ਤਿੰਨ ਕੁ ਵਰੇ ਪਹਿਲਾਂ ਮੈਂ ਪੰਜਾਬ ਗਿਆ ਤਾਂ
ਆਥਣੇ ਪੰਜ ਕੁ ਵਜੇ ਨੂੰ ਪਿੰਡ ਮੁੜਨ ਲੱਗੇ ਤਾਂ ਨਾਲ ਪਿੰਡ ਤੋਂ ਮੁੰਡਾ ਪ੍ਰਿੰਸ ਸੀ ਮੈਂ ਪ੍ਰਿੰਸ ਨੂੰ ਕਿਹਾ ਯਾਰ ਕਰਮਚੰਦ ਦਿਉਂ ਮੱਛੀ ਖਾ ਕੇ ਚਲਦੇ ਆਂ।
ਦੁਸਿਹਰਾ ਰੋਡ ਤੇ ਆ ਕਰਮਚੰਦ ਦੀ ਮੱਛੀ ਦੀ ਦੁਕਾਨ।ਮਲੀ ਮੱਛੀ ਦੇ ਪਕੋੜੇ ਕਿਆ ਕਮਾਲ ਬਣਾਉਂਦਾ। ਬਛੂਆ ਮੱਛੀ ਹੋਲ ਪੀਸ ਖਾ ਕੇ ਵੇਖਿਓ।
ਜਦੋਂ ਅਸੀਂ ਕਾਰ ਰੋਕੀ ਕਰਮਚੰਦ ਦੀ ਦੁਕਾਨ ਮੂਹਰੇ ਕਾਰ ਚੋਂ ਨਿਕਲਦੇ ਦਾ ਧਿਆਨ ਬਿਲਕੁਲ ਸਾਹਮਣੇ ਧਿਆਨ ਇੱਕ ਘਰ ਤੇ ਪਿਆ।
'ਪ੍ਰੋਫ਼ੈਸਰ ਸਰੋਜ਼ ਸੂਦ'
ਗੇਟ ਤੇ ਪ੍ਰੋਫੈਸਰ ਮੈਡਮ ਸਰੋਜ਼ ਸੂਦ ਦੀ ਨਾਮ ਦੀ ਪਲੇਟ ਲੱਗੀ ਹੋਈ ਸੀ।
ਪ੍ਰੋਫ਼ੈਸਰ ਮੈਡਮ ਸਰੋਜ਼ ਸੂਦ ਡੀ ਐਮ ਕਾਲਜ਼ ਮੇਰੇ ਅੰਗਰੇਜ਼ੀ ਦੇ ਪਰੋਫੈਸਰ ਹੁਂਦੇ ਸਨ।
ਵੜੀ ਫਲੂਇੰਟ ਅੰਗਰੇਜ਼ੀ ਸੀ ਓਹਨਾ ਦੀ।
ਮੈਡਮ ਸਰੋਜ਼ ਸੂਦ, ਮੈਡਮ ਡਾਕਟਰ ਵਰਿੰਦਰ ਕੋਰ ਤੇ ਮੈਡਮ ਪੰਨੂੰ ਏਹਨਾਂ ਦੀ ਤਿੱਕੜੀ ਹੁੰਦੀ ਸੀ।
ਮੈਡਮ ਡਾਕਟਰ ਵਰਿੰਦਰ ਕੌਰ ਮੋਗੇ ਰਹਿੰਦੇ ਨੇ ਤੇ ਮੈਡਮ ਪੰਨੂੰ ਵੈਨਕੂਵਰ ਆਵਦੇ ਜੁਆਕਾਂ ਕੋਲ਼ ਰਹਿੰਦੇ ਨੇ। ਮੇਰੀ ਖੁਸ਼ਕਿਸਮਤੀ ਰਹੀ ਆ ਕੇ ਜਿੰਨੇ ਵੀ ਮੇਰੇ ਪ੍ਰੋਫ਼ੈਸਰ ਰਹੇ ਆ ਤਕਰੀਬਨ ਮੇਰੇ ਤੋਂ ਛੇ ਤੋਂ ਲੈ ਕੇ ਦਸ ਕੁ ਸਾਲ ਈ ਵੱਢੇ ਹੋਣਗੇ।
ਏਸ ਤਰ੍ਹਾਂ ਲਗਦਾ ਹੁੰਦਾ ਸੀ ਕੇ ਕੋਈ ਪ੍ਰੋਫੈਸਰ ਨਹੀਂ ਕੋਈ ਵੱਡਾ ਭੈਣ ਭਰਾ ਈ ਭੜਾ ਰਿਹਾ।
ਇੱਕ ਵਾਰੀ ਪਲੱਸ ਟੂ ਚ ਪੜਦੇ ਚ ਕੋਈ 64 65 ਸਾਲ ਦਾ ਪ੍ਰੋਫ਼ੈਸਰ ਆ ਗਿਆ।
ਬੱਚਿਓ ਆਹ ਥੋਡੇ ਪ੍ਰੋਫ਼ੈਸਰ ਨੇ ਫਲਾਨੇ ਵਿਛੇ ਦੇ
ਕੱਲ੍ਹ ਤੋਂ ਏਹ ਤੁਹਾਡਾ ਪੀਰੀਅਡ ਲਾਉਣਗੇ।
ਪ੍ਰਿੰਸੀਪਲ ਨੇ ਚਲਦੀ ਕਲਾਸ ਰੋਕ ਕੇ ਪ੍ਰੋਫ਼ੈਸਰ ਦੀ ਜਾਣ ਪਛਾਣ ਕਰਵਾਈ ਸੀ।
ਕਲਾਸ ਖ਼ਤਮ ਹੋਈ ਤੋਂ ਅਸੀਂ ਲਾਅਨ ਚ ਮਖ਼ਮਲੀ ਘਾਹ ਤੇ ਆ ਕੇ ਬਹਿ ਗਏ ਸੀ।
