ਖ਼ਬਰ ਹੈ ਕਿ ਪੰਜਾਬ 'ਚ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੀਟਿੰਗ ਕਰਨ ਲਈ ਰਾਜ਼ੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਫਾਰਮ ਹਾਊਸ 'ਤੇ ਬੁਲਾਕੇ ਲੰਚ ਦਿੱਤਾ। ਸੂਬੇ ਦੇ ਅਰਥਚਾਰੇ ਕਾਰਨ ਹੋ ਰਹੇ ਨੁਕਸਾਨ ਤੇ ਇਸਨੂੰ ਕਿਵੇਂ ਲੀਹ 'ਤੇ ਲਿਆਂਦਾ ਜਾਵੇ, ਇਸਨੂੰ ਲੈਕੇ ਅਹਿਮ ਚਰਚਾ ਵੀ ਹੋਈ।
ਏਧਰ ਕੋਰੋਨਾ ਨੇ ਆਫ਼ਤ ਲਿਆਂਦੀ ਹੋਈ ਆ। ਉਧਰ ਆਹ ਰੁਸਿਆਂ ਨੇ ਧਮੱਚੜ ਮਚਾਇਆ ਹੋਇਆ ਆ। ਏਧਰ ਕੈਪਟਨ ਦਾ ਖੂੰਡਾ ਬੁੱਢਾ ਹੋ ਗਿਆ ਆ, ਉਧਰ ਨੌਕਰਸ਼ਾਹਾਂ ਉਧਮ ਚੱਕਿਆ ਹੋਇਆ। ਜੋ ਜੀਅ ਆਇਆ ਕਰੀ ਜਾਂਦੇ ਆ, ਕੈਪਟਨ ਦੇ ਨਾਂਅ 'ਤੇ ਲੋਕਾਂ ਦਾ ਕੂੰਡਾ ਕਰੀ ਜਾਂਦੇ ਆ। ਕਦੇ ਇੱਕ ਨੇਤਾ ਰੁਸਦਾ, ਕਦੇ ਦੂਜਾ। ਕਦੇ ਇੱਕ ਮੰਤਰੀ ਵਿਟਰਦਾ, ਕਦੇ ਦੂਜਾ। ਕੈਪਟਨ ਆ ਕਿ ਅੱਗ 'ਤੇ ਪਾਣੀ ਪਾਈ ਜਾਂਦੇ ਆ। ਉਂਜ ਭਾਈ ਉਹ ਕਰਨ ਕੀ, ਕੈਪਟਨ ਨੇ ਕੋਰੋਨਾ ਥੰਮਿਆ। ਕੈਪਟਨ ਨੇ ਵਿਰੋਧੀਆਂ ਦੇ ਨੱਕੋ ਡਿੱਗੇ ਠੂੰਹਿਆਂ ਦਾ ਡੰਗ ਸਹਿਆ। ਪਰ ਏਧਰ ਆਪਣੇ ਪਰਾਏ ਹੋਈ ਜਾਂਦੇ ਆ, ਵਿਰੋਧੀਆਂ ਤਾਂ ਤੇਜ ਹੋਣਾ ਹੀ ਹੋਇਆ। ਤਦੇ ਭਾਈ ਕੈਪਟਨ ਕਦੇ ਇੱਕ, ਕਦੇ ਦੂਜੇ ਦੇ ਮੂੰਹ ਬੁਰਕੀਆਂ ਪਾਉਂਦਾ ਤੇ ਆਂਹਦਾ ਆ ਛੱਡ ਪਰ੍ਹੇ, ਮੇਰੇ ਗਲੇ ਲੱਗਾ ਰਹਿ, ਮੌਜਾਂ ਮਾਣ ਪਰ ਉਹ 'ਨਾ ਮਾਨੂੰ' ਦੀ ਰੱਟ ਲਾਈ ਜਾਂਦੇ ਆ। ਆਪਣੇ ਤੀਰ ਚਲਾਈ ਜਾਂਦੇ ਆ। ਕਰਨ ਅਵਤਾਰ ਸਿੰਘ ਦਾ ਨਾਅ ਲੈਕੇ ਕੈਪਟਨ ਨੂੰ ਸੁਣਾਈ ਜਾਂਦੇ ਆ। ਆਖੇ ਧੀਏ ਗੱਲ ਸੁਣ ਨੂੰਹੇਂ ਕੰਨ ਧਰ। ਉਂਜ ਮਾਹੌਲ ਵਾਹਵਾ ਇਸ ਤਰ੍ਹਾਂ ਦਾ ਆ, " ਠੰਡਾ ਕਰਨ ਲਈ ਸੂਰਜ ਦੇ ਸੇਕ ਤਾਈਂ, ਬੁੱਕਾਂ ਨਾਲ ਜੋ ਪਾਣੀ ਉਛਾਲਦਾ ਏ"।
ਫੇਲ੍ਹ ਹੋ ਕੇ ਰੋਂਦਾ ਵਿੱਦਿਆਰਥੀ, ਉਹ
ਜਿਵੇਂ ਮੇਲੇ 'ਚ ਬਾਲ ਗੁਆਚ ਜਾਏ।
