"ਇੱਕੀ ਦੁੱਕੀ ਚੱਕ ਦਿਆਂਗੇ ਧੋਣ 'ਤੇ ਗੋਡਾ ਰੱਖ ਦਿਆਂਗੇ" ਇਸ ਨਾਅਰੇ ਦੀ ਉਮਰ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਹਾਂ ! ਇਹ ਮੇਰੇ ਤੋਂ ਜ਼ਰੂਰ ਵੱਡਾ ਹੋਵੇਗਾ, ਕਿਉਂਕਿ ! ਜਦੋਂ ਤੋਂ ਸੁਰਤ ਸੰਭਾਲੀ ਹੈ ਗਾਹੇ-ਵਗਾਹੇ ਇਹ ਨਾਅਰਾ ਕੰਨੀ ਪੈਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦੀ ਸਮਝ ਹੁਣ ਆਈ ਹੈ। ਕਿਉਂਕਿ ਅੱਜ ਮਹਿਸੂਸ ਕੀਤਾ ਹੈ ਕਿ ਇਹ ਜੋ ਨਾਅਰੇ ਅਕਸਰ ਹਾਕਮਾਂ ਵਿਰੁੱਧ ਜਾਂ ਸਮੇਂ ਦੀ ਤਾਕਤ ਵਿਰੁੱਧ ਆਮ ਤੇ ਸਤਾਏ ਹੋਏ ਲੋਕ ਲਾਉਂਦੇ ਹਨ ਅਸਲ 'ਚ ਉਹ ਉਲਟੇ ਨਾਅਰੇ ਲਾ ਰਹੇ ਹੁੰਦੇ ਹਨ। ਆਪਣੇ ਨਾਅਰਿਆਂ 'ਚੋਂ ਉਹ ਜੋ ਧਮਕੀਆਂ ਦੇ ਰਹੇ ਹੁੰਦੇ ਹਨ ਉਹ ਸਿਰਫ਼ ਗਿੱਦੜ ਭਬਕੀਆਂ ਹੀ ਹੁੰਦੀਆਂ ਹਨ।
ਮਸਲਨ ਉਪਰੋਕਤ ਨਾਅਰਾ ਹੀ ਲੈ ਲਵੋ, ਕੀ ਨਾਅਰੇ ਲਾਉਣ ਵਾਲਿਆਂ 'ਚ ਹੈ ਇਹ ਤਾਕਤ ਜੋ ਹਾਕਮਾਂ ਦੀ ਧੌਣ 'ਤੇ ਗੋਡਾ ਰੱਖ ਸਕਦੇ ਹੋਣ? ਇਸ ਦੇ ਉਲਟ ਆਮ ਲੋਕਾਂ ਦਾ ਰੱਤ ਪੀ ਕੇ ਬਣੇ ਤਾਕਤਵਰ ਜਦੋਂ ਚਾਹੁਣ ਮਾੜੇ ਦੀ ਧੌਣ ਮਰੋੜ ਦਿੰਦੇ ਹਨ।
ਤਾਜ਼ਾ ਉਦਾਹਰਨ ਤੁਹਾਡੇ ਸਾਹਮਣੇ ਹੈ ਦੁਨੀਆ ਦਾ ਸਿਰਮੌਰ ਜਾਂ ਮੋਹਰੀ ਕਹਾਉਣ ਵਾਲਾ ਮੁਲਕ ਅਮਰੀਕਾ, ਉੱਥੋਂ ਦੇ ਹਾਕਮ ਅਤੇ ਕੁਝ ਗੋਰੀ ਚਮੜੀ ਵਾਲੇ ਭੇੜੀਏ। ਜਿਨ੍ਹਾਂ ਨੇ ਦੁਨੀਆ ਨੂੰ ਸੱਚੀ ਧੋਣ ਤੇ ਗੋਡਾ ਰੱਖ ਕੇ ਦਿਖਾ ਦਿੱਤਾ ਹੈ ਅਤੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਨਜ਼ਰ 'ਚ ਤੁਸੀਂ ਦੁੱਕੀ ਤਿੱਕੀ ਤੋਂ ਵੱਧ ਕੁਝ ਨਹੀਂ।
ਬੀਤੇ ਦਿਨੀਂ ਜੋ ਕੁਝ 'ਜੌਰਜ ਫੋਲਾਇਡ' ਨਾਲ ਵਾਪਰਿਆ, ਇਹ ਕੋਈ ਨਵੀਂ ਗੱਲ ਨਹੀਂ, ਬਹੁਤ ਲੰਮਾ ਇਤਿਹਾਸ ਹੈ ਇਸ ਦੇ ਪਿੱਛੇ। ਇਸ ਦੀ ਤਹਿ ਤੱਕ ਜਾਣ ਲਈ ਕਈ ਸਦੀਆਂ ਨੂੰ ਖੋਦਣਾ ਪੈਣਾ। ਜੋ ਕਿ ਇਕ ਲੇਖ 'ਚ ਸਮੇਟਣਾ ਔਖਾ। ਪਰ ਕੋਸ਼ਿਸ਼ ਕਰਦੇ ਹਾਂ ਇਸ ਗੱਲ ਨੂੰ ਖੰਘਾਲਨ ਦੀ ਕਿ ਜੌਰਜ ਕੋਈ ਪਹਿਲਾ ਬੰਦਾ ਨਹੀਂ ਸੀ ਜੋ 'ਆਈ. ਕਾਂਟ ਬਰੀਥ' (ਮੈਨੂੰ ਸਾਹ ਨਹੀਂ ਆ ਰਿਹਾ) ਕੁਰਲਾਉਂਦੇ ਹੋਏ ਨੂੰ ਸੀਨਾ ਜੋਰਾਂ ਨੇ ਜ਼ਿੰਦਗੀ ਦੀ ਚਲਦੀ ਗੱਡੀ ਤੋਂ ਧੱਕਾ ਦੇ ਦਿੱਤਾ ਹੋਵੇ।