ਏਹਨੇ ਬੁੜ੍ਹੇ ਜਿਹੇ ਨੇ ਕੀ ਭੜਾਉਣਾ ਯਾਰ।
ਖੋਟਿਆਂ ਵਾਲੇ ਨਵਦੀਪ ਨੇ ਮੈਨੂੰ ਕਿਹਾ ਸੀ,
ਜਿਵੇਂ ਤਾਂਗੇ ਤੇ ਘੋੜਾ ਜੋੜਿਆ ਹੁੰਦਾ ਆਏਂ ਤਾਂ ਏਹ ਤੁਰਦਾ ਸੀ। ਨਵਦੀਪ ਖੋਟਿਆਂ ਵਾਲਾ ਦੂਹਰ ਲਾ ਗਿਆ ਸੀ।
ਮੈਂ ਗਲਾਸ ਚੋਂ ਪਾਣੀਂ ਪੀ ਰਿਹਾ ਸੀ ਪਾਣੀ ਦੀਆਂ ਘੁੱਟਾਂ ਮੇਰੇ ਮੂੰਹ ਵਿੱਚ ਸਨ।
ਜਦੋਂ ਓਹਨੇ ਕਿਹਾ ਨਾਂ ਕਿ ਤੁਰਦਾ ਤਾਂ ਏਹ ਆਏਂ ਆ ਜਿਵੇਂ ਤਾਂਗੇ ਤੇ ਘੋੜਾ ਜੋੜਿਆ ਹੁੰਦਾ,
ਫੂਆ ਕਰਕੇ ਪਾਣੀ ਮੇਰੇ ਮੂੰਹ ਵਿੱਚੋਂ ਘਾਹ ਤੇ ਡੁੱਲਿਆ ਸੀ , ਮੇਰਾ ਹਾਸਾ ਨੀਂ ਰੁੱਕ ਰਿਹਾ ਸੀ।
ਹਾਸਾ ਰੋਕ ਓਹਨੂੰ ਮੈਂ ਕਿਹਾ ਸੀ,
ਚੁੱਪ ਕਰ ਓਏ ਕੰਜਰਾ ਅਪਣੇ ਪ੍ਰੋਫ਼ੈਸਰ ਨੇ ,
ਇੱਜ਼ਤ ਕਰੀ ਦੀ ਹੁੰਦੀ ਆ ਵੱਡਿਆਂ ਦੀ।
ਯਾਰ ਬਲਰਾਜ ਵੱਡਿਆਂ ਦੀ ਇੱਜ਼ਤ ਜ਼ਰੂਰ ਕਰੀ ਦੀ ਹੁੰਦੀ ਆ, ਪਰ ਕਈ ਵੱਡੇ ਇਜ਼ਤ ਕਰਾਉਂਣ ਦੇ ਕਾਬਲ ਨਹੀਂ ਹੁੰਦੇ । ਮੈਨੂੰ ਤਾਂ ਏਹ ਪ੍ਰੋਫ਼ੈਸਰ ਮੇਰੇ ਦਾਦੇ ਵਰਗਾ ਈ ਲਗਦਾ, ਇੰਨ ਬਿੰਨ ਓਹਦੇ ਵਰਗੀ ਸ਼ਕਲ ਤੇ ਉਮਰ ਵੀ ਮੇਰੇ ਦਾਦੇ ਕੁ ਜਿੰਨੀ ਆ।
ਮੇਰਾ ਦਾਦਾ ਵੀ ਆਵਦੀਆਂ ਨੂੰਹਾਂ ਜਾਣੀਂ ਮੇਰੀ ਮਾਂ ਤੇ ਚਾਚੀਆਂ ਤੋਂ ਤੇ ਆਵਦੇ ਪੋਤਰੇ, ਪੋਤਰੀਆਂ ਤੋਂ ਇੱਜ਼ਤ ਕਰਵਾਉਂਣ ਦੇ ਬਿੱਲਕੁਲ ਕਾਬਲ ਨਹੀਂ।
ਸਾਰੀ ਦਿਹਾੜੀ ਦਾਲ, ਸਬਜ਼ੀ ਚ ਨੂਣ ਪਰਖ਼ੀ ਜਾਊ, ਕਿਤੇ ਕਹੂਗਾ ਮੈਨੂੰ ਟਾਇਮ ਸਿਰ ਚਾਹ ਨੀਂ ਦਿੰਦੀਆਂ ਨੂੰਹਾਂ, ਕਦੇ ਕਹੂਗਾ ਕੇ ਮੈਨੂੰ ਨਹਾਉਣ ਨੂੰ ਸਵੇਰੇ ਸਵੇਰੇ ਪਾਣੀ ਨੀ ਤੱਤਾ ਕਰ ਕੇ ਦਿੰਦੀਆਂ,
ਵਈ ਪੁੱਛਣ ਵਾਲਾ ਹੋਵੇ ਵਈ ਐਡੀ ਸੰਦੇਹਾਂ ਨਹਾ ਕੇ ਤੂੰ ਮੁਕਲਾਵਾ ਲੈਣ ਜਾਣਾ।
ਜਦੋਂ ਓਹਨੇ ਕਿਹਾ ਕੇ ਨਹਾਂ ਕੇ ਤੂਂ ਮੁਕਲਾਵਾ ਲੈਣ ਜਾਣਾ ਮੈਂ ਵੱਖੀਂਆਂ ਫ਼ੜ ਹੱਸਦਾ ਹੱਸਦਾ ਘਾਹ ਤੇ ਲਿਟਣ ਲੱਗ ਗਿਆ ਸੀ।ਆਵਦੇ ਦਾਦੇ ਤੇ ਅੱਕਿਆ ਨਵਦੀਪ ਓਹਦੇ ਤੇ ਛਿੱਕੇ ਤੇ ਛਿੱਕਾ ਲਾ ਰਿਹਾ ਸੀ।
