ਪੁਲਿਸ ਹਿਰਾਸਤ 'ਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਪਿੱਛੋਂ ਲਗਾਤਾਰ ਛੇ ਰਾਤਾਂ ਤੋਂ ਝੁਲਸ ਰਹੇ ਅਮਰੀਕਾ ਦੇ ਹਾਲਾਤ ਹੋਰ ਬੇਕਾਬੂ ਹੋ ਗਏ। ਭੰਨ-ਤੋੜ, ਹਿੰਸਾ ਅਤੇ ਅੱਗਜ਼ਨੀ ਨਾਲ ਸ਼ਹਿਰ ਦਹਿਲ ਗਏ ਹਨ। 40 ਸ਼ਹਿਰਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਹਿੰਸਾ ਦੀ ਅੱਗ 75 ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਹਿੰਸਕ ਭੀੜ ਨੇ ਅਮਰੀਕਾ ਦੇ ਰਾਸ਼ਟਰੀ ਝੰਡੇ ਨੂੰ ਵਾਈਟ ਹਾਊਸ ਨੇੜੇ ਅੱਗ ਲਗਾ ਦਿੱਤੀ। ਇੱਕ ਰਿਪੋਰਟ ਮੁਤਾਬਕ ਖੁਫ਼ੀਆ ਸਟਾਫ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਥਰਾਅ ਕਰ ਰਹੇ ਤੇ ਪੁਲਿਸ ਬੈਰੀਕੈਡਾਂ ਨੂੰ ਤੋੜ ਰਹੇ ਮੁਜ਼ਾਹਰਾ ਕਾਰੀਆਂ ਤੋਂ ਬਚਾਉਣ ਲਈ ਵਾਈਟ ਹਾਊਸ ਦੇ ਬੰਕਰ ਵਿੱਚ ਲੈ ਜਾਣਾ ਪਿਆ। ਟਰੰਪ ਲਗਭਗ ਇੱਕ ਘੰਟਾ ਬੰਕਰ ਵਿੱਚ ਰਹੇ। ਇਸ ਤੋਂ ਬਾਅਦ ਟਰੰਪ ਨੇ ਬੜ੍ਹਕਾਂ ਮਾਰੀਆਂ ਕਿ ਮੁਜ਼ਾਹਰਾਕਾਰੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਏਗਾ।
ਮੈਂ ਕੌਣ? ਮੈਂ ਸ਼ਹਿਨਸ਼ਾਹ। ਤੂੰ ਕੌਣ? ਮੈਂ ਆਮ ਆਦਮੀ। ਸ਼ਹਿਨਸ਼ਾਹ ਨੂੰ ਹੱਕ ਹੈ ਲੋਕਾਂ ਨੂੰ ਮਾਰਨ ਦਾ! ਸ਼ਹਿਨਸ਼ਾਹ ਨੂੰ ਹੱਕ ਹੈ ਲੋਕਾਂ ਨੂੰ ਧਮਕੀਆਂ ਦੇਣ ਦਾ। ਸ਼ਹਿਨਸ਼ਾਹ ਨੂੰ ਹੱਕ ਹੈ ਜੋ ਮੂੰਹ ਆਵੇ ਸੋ ਬੋਲਣ ਦਾ! ਪਰ ਭਾਈ ਲੋਕਾਂ ਨੂੰ ਆਪਣੀ ਰੱਖਿਆ ਕਰਨ ਦਾ ਹੱਕ ਹੈ ਕਿ ਨਹੀਂ?
ਮੈਂ ਕੌਣ? ਮੈਂ ਆਮ ਆਦਮੀ! ਤੂੰ ਕੌਣ? ਮੈਂ ਸ਼ਹਿਨਸ਼ਾਹ। ਸ਼ਹਿਨਸ਼ਾਹ ਅਮੀਰ ਹੁੰਦਾ ਹੈ, ਹੈ ਕਿ ਨਾ? ਸ਼ਹਿਨਸ਼ਾਹ ਡਰੂ ਹੁੰਦਾ ਹੈ, ਹੈ ਕਿ ਨਾ? ਆਮ ਆਦਮੀ ਮਲੰਗ ਹੁੰਦਾ ਹੈ, ਹੈ ਕਿ ਨਾ? ਆਮ ਆਦਮੀ ਅੰਦਰੋਂ ਡਰੋਂ ਮੁਕਤ ਹੁੰਦਾ ਹੈ, ਹੈ ਕਿ ਨਾ? ਤਦੇ ਭਾਈ ਸਹਿਨਸ਼ਾਹ ਉਦੋਂ ਘੁਰਨਾ ਲੱਭਦਾ ਹੈ ਜਦੋਂ ਆਮ ਆਦਮੀ ਮੈਦਾਨੇ ਨਿੱਤਰ ਆਉਂਦਾ ਹੈ। ਹੈ ਕਿ ਨਾ?