ਅੱਜ ਦਾ ਅਮਰੀਕਾ ਦੁਨੀਆ ਦੇ ਪਰਵਾਸੀਆਂ ਲਈ ਸੁਫ਼ਨਿਆਂ ਦਾ ਦੇਸ਼ ਹੈ। ਪਰਵਾਸ ਕਰਨ ਦੀ ਚਾਹਤ ਵਾਲੇ ਨੂੰ ਨਿਊਯਾਰਕ ਦੀ ਰੌਸ਼ਨੀ, ਐੱਲ.ਏ. ਦੀਆਂ ਰੰਗੀਨ ਰਾਤਾਂ ਅਤੇ ਲਾਸ ਵੇਗਾਸ ਦੇ ਸ਼ਰਾਬ, ਕਬਾਬ, ਸ਼ਬਾਬ ਦੇ ਨਾਲ ਜੂਏਖ਼ਾਨੇ ਦੀਆਂ ਮਸਤੀਆਂ ਹੀ ਸੁਫ਼ਨਿਆਂ 'ਚ ਦਿਸਦੀਆਂ। ਪਰ ਹਰ ਚੰਗੀ ਦਿੱਖਣ ਵਾਲੀ ਚੀਜ਼ ਦਾ ਦੂਜਾ ਪੱਖ ਵੀ ਹੁੰਦਾ ਹੈ। ਜਿਸ ਨੂੰ ਜਾਂ ਤਾਂ ਸਮੇਂ ਦੇ ਹਾਕਮ ਲੁਕਾ ਲੈਂਦੇ ਹਨ ਮੀਡੀਆ ਵਿਕ ਜਾਂਦਾ ਜਾਂ ਫੇਰ ਕਿਸੇ ਵੀ ਚੀਜ਼ ਦੀ ਅੰਨ੍ਹੀ ਭਗਤੀ ਦੇਖਣ ਵਾਲੇ ਦੇ ਅੱਖਾਂ ਤੇ ਪਰਦਾ ਪਾ ਦਿੰਦੀ ਹੈ।
ਥੋੜ੍ਹਾ ਇਤਿਹਾਸ ਫਰੋਲਦੇ ਹਾਂ, ਅਗਸਤ 2020 'ਚ 401 ਸਾਲ ਹੋ ਜਾਣਗੇ ਜਦੋਂ ਪਹਿਲੀ ਵਾਰ 1619 'ਚ ਅਫ਼ਰੀਕਾ ਤੋਂ 20 ਕਾਲੀ ਚਮੜੀ ਵਾਲੇ (ਉਸੇ ਰੱਬ ਦੇ ਬਣਾਏ ਬੰਦਿਆਂ ਨੂੰ, ਜਿਸ ਨੇ ਚਿੱਟੀ ਚਮੜੀ ਵਾਲੇ ਵੀ ਬਣਾਏ ਹਨ) ਇਨਸਾਨਾਂ ਨੂੰ ਗ਼ੁਲਾਮ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ। ਪਰ ਉਸ ਤੋਂ ਬਾਅਦ ਅਮਰੀਕਾ ਨੂੰ ਆਬਾਦ ਕਰਵਾਉਣ ਲਈ ਅਣਗਿਣਤ ਕਾਲੀ ਚਮੜੀ ਦੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਸਮੁੰਦਰੀ ਜਹਾਜ਼ਾਂ 'ਚ ਲੱਦ-ਲੱਦ ਕੇ ਅਮਰੀਕਾ ਵਿਚ ਬਲਦਾਂ ਵਾਂਗ ਜੋਤਿਆ ਗਿਆ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਇਹਨਾਂ ਚਿੱਟੀ ਚਮੜੀ ਵਾਲਿਆਂ ਨੇ 1662 'ਚ ਇਕ ਕਾਨੂੰਨ ਹੀ ਪਾਸ ਕਰ ਦਿੱਤਾ ਕਿ ਅਮਰੀਕਾ ਵਿਚ ਹਰ ਜੰਮਣ ਵਾਲਾ ਬੱਚਾ ਉਹੀ ਹੈਸੀਅਤ ਰੱਖੇਗਾ ਜੋ ਹੈਸੀਅਤ ਸਰਕਾਰ ਵੱਲੋਂ ਉਸ ਦੀ ਮਾਂ ਨੂੰ ਮਿਲੀ ਹੋਈ ਹੈ। ਮਤਲਬ ਗ਼ੁਲਾਮ ਮਾਂ ਦਾ ਬੱਚਾ ਵੀ ਜਮਾਂਦਰੂ ਗ਼ੁਲਾਮ ਹੋਵੇਗਾ।