ਦਾਦੀ ਵਿਚਾਰੀ ਮੇਰੀ ਸੰਤ ਸੁਭਾਅ ਦੀ ਔਰਤ ਆ
ਮੇਰੀ ਮਾਂ ਤੇ ਚਾਚੀਆਂ ਨੇ ਤਾਂ ਕੀ ਬੋਲਣਾ ਆਵਦੇ ਸਾਹੂਰੇ ਮੂਹਰੇ ,ਅੱਕੀ ਮੇਰੀ ਦਾਦੀ ਤੋਂ ਹਜਾ ਲਹਾਉਦਾਂ ਫੇਰ ਓਹ ਕਹੂਗੀ ,
ਨੀਂ ਏਹਦਾ ਤਾਂ ਸੁਭਾਅ ਈ ਐਹੋ ਜਿਹਾ ,ਪਹਿਲੇ ਦਿਨੋਂ ਈ।
ਪਤਾ ਨਹੀਂ ਕੀ ਭੂੰਡਾਂ ਦੀ ਖੱਖਰ ਖਾ ਕੇ ਜੰਮਿਆ ਮੇਰੀ ਸੱਸ ਨੇ ਏਹ।
ਤੂਂ ਬਹਿਨਾ ਕੇ ਨਹੀਂ ਰਾਮ ਨਾਲ਼ ਟਾਇਮ ਨਾਲ ਚਾਹ ਨਹੀਂ ਦਿੰਦੀਆਂ ਏਹਨੂੰ ਵੱਡੇ ਰਾਜੇ ਰਣਜੀਤ ਸਿਉਂ ਨੂੰ।ਹਜਾ ਲੁਹਾ ਕੇ ਦਾਦੀ ਤੋਂ ਫ਼ੇਰ ਚੁੱਪ ਕਰ ਕੇ ਖੇਸ ਲੈ ਕੇ ਪੈਜੂਗਾ। ਅਗਲੇ ਦਿਨ ਫੇਰ ਓਹਦਾ ਓਹੀ ਕੁੱਤ ਸਿਆਪਾ।
ਪਿੰਡ ਦਿਆਂ ਨੇ ਸਾਡਾ ਨਾਂ ਈ ਵੱਡ ਖਾਣਿਆਂ ਕੇ ਰੱਖਿਆ ਹੋਇਆ ਓਹਦੇ ਕਰਕੇ।
ਮੈਂ ਵੀ ਜੇ ਸੋ ਰੁਪਇਆ ਮੰਗਾਂ ਮਸਾ ਰੋ ਪਿੱਟ ਕੇ ਵੀਹ ਰੂਪਏ ਦੇਉ ਰੋ ਪਿੱਟ ਕੇ।
ਆਵਦੇ ਦਾਦੇ ਤੋਂ ਖਿਝਿਆ ਨਵਦੀਪ ਖੋਟਿਆਂ ਵਾਲਾ ਐਵੇਂ ਈ ਬਿਨਾਂ ਪ੍ਰੋਫ਼ੈਸਰ ਦਾਸੁਭਾਅ ਜਾਂਣੇ ਓਹਦੇ ਤੇ ਤਵਾ ਲਾ ਗਿਆ ਸੀ।
ਸਾਰੀਆਂ ਕਲਾਸਾਂ ਵਾਲੇ ਮੁੰਡੇ ਕੁੜੀਆਂ ਨੇ ਪ੍ਰੋਫ਼ੈਸਰਾਂ ਦੇ ਨਾਂ ਰੱਖੇ ਹੁੰਦੇ ਆ ।
ਪ੍ਰੋਫ਼ੈਸਰਾਂ ਨੂੰ ਵੀ ਪਤਾ ਹੁੰਦਾ ਕਿ ਜਵਾਕ ਸਾਡੇ ਨਾਂ ਰੱਖਦੇ ਆ ਪਰ ਓਹਨਾ ਨੂੰ ਏਹ ਨਹੀਂ ਪਤਾ ਹੁੰਦਾ ਕੇ ਕਿਹੜੀ ਕਲਾਸ ਵਾਲਿਆਂ ਸਾਡਾ ਕਿਹੜਾ ਨਾਂ ਰੱਖਿਆ।ਏਹਦਾ ਮੈਂ ਨਾਂ ਰੱਖੂ ਬੁੱਢੇ ਜਿਹੇ ਪ੍ਰੋਫ਼ੈਸਰ ਦਾ ਕੱਲ ਨੂੰ ਸੋਚ ਕੇ ਆਉਂ, ਨਵਦੀਪ ਖੋਟੇ ਨੇ ਮੈਨੂੰ ਕਿਹਾ ਸੀ। ਬਿਨਾਂ ਵਜ੍ਹਾ ਈ ਆਵਦੇ ਦਾਦੇ ਤੋਂ ਖਿਝਿਆ ਓਹ ਪ੍ਰੋਫੈਸਰ ਸਾਹਿਬ ਦੇ ਐਵੇਂ ਈ ਮਗਰ ਪੈ ਗਿਆ ਸੀ।
ਗੱਲ਼ ਚੱਲੀ ਸੀ ਪ੍ਰੋਫੈਸਰ ਮੈਡਮ ਸਰੋਜ਼ ਸੂਦ ਤੋਂ।
ਕਮਾਲ ਦੇ ਟੀਚਰ ਸਨ ਜ਼ਿਆਦਾ ਬੋਲਦੇ ਨਹੀਂ ਸਨ, ਬਹੁਤ ਹੀ ਠਰੰਮੇ ਵਾਲੇ ਸਨ। ਮੱਥੇ ਤਿਊੜੀ ਕਦੇ ਨਹੀਂ ਵੇਖੀ ਓਹਨਾ ਦੇ।