ਖ਼ਬਰ ਹੈ ਕਿ ਕੋਰੋਨਾ ਸੰਕਟ ਪੁਰਾਣਾ (ਖ਼ਤਮ ਨਹੀਂ) ਹੁੰਦਾ ਜਾ ਰਿਹਾ ਹੈ, ਅਤੇ ਵਿਰੋਧੀ ਏਕਤਾ ਦੀ ਚਰਚਾ ਹੋਣ ਲੱਗੀ ਹੈ। ਦੋ ਮਹੀਨੇ ਬਾਅਦ ਹਿੰਮਤ ਕਰਕੇ ਰਾਹੁਲ ਗਾਂਧੀ ਨੇ ਘਰਬੰਦੀ (ਤਾਲਾਬੰਦੀ) ਨੂੰ ਅਸਫ਼ਲ ਕਰਾਰ ਦਿੰਦਿਆਂ ਇਸਦੇ ਵਿਗਿਆਨਿਕ ਅਧਾਰ ਨੂੰ ਚਣੌਤੀ ਦਿੱਤੀ ਹੈ। ਦੂਜੇ ਪਾਸੇ ਸੋਨੀਆ ਗਾਂਧੀ ਨੇ ਵਿਰੋਧੀ ਨੇਤਾਵਾਂ ਦੀ ਬੈਠਕ ਬੁਲਾਕੇ ਕੇਂਦਰ ਬਨਾਮ ਰਾਜ ਦਾ ਮੁੱਦਾ ਉਠਾਇਆ ਹੈ ਪਰ ਇਸ ਬੈਠਕ ਵਿੱਚ ਆਮਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਨੇ ਹਿੱਸਾ ਨਹੀਂ ਲਿਆ।
ਐਸਾ ਚੱਕਰ ਚਲਾਇਆ ਮੋਦੀ ਜੀ ਨੇ ਕਿ ਵਿਰੋਧੀਆਂ ਨੂੰ ਨਾਕੋਂ ਚਨੇ ਚਬਾ ਦੀਏ। ਚੋਣਾਂ 'ਚ ਰਾਸ਼ਟਰੀਅਤਾ ਦਾ ਨਾਹਰਾ ਤੇ ਪਾਕਿਸਤਾਨੀਆਂ ਦਾ ਡਰ ਦੇਕੇ ਵਿਰੋਧੀਆਂ ਦੇ ਛਕੇ ਛੁਡਾ ਦੀਏ। ਇਹੋ ਹੀ ਆ ਰਾਜਨੀਤੀ ਭਾਈ।
ਐਸਾ ਚੱਕਰ ਚਲਾਇਆ ਮੋਦੀ ਜੀ ਨੇ ਰਾਸ਼ਟਰੀਅਤਾ ਦੇ ਨਾਮ ਉਤੇ ਕਸ਼ਮੀਰੀਆਂ ਨੂੰ ਚਲ੍ਹੇ ਦਾ ਪਾਣੀ ਪਿਆ ਤਾਂ, ਅਯੁੱਧਿਆ ਮੰਦਰ ਦਾ ਮਸਲਾ ਹਥਿਆ ਤਾ, ਨਾਗਰਿਕਤਾ ਬਿੱਲ ਆਪਣੇ ਪਾਸੇ ਕਰਕੇ, ਇੱਕ ਕੌਮ ਇੱਕ ਰਾਸ਼ਟਰ ਦਾ ਪਾਠ ਪੜ੍ਹਾ ਤਾ।
ਐਸਾ ਚੱਕਰ ਚਲਾਇਆ ਮੋਦੀ ਜੀ ਨੇ ਕਿ ਕੋਰੋਨਾ ਦੇ ਨਾਅ ਤੇ ਕਾਰਪੋਰੇਟੀ ਚੰਮ ਦਾ ਸਿੱਕਾ ਚਲਾ ਤਾ। ਸੂਬਿਆਂ ਦੇ ਹੱਕਾਂ ਨੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਜੜ੍ਹਕੇ, ਆਪਣੇ ਪਾਸੇ ਪਾ ਤਾ ਤੇ ਕੋਰੋਨਾ ਭਿਜਾਉਣ ਦਾ ਦਿਲੀਓਂ ਹੁਕਮ ਸੁਣਾ ਤਾ। ਵਿਰੋਧੀ ਘਰਾਂ 'ਚ ਬੈਠੈ ਤੱਕਦੇ ਰਹੇ। ਮੋਦੀ ਜੀ ਹੱਸਦੇ ਰਹੇ ਤੇ ਪੂਰੀ ਵਿਰੋਧੀ ਧਿਰ ਦੀ ਹਲਾਤ ਇਵੇਂ ਕਰ ਤੀ, " ਫੇਲ੍ਹ ਹੋਕੇ ਰੋਂਦਾ ਵਿੱਦਿਆਰਥੀ ਉਹ, ਜਿਵੇਂ ਮੇਲੇ 'ਚ ਬਾਲ ਗੁਆਚ ਜਾਏ"।
ਏਸ ਰਾਜ ਨੂੰ ਦੱਸੋ ਮੈਂ ਕੀ ਆਖਾ?