ਮੁੱਕਦੀ ਗੱਲ ਹੈ ਕਿ ਅੱਜ ਦੇ ਅਮਰੀਕਾ ਦੀਆਂ ਨੀਂਹਾਂ 'ਚ ਗ਼ੁਲਾਮਾਂ ਦੇ ਖ਼ੂਨ ਵਿਚ ਭਿੱਜੀਆਂ ਉਨ੍ਹਾਂ ਦੇ ਹੱਡਾਂ ਰੂਪੀ ਇੱਟਾਂ ਨੂੰ ਉਨ੍ਹਾਂ ਦੀ ਹੀ ਚਮੜੀ ਦੇ ਸੀਮਿੰਟ 'ਚ ਮਿਲਾ ਕੇ ਵਰਤਿਆ ਗਿਆ ਹੈ।
ਕਹਿਣ ਨੂੰ ਅੱਜ ਤੋਂ 155 ਵਰ੍ਹੇ ਪਹਿਲਾਂ ਯਾਨੀ 1865 'ਚ ਗ਼ੁਲਾਮੀ ਪ੍ਰਥਾ ਨੂੰ ਸ਼ਹਿ ਦਿੰਦਾ ਕਾਨੂੰਨ ਅਮਰੀਕਾ ਦੇ ਇਤਿਹਾਸ 'ਚੋਂ ਮਨਫ਼ੀ ਕਰ ਦਿੱਤਾ ਸੀ ਪਰ ਸਿਰਫ਼ ਕਾਗ਼ਜ਼ਾਂ 'ਚੋਂ। ਆਪਣੇ ਆਪ ਨੂੰ ਸਰਵਉੱਚ ਕਹਾਉਣ ਵਾਲੇ ਗੋਰੇ ਆਪਣੀ ਅੰਦਰੂਨੀ ਸੋਚ ਨੂੰ ਤਾਂ ਪੀੜ੍ਹੀ-ਦਰ ਪੀੜੀ ਵਿਰਾਸਤ ਦੇ ਰੂਪ 'ਚ ਆਪਣੀ ਔਲਾਦ ਨੂੰ ਦਿੰਦੇ ਹੀ ਗਏ ਹਨ। ਜਿਸ ਦਾ ਸਬੂਤ ਉਹ ਪੁਲਿਸ ਵਾਲਾ 'ਡੇਰਿਕ ਚੋਵਿੱਨ' ਤੁਹਾਡੇ ਸਾਹਮਣੇ ਹੈ। ਜਿਸ ਵਿਚੋਂ ਵਰਦੀ ਦਾ ਹੰਕਾਰ ਸਾਫ਼ ਝਲਕਦਾ।
ਸਿਆਣੇ ਕਹਿੰਦੇ ਹਨ ਕਿ ਜੇ ਬੰਦੇ ਨੂੰ ਗ਼ੁੱਸਾ ਆਵੇ ਤਾਂ ਉਹ ਗਿਣਤੀ ਗਿਣਨ ਲੱਗ ਜਾਵੇ ਤੇ ਦਸ ਤੱਕ ਜਾਂਦੇ-ਜਾਂਦੇ ਉਸ ਦਾ ਗ਼ੁੱਸਾ ਸ਼ਾਂਤ ਹੋ ਜਾਂਦਾ। ਪਰ ਇੱਥੇ ਤਾਂ ਸੱਤ ਮਿੰਟ ਨਾ ਤਾਂ ਡੇਰਿਕ ਦਾ ਗ਼ੁੱਸਾ ਸ਼ਾਂਤ ਹੋਇਆ ਨਾ ਉਸ ਦੇ ਨਾਲ ਮੌਕਾ ਵਾਰਦਾਤ ਤੇ ਖੜੇ ਹੋਰ ਪੁਲਿਸ ਵਾਲਿਆਂ ਨੂੰ ਤਰਸ ਆਇਆ। ਪਤਾ ਕਿਉਂ?
ਕਿਉਂਕਿ ਉਨ੍ਹਾਂ ਦੇ ਦਿਮਾਗ਼ 'ਚ ਪੁਸ਼ਤਾਂ ਤੋਂ ਕਾਲਿਆਂ ਪ੍ਰਤੀ ਨਫ਼ਰਤ ਅਤੇ ਬੇਰਹਿਮੀ ਭਰੀ ਹੋਈ ਹੈ।
ਬਿਲਕੁਲ ਇਹੋ ਜਿਹਾ ਹੀ ਇਕ ਹਾਦਸਾ ਜੁਲਾਈ 2014 'ਚ 'ਐਰਿਕ' ਨਾਂ ਦੇ ਇਕ ਕਾਲੀ ਚਮੜੀ ਵਾਲੇ ਨਾਲ 'ਡੈਨੀਅਲ' ਨਾਂ ਦੇ ਇਕ ਗੋਰੀ ਚਮੜੀ ਵਾਲੇ ਪੁਲਿਸ ਵਾਲੇ ਨੇ ਕੀਤਾ ਸੀ। ਉਸ ਨੇ ਵੀ 'ਐਰਿਕ' ਦੀ ਧੋਣ ਨੂੰ ਆਪਣੀ ਬਾਂਹ 'ਚ ਜਕੜ ਕੇ ਉੱਨੀ ਦੇਰ ਨਹੀਂ ਛੱਡਿਆ ਜਿੰਨੀ ਦੇਰ ਉਸ ਦੀ ਜਾਨ ਨਹੀਂ ਸੀ ਨਿਕਲ ਗਈ। ਇਸ ਦੌਰਾਨ ਐਰਿਕ ਵੀ ਉਹੀ ਵਾਕ ਦੁਹਰਾਉਂਦਾ ਰਿਹਾ ਜੋ ਹੁਣ ਜੌਰਜ ਮਰਨ ਤੱਕ ਕਹਿੰਦਾ ਰਿਹਾ 'ਆਈ. ਕਾਂਟ ਬਰੀਥ' (ਮੈਨੂੰ ਸਾਹ ਨਹੀਂ ਆ ਰਿਹਾ)।