ਕੁੱਝ ਵਰ੍ਹੇ ਪਹਿਲਾਂ ਓਹਨਾ ਦੀ ਕੈਂਸਰ ਨਾਲ ਮੌਤ ਹੋ ਗਈ।
ਕਰਮਚੰਦ ਦੇ ਸਾਹਮਣੇ ਬੋਰਡ ਵੇਖ ਕੇ ਪ੍ਰੋਫ਼ੈਸਰ ਸਰੋਜ਼ ਸੂਦ ਦਾ ਬੋਰਡ ਵੇਖ ਕੇ ਮੈਨੂੰ ਓਹਨਾਂ ਦੀ ਯਾਦ ਨੇਂ ਹੁੰਝਾ ਮਾਰੀਆਂ ਸਨ।
ਚੱਲ ਯਾਰ ਪ੍ਰਿੰਸ ਕੋਈ ਘਰੇ ਹੋਉਗਾ , ਅਫਸੋਸ ਕਰਕੇ ਚੱਲਦੇ ਆਂ।
ਦਰਵਾਜ਼ਾ ਖੁੱਲ੍ਹਾ ਈ ਸੀ ਮੈਂ , ਅਸੀਂ ਬੈਲ ਮਾਰੀ ਤਾਂ ਆਜੋ ਵਈ ਕੌਂਣ ਆ ,
ਲਾਅਨ ਚ ਕੁਰਸੀ ਡਾਹੀ ਬੈਠੇ ਬੰਦੇ ਨੂੰ ਅਸੀਂ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਮੈਂ ਕਿਹਾ ਕੇ ਮੇਰੇ ਪ੍ਰੋਫ਼ੈਸਰ ਰਹੇ ਆ ਮੈਡਮ ਸਰੋਜ਼ ਸੂਦ।
ਜੀ ਆਇਆਂ ਨੂੰ। ਕੁਰਸੀਆਂ ਖਿੱਚ ਕੇ ਸਾਹਮਣੇ ਕਰਦਿਆਂ ਓਹਨਾ ਸਾਨੂ ਕਿਹਾ ਸੀ।
ਮੈਂ ਸ਼ਕਤੀ ਸੂਦ ਪਰੋਫੈਸਰ ਸਾਹਿਬਾ ਦਾ ਹਸਬੈਂਡ।
ਵੜਾ ਮਾੜਾ ਹੋਇਆ ਜੀ ਐਡੇ ਵਧੀਆ ਇੰਨਸਾਨ ਦੀ ਕੈਂਸਰ ਨਾਲ ਦਰਦਨਾਕ ਮੌਤ।
ਬੱਸ ਕਾਕਾ ਕੁਦਰਤ ਦੀਆਂ ਖੇਡਾਂ ਨੇ।
ਤੁਸੀਂ ਕੀ ਕਰਦੇ ਓ ਅੰਕਲ ਜੀ?
ਬੇਟਾ ਜਿਹੜਾ ਮੇਨ ਬਜ਼ਾਰ ਵਿੱਚ ਬੰਬੇ ਕਲਾਥ ਹਾਉਸ ਆ ਨਾਂ ਓਹ ਆਪਣਾ ਈ ਆ।
ਓ ਅੱਛਾ ਜੀ, ਮੇਰੇ ਸਾਹੁਰਾ ਸਾਹਿਬ ਤਾਂ ਬਹੁਤ ਦੇਰ ਦੇ ਥੋਡੇ ਕੋਲ਼ੇ ਈ ਕੱਪੜਾ ਲੈ ਕੇ ਜਾਂਦੇ ਆ।
ਜ਼ਿਕਰ ਕਰਦੇ ਹੁੰਦੇ ਆ ਥੋਡਾ ਪਰ ਮੈਨੂੰ ਨਹੀਂ ਪਤਾ ਸੀ ਕੇ ਏਹ ਪ੍ਰੋਫ਼ੈਸਰ ਸਰੋਜ਼ ਸੂਦ ਕੀ ਦੁਕਾਨ ਆ।
ਕੀ ਨਾਂ ਆ ਤੇਰੇ ਸਾਹੁਰਾ ਸਾਹਿਬ ਦਾ ਕਾਕਾ?
ਜੀ ਸ਼ਿੰਗਾਰਾ ਸਿੰਘ ਸੰਘਾ।
ਓ ਅੱਛਾ ਡਰੋਲੀ ਭਾਈ ਵਾਲਾ ਸ਼ਿੰਗਾਰਾ ਸਿਉਂ ਸੰਘਾ ,ਲੈਂ ਯਾਰ ਓਹ ਤਾਂ ਮੇਰਾ ਪੁਰਾਣਾ ਯਾਰ ਆ,
ਕਨੇਡਾ ਰਹਿੰਦਾ ਹਰੇਕ ਸਾਲ ਆਇਆ ਕਨੇਡਾ ਤੋਂ ਮਿੱਲ ਕੇ ਜਾਂਦਾ , ਓਹਨੂੰ ਸਤਿ ਸ੍ਰੀ ਅਕਾਲ ਬੁਲਾਈਂ ਮੇਰੇ ਵੱਲੋਂ ਜਾ ਕੇ । ਤੂਂ ਤਾਂ ਘਰ ਦਾ ਮੁੰਡਾ ਈ ਨਿੱਕਲ ਆਇਆ।
ਜੀ ਜ਼ਰੂਰ । ਮੈਂ ਓਹਨਾਂ ਨੂੰ ਕਿਹਾ ਸੀ।
ਅੰਕਲ ਬੱਚੇ ਕਿਨੇਂ ਨੇ ਥੋਡੇ ?
