ਚਿੱਠੀਆਂ ਤੋਂ ਚਲਦੇ ਫੋਨਾਂ ਉਤੇ ਆਏ। ਮੋਬਾਈਲ ਫੋਨ ਤੇ ਫਿਰ ਵੈਟਸ ਐਪ ਕਾਲਾਂ ਤੇ ਹੁਣ ਮੈਸਿਜ। ਮੈਸਿਜ ਵੀ ਲੰਗੜੇ ਹੋਣ ਲੱਗੇ ਨੇ, ਜਿਵੇਂ ਸਤਿ ਸ੍ਰੀ ਅਕਾਲ ਜੀ ਨੂੰ ਸ ਸ ਅ ਧੰਨਵਾਦ ਨੂੰ ਧੰਨਵਾਦ ਨੈੰ ਟੈਕਸ, ਓਕੇ ਨੂੰ ਕੇ।ਥਟੇਕ ਕੇਅਰ ਨੂੰ ਟੀਸੀ ,ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਨੇ, ਲੰਮੇ ਝਮੇਲੇ ਵਿਚ ਨਾ ਪਵਾਂ। ਆਪਣੇ ਅੰਦਰ ਝਾਤੀ ਮਾਰੀ ਤੇ ਪੁੱਛਿਆ ਕਿ ਤੂੰ ਵੀ ਤੇ ਸੰਖੇਪਤਾ ਵਿਚ ਆ ਗਿਆ ਏਂ? ਜਾਂ ਕਾਹਲ ਬਣ ਗਈ ਏ ? ਜੁਆਬ ਕੋਈ ਨਹੀਂ ਮਿਲਿਆ। ਅੱਗੇ ਕੀ ਹੋਰ ਲੰਗੜੇ ਹੋਣਗੇ ਸ਼ਬਦ ? ਸਾਡੀਆਂ ਭਾਵਨਾਵਾਂ, ਜੋ ਅਸੀਂ ਇਨਾ ਸ਼ਬਦਾਂ ਰਾਹੀਂ ਬਿਆਨਦੇ ਜਾਂ ਪੇਸ਼ ਕਰਦੇ ਹਾਂ ਕੀ ਸੁੰਗੜ ਸੁਕੜ ਜਾਣਗੀਆਂ ? ਇਹੋ ਜਿਹੀ ਚੁੱਪ ਚੁਪੀਤੀ ਸੰਖੇਪਤਾ ਕਿਹੋ ਜਿਹੇ ਦਿਨ ਲਿਆਵੇਗੀ! ਇਉਂ ਕਰਦੇ ਕਰਦੇ ਅਸੀਂ ਇਕ ਦਿਨ ਗੂੰਗੇ ਤਾਂ ਨਹੀਂ ਹੋ ਜਾਵਾਂਗੇ? ਅੱਗੇ ਹੋਰ ਹੋਰ ਕੀ ਹੋਵੇਗਾ?
(24 ਦਸੰਬਰ,2019 ਦੀ ਆਥਣ)
ਕਿਸੇ ਕੋਲ ਵਕਤ ਨਹੀ ਇਸ ਵਕਤ! ਵਕਤ ਵਕਤ ਕੀ ਬਾਤ ਹੈ ਭਾਈ! ਹਾਂ, ਇਹ ਸੱਚ ਹੈ ਕਿ ਵਕਤ ਭੱਜ ਰਿਹੈ ਸਰਪਟ ਕੋਤਲ ਘੋੜੇ ਵਾਂਗਰ! ਕਿਸੇ ਹੱਥ ਵਾਗ ਨਹੀ ਹੈ ਵਕਤ ਦੀ, ਵਕਤ ਹੱਥ ਹੈ ਆਪਣੀ ਵਾਗ। ਮੈਂ ਵਕਤ ਨਾਲ ਗੱਲ ਕਰਨੀ ਚਾਹੀ,ਤਾਂ ਓਸ ਆਖਿਆ -ਚੁੱਪ ਕਰ ਰਹਿ, ਮੇਰੇ ਕੋਲ ਵਕਤ ਨਹੀਂ ਤੇਰੇ ਨਾਲ ਗੱਲ ਕਰਨ ਦਾ ਪਰ ਮੈਂ ਵਕਤ ਆਂ,ਮੇਰੀ ਵੁੱਕਤ ਜਾਣੋ ਜਣਨੀ ਜਣਿਓਂ। ਵਕਤੋ ਵਕਤੀ ਹੋਇਆ ਵਕਤ,ਵਕਤ ਨਾਲ ਅਗਾਂਹ ਲੰਘ ਗਿਐ ਘੂਰੀਆਂ ਵਟਦਾ ਹੋਇਆ ਮੈਨੂੰ। ਮੈਂ ਹਾਲੋਂ ਬੇਹਾਲ। ਨੀਂਦਰ ਢੂੰਡਾਂ ਵਕਤ ਦੇ ਨਾਲ !!