ਜੂਡੋ ਖੇਡ 'ਚ ਕਿਸੇ ਦੇ ਧੋਣ ਦੁਆਲੇ ਇੰਝ ਬਾਂਹ ਪਾ ਕੇ ਘੁੱਟਣ ਨੂੰ 'ਚੋਕ ਹੋਲਡ' ਕਹਿੰਦੇ ਹਨ ਤੇ ਇੰਝ ਕਰਨਾ ਅਮਰੀਕਾ ਵਿਚ 1994 ਤੋਂ ਰੋਕ ਲੱਗੀ ਹੋਈ ਹੈ। ਪਰ ਫੇਰ ਵੀ ਇਸ ਪੁਲਿਸ ਵਾਲੇ ਨੇ ਐਰਿਕ ਦਾ ਕਤਲ ਕਰਨ ਲਈ ਇਹ ਪੈਂਤੜਾ ਵਰਤਿਆ। ਉਦੋਂ ਵੀ ਆਮ ਲੋਕਾਂ ਨੇ ਇਕ ਮੁਹਿੰਮ ਚਲਾਈ ਸੀ ਪਰ ਸਮੇਂ ਨਾਲ ਅਤੇ ਹਾਕਮਾਂ ਦੇ ਦਬਾਅ ਕਾਰਨ ਸਾਹ ਤੋੜ ਗਈ ਸੀ।
ਹੁਣ ਵੀ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਰਬੜ ਦੀਆਂ ਗੋਲੀਆਂ ਤੋਂ ਲੈ ਕੇ ਹੋਰ ਵੀ ਕਈ ਕਿਸਮ ਦਾ ਧੱਕਾ ਕੀਤਾ ਜਾਂ ਰਿਹਾ ਹੈ। ਇੱਥੋਂ ਤੱਕ ਕਿ ਦੇਸ਼ ਦਾ ਰਾਸ਼ਟਰਪਤੀ ਪ੍ਰਦਰਸ਼ਨਕਾਰੀਆਂ ਨੂੰ ਟਵਿਟਰ ਤੇ ਸਿੱਧੀ ਧਮਕੀ ਵੀ ਦੇ ਰਿਹਾ ਹੈ ਕਿ ਜੇ ਨਾ ਟਿਕੇ ਤਾਂ ਅਸਲੀ ਗੋਲੀਆਂ ਚੱਲਣਗੀਆਂ।
ਸੋਚਣ ਵਾਲੀ ਗੱਲ ਹੈ ਕਿ ਜਦੋਂ ਇਸੇ ਮੈਨੀਸੋਟਾ ਰਾਜ 'ਚ ਬੀਤੇ ਦਿਨੀਂ ਲਾਕ ਡਾਊਨ ਦਾ ਵਿਰੋਧ ਕਰਦੇ ਕੁਝ ਕੁ ਗੋਰੇ ਮਸ਼ੀਨ ਗੰਨਾਂ ਲੈ ਕੇ ਰਾਜ ਦੀ ਰਾਜਧਾਨੀ ਦੀ ਇਕ ਸਰਕਾਰੀ ਇਮਾਰਤ 'ਚ ਚਲੇ ਗਏ ਸਨ ਤਾਂ ਇਸੇ ਪੁਲਿਸ ਨੇ ਕਿਸੇ ਦੇ ਧੋਣ ਤੇ ਗੋਡਾ ਨਹੀਂ ਰੱਖਿਆ ਤੇ ਜਦੋਂ ਇਕ ਕਾਲੇ ਦੀ ਕੋਈ ਫ਼ੋਨ 'ਤੇ ਸਿਰਫ਼ ਇਹ ਸ਼ਿਕਾਇਤ ਕਰ ਦਿੰਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਉਹ ਕੋਈ ਹੇਰਾ-ਫੇਰੀ ਕਰ ਰਿਹਾ ਹੈ ਤਾਂ ਉਹੀ ਪੁਲਿਸ ਬਿਨਾਂ ਪੜਤਾਲੇ ਧੋਣ ਤੇ ਗੋਡਾ ਰੱਖ ਕੇ ਕਤਲ ਕਰ ਦਿੰਦੀ ਹੈ।
ਇੱਥੇ ਸਕੂਨ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ 'ਚ ਗੋਰੇ ਵੀ ਕਾਲਿਆਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੇ ਹੱਥਾਂ 'ਚ ਫੜ੍ਹੀਆਂ ਤਖ਼ਤੀਆਂ ਵੀ ਬੜੇ ਹਲੂਣੇ ਭਰੇ ਸੁਨੇਹੇ ਦੇ ਰਹੀਆਂ ਹਨ। ਜਿਵੇਂ ਕਿ; "ਚੁੱਪ ਵੀ ਅਪਰਾਧ ਹੈ, ਗੋਰਿਆਂ ਦੀ ਚੁੱਪ ਵੀ ਅਪਰਾਧ ਹੈ, ਸ਼ਾਂਤੀ ਲਈ ਨਿਆਂ ਜ਼ਰੂਰੀ ਹੈ ਅਤੇ ਅਸੀਂ ਸਾਹ ਨਹੀਂ ਲੈ ਪਾ ਰਹੇ ਆਦਿ।"