ਵਾਹ ਸਰਕਾਰੇ, ਤੇਰੇ ਕੰਮ ਨਿਆਰੇ।
ਖ਼ਬਰ ਹੈ ਕਿ ਕੋਰੋਨਾ ਵਾਇਰਸ ਅਤੇ ਸੂਬੇ ਵਿੱਚ ਲੰਬੇ ਸਮੇਂ ਤੋਂ ਲਗਾਏ ਲੌਕਡਾਊਨ ਕਾਰਨ ਭਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ ਦੌਰਾਨ ਮੁੱਖ ਮੰਤਰੀ ਪੰਜਾਬ ਨੇ 4 ਜੂਨ ਤੋਂ ਸ਼ਰਾਬ ਉਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਵਿੱਤੀ ਵਰ੍ਹੇ 'ਚ 145 ਕਰੋੜ ਦਾ ਵਾਧੂ ਮਾਲੀਆ ਇਕੱਠਾ ਹੋਏਗਾ। ਉਧਰ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਨੇ 25 ਪੈਸੇ ਪ੍ਰਤੀ ਯੂਨਿਟ ਤੋਂ ਲੈਕੇ 50 ਪੈਸੇ ਪ੍ਰਤੀ ਯੂਨਿਟ ਤੱਕ ਬਿਜਲੀ ਦੇ ਛੋਟੇ ਖੱਪਤਕਾਰਾਂ ਨੂੰ ਬਿਜਲੀ ਦਰਾਂ 'ਚ ਰਾਹਤ ਦਿੱਤੀ ਹੈ। ਪਰ ਸਥਾਈ ਖ਼ਰਚਿਆਂ 'ਚ ਵਾਧਾ ਕਰ ਦਿੱਤਾ ਹੈ।
ਪੰਜਾਬ 'ਚ ਪੰਜ ਨਦੀਆਂ ਵੱਗਦੀਆਂ ਵੱਗਦੀਆਂ ਢਾਈ ਨਦੀਆਂ ਰਹਿ ਗਈਆਂ। ਇਹਨਾ ਢਾਈ ਨਦੀਆਂ ਦੇ ਥਾਂ ਸ਼ਰਾਬ, ਭੰਗ, ਚਰਸ, ਅਫੀਮ, ਸਮੈਕ ਦੀਆਂ ਨਦੀਆਂ ਬਹਿ ਤੁਰੀਆਂ। ਜਿਹੜਾ ਆਉਂਦਾ ਡੋਬਾ ਲਾਉਂਦਾ ਗਿਆ, ਮਸਤੀਆਂ ਕਰਦਾ ਗਿਆ। ਨਸ਼ਿਆਂ 'ਚ ਡੁੱਬਦਾ ਰਿਹਾ ਤੇ ਅਣਖੀ ਪੰਜਾਬੀ, ਜੀ ਹਜ਼ੂਰੀਆਂ ਪੰਜਾਬੀ ਬਣਦਾ ਰਿਹਾ। ਤੇ ਕਸਰ ਸਰਕਾਰ ਕਾਹਨੂੰ ਛੱਡਦੀ, ਰਾਜ ਪ੍ਰਬੰਧ ਚਲਾਉਣ ਲਈ, ਪੈਸੇ ਕੱਠੇ ਕਰਨ ਲਈ, ਪਿੰਡਾਂ ਦੇ ਪਿੰਡ ਸ਼ਰਾਬ ਦੇ ਠੇਕੇ ਖੋਲਤੇ, ਸ਼ਰਾਬੀ ਨਿਹਾਲ ਕਰ ਤੇ। ਸ਼ਰਾਬ ਨੂੰ ਨਸ਼ਿਆਂ ਦੀ ਲਿਸਟ 'ਚੋਂ ਬਾਹਰ ਕੱਢ ਤਾ। ਕੋਰੋਨਾ ਆਇਆ, ਲੋਕਾਂ ਲਈ ਆਫ਼ਤ ਤੇ ਸਰਕਾਰ ਲਈ ਰਾਹਤ ਲੈਕੇ ਆਇਆ। ਤਦੇ ਸ਼ਰਾਬ ਤੇ ਕੋਵਿਡ ਟੈਕਸ ਵਧਾਇਆ।
ਵਾਹ ਸਰਕਾਰੇ ਤੇਰੇ ਕੰਮ ਪਿਆਰੇ! ਲੋਕਾਂ ਨਾਲੋਂ ਵੱਧ ਤੈਨੂੰ ਸ਼ਰਾਬੀ ਨੇ ਪਿਆਰੇ!