ਹਾਕਮ ਸਮੇਂ ਦੇ ਦੇਂਦੇ ਲੋਰੀਆਂ ਨੇ।
ਖ਼ਬਰ ਹੈ ਕਿ ਭਾਰਤ 'ਚ ਰਾਜ ਸਰਕਾਰਾਂ ਪ੍ਰਵਾਸੀ ਮਜ਼ਦੂਰਾਂ ਦੇ ਵਰਕ ਪਰਮਿੱਟ ਜਾਰੀ ਕਰਨਗੀਆਂ। ਦੇਸ਼ ਅੰਦਰ ਇੱਕ ਤੋਂ ਦੂਸਰੇ ਰਾਜ 'ਚ ਕੰਮ ਕਰਨ ਲਈ ਜਾਣ ਸਮੇਂ ਪ੍ਰਵਾਸੀ ਮਜ਼ਦੂਰਾਂ ਨੂੰ ਛੱਡਣ ਵਾਲੇ ਰਾਜ ਅਤੇ ਜਿਸ ਰਾਜ 'ਚ ਜਾਣਾ ਹੈ, ਉਸ ਰਾਜ ਤੋਂ ਮਨਜ਼ੂਰੀ ਲੈਣੀ ਪਵੇਗੀ। ਵਰਕ ਪਰਮਿੱਟ 'ਤੇ ਜਿਥੇ ਕੇਂਦਰ ਸਰਕਾਰ ਵਲੋਂ ਕੰਮ ਆਰੰਭ ਕਰ ਦਿੱਤਾ ਗਿਆ ਹੈ, ਉਥੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਆਪਣੇ ਰਾਜ ਨਾਲ ਸਬੰਧਿਤ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਹਨਾ ਦੀ ਖੱਜਲ ਖੁਆਰੀ ਰੋਕਣ ਲਈ ਅਹਿਮ ਕਦਮ ਚੁੱਕਣ ਦੀ ਸ਼ੁਰੂਆਤ ਕੀਤੀ ਹੈ।
ਆਹ ਵੇਖੋ, ਮਜ਼ਦੂਰ ਦਾ ਹਾਲ! ਗਰੀਬ ਦਾ ਹਾਲ!! ਜੋ ਹਾਲੋਂ ਬੇਹਾਲ ਹੈ।
ਆਹ ਵੇਖੋ ਸਰਕਾਰ ਦਾ ਹਾਲ, ਜੋ ਮੰਦੇ ਹਾਲ ਹੈ। ਸਰਕਾਰ ਜੋ ਪੈਸਿਆਂ ਤੋਂ ਸੱਖਣੀ, ਕਰਜ਼ੇ ਦੀ ਮਾਰੀ, ਕੀ ਕਰੇ ਵਿਚਾਰੀ।
ਆਹ ਵੇਖੋ, ਸਰਕਾਰ ਦੇ ਵਾਇਦੇ, ਜੋ ਹੋਏ ਆ ਨੋਟਾਂ ਵਾਂਗਰ ਫਟੇ, ਪੁਰਾਣੇ, ਜੋ ਕਿਸੇ ਦੇ ਕਦੇ ਵੀ ਕੰਮ ਨਹੀਂਓ ਆਣੇ।
ਆਹ ਵੇਖੋ, ਕਾਨੂੰਨ ਦੀ ਗਾਥਾ, ਜੋ ਬਨਣੋਂ ਪਹਿਲਾਂ ਹੀ ਹੋ ਜਾਂਦੀ ਆ ਖਸਤਾ!