ਹੋਸਟਨ ਦੇ ਇਕ ਗੋਰੇ ਪੁਲਿਸ ਮੁਖੀ ਨੇ ਤਾਂ ਆਪਣੀ ਜੁਰਅਤ ਦਿਖਾਉਂਦੇ ਹੋਏ ਸਾਰਿਆਂ ਦਾ ਦਿਲ ਹੀ ਜਿੱਤ ਲਿਆ ਜਦੋਂ ਉਸ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿ ਦਿੱਤਾ ਕੇ ਜੇ ਤੁਹਾਨੂੰ ਚੰਗਾ ਬੋਲਣਾ ਨਹੀਂ ਆਉਂਦਾ ਤਾਂ ਆਪਣਾ ਮੂੰਹ ਬੰਦ ਰੱਖੋ, ਇਹ ਹਾਲੀਵੁੱਡ ਨਹੀਂ ਅਸਲ ਜ਼ਿੰਦਗੀ ਹੈ। ਉਸ ਨੇ ਇਸ ਵਕਤ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਤਾਕਤ ਦਾ ਵੀ ਹਲੂਣਾ ਦਿੱਤਾ।
ਵੱਡੀ ਗਿਣਤੀ 'ਚ ਲੋਕਾਂ ਨੇ ਸੜਕਾਂ ਤੇ ਮੂਧੇ ਪੈ ਕੇ ਆਪਣੇ ਹੱਥ ਪਿੱਛੇ ਰੱਖ ਕੇ ਜੌਰਜ ਵਾਂਗ ਤਕਰੀਬਨ ਸੱਤ ਅੱਠ ਮਿੰਟ 'ਆਈ. ਕਾਂਟ ਬਰੀਥ' ਦੇ ਹਾਅ ਦੇ ਨਾਅਰੇ ਵੀ ਮਾਰੇ ਅਤੇ ਖ਼ੁਦ ਅਤੇ ਲੋਕਾਂ ਨੂੰ ਅਹਿਸਾਸ ਦੁਆਇਆ ਕਿ ਦੇਖੋ ਜੌਰਜ ਦਾ ਆਖ਼ਰੀ ਸਮਾ ਕਿੱਦਾਂ ਦਾ ਰਿਹਾ ਹੋਵੇਗਾ।
ਚੋਰ ਦਾ ਪੁੱਤ ਵੀ ਚੋਰ ਬਣੇ ਇਹ ਜ਼ਰੂਰੀ ਨਹੀਂ ਹੈ। ਜੇ ਫੇਰ ਵੀ ਬਣਦਾ ਹੈ ਤਾਂ ਉਸ ਦਾ ਕਾਰਨ ਸਰਕਾਰਾਂ ਵੱਲੋਂ ਉਸ ਨੂੰ ਚੰਗਾ ਮਹੌਲ ਨਾ ਦਿੱਤਾ ਜਾਣਾ ਹੋ ਸਕਦਾ ਜਾਂ ਫੇਰ ਉਸ ਦੇ ਆਲ਼ੇ ਦੁਆਲੇ ਵੱਲੋਂ ਉਸ ਨਾਲ ਕੀਤਾ ਵਿਹਾਰ ਮਾਅਨੇ ਰੱਖਦਾ।
ਕੱਲ੍ਹ ਹੀ ਇਕ ਕਾਲੀ ਚਮੜੀ ਵਾਲੇ ਇਨਸਾਨ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਹਾਨੂੰ ਪੁਲਿਸ ਨੂੰ ਦੇਖ ਕੇ ਰਾਹਤ ਮਿਲਦੀ ਹੋਣੀ ਹੈ ਕਿ ਆ ਗਏ ਸਾਡੇ ਰਖਵਾਲੇ ਪਰ ਸਾਨੂੰ ਤਾਂ ਬਚਪਨ 'ਚ ਮਾਵਾਂ ਇਹ ਸਿਖਾਉਂਦੀਆਂ ਹਨ ਕਿ ਜੇ ਕਦੇ ਪੁਲਿਸ ਮਗਰ ਲੱਗ ਜਾਵੇ ਤਾਂ ਭੱਜ ਲਵੀ ਜਾਂ ਲੁੱਕ ਕੇ ਆਪਣੀ ਜਾਨ ਬਚਾ ਲਵੀ, ਕਿਉਂਕਿ ਤੇਰੀ ਚਮੜੀ ਕਾਲੀ ਹੈ ਇਸ ਲਈ ਤੂੰ ਜਮਾਂਦਰੂ ਕਸੂਰਵਾਰ ਹੈ। ਉਸ ਇਨਸਾਨ ਦੀਆਂ ਗੱਲਾਂ ਚੋਂ ਜੋ ਲਾਚਾਰੀ ਝਲਕ ਰਹੀ ਸੀ ਉਸ ਨੂੰ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਕੀ ਇਹ ਰਿਪਬਲਿਕ ਕਹਾਉਣ ਵਾਲੇ ਅਮਰੀਕਾ ਦਾ ਬਾਸ਼ਿੰਦਾ ਹੈ?