ਚਾਹ ਆ ਗਈ ਸੀ ,ਚਾਹ ਪੀਂਦੇ ਨੇ ਮੈਂ ਓਹਨਾਂ ਨੂੰ ਪੁਛਿਆ ਸੀ।
ਇੱਕ ਬੇਟੀ ਅਮਰੀਕਾ ਰਹਿੰਦੀ ਆ,
ਇੱਕ ਮੇਰੇ ਕੋਲ ਰਹਿੰਦੀ ਆ ਤੇ ਬੇਟਾ ਸੋਨੂੰ ਸੂਦ ਫਿਲਮਾਂ ਚ ਕੰਮ ਕਰਦਾ ਬੰਬਈ ਰਹਿੰਦਾ।
ਮੈਨੂੰ ਏਹ ਤਾਂ ਪਤਾ ਸੀ ਕੇ ਸੋਨੂੰ ਸੂਦ ਮੋਗੇ ਤੋਂ ਆ,ਪਰ ਏਹ ਨਹੀਂ ਸੀ ਪਤਾ ਕੇ ਓਹ ਪ੍ਰੋਫੈਸਰ ਮੈਡਮ ਸਰੋਜ਼ ਸੂਦ ਦਾ ਬੇਟਾ ਆ।
ਮੈਂ ਤਾਂ ਆਪ ਓਹਦਾ ਉਪਾਸ਼ਕ ਆਂ ,ਕਮਾਲ ਦਾ ਐਕਟਰ ਆ ਓਹ ਅੰਕਲ।
ਬੱਸ ਜੀ ਸ਼ੋਂਕ ਸੀ ਓਹਨੂੰ ਨਿੱਕੇ ਹੁੰਦੇ ਨੂੰ ਈ ਫਿਲਮਾਂ ਚ ਜਾਣ ਦਾ ਅਸੀਂ ਵੀ ਨਹੀਂ ਰੋਕਿਆ ਫੇਰ।
ਓਸ ਦਿਨ ਤੋਂ ਬਾਅਦ ਮੈਨੂੰ ਸੋਨੂੰ ਸੂਦ ਆਵਦਾ ਛੋਟਾ ਭਰਾ ਈ ਲੱਗਣ ਲੱਗ ਪਿਆ,
ਕਿਉਂਕਿ ਮੇਰਾ ਜਨਮ 1972 ਦਾ ਏ ਤੇ ਸੋਨੂੰ ਸੂਦ ਦਾ 1973ਦਾ।
ਅੰਕਲ ਕਰਮਚੰਦ ਦਿਓਂ ਮੱਛੀ ਖਾਣ ਲੱਗੇ ਸੀ ਆਜੋ ਖ਼ਾਨੇ ਆ ਤੇ ਨਾਲ਼ੇ ਲਾਉਨੇ ਆ ਪੈਗੱ।
ਮੈਂ ਓਹਨਾਂ ਨੂੰ ਕਿਹਾ ਸੀ।
ਹਾ ਹਾ ਹਾ ਨਹੀਂ ਬੇਟਾ ਮੈਂ ਪੀਂਦਾ ਨਹੀਂ ਤੁਸੀਂ ਲਾਓ ਰੌਣਕਾਂ। ਗੇਟ ਦੇ ਬਾਹਰ ਤੀਕਰ ਓਹ ਸਾਨੂੰ ਛੱਡਣ ਆਏ ਸਨ।
ਬੇਟਾ ਪੀ ਕੇ ਨਾਂ ਚਲਾਇਆ ਕਰੋ।
ਨਹੀਂ ਜੀ ਆਹ ਮੁੰਡੇ ਨੇ ਈ ਚਲਾਉਣੀ ਆ ,
ਏਹ ਪੀਂਦਾ ਨਹੀਂ।
ਇੱਕ ਦਿਨ ਮੈਂ ਸ਼ੂਟ ਆਊਟ ਐਟ ਵਡਾਲਾ ਫਿਲਮ ਵੇਖ ਰਿਹਾ ਸੀ।
ਬਹੁਤ ਹੀ ਵਧੀਆ ਐਕਟਿੰਗ ਕੀਤੀ ਆ ਸੋਨੂੰ ਸੂਦ ਨੇ ਓਹਦੇ ਵਿੱਚ ।ਮੇਰਾ ਜੀ ਕੀਤਾ ਕੇ ਓਹਨੂੰ ਫ਼ੋਨ ਕਰਾਂ। ਮੈਂ ਮੈਡਮ ਡਾਕਟਰ ਵਰਿੰਦਰ ਤੋਂ ਫੋਨ ਲੈ ਕੇ ਓਹਨੂੰ ਫ਼ੋਨ ਕੀਤਾ।
ਸੋਨੂੰ ਵੀਰ ਮੈਂ ਟਰੋਂਟੋ ਤੋਂ ਬੋਲਦਾ ,
ਤੇਰੇ ਮੰਮੀ ਮੇਰੇ ਪ੍ਰੋਫ਼ੈਸਰ ਰਹੇ ਹਨ।
ਅਫਸੋਸ ਕੇ ਓਹ ਨਹੀਂ ਰਹੇ।
ਬਹੁਤ ਹੀ ਵਧੀਆ ਤੇ ਠਰੰਮੇ ਵਾਲੇ ਇੰਨਸਾਨ ਸਨ ਓਹ।
ਬਹੁਤ ਯਾਦ ਕਰਦਾ ਮੈਡਮ ਨੂੰ ਜਦੋਂ ਥੋਡੇ ਘਰ ਕੋਲ਼ ਦੀ ਲੰਘਦਾ।
Miss mom a lot too! she's our guidinc force! ਸੋਨੂੰ ਨੇ ਮੈਨੂੰ ਕਿਹਾ ਸੀ।
ਸ਼ੂਟ ਆਊਟ ਵਡਾਲਾ ਫਿਲਮ ਵੇਖੀ ਤੇਰੀ ਨਜ਼ਾਰਾ ਆ ਗਿਆ।