ਕਨੂੰਨ ਜੋ ਨੱਕ ਦਾ ਮੋਮ ਦਫ਼ਤਰੀਂ ਬਣਾ ਲਏ ਜਾਂਦੇ ਆ ਤੇ ਰਹਿੰਦੇ -ਖੂੰਹਦੇ 'ਕਾਲੇ ਕੋਟ' ਦੀ ਮਾਰ ਵਿੱਚ ਆ ਜਾਂਦੇ ਆ।
ਕਨੂੰਨ, ਭਾਈ ਮਜ਼ਦੂਰਾਂ ਦੇ ਭਲੇ ਲਈ ਬਣੇ ਜਾਂ ਪੇਟ 'ਚ ਮਾਰੀਆਂ ਜਾਂਦੀਆਂ ਧੀਆਂ, ਸਟੋਵਾਂ ਨਾਲ ਮਾਰੀਆਂ ਜਾਂਦੀਆਂ ਨੂੰਹਾਂ ਜਾਂ ਬਲਾਤਕਾਰ ਦਾ ਸ਼ਿਕਾਰ ਤ੍ਰੀਮਤਾਂ ਦੀ, ਸਭ ਵੱਟੇ ਖਾਤੇ ਪਾ 'ਤੇ ਜਾਂਦੇ ਆ ਭਾਈ। ਹੁਣ ਸੜਕਾਂ ਤੇ ਰੋਂਦੇ ਮਜ਼ਦੂਰਾਂ, ਭੁੱਖੇ ਢਿੱਡੀ ਸੌਂਦੇ ਲੋਕਾਂ ਲਈ ਮਗੱਰਮੱਛ ਦੇ ਹੰਝੂ ਵਹਾਉਣ ਵਾਲੀਆਂ ਸਰਕਾਰਾਂ ਦੇ ਬਣਾਏ ਕਨੂੰਨਾਂ ਨੇ ਜਨਮਦਿਆਂ ਹੀ ਮਰ ਜਾਣਾ ਆ, ਇਹੋ ਹੀ ਭਾਈ ਸਰਕਾਰਾਂ ਦਾ ਖਾਸਾ ਆ। ਤਦੇ ਇਹਨਾ ਸਰਕਾਰਾਂ ਬਾਰੇ ਕਹੀਦਾ, "ਏਸ ਰਾਜ ਨੂੰ ਦੱਸੋ ਮੈਂ ਕੀ ਆਖਾਂ, ਹਾਕਮ ਸਮੇਂ ਦੇ ਦੇਂਦੇ ਲੋਰੀਆਂ ਨੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇੰਡੀਅਨ ਪੁਲਿਸ ਐਕਟ 1861, ਜ਼ਮੀਨ ਇਕਵਾਇਰ ਐਕਟ 1894, ਇੰਡੀਅਨ ਫਾਰੈਸਟ ਐਕਟ 1927, ਟ੍ਰਾਸਫਰ ਆਫ ਪ੍ਰਾਪਰਟੀ ਐਕਟ 1882, ਜਿਹੜੇ ਅੰਗਰੇਜ਼ ਹਕੂਮਤ ਸਮੇਂ ਭਾਰਤ ਦੇਸ਼ ਦੇ ਲੋਕਾਂ ਲਈ ਬਣਾਏ ਗਏ ਸਨ, ਉਹ ਹੁਣ ਵੀ ਕੁਝ ਤਰਮੀਮਾਂ ਨਾਲ ਲਾਗੂ ਹਨ।
ਇੱਕ ਵਿਚਾਰ
ਤੁਸੀਂ ਕਦੇ ਖੁਸ਼ ਨਹੀਂ ਰਹਿ ਸਕਦੇ, ਜੇਕਰ ਲੱਭਦੇ ਰਹੋਗੇ ਕਿ ਖੁਸ਼ੀ ਕੀ ਹੈ? ਜੇਕਰ ਤੁਸੀਂ ਜੀਵਨ ਦੇ ਅਰਥਾਂ ਦੀ ਖੋਜ਼ ਵਿੱਚ ਹੋ, ਤਾਂ ਤੁਸੀਂ ਕਦੇ ਜੀ ਹੀ ਨਹੀਂ ਪਾਉਗੇ। ..... ਅਲਵੈਅਰ ਕਾਮੂੰ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.