(9:32, ਰਾਤ, 2 ਦਸੰਬਰ 2019)
ਲਾਲ ਹਨੇਰੀ ਕਮਬਖਤ! ਆਥਣ ਘੇਰੀ। ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ ਭੱਜਿਆ। ਬੱਦਲ ਗੱਜਿਆ। ਟਟੀਰੀ ਕੁਰਲਾਵੇ। ਟੁੱਟੀ ਸੜਕ ਉਤੇ ਲਿਫ ਲਿਫ ਜਾਂਦੇ ਸਫੈਦਿਆਂ ਦੀ ਸਾਂ ਸਾਂ ਸਹਿਮ ਪਈ ਪਾਵੇ।
ਕਿਣ ਮਿਣ ਕਿਣ ਮਿਣ। ਮੋਟੀਆਂ ਕਣੀਆਂ। ਧੂੜ ਜਮਾਈ। ਸਾਲਾਂ ਪਿਛੋਂ ਸਤਰੰਗੀ ਪੀਂਘ ਨੇ ਅਲਖ ਜਗਾਈ। ਹਰ ਕੋਈ ਇਕ ਦੂਜੇ ਨੂੰ ਆਖੇ, ਲੌਕ ਡਾਊਨ ਨੇ ਵਾਤਾਵਰਣ ਧੋਤਾ, ਤਦੇ ਹੀ ਏਹ ਪੀਂਘ ਦਿਸੀ ਹੈ। ਕਰੋਨਾ ਦੇ ਮਾੜੇ ਚੰਗੇ ਪੱਖਾਂ ਦੇ ਘਾਟੇ ਵਾਧੇ ਗਿਣਾਉਂਦੇ, ਮੂੰਹਾਂ ਉਤੇ ਕੱਪੜੇ ਲਪੇਟੀ ਬੰਦੇ, ਗਲੀਆਂ 'ਚ ਖਲੋ ਕਨਸੋਆਂ ਲੈਂਦੇ ਵੰਨ ਸੁਵੰਨੀਆਂ। ਪੁਲੀਸ ਦੀ ਗੱਡੀ ਦੇ ਹੂਟਰ ਤੋਂ ਡਰਦੇ,ਅਣ ਮੰਨਿਆਂ ਹੁੰਗਾਰਾ ਜਿਹਾ ਭਰਦੇ। ਮੌਸਮ ਸਾਫ ਹੋਣ ਦੇ ਕਿਆਫੇ ਲਾਉਂਦੇ। ਗੁਰੂ ਘਰ ਬਾਬੇ ਰਹਿਰਾਸ ਦਾ ਪਾਠ ਹੈ ਛੋਹਿਆ। ਨਿੰਬੂ ਦੇ ਬੂਟੇ ਲਾਗੇ ਚਿੜੀ ਚੀਕਦੀ,ਬੋਟ ਭਾਲਦੀ! ਕਿਹੋ ਜਿਹੇ ਦਿਨ ਹਨ। ਸਮਝੋਂ ਬਾਹਰੇ। ਕੁਦਰਤੇ ਤੇਰੇ ਵਾਰੇ ਨਿਆਰੇ!
( 6 ਮਈ 2020 ਆਥਣੇ)
ਝੁੱਗੀਆਂ 'ਚੋਂ ਲੰਗਰ ਲੈਣ ਆਈਆਂ,ਭੁਖੀਆਂ ਬਾਲੜੀਆਂ ਨੂੰ ਉਨਾਂ ਹੱਥੀਂ ਫੜੀਆਂ ਥਾਲੀਆਂ ਨੇ ਪੁੱਛਿਆ-ਕੱਲ ਵੀ ਆਪਾਂ ਮੁੜੀਆਂ ਸਾਂ,ਲਗਦੈ ਕਿ ਅੱਜ ਵੀ ਖਾਲੀ ਮੁੜਨਾ ਪੈਣਾ। ਦਸੋ,ਕਦ ਲੰਗਰ ਮਿਲੂ ਥੋਨੂੰ? ਥਾਲੀਆਂ ਬਾਹਲੀਆਂ ਕਾਹਲੀਆਂ,ਨੰਨੀਆਂ ਨਿਆਣੀਆਂ ਵਾਂਗਰ ਭੁਖ ਨੇ ਸਤਾਈਆਂ। ਲੰਗਰ ਵਰਤਾਉਂਦੇ ਪਤਵੰਤਿਆਂ ਵੱਲ ਝਾਕਦੀਆਂ,ਨੰਗੇ ਪੈਰੀਂ ਖਲੋਤੀਆਂ ਕੁੜੀਆਂ ਕੁਸਕੀਆਂ-ਥਾਲੀਓ,ਸੱਚ ਆਖੀਏ ਤਾਂ ਸਾਨੂੰ ਲੰਗਰ ਉਦੋਂ ਮਿਲੂਗਾ,ਜਦ ਸਾਡੇ ਮੰਮੀ ਪਾਪਾ ਦੀ ਵੋਟ ਬਣੂੰਗੀ। ਚਲੋ ਚਲੋ,ਝੁਗੀਆਂ ਨੂੰ ਚੱਲੀਏ,ਕਿਸੇ ਹੋਰ ਦਾ ਹੋਕਾ ਉਡੀਕੀਏ,ਲੰਗਰ ਲੈ ਲੋ ਲੰਗਰ,ਭੁਖੇ ਢਿਡ ਕੋਈ ਨਾ ਸੌਵੇਂ।
(ਮੇਰਾ ਮੁਲਕ ਮਹਾਨ) 18-4-2020
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.