ਮੇਰਾ ਜੀ ਕਰਦਾ ਸੀ ਕੇ ਤੇਰੀ ਏਹ ਫਿਲਮ ਗੀਤਾ ਸਿਨਮੇਂ ਚ ਓਹ ਪੁਰਾਣਿਆਂ ਵੇਲਿਆਂ ਵਿੱਚ ਕਾਲਜ਼ ਤੋਂ ਭੱਜ ਕੇ ਜਿਵੇਂ ਓਹ ਲੋਹੇ ਦੇ ਗੇਟਾਂ ਉਤੋਂ ਦੀ ਧੱਕੇ ਨਾਲ ਟਿੱਕਟ ਲੈ ਕੇ ਵੇਖਦਾ।ਵੇਖਦਾ।
ਅਫਸੋਸ ਕੇ ਓਹ ਸਿਨਮਾ ਹੁਣ ਢਾਅ ਦਿੱਤਾ।
ਹਾ ਹਾ ਹਾ ਓਹ ਹੱਸਿਆ ਸੀ।
ਭਾਜੀ ਮੈਂ ਵੀ ਵੜੀਆਂ ਫਿਲਮਾਂ ਦੇਖੀਆਂ ਰਤਨ ਸਿਨਮੇਂ ਚ ਓਹ ਮੇਰੇ ਘਰ ਦੇ ਨੇੜੇ ਈ ਸੀ ,
ਅਫਸੋਸ ਕੇ ਹੁਣ ਓਹ ਵੀ ਢਾਅ ਦਿੱਤਾ।
ਦੋ ਕੁ ਵਰੇ ਪਹਿਲਾਂ ਅੰਕਲ ਸਕਤੀ ਸੂਦ ਸੋਨੂੰ ਦੇ ਡੈਡੀ ਦੀ ਵੀ ਮੋਤ ਹੋ ਗਈ ਹਰਟ ਅਟੈਕ ਨਾਲ।
ਮੈਂ ਅਫਸੋਸ ਲਈ ਫ਼ੋਨ ਕੀਤਾ ਤਾਂ ਕਹਿਣ ਲੱਗਾ ਭਾਜੀ ਮੈਂ ਸੱਚੀਂ ਯਤੀਮ ਹੋ ਗਿਆ।
ਮੈਂ ਹਰਦੁਆਰ ਆਇਆਂ ਡੈਡੀ ਦੀਆਂ ਅਸਥੀਆਂ ਪਾਉਣ।
ਮੈਨੂੰ ਤੁਸੀਂ ਬਾਅਦ ਵਿੱਚ ਫ਼ੋਨ ਕਰ ਲਿਓ।
ਸਾਊਥ ਦੀਆਂ ਫਿਲਮਾਂ ਚ ਸੋਨੂੰ ਸੂਦ ਦੀ ਪੂਰੀ ਟੌਹਰ ਆ। ਅਮਿਤਾਭ ਬੱਚਨ ਈ ਕਹਿੰਦੇ ਆ ਸਾਊਥ ਦੇ ਲੋਕ ਓਹਨੂੰ ਸਾਊਥ ਦੀਆਂ ਫਿਲਮਾਂ ਦਾ।
ਐਥੈ ਮੈਂ ਮੈਗਨਾ ਕੰਪਨੀ ਚ ਕੰਮ ਕਰਦਾ ਰਿਹਾ।
ਮੇਰੇ ਨਾਲ ਟੈਮਪਰੈਰੀ ਛੇ ਮਹੀਨੇ ਤੀਕ ਤਾਮਿਲਨਾਡੂ ਦੀ ਕੁੜੀ ਸਾਰਿਕਾ ਨੇ ਕੰਮ ਕੀਤਾ ।
12,30ਤੋਂ ਦੁਪਹਿਰੇ ਬ੍ਰੇਕ ਹੁੰਦੀ ਸੀ ਲੰਚ ਬ੍ਰੇਕ।
ਮੈਂ ਓਹਦੇ ਤੋਂ ਤਾਮਿਲਨਾਡੂ ਦੇ ਕਲਚਰ ਦੀਆਂ ਗੱਲਾਂ ਪੁੱਛਣ ਲੱਗ ਪੈਣਾਂ ਤੇ ਓਹਨੇ ਮੈਨੂੰ ਪੰਜਾਬ ਦਿਆਂ ਤਿਉਹਾਰਾਂ ਬਾਰੇ।
ਪੰਜਾਬ ਸੇ ਕਹਾਂ ਸੇ ਹੋ?ਓਹਨੇ ਮੈਨੂੰ ਪੁੱਛਿਆ ਸੀ।
ਆਪ ਪੰਜਾਬ ਕੇ ਕਿਸੀ ਸ਼ਹਿਰ ਕਾ ਨਾਮ ਸੁਣਾਂ ਹੈ।
ਹਾਂ ਲੁਧਿਆਣਾ ਸੁਣਾਂ ਹੈ ।
ਲੁਧਿਆਣਾ ਸੇ ਪੱਛਾਸ ਕਿਲੋਮੀਟਰ ਛੋਟਾ ਸਾ ਸ਼ਹਿਰ ਆ ਮੋਗਾ ,ਉਸਕੇ ਪਾਸ ਈ ਮੇਰਾ ਛੋਟਾ ਸਾ ਗਾਓਂ ਹੈ। ਮੈਂ ਓਹਨੂੰ ਕਿਹਾ।
ਆਪ ਫਿਲਮੇਂ ਦੇਖਤੀ ਹੋ।
ਹਾਂ ਬਹੁਤ ਦੇਖਤੀਂ ਹੂਂ।
ਜੋ ਸਾਊਥ ਕੀ ਫਿਲਮੇਂ ਕਰਤਾ ਹੈ ਸੋਨੂੰ ਸੂਦ ਵੋਹ ਮੇਰੇ ਸ਼ਹਿਰ ਮੋਗਾ ਸੇ ਹੈ।
ਅਰੇ ਵਾਹ ਮੇਂ ਤੋਂ ਉਸਕੀ ਬਹੁਤ ਫਿਲਮੇਂ ਦੇਖਤੀ ਹੂੰ,
ਕਿਆ ਜ਼ਬਰਦਸਤ ਐਕਟਿੰਗ ਕਰਤਾ ਹੈ ਵੋਹ ਯਾਰ।
ਆਪਨੇ ਬਾਤ ਕਰਨੀ ਹੈ ਉਸਸੇ?