ਅਸੀਂ ਅਕਸਰ ਸੁਣਦੇ ਹਾਂ ਕਿ ਕਾਲੇ ਲੁੱਟਾਂ ਖੋਹਾਂ ਕਰਦੇ ਹਨ, ਜਦੋਂ ਮਰਜ਼ੀ ਕਿਸੇ ਨੂੰ ਕੁੱਟ ਦਿੰਦੇ ਹਨ, ਗੋਲੀ ਮਾਰਨ 'ਚ ਦੇਰੀ ਨਹੀਂ ਕਰਦੇ। ਪਰ ਕਦੇ ਸੋਚਿਆ ਹੈ ਕਿ ਇਸ ਪਿੱਛੇ ਦੇ ਕਾਰਨ ਕੀ ਹਨ। ਨਾ ਸਾਰੇ ਗੋਰੇ ਨਸਲਵਾਦੀ ਹਨ ਨਾ ਸਾਰੇ ਕਾਲੇ ਲੁਟੇਰੇ। ਅਜਿਹਾ ਕਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਜ਼ਿਹਨ 'ਚ ਇਤਿਹਾਸ ਵਰੋਲੇ ਵਾਂਗ ਤਰਥੱਲੀ ਮਚਾਈ ਜਾਂਦਾ। ਰੂੜ੍ਹੀਵਾਦੀ ਗੋਰੇ ਆਪਣੀ ਸਰਵਉੱਚਤਾ ਦੀ ਹੈਂਕੜ ਨਹੀਂ ਛੱਡਦੇ ਤੇ ਸਦੀਆਂ ਤੋਂ ਸਤਾਏ ਕਾਲੇ ਆਪਣੇ ਤੇ ਹੋਏ ਅਣਮਨੁੱਖੀ ਵਰਤਾਰੇ ਦੀ ਅੱਗ ਸੀਨੇ 'ਚ ਲਈ ਫਿਰਦੇ ਹਨ।
ਇੱਥੇ ਇਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਸਖ਼ਤ ਜ਼ਿੰਦਗੀ 'ਚੋਂ ਲੰਘੇ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਨ। ਜੋ ਕਿ ਅਸੀਂ ਅਕਸਰ ਦੇਖਦੇ ਹਾਂ। ਉਲੰਪਿਕ ਜਿਹੀਆਂ ਖੇਡਾਂ 'ਚ ਕਾਲੀ ਚਮੜੀ ਦਾ ਦਬਦਬਾ ਵੀ ਕਿਤੇ ਨਾ ਕਿਤੇ ਆਪਣੇ ਆਪ 'ਚ ਗੋਰਿਆਂ ਨੂੰ ਹਜ਼ਮ ਕਰਨਾ ਔਖਾ।
ਇਹੀ ਗੱਲ ਸਿੱਖ ਕੌਮ ਤੇ ਵੀ ਢੁਕਦੀ ਹੈ। ਸਿੱਖ ਕੌਮ ਵੀ ਕੰਡਿਆਂ ਦੀਆਂ ਸੇਜਾਂ 'ਚੋਂ ਪੈਦਾ ਹੋਈ ਹੈ। ਗੁਰੂ ਸਾਹਿਬਾਨਾਂ ਨੇ ਇਹੋ ਜਿਹਾ ਜਜ਼ਬਾ ਭਰਿਆ ਕਿ ਸਵਾ ਲੱਖ ਨਾਲ ਟੱਕਰ ਲੈਣ ਦੇ ਕਾਬਿਲ ਬਣਾ ਦਿੱਤਾ। ਤਾਂਹੀਓਂ ਸਮੇਂ ਦੇ ਹਾਕਮਾਂ ਦੀ ਅੱਖ 'ਚ ਰੜਕਦੀ ਰਹਿੰਦੀ ਹੈ। ਬਹੁਤ ਘੱਲੂਘਾਰੇ ਆਪਣੇ ਪਿੰਡੇ ਤੇ ਝੱਲ ਕੇ ਵੀ ਦੂਣ ਸਵਾਈ ਹੋਈ ਹੈ। ਪਰ ਅਮਰੀਕਾ ਨਾਲੋਂ ਸਾਡੇ ਹਾਕਮ ਸ਼ਾਤਰ ਨਿਕਲੇ। ਜਦੋਂ ਉਨ੍ਹਾਂ ਦੇਖਿਆ ਕਿ ਇਹ ਕੌਮ ਬਲ ਨਾਲ ਦਬਣ ਵਾਲੀ ਨਹੀਂ ਹੈ ਤਾਂ ਉਨ੍ਹਾਂ ਬੁੱਧੀ ਨਾਲ ਕੌਮ ਦੀ ਜਵਾਨੀ ਨੂੰ ਕਦੇ ਨਸ਼ੇ ਮਗਰ, ਕਦੇ ਨਚਾਰਾਂ ਮਗਰ ਤੇ ਹੁਣ ਤਾਂ ਹੱਦ ਹੀ ਕਰ ਦਿੱਤੀ ਇਹਨਾਂ ਅਣਖੀ ਲੋਕਾਂ ਦਿਆਂ ਧੀਆਂ-ਪੁੱਤਾਂ ਨੂੰ ਖ਼ੁਦ ਹੀ ਨਚਾਰ ਬਣਾ ਕੇ ਟਿੱਕ ਟਾਕ ਤੇ ਨੱਚਣ ਲਾ ਦਿੱਤਾ। ਇਸ ਨੂੰ ਕਹਿੰਦੇ ਆ ਸੀਪ ਲਾਉਣੀ, ਜਿਸ ਨੂੰ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ ਪਰ ਇਹ ਲੱਗ ਚੁੱਕੀ ਹੈ।
