ ਤੋਂ ਹੀ ਸੈੱਸ ਟੈਕਸ ਵਸੂਲ ਕੇ ਸਿੱਖਿਆ ਸੰਸਥਾਂਵਾਂ ਚਲਾ ਕੇ ਵੀ ਅਨਪੜ੍ਹਤਾ ਕਿਉਂ ਹੈ? ਜੋ ਬੱਚੇ ਬਿਨਾਂ ਪੜ੍ਹੇ ਪਾਸ ਹੋ ਰਹੇ ਹਨ ਉਹਨਾਂ ਦਾ ਭਵਿੱਖ ਕੀ ਹੈ? ਫਰੰਟ ਲਾਇਨ ਕਹਿ ਕੇ ਚਮਕਾਏ ਡਾਕਟਰਾਂ ਨੇ ਅਜਿਹੀ ਕਿਹੜੀ ਔਸ਼ਧੀ ਤਿਆਰ ਕਰਕੇ ਕੋਰੋਨਾ ਮਰੀਜ਼ ਬਚਾਏ ਨੇ ਜੋ ਅਮਰੀਕਾ ਵਰਗੇ ਮੁਲਕਾਂ ਕੋਲ ਨਹੀਂ ਪਹੁੰਚੀ?
ਮੁਆਫ਼ੀ ਚਾਹਾਂਗੀ ਪਰ ਸੱਚ ਕੌੜਾ ਲੱਗੇਗਾ ਕਿ ਇਸ ਸਾਰੇ ਸੰਕਟ ਵਿੱਚ ਜੋ ਯੋਗਦਾਨ ਪੁਲਿਸ ਕਰਮੀਆਂ ਦਾ ਸੀ ਕੋਈ ਅਮਲਾ ਉਸਦੇ ਪਾਸਕੂ ਨਹੀਂ। ਇਹ ਡਾਕਟਰ ਵੀ ਜਾਣਦੇ ਹਨ ਕਿ ਕਿੰਨਿਆਂ ਕੁ ਨੇ ਆਮ ਦਿਨਾਂ ਵਾਂਗ ਲੁੱਟ ਮਚਾਉਣ ਲਈ ਹੁਣ ਆਮ ਮਰੀਜ਼ਾਂ ਲਈ ਵੀ ਹਸਪਤਾਲ ਨਹੀਂ ਖੋਲ੍ਹੇ ਅਤੇ ਕਿੰਨੇ ਕੁ ਨੇ ਜਿਹੜੇ ਕੋਰੋਨਾ ਮਰੀਜ਼ਾਂ ਦੇ ਇਮਿਊਨਿਟੀ ਵਧਾਉਣ ਦੇ ਨਾਮ ਤੇ ਐੱਚ.ਆਈ.ਵੀ. ਦਾ ਵੈਕਸਿਨ ਲਾਉਂਦੇ ਰਹੇ।
ਗੌਲਣਯੋਗ ਹੈ ਕਿ ਗੁਰਦੁਆਰੇ, ਮੰਦਰ, ਮਸਜਿਦ ਬੰਦ ਹੋ ਕੇ ਵੀ ਚੱਲ ਰਹੀ ਦੁਨੀਆਂ ਵਿੱਚੋਂ ਅਸੀਂ ਹੁਣ ਕਿਸਨੂੰ ਆਵਾਜ਼ਾਂ ਮਾਰਨ ਲੱਗੇ ਹੋਏ ਹਾਂ ਕਿ ਸਾਨੂੰ ਕੋਈ ਬਚਾਉਣ ਆਵੇਗਾ? ਕੋਈ ਨਹੀਂ ? ਆਤਮ ਨਿਰਭਰ ਹੀ ਹੋਣਾ ਪੈਣਾ। ਇਹ ਬਿਆਨ ਦਰਅਸਲ ਪਹਿਲਾਂ ਹੀ ਜਾਰੀ ਕਰਨਾ ਚਾਹੀਦਾ ਸੀ ਪਰ ਨੇਤਾ ਲੋਕਾਂ ਨੂੰ ਪਤਾ ਹੁੰਦਾ ਕਿ ਕਦੋਂ ਅਤੇ ਕਿਹੜੀ ਰਗ ਦੱਬ ਕੇ ਕੰਮ ਕੱਢਣਾ ਹੈ। ਉਹੀ ਤਾਂ ਹੋਇਆ ਹੈ। ਹੁਣ ਜਦੋਂ ਲੋਕਾਂ ਲਈ ਰੁਜ਼ਗਾਰ ਤੇ ਕਾਰੋਬਾਰ ਵੱਡਾ ਮਸਲਾ ਹੈ ਤਾਂ ਸਰਕਾਰ ਵੀ ਪੱਲਾ ਝਾੜਨ ਲਈ ਤਿਆਰ ਹੈ। ਫ਼ੇਰ ਹੱਲ ਕਿੱਥੇ ਹੈ? ਸੋਚੋ, ਦੁਬਾਰਾ ਸੋਚੋ, ਸੋਚ -ਸੋਚ ਕੇ ਜੋ ਜੋ ਪਾਓਗੇ ਉਹ ਹੈ ਸਾਡੀ ਚੋਣ। ਸਾਡੀ ਚੋਣ ਹੀ ਸਾਡਾ ਭਵਿੱਖ ਨਿਰਧਾਰਿਤ ਕਰਦੀ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਚੋਣ ਗ਼ਲਤ ਸੀ ਜਿਸਦਾ ਅਸੀਂ ਅੱਜ ਖ਼ਮਿਆਜ਼ਾ ਭੁਗਤ ਰਹੇ ਹਾਂ। ਆਓ ਪ੍ਰਣ ਕਰੀਏ ਕਿ ਕੋਰੋਨਾ ਸੰਕਟ ਨੂੰ ਪਰ੍ਹਾਂ ਕਰਕੇ ਦੋ ਘੜੀ ਆਪਣੇ ਮਨ ਨਾਲ ਗੱਲਾਂ ਕਰਾਂਗੇ ਅਤੇ ਆਪਣੀਆਂ ਪੀੜ੍ਹੀਆਂ ਦੇ ਭਵਿੱਖ ਲਈ ਸੂਝਵਾਨ, ਦੂਰਅੰਦੇਸ਼ੀ ਤੇ ਕ੍ਰਾਂਤੀਕਾਰੀ ਆਗੂ ਦੀ ਚੋਣ ਕਰਾਂਗੇ। ਵਾਅਦਾ ਕਰਨਾ ਆਪਣੇ ਆਪ ਨਾਲ ਕਿ ਦੇਸ਼ ਤੇ ਪਏ ਜਾਂ ਪਾਏ ਇਸ ਸੰਕਟ ਨੂੰ ਕ੍ਰਾਂਤੀ ਵਜੋਂ ਸਵੀਕਾਰਦਿਆਂ ਨਵੇਂ ਹੱਲ ਲੱਭਣ ਲਈ ਯਤਨਸ਼ੀਲ ਰਹਾਂਗੇ ਅਤੇ ਇਸ ਵਾਰ ਘਰ ਰੂਪੀ ਦੇਸ਼ ਕਿਸੇ ਚੋਰ ਚੌਕੀਦਾਰ ਦੀ ਰਾਖੀ ਨਹੀਂ ਛੱਡਾਂਗੇ।
-
ਖੁਸ਼ਮਿੰਦਰ ਕੌਰ, ਮੁੱਖ ਅਧਿਆਪਕਾ, ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ, ਲੁਧਿਆਣਾ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.