ਕੈਸੇ? ਓਹਨੇ ਮੈਨੂੰ ਕਿਹਾ।
ਮੈਂ ਜਾਨਤਾ ਹੂੰ ਉਸਕੋ , ਉਸਕੇ ਮੰਮੀ ਮੇਰੇ ਟੀਚਰ ਥੇ।
ਸੱਚ ਬੋਲ ਰਹੇ ਹੋ?ਓਹਨੇ ਹੈਰਾਨ ਹੁੰਦੀ ਨੇ ਕਿਹਾ ਸੀ।
ਚੱਲੋ ਅਭੀ ਬਾਤ ਕਰਵਾਓ ਮੇਰੀ।
ਅਬ ਤੋ ਮੁੰਬਈ ਮੇਂ ਰਾਤ ਕੇ ਗਿਆਰਾਂ ਹੋ ਗਏ ਨੇ।
ਮੈਂ ਆਪ ਕੋ ਨੰਬਰ ਦੇ ਦੇਤਾ ਹੂੰ ਰਾਤ ਕੋ ਘਰ ਜਾ ਕਰ ਕਰ ਲੈਨਾ ਜਬ ਇੰਡੀਆ ਮੈਂ ਸੁਬਹੋ ਹੂਈ।
ਅਗਲੀ ਸਵੇਰ ਜਦੋਂ ਓਹ ਕੰਮ ਤੇ ਆਈ ਤਾਂ ਉਤਸ਼ਾਹ ਨਾਲ ਭਰੀ ਹੋਈ ਸੀ।
ਥੈਂਕ ਯੂ ਸੋ ਮੱਚ ਬਲਰਾਜ ਬਈਆ।
ਰਾਤ ਮੈਂਨੇ ਸੋਨੂੰ ਸੂਦ ਸੇ ਬਾਤ ਕੀ।
ਅਰੇ ਉਸਨੇ ਮੇਰੇ ਸਾਥ ਬੀਸ ਮਿੰਟ ਬਾਤੇਂ ਕੀ।
ਕਿਤਨਾ ਡਾਉਨ ਟੂ ਅਰਥ ਹੈ ਵੋਹ।
ਉਸਨੇ ਮੇਰੇ ਕੋ ਲਗਨੇ ਈ ਨਹੀਂ ਦੀਆ ਕੇ ਮੈਂ ਇਤਨਾ ਬੜਾ ਐਕਟਰ ਹੂਂ।
ਏਵੇਂ ਈ ਹੁੰਦੇ ਆ ਅਸੀਂ ਮੋਗੇ ਵਾਲੇ,
ਆਕੜਾਂ ਊਕੜਾਂ ਨੀ ਆਉਂਦੀਆਂ ਸਾਡੇ ਚ।
ਮੈਂ ਮੋਗੇ ਵਾਲੇ ਮਾਣ ਨਾਲ ਭਰ ਗਿਆ ਸੀ।
ਮੋਗਾ ਸ਼ਹਿਰ ਦਿਲਦਾਰਾਂ ਦਾ ਵਈ,
ਪਹਿਲਾਂ ਵਾਲੀ ਗੱਲ ਨਾ ਰਹਿਗੀ,
ਜਦ ਮੋਗਾ ਸੀ ਚਾਹ ਜੋਗਾ।
ਕੀ ਲੇਖਕ,ਕੀ ਗਾਣੇ ਫਿਲਮਾਂ,
ਚਾਰੇ ਪਾਸੇ ਹੋਈ ਪਈ ਆ ਮੋਗਾ ਮੋਗਾ।
ਟੋਹਰ ਨਵਾਬੀ ਮੁੰਡਿਆਂ ਦਾ ਤੇ,
ਵੱਖ਼ਰਾ ਨਖ਼ਰਾ ਮੁਟਿਆਰਾਂ ਦਾ।
ਮੋਗਾ ਸ਼ਹਿਰ ਦਿਲਦਾਰਾਂ ਦਾ ਵਈ,
ਮੋਗਾ ਸ਼ਹਿਰ ਦਿਲਦਾਰਾਂ ਦਾ।
ਕਰੋਨਾ ਕਾਰਨ ਬੰਬਈ ਵਿਚ ਫ਼ਸੇ ਹਜ਼ਾਰਾਂ ਮਜ਼ਦੂਰਾਂ ਨੂੰ ਘਰੋ ਘਰੀ ਪਹੁਚਾਉਣ ਦਾ ਬਹੁਤ ਈ ਵਧੀਆ ਕੰਮ ਕੀਤਾ ਸੋਨੂੰ ਸੂਦ ਵੀਰ ਨੇ।
ਤੇ ਕਿਹਾ ਕੇ ਇੱਕ ਇੱਕ ਬੰਦੇ ਨੂੰ ਘਰੀਂ ਪਹੁਚਾਉਗਾ। ਜੇ ਥੋਨੂੰ ਵੀ ਕੋਈ ਬੰਬਈ ਜਾਣਦਾ ਫਸਿਆ ਹੋਇਆ ਤਾਂ ਮੇਰੇ ਨਾਲ ਸੰਪਰਕ ਕਰ ਲਿਓ , ਮੈਂ ਓਹਦਾ ਪਤਾ ਸੋਨੂੰ ਕੋਲ ਪਾਹੁੰਚਦਾ ਕਰਦੂਂ। ਮੋਗੇ ਅੱਜ ਮੈਂ ਆਵਦੇ ਮਿੱਤਰ ਰਾਜੂ ਗੋਲਡਨ ਨਾਲ ਗੱਲ ਕੀਤੀ ਤਾਂ ਕਹਿੰਦਾ ਕੇ ਮੋਗੇ ਦੇ ਲੋਕ ਕਹਿੰਦੇ ਆ ਕੇ ਲੋਕਾਂ ਨੇ ਕਰੋੜਾਂ ਰੁਪਏ ਪ੍ਰਧਾਨ ਮੰਤਰੀ ਫੰਡ ਚ ਜਮਾਂ ਕਰਵਾ ਦਿੱਤੇ ਏਹ ਭੈਣ ਦੇਣੇ ਸੰਨੇ ਸਨ ਈ ਖਾ ਗਏ।