ਮੁੱਦੇ ਤੇ ਆਉਂਦੇ ਹਾਂ। ਗੁਰਬਾਣੀ ਕਹਿੰਦੀ ਹੈ ਕਿ ਜੋ ਉਪਜਦਾ ਹੈ ਉਸ ਨੇ ਬਿਨਸਣਾ ਵੀ ਹੈ। ਸਮੇਂ-ਸਮੇਂ ਸਿਰ ਮੁਹੰਮਦ ਅਲੀ ਜਿਹੇ ਇਨਸਾਨ ਵੀ ਪੈਦਾ ਹੁੰਦੇ ਰਹੇ ਹਨ ਜਿਸ ਨੇ ਅਮਰੀਕਾ ਲਈ ਵੀਅਤਨਾਮ 'ਚ ਜਾ ਕੇ ਜੰਗ ਲੜਨ ਤੋਂ ਇਨਕਾਰ ਕਰ ਕੇ ਆਪਣਾ ਖੇਡ ਜੀਵਨ ਦਾਅ ਤੇ ਲਾ ਦਿੱਤਾ ਸੀ। ਮੰਡੇਲਾ ਵੀ ਇਸੇ ਦਰਦ ਦੀ ਇਕ ਚੀਕ 'ਚੋਂ ਨਿਕਲ ਕੇ ਇਤਿਹਾਸ ਸਿਰਜ ਗਿਆ ਸੀ। ਲਿੰਕਨ ਅਤੇ ਓਬਾਮਾ ਨੇ ਵੀ ਅਮਰੀਕਾ ਦੀ ਹਿੱਕ ਤੇ ਪੈੜਾਂ ਕਰ ਕੇ ਉਨ੍ਹਾਂ ਨਸਲਵਾਦੀਆਂ ਦਾ ਗ਼ਰੂਰ ਲਿਤਾੜਿਆ ਸੀ।
ਸਬੱਬੀਂ ਅਮਰੀਕਾ 'ਚ ਚੋਣਾਂ ਦਾ ਮਾਹੌਲ ਹੈ ਤੇ ਇਸ ਮੌਕੇ ਤੇ 'ਜੌਰਜ' ਦੀ ਇਹ ਕੁਰਬਾਨੀ ਲੱਗਦਾ ਆਪਣਾ ਰੰਗ ਦਿਖਾਏਗੀ। ਅੱਜ ਤਾਂ ਦਿਖਾਵੇ ਲਈ ਲੋਕ ਸੜਕਾਂ ਤੇ ਆਏ ਹਨ ਪਰ ਜਦੋਂ ਇਹ ਲੋਕ ਬੁਲਟ ਦੇ ਜਵਾਬ 'ਚ ਬੈਲਟ ਪੇਪਰ ਚਲਾਉਣਗੇ ਤਾਂ ਕਈਆਂ ਦਾ ਗ਼ਰੂਰ ਟੁੱਟੇਗਾ। ਹੋ ਸਕਦਾ 'ਜੌਰਜ' ਲੋਕਾਂ ਵੰਡੇ ਦੇ ਔਖੇ ਸਾਹ ਆਪ ਭੋਗ ਕੇ ਦੂਜਿਆਂ ਲਈ ਆਜ਼ਾਦ ਫ਼ਿਜ਼ਾ ਸਿਰਜ ਗਿਆ ਹੋਵੇ।
ਇਹ ਸਮੱਸਿਆ ਤਾਂ ਆਪਾਂ ਵਿਚਾਰ ਲਈ ਪਰ ਇਸ ਦੇ ਹੱਲ ਕੀ ਹੋ ਸਕਦੇ ਹਨ? ਜਦੋਂ ਇਸ ਬਾਰੇ ਆਪਣੇ ਮਿੱਤਰ ਮੰਡਲੀ 'ਚ ਵਿਚਾਰ ਕਰ ਰਿਹਾ ਸਾਂ ਤਾਂ ਬਹੁਤ ਸੁਝਾਅ ਮਿਲੇ ਜਿਨ੍ਹਾਂ 'ਚੋਂ ਇਕ ਸੁਝਾਅ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ। ਇਤਿਹਾਸ ਵੀ ਦੋ ਕਿਸਮ ਦੇ ਹੁੰਦੇ ਹਨ, ਇਕ ਸਹੀ ਜਾਂ ਲੋਕਾਂ ਦਾ ਇਤਿਹਾਸ ਤੇ ਦੂਜਾ ਹਾਕਮਾਂ ਦਾ ਇਤਿਹਾਸ। ਹਾਕਮ ਸਦਾ ਹੀ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਅਗਲੀ ਪੀੜ੍ਹੀ ਤੇ ਥੋਪਦੇ ਹਨ। ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ, ਜੋ ਵਾਪਰਿਆ, ਉਹ ਸਕੂਲਾਂ 'ਚ ਪੜ੍ਹਾਇਆ ਜਾਵੇ ਤਾਂ ਉਹ ਆਪਣੀ ਬੁੱਧੀ ਵਿਕਸਤ ਕਰ ਸਕਣ।
ਹੁਣ ਤੁਸੀਂ ਸੋਚ ਕੇ ਦੇਖੋ ਜੇ ਸਾਰੇ ਮੁਲਕ ਸਹੀ ਇਤਿਹਾਸ ਆਪਣੇ ਸਕੂਲਾਂ 'ਚ ਲਾਗੂ ਕਰ ਦੇਣ ਤਾਂ ਉਹ ਕਿਹੋ ਜਿਹਾ ਹੋਵੇਗਾ; ਇੰਗਲੈਂਡ ਦੇ ਬੱਚੇ ਪੜ੍ਹਿਆ ਕਰਨਗੇ ਕਿ ਇੰਗਲੈਂਡ ਦੀਆਂ ਬਸਤੀਆਂ ਬਣਾਉਣ ਲਈ ਲੱਖਾਂ ਧੌਣਾ ਵੱਢੀਆਂ ਗਈਆਂ, ਬੇ-ਦੋਸ਼ਿਆਂ ਦੇ ਖ਼ੂਨ ਦੀਆਂ ਨਦੀਆਂ ਬਹਾ ਦਿੱਤੀ ਗਈਆਂ, ਏਨਾ ਲਹੂ ਬਹਾਉਣ ਕਾਰਨ ਇੱਥੋਂ ਦੀ ਮਹਾਰਾਣੀ ਸਦਾ ਦਸਤਾਨੇ ਪਾ ਕੇ ਰੱਖਦੀ ਹੈ, ਕਿਤੇ ਲੋਕ ਉਸ ਦੇ ਲਹੂ ਰੰਗੇ ਹੱਥ ਦੇਖ ਹੀ ਨਾ ਲੈਣ। ਉੱਥੇ ਇਹ ਵੀ ਪੜ੍ਹਾਇਆ ਜਾਵੇਗਾ ਕਿ ਭਗਤ ਸਿੰਘ ਤੇ ਊਧਮ ਸਿੰਘ ਸ਼ਹੀਦ ਸਨ ਨਾ ਕਿ ਅੱਤਵਾਦੀ।