ਆਪੋ-ਆਪਣੀ ਸਮਝ ਆ ਭਾਈ।
ਖ਼ਬਰ ਹੈ ਕਿ ਅਸਟਰੇਲੀਆ ਸਰਕਾਰ ਹਰ ਗਰੀਬ ਨੂੰ 7.5 ਲੱਖ ਰੁਪਏ ਦੇ ਰਹੀ ਹੈ। ਅਸਟਰੇਲੀਆ ਸਰਕਾਰ ਨੇ ਕੋਰੋਨਾ ਆਫ਼ਤ ਸਮੇਂ ਗਰੀਬ ਲੋਕਾਂ ਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਔਨਲਾਈਨ ਰਕਮ ਗਰੀਬਾਂ ਦੇ ਖ਼ਾਤਿਆਂ 'ਚ ਪਾਉਣ ਦੀ ਸਕੀਮ ਚਾਲੂ ਕੀਤੀ ਸੀ। ਪਰ ਧੋਖਾਧੜੀ ਕਰਨ ਵਾਲਿਆਂ ਨੇ ਜਾਅਲੀ ਪਹਿਚਾਣ ਬਣਾਕੇ ਪੈਸੇ ਚੁਰਾਉਣੇ ਸ਼ੁਰੂ ਕਰ ਦਿੱਤੇ। 150 ਲੋਕਾਂ ਦੇ ਖ਼ਾਤਿਆਂ ਵਿੱਚੋਂ ਧੋਖੇਬਾਜਾਂ ਨੇ 11.50 ਕਰੋੜ ਰੁਪਏ ਚੋਰੀ ਕਰ ਲਏ ਹਨ।
ਅਸਟਰੇਲੀਆ ਸਰਕਾਰ ਨੇ ਕੋਰੋਨਾ ਆਫ਼ਤਾਂ ਨਾਲ ਪੀੜਤਾਂ ਦੇ ਖਾਤੇ 7.5 ਲੱਖ ਪਾ ਦਿਤੇ ਆ ਤਾਂ ਕੀ ਲੋਹੜਾ ਹੋ ਗਿਆ। ਆਹ ਆਪਣੇ ਮੋਦੀ ਜੀ ਨੇ 500 ਰੁਪਏ ਪਾ ਤੇ ਗਰੀਬਾਂ ਦੇ ਔਨਲਾਈਨ ਖ਼ਾਤਿਆਂ 'ਚ। ਲੂਣ, ਤੇਲ, ਹਲਦੀ, ਆਟਾ, ਦਾਲ, ਕਣਕ, ਚਾਵਲ ਖਾਣ ਲਈ ਨਹੀਂ ਸੁਆਦ ਚੱਖਣ ਲਈ ਤਾਂ ਕਿ ਲੋਕ ਇਸਦੀ ਭਾਫ ਲੈ ਸਕਣ, ਇਸਦਾ ਸੁਆਦ ਸੁੰਘ ਸਕਣ। ਬਾਕੀ ਭਾਈ ਭਾਰਤੀ ਲੋਕਾਂ ਦੇ ਖਾਤੇ ਤਾਂ ਛੇ ਸਾਲ ਪਹਿਲਾਂ ਦੇ ਹੀ ਪੰਦਰਾਂ-ਪੰਦਰਾਂ ਲੱਖ ਨਾਲ ਮੋਦੀ ਜੀ ਨੇ ਭਰੇ ਪਏ ਆ, ਹੋਰ ਕੀ ਕਰਨੇ ਆ। ਭਾਈ ਕੋਈ ਨਾ ਲੈਂਦਾ ਭੁਲੇ ਨਾ ਦਿੰਦਾ ਭੁਲੇ। ਤੇ ਧੋਖਾਧੜੀ ਕਰਨ ਵਾਲਿਆਂ 500ਰੁਪਏ ਤੇ ਕਾਹਦੀ ਧੋਖਾਧੜੀ ਕਰਨੀ ਆ। 7.5 ਲੱਖ ਕਢਾਉਂਦੇ ਤਾਂ ਕੁਝ ਬਣੂ। ਬਾਕੀ ਭਾਈ ਅਸਟਰੇਲੀਆ ਵਾਲੇ ਹਾਕਮਾਂ ਤੇ ਇੰਡੀਆ ਵਾਲੇ ਹਾਕਮਾਂ ਦੀ ਆਪੋ-ਆਪਣੀ ਸਮਝ ਆ ਭਾਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਮਈ 2020 ਤੱਕ ਦੇਸ਼ ਦੀ ਕੁਲ ਅਬਾਦੀ ਵਿਚੋਂ 125 ਕਰੋੜ 76 ਲੱਖ ਲੋਕਾਂ ਕੋਲ ਆਧਾਰ ਕਾਰਡ ਹੈ। ਆਧਾਰ ਦੀ ਸਥਾਪਨਾ ਫਰਵਰੀ 2009 ਵਿੱਚ ਕੀਤੀ ਗਈ ਸੀ ਅਤੇ ਦੇਸ਼ ਦੀ ਮਰਦਮਸ਼ੁਮਾਰੀ 2011 ਵਿੱਚ 10 ਕਰੋੜ ਲੋਕਾਂ ਕੋਲ ਆਧਾਰ ਹੈ।
ਇੱਕ ਵਿਚਾਰ
ਤਾਕਤ ਦੀ ਕਮੀ ਵਿੱਚ ਵਿਸ਼ਵਾਸ਼ ਫ਼ਜ਼ੂਲ ਹੈ। ਯਕੀਨ ਅਤੇ ਤਾਕਤ, ਦੋਨੋਂ ਮਿਲਾਕੇ, ਮਹਾਨ ਕੰਮ ਪੂਰਾ ਕਰਨ ਲਈ ਜ਼ਰੂਰੀ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.