ਜੇ ਕਿਤੇ ਏਹ ਪੈਸੇ ਸੋਨੂੰ ਸੂਦ ਨੂੰ ਦਿੱਤੇ ਹੁਂਦੇ ,
ਅੱਧੀ ਦੁਨੀਆਂ ਨੂੰ ਸੋਖਿਆਂ ਕਰ ਦਿੰਦਾ।
ਰਾਜੂ ਗੋਲਡਨ ਕਹਿੰਦਾ ਬਾਈ ਓਹਨੂੰ ਹਜ਼ਾਰਾਂ ਮਜ਼ਦੂਰਾਂ ਦੀਆਂ ਦੁਆਵਾਂ ਤਾਂ ਓਹਨੂੰ ਲੱਗਣੀਆਂ ਈ ਲੱਗਣੀਆਂ , ਮੋਗੇ ਦੇ ਲੋਕਾਂ ਨੇ ਵੀ ਆਵਦਾ ਪੁੱਤਰ ਹੋਣ ਕਾਰਨ ਲੱਖਾਂ ਅਸੀਸਾਂ ਦਿੱਤੀਆਂ ਪਿਛਲੇ ਹਫਤੇ ਤੋਂ।
ਸੱਚੀਂ ਯਾਰ ਬੰਦੇ ਤੇ ਮਾਂ ਦੇ ਸੁਭਾਅ ਦਾ ਅਸਰ ਜ਼ਰੂਰ ਹੁੰਦਾ। ਸੋਨੂੰ ਸੂਦ ਤੇ ਆਵਦੀ ਮਾਂ ਦਾ ਪ੍ਰਭਾਵ ਸਪੱਸ਼ਟ ਝਲਕਦਾ। ਮੈਂ ਸੋਚਦਾ ਹੁਨਾ ਕੇ ਯਾਰ ਜੇ ਜਵਾਕ ਬੰਦਿਆਂ ਤੋਂ ਪੈਦਾ ਹੁੰਦੇ ਹੋਵਣ ਤਾਂ ਦੁਨੀਆਂ ਅੱਜ ਤੋਂ ਵੀ ਕੁਰੱਖਤ ਹੋਣੀਂ ਸੀ।
ਕੁਦਰਤ ਨੇ ਵੜੀ ਸੋਚ ਸਮਝ ਕੇ ਈ ਮਾਂ ਬਣਨ ਦਾ ਸੁਭਾਗ ਔਰਤ ਨੂੰ ਬਖਸ਼ਿਆ ਤਾਂ ਈ ਦੁਨੀਆਂ ਮਾੜੀ ਮੋਟੀ ਸੌਫਟ ਆ।
ਸੋਨੂੰ ਵੀਰ ਤੇਰੇ ਏਹ ਗਰੀਬ ਮਜ਼ਦੂਰਾਂ ਤੇ ਲਾਏ ਪੈਸੇ ਹਜ਼ਾਰਾਂ ਗੁਣਾਂ ਕਰਕੇ ਕੁਦਰਤ ਤੈਨੂੰ ਮੋੜੇਗੀ।ਏਹ ਮੇਰਾ ਵਿਸ਼ਵਾਸ ਆ।
ਪਰਮਾਤਮਾ ਤੇਰੀ ਜਲਦੀ Hollywood 'ਚ entry ਕਰਵਾਵੇ।
ਪਰਮਾਤਮਾ ਆਂਟੀ ਸਰੋਜ਼ ਸੂਦ ਤੇ ਅੰਕਲ ਸ਼ਕਤੀ ਸੂਦ ਨੂੰ ਜੇ ਕੋਈ ਸ੍ਵਰਗ ਹੈ ਤੇ ਓਥੇ ਵਾਸਾ ਕਰੇ।
ਜ਼ਰੂਰ ਜਿਥੇ ਵੀ ਓਹ ਤੈਨੂੰ ਵੇਖ ਰਹੇ ਹੋਣਗੇ ,
ਜ਼ਰੂਰ ਤੈਨੂੰ ਜਨਮ ਦੇ ਕੇ ਓਹ ਆਵਦਾ ਆਪ ਸੁਭਾਗਾ ਸਮਝਦੇ ਹੋਣਗੇ।
ਲੇਖਕ -ਬਲਰਾਜ ਬਰਾੜ ਚੋਟੀਆਂ ਠੋਬਾ।
-
ਡਾ ਬਲਜਿੰਦਰ ਸਿੰਘ ਸੇਖੋਂ, ਲੇਖਕ ਤੇ ਪੱਤਰਕਾਰ
baljindersekha@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.