ਪੰਜਾਬ ਦਾ ਇਤਿਹਾਸ ਇੰਝ ਲਿਖਿਆ ਹੋਵੇ ਕਿ 47 'ਚ ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣੇ ਸਨ, ਅਸਲ 'ਚ ਤਾਂ ਹਾਕਮ ਪੰਜਾਬੀਆਂ ਤੋਂ ਡਰਦੇ ਸਨ। ਜਿਨ੍ਹਾਂ ਪੰਜਾਬੀਆ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ ਉਸ ਦੇ ਇਨਾਮ 'ਚ ਦਸ ਲੱਖ ਪੰਜਾਬੀ ਵੱਢ ਕੇ ਉਨ੍ਹਾਂ ਦਾ ਖ਼ੂਨ ਵੰਡਿਆ ਗਿਆ। 84 ਚ ਵੀ ਹਾਕਮ ਦੀ ਹਉਮੈ ਸ਼ਾਂਤ ਕਰਨ ਲਈ ਪੂਰੀ ਇਕ ਪੀੜ੍ਹੀ ਦਾ ਅਣਮਨੁੱਖੀ ਘਾਣ ਕਰ ਦਿੱਤਾ। ਸਕੂਲ ਗਏ ਬੱਚੇ ਨੂੰ ਨਿਹੱਥੇ ਲੋਕਾਂ ਦੇ ਗਲ਼ਾਂ 'ਚ ਟਾਇਰ ਪਾ ਕੇ ਕਿਵੇਂ ਅੱਗਾਂ ਲਾਈਆਂ ਸਨ, ਪੜ੍ਹਾਇਆ ਜਾਵੇਗਾ ਤਾਂ ਬੱਚਾ ਵੱਡਾ ਹੋ ਕੇ ਜਦੋਂ ਕੁਝ ਬਣੇਗਾ ਤਾਂ ਉਸ ਨੂੰ ਇਨ੍ਹਾਂ ਕੁ ਗਿਆਨ ਤਾਂ ਹੋਵੇਗਾ ਕਿ ਸਹੀ ਕੀ ਸੀ ਤੇ ਗ਼ਲਤ ਕੀ ਹੈ। ਅਣਗਿਣਤ ਉਦਾਹਰਨਾਂ ਦਿੱਤੀ ਜਾ ਸਕਦੀਆਂ ਹਨ ਪਰ ਲੇਖ ਲੰਮਾ ਹੋ ਜਾਣਾ।
ਅੰਤ 'ਚ ਆਪ ਸਭ ਨੂੰ ਇਕ ਸਵਾਲ ਅਤੇ ਬੇਨਤੀ ਹੈ ਕਿ ਦੁਨੀਆ ਭਰ 'ਚ ਜੋ ਵਿਹਾਰ ਵੱਧ ਗਿਣਤੀ ਵਾਲੇ ਘੱਟ ਗਿਣਤੀਆਂ ਨਾਲ ਕਰਦੇ ਹਨ ਕੀ ਤੁਸੀਂ ਉਹ ਖ਼ੁਦ ਤੇ ਝੱਲ ਸਕਦੇ ਹੋ? ਜੇ ਇਸ ਦਾ ਜਵਾਬ 'ਨਹੀਂ' ਹੈ ਤਾਂ ਫੇਰ ਚੁੱਪ ਕਿਉਂ? ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਚੁੱਪ ਵੀ ਇਕ ਅਪਰਾਧ ਹੈ। ਸੋ ਹੁਣ ਵੇਲਾ ਹੈ ਆਪਣਾ ਪੱਖ ਰੱਖਣ ਦਾ। ਅਸੀਂ ਨਹੀਂ ਕਹਿੰਦੇ ਇਸ ਲਈ ਹਿੰਸਕ ਹੋ ਕੇ ਹੀ ਪੱਖ ਰੱਖੋ। ਅੱਜ ਤੁਹਾਡੇ ਹਰ ਦੇ ਕੋਲ ਆਪਣੇ ਵਿਚਾਰ ਰੱਖਣ ਲਈ ਤੇ ਰੋਸ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ ਹੈ। ਜੇ ਅਸੀਂ ਅੱਜ ਕਿਸੇ ਲਈ ਹਾਅ ਦਾ ਨਾਅਰਾ ਮਾਰਾਂਗੇ ਤਾਂ ਕਲ ਨੂੰ ਉਹ ਵੀ ਸਾਡੇ ਨਾਲ ਖੜ੍ਹਨਗੇ। ਸੋ ਆਓ ਜਾਰਜ ਦੀ ਇਸ ਕੁਰਬਾਨੀ ਨੂੰ ਅਜਾਈਂ ਨਾਂ ਜਾਣ ਦੇਈਏ ਤੇ ਹਿੱਕ ਠੋਕ ਕੇ ਕਹੀਏ ਅਸੀਂ ਬਾਬੇ ਨਾਨਕ ਦੇ ਵਾਰਿਸ ਹਾਂ ਤੇ ਉਨ੍ਹਾਂ ਦੇ ਸ਼ਬਦਾਂ ਤੇ ਪਹਿਰਾ ਦਿੰਦੇ ਹਾਂ ਕਿ;
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
-
ਮਿੰਟੂ ਬਰਾੜ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.